Editorial: ਖ਼ੁਸ਼ਗ਼ਵਾਰ ਕਦਮ ਹੈ ਸਿੱਖ ਜਥੇ ਨੂੰ ਪ੍ਰਵਾਨਗੀ...
ਭਾਰਤੀ ਸਿੱਖਾਂ ਨੂੰ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਵੀਜ਼ੇ ਮਿਲਣੇ ਇਕ ਖੁਸ਼ਨੁਮਾ ਪ੍ਰਗਤੀ ਹੈ।
Pakistan issues over 2,100 visas to Indian Sikh pilgrims: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 2185 ਭਾਰਤੀ ਸਿੱਖਾਂ ਨੂੰ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਵੀਜ਼ੇ ਮਿਲਣੇ ਇਕ ਖੁਸ਼ਨੁਮਾ ਪ੍ਰਗਤੀ ਹੈ। ਇਹ ਜਥਾ 4 ਨਵੰਬਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਵੇਗਾ ਅਤੇ ਉਥੋਂ 13 ਨਵੰਬਰ ਨੂੰ ਪਰਤੇਗਾ। ਪਹਿਲਾਂ ਸਿੱਖ ਜਥਾ ਪਾਕਿਸਤਾਨ ਨਾ ਭੇਜੇ ਜਾਣ ਜਾਂ ਬਹੁਤ ਸੀਮਤ ਗਿਣਤੀ ਵਿਚ ਭੇਜੇ ਜਾਣ ਦੀਆਂ ਕਿਆਸਰਾਈਆਂ ਚੱਲ ਰਹੀਆਂ ਸਨ। ਪਰ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਬਹੁਤੇ ਕਿਆਫ਼ੇ ਜਾਂ ਅੰਦਾਜ਼ੇ ਖ਼ਿਆਲੀ ਸਨ।
ਨਾ ਭਾਰਤੀ ਗ੍ਰਹਿ ਮੰਤਰਾਲੇ ਨੇ ਨਨਕਾਣਾ ਸਾਹਿਬ ਜਾਣ ਦੇ ਇੱਛਾਵਾਨਾਂ ਦੇ ਰਾਹ ਵਿਚ ਅੜਿੱਕਾ ਡਾਹਿਆ ਅਤੇ ਨਾ ਹੀ ਪਾਕਿਸਤਾਨੀ ਹਾਈ ਕਮਿਸ਼ਨ ਨੇ ਹੀਲ-ਹੁੱਜਤ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 1802 ਸ਼ਰਧਾਵਾਨਾਂ ਦੇ ਪਾਸਪੋਰਟ ਪਾਕਿਸਤਾਨ ਹਾਈ ਕਮਿਸ਼ਨ ਨੂੰ ਭੇਜੇ। ਹਾਈ ਕਮਿਸ਼ਨ ਨੇ ਇਨ੍ਹਾਂ ਵਿਚੋਂ 1796 ਨੂੰ ਵੀਜ਼ੇ ਜਾਰੀ ਕਰ ਦਿਤੇ ਹਨ। ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਨੂੰ 170 ਅਤੇ ਹਰਿਆਣਾ, ਉੱਤਰਾਖੰਡ, ਜੰਮੂ-ਕਸ਼ਮੀਰ ਤੇ ਉੱਤਰ ਪ੍ਰਦੇਸ਼ ਦੀਆਂ ਗੁਰਦਵਾਰਾ ਕਮੇਟੀਆਂ ਨੂੰ 189 ਵੀਜ਼ੇ ਦਿਤੇ ਗਏ ਹਨ। ਸਿਰਫ਼ ਦਿੱਲੀ ਕਮੇਟੀ ਨੇ ਹੀ ਪਾਕਿਸਤਾਨੀ ਹਾਈ ਕਮਿਸ਼ਨ ਉੱਤੇ ਪੱਖਪਾਤ ਦੇ ਦੋਸ਼ ਲਾਏ ਹਨ, ਬਾਕੀ ਸੰਸਥਾਵਾਂ ਨੇ ਤਸੱਲੀ ਪ੍ਰਗਟਾਈ ਹੈ। ਦਿੱਲੀ ਕਮੇਟੀ ਦੀ ਇਸ ਸਮੇਂ ਜੋ ਰਾਜਸੀ ਪਾਲਾਬੰਦੀ ਹੈ, ਉਸ ਦੇ ਪੇਸ਼ੇ-ਨਜ਼ਰ ਥੋੜ੍ਹੀ-ਬਹੁਤ ਨੁਕਤਾਚੀਨੀ ਸੰਭਾਵੀ ਹੀ ਸੀ। ਪਾਕਿਸਤਾਨੀ ਹਾਈ ਕਮਿਸ਼ਨ ਦੀ ਕਾਰਵਾਈ ਤੋਂ ਪਹਿਲਾਂ ਭਾਰਤੀ ਗ੍ਰਹਿ ਮੰਤਰਾਲੇ ਨੇ ਸ਼ਰਧਾਵਾਨਾਂ ਦੀਆਂ ਸੂਚੀਆਂ ਦੀ ਜਾਂਚ-ਪੜਤਾਲ ਕੀਤੀ। ਮੀਡੀਆ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਗ੍ਰਹਿ ਮੰਤਰਾਲੇ ਨੇ ਵੀ ਇਨ੍ਹਾਂ ਸੂਚੀਆਂ ਵਿਚੋਂ ਮੀਨ-ਮੇਖ ਲੱਭਣ ਤੋਂ ਪਰਹੇਜ਼ ਕੀਤਾ।
ਗੁਰੂ ਨਾਨਕ ਪ੍ਰਕਾਸ਼ ਉਤਸਵ ਉਹ ਪਾਵਨ ਦਿਹਾੜਾ ਹੈ ਜਿਸ ਨੂੰ ਮਨਾਉਣ ਲਈ ਪਾਕਿਸਤਾਨ ਸਰਕਾਰ ਸਭ ਤੋਂ ਵੱਡੇ ਸਿੱਖ ਜਥੇ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਵੀਜ਼ੇ ਜਾਰੀ ਕਰਦੀ ਆਈ ਹੈ। 1950 ਦੇ ਨਹਿਰੂ-ਲਿਆਕਤ ਪੈਕਟ ਅਧੀਨ ਚਾਰ ਦਿਹਾੜਿਆਂ ਮੌਕੇ ਭਾਰਤੀ ਸਿੱਖਾਂ ਦੇ ਜਥਿਆਂ ਨੂੰ ਪਾਕਿਸਤਾਨ ਵਿਚ ਦਾਖ਼ਲੇ ਦੀ ਇਜਾਜ਼ਤ ਦਿਤੀ ਜਾਂਦੀ ਹੈ। ਇਹ ਹਨ : ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ, ਵਿਸਾਖੀ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ। ਪ੍ਰਕਾਸ਼ ਪੁਰਬ ਤੋਂ ਬਾਅਦ ਵਿਸਾਖੀ ਵਾਲੇ ਜਥੇ ਦੀ ਤਾਦਾਦ ਜ਼ਿਆਦਾ ਹੁੰਦੀ ਹੈ।
ਕਿੰਨੇ ਵੀਜ਼ੇ ਜਾਰੀ ਕਰਨੇ ਹਨ, ਕਿੰਨੇ ਨਹੀਂ ਕਰਨੇ, ਇਹ ਫ਼ੈਸਲਾ ਸਮੇਂ ਦੇ ਹਾਲਾਤ ਉਪਰ ਵੀ ਨਿਰਭਰ ਕਰਦਾ ਹੈ। ਇਸ ਸਾਲ ਅਪਰੈਲ ਮਹੀਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਭਾਰਤੀ ਨਾਗਰਿਕਾਂ ਦੇ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਣ ਅਤੇ ਪਾਕਿਸਤਾਨੀ ਨਾਗਰਿਕਾਂ ਦੇ ਭਾਰਤ ਆਉਣ ਉੱਤੇ ਪਾਬੰਦੀ ਲਾ ਦਿਤੀ ਸੀ। ਪਾਕਿਸਤਾਨ ਸਰਕਾਰ ਨੇ ਵੀ ਸਾਰਕ ਵੀਜ਼ਾ ਮੁਆਫ਼ੀ ਸਕੀਮ (ਐੱਸ.ਵੀ.ਈ.ਐੱਸ) ਅਣਮਿਥੇ ਸਮੇਂ ਲਈ ਮੁਅੱਤਲ ਕਰ ਦਿਤੀ ਸੀ।
