ਪੰਜਾਬ ਪੁਲਿਸ ਦਾ ਅਕਸ ਠੀਕ ਬਣਾਈ ਰੱਖਣ ਲਈ ਉਚੇਚੇ ਯਤਨ ਕਰਨ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਚਕੂਲਾ ਜ਼ਿਲ੍ਹੇ ਵਿਚ ਪੁਲਿਸ ਦੇ ਹੱਥ ਸਿਆਸਤਦਾਨਾਂ ਨੇ ਬੰਨ੍ਹੇ।

Punjab Police

ਮੁਹਾਲੀ: ਪੰਜਾਬ ਪੁਲਿਸ ਅੱਜ ਫਿਰ ਅਪਣੇ ਅਕਸ ਉਤੇ ਇਕ ਹੋਰ ਦਾਗ਼ ਲੱਗ ਜਾਣ ਲਈ ਆਪ ਹੀ ਜ਼ਿੰਮੇਵਾਰ ਹੈ। ਰੋਪੜ ਦੇ ਸੀ.ਆਈ.ਏ. ਦਫ਼ਤਰ ਵਿਚ ਇਕ ਛਾਪੇ ਦੌਰਾਨ ਗ਼ੈਰ ਕਾਨੂੰਨੀ ਹਿਰਾਸਤ ਵਿਚ ਰਖਿਆ ਇਕ ਸਰਪੰਚ ਦਾ ਪਤੀ ਲੱਭ ਗਿਆ। ਚਾਹੇ ਇਸ ਸ਼ਖ਼ਸ ਉਤੇ ਕਤਲ ਦੇ ਦੋਸ਼ ਆਇਦ ਸਨ ਪਰ ਛਾਣਬੀਣ ਵਾਸਤੇ ਪੰਜਾਬ ਪੁਲਿਸ ਨੂੰ ਗ਼ੈਰ ਕਾਨੂੰਨੀ ਤਰੀਕੇ ਹੀ ਪਸੰਦ ਆਉਂਦੇ ਹਨ। ਇਸ ਸ਼ਖ਼ਸ ਨੂੰ ਤਿੰਨ ਦਿਨ ਦੀ ਹਿਰਾਸਤ ਵਿਚ ਰੱਖ ਕੇ ਤੀਜੇ ਦਰਜੇ ਦੇ ਤਸੀਹੇ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਪਰ ਪੰਜਾਬ ਪੁਲਿਸ ਵਾਸਤੇ ਇਹ ਕੋਈ ਨਵੀਂ ਗੱਲ ਵੀ ਨਹੀਂ।

ਪੰਜਾਬ ਪੁਲਿਸ ਨੇ ਜੋ ਤਸ਼ੱਦਦ ਪੰਜਾਬ ਦੀ ਨੌਜਵਾਨੀ ਤੇ ਢਾਹਿਆ ਸੀ, ਉਸ ਦੇ ਕਿੱਸੇ ਸੁਣ-ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਹਨ। ਮੁਲਤਾਨੀ ਕੇਸ ਵਿਚ ਕਿਸ ਤਰ੍ਹਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਤਸੀਹੇ ਦਿਤੇ ਗਏ ਉਸ ਦੀ ਜਾਂਚ ਪਰਖ ਅਦਾਲਤ ਵਿਚ ਚਲ ਰਹੀ ਹੈ, ਇਸ ਲਈ ਅਸੀ ਅਪਣੇ ਵਲੋਂ ਅਜੇ ਕੁੱਝ ਨਹੀਂ ਕਹਿਣਾ ਚਾਹਾਂਗੇ। ਅਜਿਹੇ ਅਨੇਕਾਂ ਕਿੱਸੇ ਹਨ ਜਿਨ੍ਹਾਂ ਵਿਚ ਪੰਜਾਬ ਪੁਲਿਸ ਨੇ ਔਰਤਾਂ ਤੇ ਮਰਦਾਂ ਨੂੰ ਟੋਟੇ-ਟੋਟੇ ਕੀਤਾ ਤੇ ਉਨ੍ਹਾਂ ਵਿਚੋਂ 10 ਵੀ ਅੱਜ ਤਕ ਅਪਣੇ ਗੁਨਾਹਾਂ ਵਾਸਤੇ ਜ਼ਿੰਮੇਵਾਰ ਨਹੀਂ ਠਹਿਰਾਏ ਗਏ। ਕਾਂਸਟੇਬਲ ਪਿੰਕੀ ਦੇ ਪ੍ਰਗਟਾਵੇ ਪੰਜਾਬ ਪੁਲਿਸ ਦੀ ਅਸਲੀਅਤ ਬਿਆਨ ਕਰਦੇ ਹਨ। ਜਸਵੰਤ ਸਿੰਘ ਖਾਲੜਾ, ਪੰਜਾਬ ਪੁਲਿਸ ਦਾ ਸੱਚ ਸਾਹਮਣੇ ਲਿਆਉਂਦਾ ਹੋਇਆ, ਆਪ ਹੀ ਸ਼ਹੀਦ ਹੋ ਗਿਆ।

