Editorial: ‘ਤਨਖ਼ਾਹੀਆ’ ਸੁਖਬੀਰ : ਸੱਚ ਦੀ ਪਰਖ਼ ਅਜੇ ਦੂਰ ਦੀ ਗੱਲ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਪੰਜਾਬ ਦੇ ਹਰ ਪੰਥ ਪ੍ਰੇਮੀ ਦੀ ਆਵਾਜ਼ ਹੈ ਕਿ ਹੁਣ ਅਜਿਹੇ ਫ਼ੈਸਲੇ ਲਏ ਜਾਣ ਜਿਸ ਨਾਲ ਕੌਮ ਦਾ ਵਿਸ਼ਵਾਸ ਮੁੜ ਮੁੱਖ ਸੇਵਾਦਾਰਾਂ ਉਤੇ ਬਣ ਸਕੇ।

'Tankhayia' Sukhbir: The test of truth is still far away...

 

Editorial: ਸੱਭ ਦੀਆਂ ਅੱਖਾਂ ਅਕਾਲ ਤਖ਼ਤ ’ਤੇ ਬੈਠੇ ਮੁੱਖ ਸੇਵਾਦਾਰਾਂ ਉਤੇ ਗੱਡੀਆਂ ਹੋਈਆਂ ਸਨ ਕਿ ਉਹ ਸਿੱਖ ਕੌਮ ਦੀਆਂ ਰਮਜ਼ਾਂ ਨੂੰ ਸਮਝਦੇ ਹੋਏ, ਉਨ੍ਹਾਂ ਨਾਲ ਨਿਆਂ ਕਰ ਸਕਣਗੇ ਜਾਂ ਨਹੀਂ? ਜਿਸ ਦੁਸ਼ਵਾਰ ਦੌਰ ਵਿਚੋਂ ਪੰਜਾਬ ਤੇ ਸਿੱਖੀ ਲੰਘ ਰਹੀ ਹੈ, ਉਸ ਦੀ ਜ਼ਿੰਮੇਵਾਰੀ ਸਿਰਫ਼ ਤੇ ਸਿਰਫ਼ ਸਿੱਖ ਸਿਆਸਤਦਾਨਾਂ ਉੱਤੇ ਹੈ ਕਿਉਂਕਿ ਉਨ੍ਹਾਂ ਨੇ ਅਪਣੀਆਂ ਨਿਜੀ ਲਾਲਸਾਵਾਂ ਕਾਰਨ ਸਿੱਖੀ ਅਤੇ ਪੰਜਾਬ ਦੇ ਹਿਤਾਂ ਬਾਰੇ ਗੱਲ ਕਰਨੀ ਹੀ ਬੰਦ ਕੀਤੀ ਹੋਈ ਹੈ। ਪੰਜਾਬ ਦੇ ਹਰ ਪੰਥ ਪ੍ਰੇਮੀ ਦੀ ਆਵਾਜ਼ ਹੈ ਕਿ ਹੁਣ ਅਜਿਹੇ ਫ਼ੈਸਲੇ ਲਏ ਜਾਣ ਜਿਸ ਨਾਲ ਕੌਮ ਦਾ ਵਿਸ਼ਵਾਸ ਮੁੜ ਮੁੱਖ ਸੇਵਾਦਾਰਾਂ ਉਤੇ ਬਣ ਸਕੇ।

ਉਨ੍ਹਾਂ ਵਲੋਂ ਸ਼ੁਕਰਵਾਰ (31 ਅਗੱਸਤ) ਨੂੰ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਤਾਂ ਦੇ ਦਿਤਾ ਗਿਆ ਹੈ, ਪਰ ਨਾਲ ਹੀ ਪੂਰੇ ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰ ਕੇ, ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗ਼ਲਤੀ ਸੱਭ ਦੀ ਬਰਾਬਰ ਸੀ। ਜ਼ਿਕਰਯੋਗ ਹੈ ਕਿ ‘ਸਪੋਕਸਮੈਨ’ ਦੇ ਬਾਨੀ ਉਤੇ ਵੀ ਤਨਖ਼ਾਹੀਆ ਦਾ ‘ਠੱਪਾ’ ਲਗਾਇਆ ਗਿਆ ਸੀ ਉਹ ਹੱਕ-ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਸੀ। ਸੁਖਬੀਰ ਵਾਲੇ ‘ਠੱਪੇ’ ਪਿੱਛੇ ਨਿਰੋਲ ਸਿਆਸਤ ਕੰਮ ਕਰ ਰਹੀ ਹੈ।

ਸੌਦਾ ਸਾਧ ਦੀ ਮੁਆਫ਼ੀ ਤੋਂ ਬਾਅਦ ਵਿਚ ਰਚੀ ਗਈ ਸਾਰੀ ਪ੍ਰਕਿਰਿਆ ਨੂੰ ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ ਕਿ ਤਨਖ਼ਾਹੀਏ ਵਾਲੇ ਅਮਲ ਨੂੰ ਸਿਰਫ਼ ਇਕ ਸਿਆਸੀ ਹਥਿਆਰ ਬਣਾ ਕੇ ਵਰਤਿਆ ਜਾਂਦਾ ਹੈ। ਸਿਰਫ਼ ਕੁੱਝ ਭੋੋਲੇ ਲੋਕ ਹੀ ਮੰਨਦੇ ਹਨ ਕਿ ਇਹ ਬਹੁਤ ਵੱਡਾ ਕਦਮ ਹੈ ਪਰ ਅੰਦਰਖਾਤੇ ਇਸ ਨੂੰ ਸਿਰਫ਼ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ।

