2019 ਨੇ ਜਿਥੇ ਠੰਢ ਦੇ ਨਵੇਂ ਰੀਕਾਰਡ ਕਾਇਮ ਕੀਤੇ, ਉਥੇ ਮਨੁੱਖ ਦੇ ਹੰਕਾਰ ਨੂੰ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2019 ਦੇ ਆਖ਼ਰੀ ਦਿਨ ਪਿਛਲੇ 364 ਦਿਨਾਂ ਨੂੰ ਸਲਾਮੀ ਦੇਣੀ ਬਣਦੀ ਹੈ।

File Photo

2019 ਦੇ ਆਖ਼ਰੀ ਦਿਨ ਪਿਛਲੇ 364 ਦਿਨਾਂ ਨੂੰ ਸਲਾਮੀ ਦੇਣੀ ਬਣਦੀ ਹੈ। ਇਸ ਸਾਲ ਭਾਵੇਂ ਹਿੰਦੂ-ਮੁਸਲਮਾਨ ਰਾਜਨੀਤੀ ਨੂੰ 1947 ਤੋਂ ਪਹਿਲਾਂ ਵਾਲੀ 'ਹਿੰਦੂ ਰੋਟੀ, ਮੁਸਲਮਾਨ ਰੋਟੀ' ਦਾ ਰੰਗ ਦੇਣ ਵਾਲਿਆਂ ਨੇ ਅਪਣੀ ਜਿੱਤ ਹੁਣ ਸਦਾ ਲਈ ਪੱਕੀ ਹੋ ਗਈ ਸਮਝਣ ਦੀ ਗ਼ਲਤੀ ਮੰਨੀ ਭਾਵੇਂ ਨਹੀਂ ਪਰ ਸਮਝ ਜ਼ਰੂਰ ਲਈ ਹੈ ਤੇ ਉਨ੍ਹਾਂ ਅਪਣਾ ਸਬਕ ਸਿਖਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿਤਾ ਹੈ।

ਸਿਰਫ਼ ਭਾਰਤ ਹੀ ਨਹੀਂ, ਸਿਰਫ਼ ਪੰਜਾਬ ਹੀ ਨਹੀਂ ਬਲਕਿ ਪੂਰੀ ਦੁਨੀਆਂ ਇਸ ਕਿਸਮ ਦੇ ਸਬਕ ਸਿਖਦੀ-ਸਿਖਾਉਂਦੀ ਰਹੀ ਹੈ। ਦੁਨੀਆਂ ਵਿਚ ਕੁੱਝ ਅਜਿਹੀਆਂ ਰਵਾਇਤਾਂ ਬਣ ਗਈਆਂ ਹਨ ਕਿ ਉਹ ਹੁਣ ਹਰ ਦੇਸ਼ ਵਿਚ ਖ਼ੁਦਾਈ ਸੱਚ ਵਰਗਾ ਸੱਚ ਮੰਨੀਆਂ ਜਾਂਦੀਆਂ ਸਨ, ਜਿਵੇਂ ਅਮਰੀਕਾ ਦੁਨੀਆਂ ਦਾ ਸਰਬਸ੍ਰੇਸ਼ਟ ਦੇਸ਼ ਹੈ ਜਿਸ ਨਾਲ ਟੱਕਰ ਕੋਈ ਨਹੀਂ ਲੈ ਸਕਦਾ।

ਪਰ ਇਕ ਕਮਜ਼ੋਰ ਆਗੂ ਦੀ ਅਗਵਾਈ ਸਦਕਾ ਇਸ ਸਰਵਸ੍ਰੇਸ਼ਟ ਦੇਸ਼ ਦੀ ਦੁਨੀਆਂ ਦੇ ਕੋਨੇ-ਕੋਨੇ 'ਚ ਖਿੱਲੀ ਉਡਾਈ ਜਾਂਦੀ ਅਸੀ ਅਜਕਲ ਵੀ ਵੇਖ ਰਹੇ ਹਾਂ। ਕਦੇ ਡੋਨਾਲਡ ਟਰੰਪ ਦੀ ਬੇਹੂਦਾ ਬਿਆਨਬਾਜ਼ੀ ਅਤੇ ਕਦੇ ਉਸ ਦੇ ਝੂਠਾਂ ਨੇ ਇਸ ਸਰਵਸ੍ਰੇਸ਼ਟ ਦੇਸ਼ ਨੂੰ ਨੀਵਾਂ ਹੋਣ ਲਈ ਮਜਬੂਰ ਕਰ ਦਿਤਾ ਹੈ। ਜਿਥੇ ਕਦੇ ਮੰਨਿਆ ਜਾਂਦਾ ਸੀ ਕਿ ਅਮਰੀਕਾ ਤੇ ਪੂਰਾ ਪੱਛਮ ਹਮੇਸ਼ਾ ਹੀ ਅੱਗੇ ਰਹੇਗਾ, ਚੀਨ ਨੇ ਅਮਰੀਕਾ ਨੂੰ ਚੁਨੌਤੀ ਦੇ ਕੇ ਵਿਖਾ ਦਿਤਾ ਕਿ ਦੁਨੀਆਂ ਵਿਚ ਕੁੱਝ ਵੀ ਹਮੇਸ਼ਾ ਲਈ ਉਪਰ ਨਹੀਂ ਰਹਿੰਦਾ।