ਅਨੇਕਾਂ ਤਸੀਹਿਆਂ ਦੀਆਂ ਕਹਾਣੀਆਂ ਨਾਲੋਂ ਜ਼ਿਆਦਾ ਸ਼ਰਮਨਾਕ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਦੋਸ਼ਾਂ ਵਿਚ ਘਿਰਿਆ ਹੋਇਆ ਦਾਗ਼ਦਾਰ ਅਫ਼ਸਰ ਪੰਜਾਬ ਦਾ ਪ੍ਰਮੁੱਖ ਸੁਰੱਖਿਆ ਅਫ਼ਸਰ ਬਣਾ ਦਿਤਾ ਗਿਆ ਤੇ ਉਹ ਵੀ ਪੰਜਾਬ ਦੀ ਪੰਥਕ ਪਾਰਟੀ ਦੇ ਰਾਜ ਵਿਚ। ਕਾਂਗਰਸ ਤਾਂ ਅੱਜ ਵੀ ’84 ਵਾਸਤੇ ਖੁਲ੍ਹ ਕੇ ਅਪਣੀ ਗ਼ਲਤੀ ਨਹੀਂ ਕਬੂਲਦੀ ਤੇ ਉਨ੍ਹਾਂ ਵਲੋਂ ਜੇ ਸੁਮੇਧ ਸੈਣੀ ਨੂੰ ਡੀ.ਜੀ.ਪੀ. ਪੰਜਾਬ ਬਣਾਇਆ ਜਾਂਦਾ ਤਾਂ ਇਹ ਗੱਲ ਸਮਝ ਵਿਚ ਆ ਸਕਦੀ ਸੀ। ਉਹ ਤਾਂ ਅੱਜ ਵੀ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀਆਂ ਦਿੰਦੇ ਹਨ। ਪਰ ਬਾਦਲਾਂ ਦਾ ਸੁਮੇਧ ਸੈਣੀ ਨਾਲ ਨਾ ਸਿਰਫ਼ ਇਕ ਸਰਕਾਰੀ ਰਿਸ਼ਤਾ ਸੀ ਬਲਕਿ ਤਰੱਕੀ ਤੇ ਨਿਜੀ ਦੋਸਤੀ ਦਾ ਰਿਸ਼ਤਾ ਵੀ ਬਣਿਆ ਰਿਹਾ।