ਉਂਜ, ਇਸ ਬੰਦਸ਼ ਨੂੰ ਉਸ ਨੇ ਸਿੱਖ ਤੀਰਥ ਯਾਤਰੀਆਂ ਦੇ ਮਾਮਲੇ ਵਿਚ ਲਾਗੂ ਨਹੀਂ ਸੀ ਕੀਤਾ। ਦੂਜੇ ਪਾਸੇ, ਅਪਰੇਸ਼ਨ ਸਿੰਧੂਰ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਸੀ ਦਿਤੀ। ਇਸੇ ਨੀਤੀ ਨੂੰ ਜਾਰੀ ਰੱਖਦਿਆਂ ਸਤੰਬਰ ਮਹੀਨੇ ਗ੍ਰਹਿ ਮੰਤਰਾਲੇ ਨੇ ਸੰਕੇਤ ਦਿਤਾ ਸੀ ਕਿ ਗੁਰੂ ਨਾਨਕ ਪ੍ਰਕਾਸ਼ ਪੁਰਬ ਮੌਕੇ ਵੀ ਸਿੱਖ ਜਥਾ ਪਾਕਿਸਤਾਨ ਨਹੀਂ ਭੇਜਿਆ ਜਾਵੇਗਾ। ਇਸ ਕਦਮ ਦਾ ਸਿੱਖ ਹਲਕਿਆਂ ਵਲੋਂ ਵਿਰੋਧ ਹੋਣਾ ਸੁਭਾਵਿਕ ਹੀ ਸੀ। ਸਿੱਖ ਸਿਆਸਤਦਾਨਾਂ ਨੇ ਵੀ ਪਾਰਟੀਬਾਜ਼ੀ ਤੋਂ ਉੱਚਾ ਉੱਠ ਕੇ ਅਪਣਾ ਵਿਰੋਧ ਦਰਜ ਕਰਵਾਇਆ। ਇਸ ’ਤੇ ਗ੍ਰਹਿ ਮੰਤਰਾਲੇ ਨੇ ਆਲ੍ਹਾ-ਮਿਆਰੀ ਨਜ਼ਰਸਾਨੀ ਮਗਰੋਂ ਦੋ ਹਫ਼ਤਿਆਂ ਬਾਅਦ ਅਪਣਾ ਫ਼ੈਸਲਾ ਬਦਲ ਦਿਤਾ। ਇਸ ਦਾ ਸੁਖਾਵਾਂ ਅਸਰ ਹੁਣ ਸਾਡੇ ਸਾਹਮਣੇ ਹੈ।
ਇਹ ਪੂਰਾ ਪ੍ਰਕਰਣ ਦਰਸਾਉਂਦਾ ਹੈ ਕਿ ਹਕੂਮਤਾਂ ਨੂੰ ਵੱਖ-ਵੱਖ ਧਾਰਮਕ ਫ਼ਿਰਕਿਆਂ ਦੀਆਂ ਮਜ਼ਹਬੀ ਸੰਵੇਦਨਾਵਾਂ ਦੀ ਕਦਰ ਕਰਨ ਦੀ ਨੀਤੀ ਅਖ਼ਤਿਆਰ ਕਰਨੀ ਚਾਹੀਦੀ ਹੈ। ਇਨ੍ਹਾਂ ਸੰਵੇਦਨਾਵਾਂ ਨੂੰ ਕੂਟਨੀਤਕ ਸਿਆਸਤ ਦਾ ਹਥਿਆਰ ਨਹੀਂ ਬਣਾਇਆ ਜਾਣਾ ਚਾਹੀਦਾ।
ਨਨਕਾਣਾ ਸਾਹਿਬ ਸਥਿਤ ਗੁਰਧਾਮ ਸਿੱਖ ਮੱਤ ਲਈ ਅਤਿਅੰਤ ਅਹਿਮ ਹਨ। ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਦਰਜਾ ਤਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਬਾਅਦ ਦੂਜੇ ਸਭ ਤੋਂ ਮੁਕੱਦਸ ਤੀਰਥ ਵਾਲਾ ਹੈ। ਲਿਹਾਜ਼ਾ, ਅਜਿਹੇ ਤੀਰਥਾਂ ਦੇ ਖੁਲ੍ਹੇ ਦਰਸ਼ਨ-ਦੀਦਾਰ ਕੂਟਨੀਤਕ ਫਰਾਖ਼ਦਿਲੀ ਦੀ ਮਿਸਾਲ ਬਣਨੇ ਚਾਹੀਦੇ ਹਨ, ਤੰਗਦਿਲੀ ਜਾਂ ਸੰਗਦਿਲੀ ਦੀ ਨਹੀਂ। ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘਾ ਵੀ ਬੰਦ ਹੈ। ਇਸ ਨੂੰ ਵੀ ਨਵੇਂ ਸਿਰਿਓਂ ਖੋਲ੍ਹੇ ਜਾਣ ਵਰਗਾ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵਲੋਂ ‘ਜ਼ਾਹਰ ਪੀਰ ਜਗਤੁ ਗੁਰੂ ਬਾਬਾ’ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਇਸ ਤੋਂ ਬਿਹਤਰ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਹੈ?