ਸਿੱਖ ਕੌਮ ਦਾ ਇਤਿਹਾਸ ਵਿਲੱਖਣ ਤੇ ਸੁਨਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ, ਕੁਰਬਾਨੀਆਂ ਤੇ ਮਜ਼ਲੂਮਾਂ ਦੀ ਰਾਖੀ ਕਰਨ ਵਰਗੀਆਂ ਪ੍ਰੇਰਨਾਵਾਂ ਦਾ ਜਜ਼ਬਾ ਅੱਜ ਵੀ ਸਿੱਖਾਂ ਅੰਦਰ ਜਿਉਂ ਦਾ ਤਿਉਂ ਕਾਇਮ

FILE PHOTO

ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ, ਕੁਰਬਾਨੀਆਂ ਤੇ ਮਜ਼ਲੂਮਾਂ ਦੀ ਰਾਖੀ ਕਰਨ ਵਰਗੀਆਂ ਪ੍ਰੇਰਨਾਵਾਂ ਦਾ ਜਜ਼ਬਾ ਅੱਜ ਵੀ ਸਿੱਖਾਂ ਅੰਦਰ ਜਿਉਂ ਦਾ ਤਿਉਂ ਕਾਇਮ ਹੈ। ਸਿੱਖ ਅੱਜ ਵੀ ਦੂਜਿਆਂ ਲਈ ਅਪਣੀ ਜਾਨ ਕੁਰਬਾਨ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦਾ। ਸੰਸਾਰ ਦਾ ਦਸਤੂਰ ਹੈ ਕਿ ਦੁਨੀਆਂ ਭਰ ਵਿਚ ਹਰ ਲੜਾਈ ਜ਼ਰ, ਜ਼ੋਰੂ ਜਾਂ ਜ਼ਮੀਨ ਦੀ ਖ਼ਾਤਰ ਹੀ ਕੀਤੀ ਜਾਂਦੀ ਹੈ।

ਪਰ ਸਿੱਖ ਕੌਮ, ਯੋਧਿਆਂ ਦੀ ਕੌਮ, ਕਿਸੇ ਵੀ ਲਾਲਚ ਜਾਂ ਲੋਭ ਤੋਂ ਉੱਪਰ ਉੱਠ ਕੇ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦੂਜਿਆਂ ਦੀ ਰਾਖੀ ਕਰਨ ਲਈ ਹਮੇਸ਼ਾ ਅੱਗੇ ਆਉਂਦੀ ਰਹੀ ਹੈ। ਦੇਸ਼ ਦੀ ਆਜ਼ਾਦੀ ਲਈ ਅਤੇ ਅੰਗਰੇਜ਼ਾਂ ਵਿਰੁਧ ਦਿਤੀਆਂ ਜਾਣ ਵਾਲੀਆਂ ਕੁਰਬਾਨੀਆਂ ਵਿਚ 80 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ ਇਕੱਲੇ ਸਿੱਖਾਂ ਵਲੋਂ ਦੇਣ ਦਾ ਇਤਹਾਸ ਸਿਰਜਿਆ ਜਾ ਚੁੱਕਾ ਹੈ।

1907 ਤੋਂ 1917 ਤਕ ਹਿੰਦੁਸਤਾਨ ਵਿਚ ਕੁੱਲ 47 ਵਿਅਕਤੀ ਸ਼ਹੀਦ ਕੀਤੇ ਗਏ, ਜਿਨ੍ਹਾਂ ਵਿਚ 38 ਸਿੱਖ ਸਨ। ਆਜ਼ਾਦੀ ਘੁਲਾਟੀਆਂ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਉਨ੍ਹਾਂ ਦੀ ਗਿਣਤੀ 30 ਸੀ, ਜਿਨ੍ਹਾਂ ਵਿਚ 27 ਸਿੱਖ ਸਨ। ਕਾਲੇ ਪਾਣੀ ਦੀ ਸਜ਼ਾ ਵਿਚ ਕੁੱਲ 29 ਵਿਅਕਤੀਆਂ ਨੂੰ ਸਜ਼ਾ ਦਿਤੀ ਗਈ ਜਿਨ੍ਹਾਂ ਵਿਚ 26 ਸਿੱਖ ਸਨ।