ਇਹੀ ਕਾਰਨ ਹੈ ਕਿ ਅੱਜ ਵੀ ਪੰਜਾਬ ਪੁਲਿਸ ਦੀ ਛਵੀ ਉਤੇ ਦਾਗ ਲੱਗੇ ਹੋਏ ਸਾਫ਼ ਨਜ਼ਰ ਆ ਰਹੇ ਹਨ। ਇਹ ਨਹੀਂ ਕਿ ਸਾਰੀ ਪੰਜਾਬ ਪੁਲਿਸ ਦਾਗ਼ਦਾਰ ਹੋਈ ਪਈ ਹੈ। ਅੱਜ ਦਿੱਲੀ ਦੀਆਂ ਸਰਹੱਦਾਂ ਤੇ ਜਾ ਕੇ ਵੇਖੋ ਪੰਜਾਬ ਪੁਲਿਸ ਦੇ ਕਿੰਨੇ ਹੀ ਅਫ਼ਸਰ ਕਿਸਾਨਾਂ ਨਾਲ ਹੱਥ ਮਿਲਾ ਕੇ, ਅਮਨ ਚੈਨ ਬਰਕਰਾਰ ਰਖਣ ਵਿਚ ਜੁਟੇ ਹੋਏ ਹਨ। ਜਦ ਗੋਦੀ ਮੀਡੀਆ ਨੇ ਕਿਸਾਨਾਂ ਨੂੰ ਅਤਿਵਾਦੀ ਕਰਾਰ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਪੰਜਾਬ ਪੁਲਿਸ ਨੇ ਝੱਟ ਰੀਪੋਰਟ ਭੇਜ ਦਿਤੀ ਕਿ ਜ਼ਮੀਨੀ ਪੱਧਰ ਤੇ ਕੋਈ ਖ਼ਾਲਿਸਤਾਨ ਦੀ ਗੱਲ ਨਹੀਂ ਚਲ ਰਹੀ। ਜਦ-ਜਦ ਪੰਜਾਬ ਪੁਲਿਸ ਨੂੰ ਮੌਕਾ ਤੇ ਸਹੀ ਦਿਸ਼ਾ ਮਿਲਦੀ ਹੈ, ਪੰਜਾਬ ਪੁਲਿਸ ਅਪਣੀ ਵਰਦੀ ਉਤੇ ਖਰੀ ਉਤਰਦੀ ਦਿਸਦੀ ਹੈ। ਜਦ ਸੌਦਾ ਸਾਧ ਦਾ ਮਾਮਲਾ ਉਠਿਆ ਸੀ ਤਾਂ ਪੰਜਾਬ ਪੁਲਿਸ ਨੇ ਪੰਜਾਬ ਵਿਚ ਇਕ ਵੀ ਹਿੰਸਾ ਦਾ ਕੇਸ ਨਹੀਂ ਸੀ ਹੋਣ ਦਿਤਾ, ਜਦਕਿ ਸਾਡੇ ਤੋਂ ਕੁੱਝ ਦੂਰੀ ਤੇ ਹਰਿਆਣਾ ਪੁਲਿਸ ਦੀ ਮੌਜੂਦਗੀ ਵਿਚ ਦੰਗੇ ਹੋਏ।

ਪੰਚਕੂਲਾ ਜ਼ਿਲ੍ਹੇ ਵਿਚ ਪੁਲਿਸ ਦੇ ਹੱਥ ਸਿਆਸਤਦਾਨਾਂ ਨੇ ਬੰਨ੍ਹੇ। ਬਹਿਬਲ ਗੋਲੀ ਕਾਂਡ ਵਿਚ ਪੁਲਿਸ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਪਰ ਗੋਲੀਆਂ ਚਲਾਉਣ ਵਾਲੇ ਅੱਜ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਅੱਜ ਪੰਜਾਬ ਪੁਲਿਸ ਦੇ ਹੀ ਅਫ਼ਸਰ, ਸੱਚ ਨੂੰ ਸਾਹਮਣੇ ਲਿਆਉਣ ਦਾ ਯਤਨ ਕਰ ਰਹੇ ਹਨ ਪਰ ਉਨ੍ਹਾਂ ਦੀ ਰਾਹ ਵਿਚ ਅੜਚਨਾਂ ਖੜੀਆਂ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਅਫ਼ਸਰ ਹੀ ਹਨ। ਜਿਹੜੀ ਪੁਲਿਸ ਜਿਪਸੀ ਤੇ ਝੂਠੀਆਂ ਗੋਲੀਆਂ ਦੇ ਨਿਸ਼ਾਨ ਹਨ, ਉਸ ਦੀ ਜਾਂਚ ਕਰਵਾਉਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਹੀ ਪੰਜਾਬ ਪੁਲਿਸ ਲਈ ਦੀਵਾਰ ਬਣੀ ਬੈਠੀ ਹੈ।

