ਖੇਡ ਮੇਲੇ ਠੀਕ ਪਰ ਨਸ਼ੇ ਦੀ ਵੱਡੀ ਬੀਮਾਰੀ ਲਈ ਹੋਰ ਬਹੁਤ ਕੁੱਝ ਵੀ ਕਰਨਾ ਪਵੇਗਾ
ਜਦ ਸਾਡੇ ਪਿੰਡਾਂ ਵਿਚ ਇਸ ਤਰ੍ਹਾਂ ਦਾ ਮਾਹੌਲ ਹੋਵੇਗਾ ਤਾਂ ਸਿਰਫ਼ ਖੇਡ ਮੇਲਿਆਂ ਨਾਲ ਮੁਸ਼ਕਲ ਹੱਲ ਨਹੀਂ ਹੋ ਸਕਦੀ।
ਜਦ ਸਾਡੇ ਪਿੰਡਾਂ ਵਿਚ ਇਸ ਤਰ੍ਹਾਂ ਦਾ ਮਾਹੌਲ ਹੋਵੇਗਾ ਤਾਂ ਸਿਰਫ਼ ਖੇਡ ਮੇਲਿਆਂ ਨਾਲ ਮੁਸ਼ਕਲ ਹੱਲ ਨਹੀਂ ਹੋ ਸਕਦੀ। ਮੁਸ਼ਕਲ ਵਾਸਤੇ ਅੱਜ ਹਰ ਐਮ.ਐਲ.ਏ. ਨੂੰ ਹਰ ਪਿੰਡ ਵਿਚ ਇਸ ਲੜਾਈ ਦਾ ਸਿਪਾਹੀ ਬਣਨਾ ਪਵੇਗਾ। ਜਦ ਤਕ ਹਰ ਪਿੰਡ ਵਿਚ ਜਾ ਕੇ ਇਸ ਵਪਾਰ ਨੂੰ ਖ਼ਤਮ ਨਹੀਂ ਕੀਤਾ ਜਾਵੇਗਾ, ਤਦ ਤਕ ਕੋਈ ਖੇਡ ਮੇਲੇ, ਕੋਈ ਨਸ਼ਾ ਛੁਡਾਊ ਕੇਂਦਰ, ਕੋਈ ਹੈਲਪਲਾਈਨ ਕੰਮ ਨਹੀਂ ਕਰੇਗੀ। ਸਾਡੇ ਪਿੰਡ ਅੱਜ ਨਸ਼ਾ ਤਸਕਰੀ ਦੀ ਚੁੰਗਲ ਵਿਚ ਬੁਰੀ ਤਰ੍ਹਾਂ ਫੱਸ ਚੁਕੇ ਹਨ ਤੇ ਇਨ੍ਹਾਂ ਨੂੰ ਬਚਾਉਣ ਵਾਸਤੇ ਸਾਫ਼ ਨੀਅਤ ਤੇ ਹਿੰਮਤ ਦੀ ਲੋੜ ਹੈ।
ਪੰਜਾਬ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਪਰਾਲਾ ਸ਼ੁਰੂ ਕਰ ਕੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਇਸ ਨਾਲ ਨੌਜਵਾਨ ਖੇਡਾਂ ਵਲ ਆਕਰਸ਼ਿਤ ਹੋਣਗੇ ਅਤੇ ਨਸ਼ਿਆਂ ਤੋਂ ਦੁੂਰ ਹੋਣਗੇ। ਸੋਚ ਸਹੀ ਹੈ ਪਰ ਅਧੂਰੀ ਹੈ। ਇਕ ਬੱਚੇ ਦੀ ਜ਼ਿੰਦਗੀ ਵਿਚ ਖੇਡਾਂ ਦੀ ਅਹਿਮੀਅਤ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ। ਸਕੂਲਾਂ ਵਿਚ ਇਸੇ ਕਰ ਕੇ ਹਰ ਰੋਜ਼ ਖੇਡਣ ਦਾ ਸਮਾਂ ਰਖਿਆ ਜਾਂਦਾ ਹੈ। ਖੇਡਾਂ ਵਿਚੋਂ ਕਈਆਂ ਲਈ ਨੌਕਰੀ ਤੇ ਕਮਾਈ ਦਾ ਰਸਤਾ ਵੀ ਨਿਕਲ ਆਉਂਦਾ ਹੈ ਪਰ ਹਰ ਬੱਚਾ ਖਿਡਾਰੀ ਨਹੀਂ ਬਣ ਸਕਦਾ, ਇਸ ਲਈ ਇਹ ਗੱਲ ਵੀ ਇਕ ਆਮ ਬੱਚੇ ਵਾਸਤੇ ਹੀ ਆਖੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਦੇ ਨਸ਼ਾ ਤਸਕਰੀ ਦੇ ਦੌਰ ਵਿਚੋਂ ਪੰਜਾਬ ਦੀ ਜਵਾਨੀ ਗੁਜ਼ਰ ਰਹੀ ਹੈ, ਉਨ੍ਹਾਂ ਵਾਸਤੇ ਤਰਕੀਬ ਬਹੁਤ ਡੂੰਘੀ ਸੋਚ-ਵਿਚਾਰ ਵਿਚੋਂ ਨਿਕਲੀ ਹੋਣੀ ਚਾਹੀਦੀ ਹੈ।
ਅੱਜ ਜੇ ਅਸੀ ਨਸ਼ੇ ਦੀ ਮੁਸ਼ਕਲ ਨੂੰ ਸਮਝਣ ਦਾ ਯਤਨ ਕਰੀਏ ਤਾਂ ਇਸ ਦੇ ਅਨੇਕਾਂ ਪਹਿਲੂ ਹਨ। ਨੌਜਵਾਨ ਨਿਰਾਸ਼ਾ ਕਾਰਨ ਇਹ ਰਾਹ ਚੁਣਦਾ ਹੈ ਤਾਕਿ ਉਹ ਨਸ਼ੇ ਦੇ ਧੁੰਦਲਕੇ ਵਿਚ ਹਕੀਕਤ ਨੂੰ ਭੁਲ ਜਾਵੇ ਅਤੇ ਪੰਜਾਬ ਵਿਚ ਖੇਡਾਂ ’ਚ ਕਮਾਈ ਦਾ ਰਾਹ ਨਾ ਨਿਕਲਣ ਕਾਰਨ ਵੀ ਬਹੁਤ ਸਾਰੇ ਨੌਜਵਾਨ ਨਸ਼ੇ ਵਿਚ ਗ਼ਰਕ ਗਏ ਹਨ ਅਤੇ ਬੰਦੂਕਾਂ ਚੁਕ ਕੇ ਗੈਂਗਸਟਰ ਵੀ ਬਣੇ ਹਨ।
ਸੋ ਨੌਜਵਾਨਾਂ ਨੂੰ ਨਵੀਆਂ ਖੇਡਾਂ ਜਿਵੇਂ ਵਾਲੀਬਾਲ ਵਲ ਖਿੱਚਣ ਤੋਂ ਪਹਿਲਾਂ ਇਹ ਵੇਖਣਾ ਪਵੇਗਾ ਕਿ ਅੱਗੇ ਰਸਤਾ ਕੀ ਹੈ ਜਿਸ ਤੇ ਚਲ ਕੇ ਨੌਜਵਾਨ ਨਿਰਾਸ਼ ਨਹੀਂ ਹੋਵੇਗਾ। ਕਬੱਡੀ ਕੱਪ ਵੀ ਸ਼ੁਰੂ ਕੀਤਾ ਸੀ ਪਰ ਉਸ ਨਾਲ ਮੁਸੀਬਤਾਂ ਵਧੀਆਂ ਹੀ ਹਨ। ਜਿਹੜਾ ਅੱਜ ਸੱਭ ਤੋਂ ਵੱਡਾ ਪੰਜਾਬ ਦਾ ਟੀਚਾ ਹੈ, ‘ਨਸ਼ਾ ਮੁਕਤ ਪੰਜਾਬ’ ਉਹ ਸਰਕਾਰਾਂ ਤੋਂ ਬਹੁਤ ਜ਼ਿਆਦਾ ਮਿਹਨਤ ਮੰਗਦਾ ਹੈ। ਸਪੋਕਸਮੈਨ ਵਲੋਂ ‘ਨਸ਼ਾ ਮੁਕਤ ਪੰਜਾਬ’ ਵਾਸਤੇ ਇਕ ਹੈਲਪਲਾਈਨ ਸ਼ੁਰੁੂ ਕੀਤੀ ਗਈ ਹੈ ਜਿਥੇ ਹਰ ਰੋਜ਼ ਕਈ ਲੋਕ ਕਾਲਾਂ ਕਰ ਕੇ ਅਪਣੇ ਪਿੰਡ ਵਿਚ ਨਸ਼ਾ ਵੇਚਣ ਦੀ ਸ਼ਿਕਾਇਤ ਕਰਦੇ ਹਨ। ਹੈਰਾਨੀ ਹੈ ਕਿ ਜ਼ਿਆਦਾਤਰ ਕਾਲਾਂ ਪਿੰਡਾਂ ਤੋਂ ਹੀ ਆਉਂਦੀਆਂ ਹਨ।
ਪੰਜਾਬ ਦੇ ਪਿੰਡਾਂ ਵਿਚ ਹੀ ਸੱਭ ਤੋਂ ਵੱਧ ਨਸ਼ਾ ਵਿਕਦਾ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਵਿਚ ਖੇਤੀ ਕਾਰਨ ਕਮਾਈ ਹੁੰਦੀ ਹੈ ਜੋ ਸ਼ਹਿਰਾਂ ਵਿਚ ਨਹੀਂ ਹੁੰਦੀ। ਹੈਲਪ ਲਾਈਨ ਤੇ ਆਏ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਅਜਿਹੇ ਪਿੰਡ ਵੀ ਹਨ ਜਿਥੇ ਪੁਲਿਸ ਵੀ ਜਾਣ ਨੂੰ ਤਿਆਰ ਨਹੀਂ ਹੁੰਦੀ। ਆਮ ਤੌਰ ’ਤੇ ਛੋਟੇ ਪਿੰਡਾਂ ਵਿਚ 1-2 ਨਸ਼ੇ ਵੇਚਣ ਵਾਲੇ ਰੋਜ਼ ਜਾਂਦੇ ਹਨ ਜੋ ਕਿ ਸਾਰੇ ਇਕ ਵੱਡਾ ਝੁੰਡ ਬਣਾ ਕੇ ਪਿੰਡ ਵਿਚ ਹੀ ਰਹਿੰਦੇ ਹਨ। ਸਾਹਨੇਵਾਲ ਦੇ ਕੁੱਝ ਪਿੰਡਾਂ ਤੋਂ ਬਹੁਤ ਲੋਕਾਂ ਦੀਆਂ ਕਾਲਾਂ ਆ ਰਹੀਆਂ ਸਨ ਜਿਸ ਕਾਰਨ ਉਥੇ ਜਾ ਕੇ ਕੁੱਝ ਪਿੰਡਾਂ ਵਿਚ ਸਪੋਕਮਸੈਨ ਦੀ ਸੱਥ ਲਗਾਈ। ਉਥੇ ਦਾ ਇਕ ਪਿੰਡ ਹੈ ਜਿਸ ਨੂੰ ਨਸ਼ਾ ਤਸਕਰਾਂ ਦਾ ਗੜ੍ਹ ਆਖਿਆ ਜਾਂਦਾ ਹੈ ਤੇ ਜਿਥੋਂ ਦੂਰ ਦੇ ਸ਼ਹਿਰਾਂ ਤੋਂ ਵੀ ਲੋਕ ਨਸ਼ਾ ਲੈਣ ਆਉਂਦੇ ਹਨ। ਇਕ ਸਮਾਜ ਸੇਵੀ ਨੇ ਉਸ ਪਿੰਡ ਚੋਂ 43 ਮਾਮਲੇ ਦਰਜ ਕਰਵਾਏ ਹੋਏ ਹਨ ਪਰ ਕਾਰਵਾਈ ਨਹੀਂ ਹੋ ਸਕੀ।
ਜਦ ਸਾਡੇ ਪਿੰਡਾਂ ਵਿਚ ਇਸ ਤਰ੍ਹਾਂ ਦਾ ਮਾਹੌਲ ਹੋਵੇਗਾ ਤਾਂ ਸਿਰਫ਼ ਖੇਡ ਮੇਲਿਆਂ ਨਾਲ ਮੁਸ਼ਕਲ ਹੱਲ ਨਹੀਂ ਹੋ ਸਕਦੀ। ਮੁਸ਼ਕਲ ਵਾਸਤੇ ਅੱਜ ਹਰ ਐਮ.ਐਲ.ਏ. ਨੂੰ ਹਰ ਪਿੰਡ ਵਿਚ ਲੜਾਈ ਦਾ ਸਿਪਾਹੀ ਬਣਨਾ ਪਵੇਗਾ। ਜਦ ਤਕ ਹਰ ਪਿੰਡ ਵਿਚ ਜਾ ਕੇ ਇਸ ਵਪਾਰ ਨੂੰ ਖ਼ਤਮ ਨਹੀਂ ਕੀਤਾ ਜਾਵੇਗਾ, ਤਦ ਤਕ ਕੋਈ ਖੇਡ ਮੇਲੇ, ਕੋਈ ਨਸ਼ਾ ਛੁਡਾਊ ਕੇਂਦਰ, ਕੋਈ ਹੈਲਪਲਾਈਨ ਕੰਮ ਨਹੀਂ ਕਰੇਗੀ। ਸਾਡੇ ਪਿੰਡ ਅੱਜ ਨਸ਼ਾ ਤਸਕਰੀ ਦੀ ਚੁੰਗਲ ਵਿਚ ਬੁਰੀ ਤਰ੍ਹਾਂ ਫੱਸ ਚੁਕੇ ਹਨ ਤੇ ਇਨ੍ਹਾਂ ਨੂੰ ਬਚਾਉਣ ਵਾਸਤੇ ਸਾਫ਼ ਨੀਅਤ ਤੇ ਹਿੰਮਤ ਦੀ ਲੋੜ ਹੈ।
-ਨਿਮਰਤ ਕੌਰ