ਨਾ ਚੰਗੇ ਦਿਨ ਸਦਾ ਰਹਿਣਗੇ ਅਤੇ ਨਾ ਮਾੜੇ ਦਿਨ ਸਦਾ ਰਹਿਣ ਵਾਲੇ ਹਨ। 2019 ਭਾਜਪਾ ਵਾਸਤੇ ਅੱਛੇ ਦਿਨ ਲੈ ਕੇ ਆਇਆ ਸੀ। ਪੁਲਵਾਮਾ ਹਮਲੇ ਨੇ ਕਈ ਜਾਨਾਂ ਤਾਂ ਲੈ ਲਈਆਂ ਪਰ ਦੇਸ਼ ਨੂੰ ਮੁੜ ਤੋਂ ਇਕ ਚੌੜੀ ਛਾਤੀ ਵਾਲਾ ਆਗੂ ਪ੍ਰਾਪਤ ਹੋਣ ਬਾਰੇ ਯਕੀਨ ਦਿਵਾਇਆ ਗਿਆ। ਇਸ ਜਿੱਤ ਤੋਂ ਬਾਅਦ ਦੇਸ਼ ਦੀਆਂ ਚੀਆਂ ਖੁਚੀਆਂ ਸੰਸਥਾਵਾਂ ਗੋਡੇ ਭਾਰ ਡਿਗ ਰਹੀਆਂ ਹਨ ਅਤੇ ਲੋਕਤੰਤਰੀ ਦੇਸ਼ ਦੇ ਸਭ ਤੋਂ ਉੱਚੇ ਮੰਦਰ ਤੋਂ ਕੁੱਝ ਅਜਿਹੇ ਫ਼ੈਸਲੇ ਕੀਤੇ ਗਏ ਹਨ ਤੇ ਕੁੱਝ ਅਜਿਹੀਆਂ ਗੱਲਾਂ ਆਖੀਆਂ ਗਈਆਂ ਹਨ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਇਸ ਮੰਦਰ ਦੇ ਪੁਜਾਰੀ ਆਪ ਹੀ ਨਿੰਦਣਗੇ।

ਜਿਸ ਤਰ੍ਹਾਂ ਭਾਰਤ ਦੀ ਜਵਾਨੀ ਨਫ਼ਰਤ ਦੀ ਰਾਜਨੀਤੀ ਵਿਰੁਧ ਆਪ ਖੜੀ ਹੋ ਗਈ ਹੈ, ਉਸੇ ਤਰ੍ਹਾਂ ਦੁਨੀਆਂ ਭਰ ਵਿਚ ਸੰਤੁਸ਼ਟ ਹਾਕਮਾਂ ਨੂੰ ਸੜਕਾਂ ਤੇ ਉਬਲਦੇ ਜੋਸ਼ ਨੇ ਹਿਲਾ ਕੇ ਰੱਖ ਦਿਤਾ ਹੈ। ਕਦੇ ਹਾਂਗਕਾਂਗ, ਕਦੇ ਚਿੱਲੀ, ਕਦੇ ਸੂਡਾਨ, ਇਰਾਕ, ਬੋਲੀਵੀਆ ਅਤੇ ਰੂਸ ਵਿਚ ਹਾਕਮਾਂ ਦੇ ਹੰਕਾਰ ਨੂੰ ਸਪੱਸ਼ਟ ਕਰ ਦਿਤਾ ਗਿਆ ਕਿ ਉਸ ਦਾ ਵੀ ਅੰਤ ਆ ਕੇ ਰਹੇਗਾ।

ਪਰ ਸਿਰਫ਼ ਸਿਆਸਤ ਵਿਚ ਹੀ ਹੰਕਾਰ 'ਚੋਂ ਉਪਜੀ ਕਠੋਰਤਾ ਨੂੰ ਸਬਕ ਸਿਖਣ ਲਈ ਨਹੀਂ ਮਿਲਿਆ ਬਲਕਿ ਕੁਦਰਤ ਨੇ ਵੀ ਇਨਸਾਨ ਨੂੰ ਚੇਤਾਵਨੀ ਦੇਣ ਦੀ ਰੀਤ ਤੇਜ਼ ਕਰ ਦਿਤੀ ਹੈ। ਐਮੇਜ਼ੋਨ ਦੀ ਅੱਗ ਨੇ ਮਨੁੱਖ ਨੂੰ ਚੇਤਾਵਨੀ ਦੇ ਦਿਤੀ ਹੈ ਕਿ ਜੇ ਉਨ੍ਹਾਂ ਨੇ ਅਪਣੀ ਇਸ ਧਰਤੀ ਪ੍ਰਤੀ ਪਿਆਰ ਅਤੇ ਸਤਿਕਾਰ ਨਾ ਵਿਖਾਇਆ ਤਾਂ ਨਫ਼ਰਤ ਤੇ ਹੰਕਾਰ ਵਾਂਗ ਉਨ੍ਹਾਂ ਦਾ ਸਮਾਂ ਵੀ ਇਸ ਧਰਤੀ ਉਤੋਂ ਖ਼ਤਮ ਹੋ ਜਾਵੇਗਾ।

ਕਦੇ ਨਾ ਵੇਖੀ ਸਰਦੀ ਹੇਠ ਕੰਬਦੇ ਲੋਕ ਅੱਜ ਸਮਝ ਲੈਣ ਕਿ ਇਸ ਵਿਸ਼ਾਲ ਕਾਇਨਾਤ ਵਿਚ ਸਾਰੇ ਮਨੁੱਖ ਹੀ ਖ਼ਤਰੇ ਵਿਚ ਹਨ, ਭਾਵੇਂ ਉਹ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਵੀ ਕਿਉਂ ਨਾ ਹੋਣ। ਜਿਸ ਧਰਤੀ ਨੇ ਡਾਇਨਾਸੋਰ ਵਰਗੇ ਮਹਾਂਜੀਵ ਦਾ ਅੰਤ ਕਰ ਦਿਤਾ, ਉਨ੍ਹਾਂ ਵਾਸਤੇ ਮਨੁੱਖ ਕੀ ਚੀਜ਼ ਹੈ ਤੇ ਇਸ ਦੇ ਸ਼ਕਤੀਸ਼ਾਲੀ ਵੱਡਿਆਂ ਦਾ ਹੰਕਾਰ ਕੀ ਚੀਜ਼?

ਇਨਸਾਨ ਅਪਣੇ ਆਪ ਨੂੰ ਬੜਾ ਚਤੁਰ ਸਮਝਦਾ ਹੈ ਪਰ ਕਦੇ ਧਿਆਨ ਨਾਲ ਵੇਖੋ, ਅਸੀਂ ਉਸੇ ਚੱਕੀ ਵਿਚ ਪਿਸ ਰਹੇ ਹਾਂ ਜਿਸ ਵਿਚ ਸਾਡੇ ਪੂਰਵਜ ਵੀ ਪਿਸਦੇ ਰਹੇ ਸਨ। ਹਾਂ, ਸਾਡੇ ਪੂਰਵਜਾਂ ਦੀ ਚੱਕੀ ਪੱਥਰ ਨਾਲ ਬਣੀ ਹੋਈ ਸੀ ਅਤੇ ਅੱਜ ਦੀ ਚੱਕੀ ਬਿਜਲੀ ਨਾਲ, ਰੌਸ਼ਨੀ ਦੀ ਰਫ਼ਤਾਰ ਨਾਲ ਚਲਦੀ ਹੈ। ਉਹੀ ਅਹਿਸਾਸ, ਪਿਆਰ, ਨਫ਼ਰਤ, ਹੰਕਾਰ, ਰੰਜਿਸ਼, ਹਉਮੈ ਅਤੇ ਪਰ ਕਦੇ ਸਮਝ ਤੇ ਸੋਚ-ਵਿਚਾਰ ਦਾ ਤੜਕਾ ਵੀ ਲੱਗ ਜਾਂਦਾ ਹੈ। ਇਨ੍ਹਾਂ ਹਾਲਾਤ ਵਿਚ ਕੀ 2020 ਬਦਲ ਸਕਦਾ ਹੈ?  -ਨਿਮਰਤ ਕੌਰ