ਪੰਜਾਬ ਵਿਚ 103 ਦਾਗ਼ੀ ਲੋਕ ਹਨ ਜਿਨ੍ਹਾਂ ਵਿਚ ਐਸ.ਪੀ. ਤੋਂ ਲੈ ਕੇ ਕਾਂਸਟੇਬਲ ਤਕ ਦੇ ਪੁਲਸੀਏ ਸ਼ਾਮਲ ਹਨ। ਇਨ੍ਹਾਂ ਵਿਚ ਉਹ ਲੋਕ ਵੀ ਹਨ ਜਿਨ੍ਹਾਂ ਤੇ ਨਸ਼ਾ ਤਸਕਰੀ ਦੇ ਦਾਗ਼ ਹਨ। ਇਨ੍ਹਾਂ ਤੇ ਸਿਰਫ਼ ਦੋਸ਼ ਨਹੀਂ ਹਨ ਬਲਕਿ ਇਹ ਅਪਰਾਧੀ ਮੰਨੇ ਜਾ ਚੁੱਕੇ ਹਨ। ਪਰ ਪੰਜਾਬ ਪੁਲਿਸ ਨੇ ਕਾਨੂੰਨੀ ਦਾਅ ਪੇਚ ਵਰਤ ਕੇ ਇਹ ਲੋਕ, ਸੇਵਾ ਵਿਚ ਰੱਖੇ ਹੋਏ ਹਨ। ਪਰ ਦੂਜੇ ਪਾਸੇ ਸੂਬੇ ਨੂੰ ਨਸ਼ਾ ਮੁਕਤ ਕਰਨ ਵਾਸਤੇ ਐਸ.ਟੀ.ਐਫ਼. ਦੀ ਛੋਟੀ ਪਰ ਦ੍ਰਿੜ੍ਹ ਫ਼ੌਜ ਲਗਾਈ ਹੋਈ ਹੈ। ਪਰ ਉਹ ਕਿਸ ਤਰ੍ਹਾਂ ਸਫ਼ਲ ਹੋ ਸਕਦੇ ਹਨ ਜਦ ਦੁਸ਼ਮਣ, ਪੁਲਿਸ ਦੀ ਵਰਦੀ ਪਾ ਕੇ ਹੀ, ਨਸ਼ੇ ਦੇ ਵਪਾਰ ਵਿਚ ਜੁਟੇ ਹੋਏ ਹੋਣ?

ਪੰਜਾਬ ਵਿਚ ਕੋਵਿਡ ਦੇ ਸਮੇਂ ਲੋਕਾਂ ਦੀ ਰਖਿਆ ਲਈ ਜੂਝਣ ਵਾਲੇ ਵੀ ਜ਼ਿਆਦਾ ਪੁਲਿਸ ਅਫ਼ਸਰ ਹੀ ਸਨ ਪਰ ਯਾਦ ਸਿਰਫ਼ ਦਾਗ਼ੀ ਤੇ ਲੋਕਾਂ ਨੂੰ ਗੋਲੀਆਂ ਮਾਰਨ ਵਾਲੇ ਹੀ ਰਹਿਣਗੇ। ਅੱਜ ਸੁਧਾਰ ਦੀ ਮੰਗ ਪੰਜਾਬ ਪੁਲਿਸ ਦੇ ਅੰਦਰੋਂ ਆਉਣੀ ਚਾਹੀਦੀ ਹੈ। ਉਨ੍ਹਾਂ ਅਫ਼ਸਰਾਂ ਵਲੋਂ ਜਿਨ੍ਹਾਂ ਨੇ ਇਮਾਨਦਾਰੀ ਨਾਲ ਰਾਖੀ ਕੀਤੀ, ਉਨ੍ਹਾਂ ਦੀ ਚੁੱਪੀ ਉਨ੍ਹਾਂ ਨੂੰ ਦਾਗ਼ਦਾਰਾਂ ਦੇ ਕਰੀਬੀ ਬਣਾਈ ਰੱਖ ਰਹੀ ਹੈ। ਸਮਾਂ ਆ ਗਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਵਾਂਗ ਪੰਜਾਬ ਪੁਲਿਸ ਵੀ ਅਪਣੇ ਤੋਂ ਅਤਿਵਾਦ ਤੇ ਕਾਤਲ ਦਾ ਦਾਗ਼ ਉਤਾਰ ਕੇ ਅਪਣੇ ‘ਸ਼ੁਭ ਕਰਮਨ ਤੇ ਕਬਹੋ ਨਾ ਡਰੋ’ ਅਨੁਸਾਰ ਚਲਣ ਵਾਲੀ ਫ਼ੌਜ ਦੀ ਪ੍ਰਤੀਨਿਧ ਵਜੋਂ ਸਥਾਪਤ ਕਰੇ।                                                                                                                                               ਨਿਮਰਤ ਕੌਰ