ਭਾਰਤ ਦੀ ਆਜ਼ਾਦੀ ਤਕ ਅੰਗਰੇਜ਼ ਹਕੂਮਤ ਵਿਰੁਧ ਲਗਭਗ 121 ਲੋਕਾਂ ਨੂੰ ਫ਼ਾਂਸੀ ਦਿਤੀ ਗਈ ਜਿਨ੍ਹਾਂ ਵਿਚ 93 ਸਿੱਖ ਸਨ। ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਵਿਚ ਲਗਭਗ 1300 ਦੇ ਕਰੀਬ ਲੋਕ ਅੰਗਰੇਜ਼ਾਂ ਵਲੋਂ ਮਾਰੇ ਗਏ ਜਿਨ੍ਹਾਂ ਵਿਚ 800 ਦੇ ਲਗਭਗ ਸਿੱਖ ਸਨ। ਕੂਕਾ ਲਹਿਰ, ਅਕਾਲੀ ਲਹਿਰ, ਬਜਬਜ ਘਾਟ ਦਾ ਸਾਕਾ, ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ, ਗੁਰੂ ਕਾ ਬਾਗ਼ ਮੋਰਚਾ ਆਦਿ ਹੋਰ ਵੀ ਕਈ ਘਟਨਾਵਾਂ ਦਾ ਜੇਕਰ ਮੁਲਾਂਕਣ ਕੀਤਾ ਜਾਵੇ ਤਾਂ ਲਗਭਗ 90 ਫ਼ੀ ਸਦੀ ਸ਼ਹਾਦਤਾਂ ਦੇਣ ਵਾਲੇ ਸਿੱਖ ਹੀ ਸਨ।

ਹਾਲ ਹੀ ਵਿਚ ਗੁਲਵਾਨ ਘਾਟੀ ਵਿਚ ਹੋਈ ਚੀਨ ਨਾਲ ਲੜਾਈ ਵਿਚ ਭਾਰਤ ਦੇ ਕੁੱਲ 20 ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਜਿਨ੍ਹਾਂ ਵਿਚ 4 ਜਵਾਨ (ਨਾਇਬ ਸੂਬੇਦਾਰ ਮਨਦੀਪ ਸਿੰਘ, ਨਾਇਬ ਸੂਬੇਦਾਰ ਸਤਨਾਮ ਸਿੰਘ, ਗੁਰਤੇਜ ਸਿੰਘ ਤੇ ਗੁਰਵਿੰਦਰ ਸਿੰਘ) ਪੰਜਾਬ ਦੇ ਵਸਨੀਕ ਹਨ ਜੋ ਕਿ ਸਿੱਖ ਕੌਮ ਨਾਲ ਸਬੰਧਤ ਸਨ।  ਦੋ ਫ਼ੀਸਦੀ ਕਹੇ ਜਾਣ ਵਾਲੇ ਸਿੱਖਾਂ ਦੀ ਸ਼ਹਾਦਤ ਇਸ ਲੜਾਈ ਵਿਚ 20 ਫ਼ੀ ਸਦੀ ਵਿਖਾਈ ਦਿੰਦੀ ਹੈ, ਜੋ ਕਿ ਛੋਟਾ ਅੰਕੜਾ ਨਹੀਂ ਹੈ।

ਏਨੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਨੇ ਵਿਸ਼ਵ ਭਰ ਵਿਚ ਅਪਣੀ ਵਖਰੀ ਪਹਿਚਾਣ ਕਾਇਮ ਕੀਤੀ ਹੋਈ ਹੈ। ਅਜੋਕੇ ਸਮੇਂ ਵਿਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਨੇ ਲੋੜਵੰਦਾਂ ਦੀ ਮਦਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਕੱਲੀਆਂ ਸ਼ਹਾਦਤਾਂ ਜਾਂ ਕੁਰਬਾਨੀਆਂ ਦੀ ਗੱਲ ਹੀ ਨਹੀਂ, ਹੋਰ ਵੀ ਬਹੁਤ ਸਾਰੇ ਉੱਚੇ ਅਹੁਦਿਆਂ ਨੂੰ ਪ੍ਰਾਪਤ ਕਰ ਕੇ ਸਿੱਖ ਕੌਮ ਨੇ ਮਾਣ ਪ੍ਰਾਪਤ ਕੀਤਾ ਹੋਇਆ ਹੈ।

ਜਿਵੇਂ ਕਿ ਗੱਲ ਕਰੀਏ ਡਾ. ਮਨਮੋਹਨ ਸਿੰਘ ਜੀ ਜੋ ਸਾਡੇ ਦੇਸ਼ ਦੇ ਲਗਾਤਾਰ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ, ਕੈਨੇਡਾ ਵਿਚ ਸ. ਜਗਮੀਤ ਸਿੰਘ ਲੀਡਰ ਆਫ਼ ਐਨ.ਡੀ.ਪੀ. ਜੋ ਕਿ ਕੈਨੇਡਾ ਦੀ ਤੀਜੀ ਵੱਡੀ ਰਾਜਨੀਤੀ ਪਾਰਟੀ ਦੇ ਮੁਖੀ ਹਨ। ਇਸੇ ਤਰ੍ਹਾਂ ਹਰਜੀਤ ਸਿੰਘ ਸੱਜਣ ਕੈਨੇਡਾ ਦੇ ਮੌਜੂਦਾ ਰਖਿਆ ਮੰਤਰੀ ਹਨ, ਕੰਵਲਜੀਤ ਸਿੰਘ ਬਖ਼ਸ਼ੀ ਨਿਊਜ਼ੀਲੈਂਡ ਦੇ ਮੈਂਬਰ ਪਾਰਲੀਮੈਂਟ ਹਨ, ਤਨਮਨਦੀਪ ਸਿੰਘ ਢੇਸੀ ਜੋ ਕਿ ਯੂ. ਕੇ. ਦੇ ਮੈਂਬਰ ਪਾਰਲੀਮੈਂਟ ਹਨ।

ਇਸੇ ਤਰ੍ਹਾਂ ਹੋਰ ਵੀ ਦੇਸ਼ਾਂ ਵਿਦੇਸ਼ਾਂ ਵਿਚ ਸਿੱਖਾਂ ਨੂੰ ਬਹੁਤ ਹੀ ਮਾਣ ਪ੍ਰਾਪਤ ਹੈ, ਬਹੁਤ ਸਾਰੇ ਸਿੱਖ ਉੱਚੇ ਅਹੁਦਿਆਂ (ਸਾਇੰਸਦਾਨ, ਡਾਕਟਰ, ਸੈਨਾ, ਰਾਜਨੀਤਕ ਆਦਿ) ਵਿਚ ਹੁੰਦੇ ਹੋਏ ਮਾਨਵਤਾ ਦੀ ਸੇਵਾ ਕਰ ਰਹੇ ਹਨ। ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਸੇਵਾ ਨਿਭਾਉਂਦੇ ਹੋਏ ਕਿਸੇ ਵੀ ਵਿਅਕਤੀ ਨਾਲ ਕੋਈ ਪੱਖਪਾਤ ਮਨ ਵਿਚ ਨਹੀਂ ਲਿਆਉਂਦੀ।    
-ਮਾਸਟਰ ਸਰਬਜੀਤ ਸਿੰਘ ਭਾਵੜਾ, ਸੰਪਰਕ : 98555-53913