ਕੀ ਇਕ ਪੰਥਕ ਆਗੂ ਵਲੋਂ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਉਣ ਦਾ ਫ਼ੈਸਲਾ ਜਾਂ ਉਸ ਨੂੰ ਸਿੱਖ ਨੌਜਵਾਨਾਂ ਉਤੇ ਗੋਲੀ ਚਲਾਉਣ ਦਾ ਹੁਕਮ, ਕੁੱਝ ਭਾਂਡੇ ਮਾਂਜ ਕੇ ਜਾਂ ਜੁੱਤੀਆਂ ਪਾਲਸ਼ ਕਰਨ ਨਾਲ ਮੁਆਫ਼ ਹੋ ਜਾਵੇਗਾ? ਮੁਆਫ਼ੀ ਤਾਂ ਲੋਕਾਂ ਅੰਦਰ ਸਿਆਸਤਦਾਨਾਂ ਪ੍ਰਤੀ ਮੁੜ ਵਿਸ਼ਵਾਸ ਜਗਾਉਣ ਨਾਲ ਮਿਲੇਗੀ ਤੇ ਉਸ ਵਾਸਤੇ ਸੱਚਾ ਪਛਤਾਵਾ ਨਜ਼ਰ ਆਉਣਾ ਚਾਹੀਦਾ ਹੈ। ਅਕਾਲੀ ਦਲ ਦੇ ਪ੍ਰਧਾਨ ਵਲੋਂ ਜੋੜਿਆਂ ਦੀ ਸੇਵਾ ਜਾਂ ਕੁੱਝ ਇਸ ਤਰ੍ਹਾਂ ਦੇ ਹੋਰ ਕਦਮ ਸਿਰਫ਼ ਸਿਆਸੀ ਸ਼ਤਰੰਜ ਦੀਆਂ ਚਾਲਾਂ ਹਨ ਅਤੇ ਲੋਕ ਸੱਭ ਕੁੱਝ ਸਮਝਦੇ ਹਨ। ਜੇ ਅੱਗੇ ਚਲ ਕੇ ਹੋਰ ਅਜਿਹੀਆਂ ਚਾਲਾਂ ਖੇਡੀਆਂ ਗਈਆਂ ਤਾਂ ਅਕਾਲੀ ਦਲ (ਬਾਦਲ) ਕਦੇ ਵੀ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇਗਾ। 

ਸਿੱਖੀ ਦਾ ਹਿਰਦਾ ਬਹੁਤ ਵਿਸ਼ਾਲ ਹੈ। ਇਸ ਵਿਚ ਕੌਡੇ ਰਾਕਸ਼ ਵਾਸਤੇ ਵੀ ਥਾਂ ਗੁਰੂ ਸਾਹਿਬ ਨੇ ਆਪ ਬਣਾਈ ਸੀ। ਸੱਚਾ ਪਛਤਾਵਾ ਹੀ ਭੁੱਲਾਂ ਬਖ਼ਸ਼ਵਾਉਣ ਦਾ ਅਸਲ ਰਾਹ ਹੈ। ਅੱਜ ਲੋੜ ਹੈ ਕਿ ਸਿੱਖ ਬੁਧੀਜੀਵੀਆਂ, ਜਿਹੜੇ ਸਿਰਫ਼ ਗੁਰੂ ਸਾਹਿਬਾਨ ਪ੍ਰਤੀ ਵਫ਼ਾਦਾਰੀ ਰਖਦੇ ਹਨ ਅਤੇ ਸਿਆਸਤਦਾਨਾਂ ਦੇ ਅਧੀਨ ਨਹੀਂ ਹਨ, ਨੂੰ ਇਕ ਜਨਤਕ ਸਿੱਖ ਮੰਚ ’ਤੇ ਬੁਲਾ ਕੇ ਸੁਧਾਰ ਲਹਿਰ ਦੇ ਟੀਚੇ ਮਿੱਥੇ ਜਾਣ ਦੀ।

ਸਿਆਸਤਦਾਨਾਂ ਨੂੰ ਪੰਥਕ ਅਹੁਦਿਆਂ ਤੇ ਪਦਵੀਆਂ ਤੋਂ ਬੇਦਖ਼ਲ ਕਰ ਕੇ ਸਿਰਫ਼ ਸਿਆਸਤ ਕਰਨ ਤਕ ਸੀਮਤ ਰੱਖਣ ਦੀ ਲੋੜ ਹੈ ਨਾ ਕਿ ਪੰਥਕ ਮੁੱਦਿਆਂ ਨੂੰ ਸਿਆਸਤ ਦਾ ਹਥਿਆਰ ਬਣਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਵਾਲਾ ਫ਼ੈਸਲਾ ਅਜੇ ਵੀ ਇਕ ਸਿਆਸੀ ਮਨਸੂੁਬੇ ਦਾ ਹਿੱਸਾ ਜਾਪ ਰਿਹਾ ਹੈ ਨਾ ਕਿ ਅਸਲ ਸੁਧਾਰ ਵਲ ਕਦਮ; ਇਹ ਪ੍ਰਭਾਵ ਪੰਜ ਮੁੱਖ ਸੇਵਾਦਾਰਾਂ ਨੇ ਦੂਰ ਕਰਨਾ ਹੈ ਕਿਸੇ ਹੋਰ ਨੇ ਨਹੀਂ।
-  ਨਿਮਰਤ ਕੌਰ