ਸਿੱਖਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਕਾਨੂੰਨੀ ਤੌਰ 'ਤੇ ਉਨ੍ਹਾਂ ਦੇ ਅਨੰਦ ਕਾਰਜ ਨੂੰ ਹਿੰਦੂ ਵਿਆਹ ਕਾਨੂੰਨ ਹੇਠ ਕਿਉਂ ਦਬਾ ਦਿਤਾ ਗਿਆ ਹੈ? ਉਨ੍ਹਾਂ ਦੇ ਪ੍ਰਤੀਨਿਧਾਂ ਵਲੋਂ ਸੰਵਿਧਾਨ ਉਤੇ ਦਸਤਖ਼ਤ ਨਾ ਕਰਨ ਬਾਰੇ ਵੀ ਕਦੇ ਸੋਚਿਆ ਨਹੀਂ ਗਿਆ, ਨਾ ਇਸ ਗੱਲ ਬਾਰੇ ਸੋਚਿਆ ਗਿਆ ਹੈ ਕਿ ਸੰਵਿਧਾਨ ਦੇ ਨਿਰਮਾਤਾ ਨੇ ਮਗਰੋਂ ਇਹ ਕਿਉਂ ਕਿਹਾ ਸੀ ਕਿ ਉਹ ਹੁਣ ਇਸ ਸੰਵਿਧਾਨ ਨੂੰ ਸਾੜ ਦੇਣਾ ਚਾਹੁਣਗੇ ਕਿਉਂਕਿ ਇਸ ਵਿਚ ਘੱਟ-ਗਿਣਤੀਆਂ ਨੂੰ ਕੁੱਝ ਨਹੀਂ ਦਿਤਾ ਗਿਆ। ਕਿਸੇ ਹੋਰ ਧਰਮ ਦੇ ਅਸੂਲਾਂ ਦੀ ਰਾਖੀ ਦੇ ਨਾਂ 'ਤੇ ਮੁਸਲਮਾਨਾਂ ਦੀ ਰੋਜ਼ੀ ਅਤੇ ਭੋਜਨ ਦੀ ਥਾਲੀ ਨੂੰ ਗ਼ੈਰ-ਕਾਨੂੰਨੀ ਬਣਾ ਦਿਤਾ ਗਿਆ ਹੈ। ਪਛੜੀਆਂ ਜਾਤਾਂ ਨੂੰ 'ਦਲਿਤ ਰੀਤੀ-ਰਿਵਾਜਾਂ' ਹੇਠ ਅੱਗੇ ਵਧਣ ਦੀ ਆਜ਼ਾਦੀ ਹੀ ਨਹੀਂ ਦਿਤੀ ਗਈ।69ਵਾਂ ਗਣਤੰਤਰ ਦਿਵਸ ਸਪੋਕਸਮੈਨ ਦੇ ਪਾਠਕਾਂ ਨੂੰ ਮੁਬਾਰਕ। ਅੱਜ ਦੇ ਦਿਨ ਇਸ ਪੂਰਨ ਸਵਰਾਜ ਦੇ ਐਲਾਨ ਬਾਰੇ ਵਿਚਾਰ ਕਰਨ ਦੀ ਬੜੀ ਲੋੜ ਹੈ ਕਿਉਂਕਿ ਅੱਜ ਦਾ ਭਾਰਤ, ਆਜ਼ਾਦੀ ਲਈ ਜੂਝਣ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁਕਾ ਲਗਦਾ ਹੈ। ਕੋਈ ਕੇਸਰੀ ਪੱਗ ਬੰਨ੍ਹ ਲੈਂਦਾ ਹੈ ਅਤੇ ਕੋਈ ਭੁੱਖ ਹੜਤਾਲ 'ਤੇ ਬੈਠ ਜਾਂਦਾ ਹੈ ਜਾਂ ਕੋਈ ਖਾਦੀ ਦੇ ਕੁੜਤੇ ਪਾ ਕੇ ਉਨ੍ਹਾਂ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੀ ਵਿਖਾਵੇ ਦੀ ਰਸਮ ਪੂਰੀ ਕਰ ਦੇਂਦਾ ਹੈ। ਪਰ ਉਨ੍ਹਾਂ ਨੂੰ ਸ਼ਰਧਾਂਜਲੀ ਸਿਰਫ਼ ਇਨ੍ਹਾਂ ਬਾਹਰੀ ਚੀਕਾਂ ਨਾਲ ਨਹੀਂ ਸਗੋਂ 'ਸੰਪੂਰਨ ਆਜ਼ਾਦੀ' ਵਾਲੇ ਭਾਰਤ ਦੀ ਸਥਾਪਨਾ ਨਾਲ ਹੀ ਹੋਣੀ ਹੈ। ਕਿੰਨੇ ਹੀ ਬੁੱਤ ਬਣਾ ਲਉ, ਜਦ ਤਕ ਸੰਵਿਧਾਨ ਵਿਚ ਲਿਖੇ ਆਦਰਸ਼ਾਂ ਮੁਤਾਬਕ ਦੇਸ਼ ਦੇ ਨਾਗਰਿਕਾਂ ਨੂੰ ਜਿਊਣ ਜੋਗੀਆਂ ਸਥਿਤੀਆਂ ਮੁਹਈਆ ਨਹੀਂ ਕਰਵਾਈਆਂ ਜਾਂਦੀਆਂ, ਉਦੋਂ ਤਕ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਦੀ ਕੀਮਤ ਨਹੀਂ ਚੁਕਾਈ ਜਾ ਸਕੇਗੀ।ਅੱਜ ਸ਼ਾਇਦ ਆਮ ਭਾਰਤੀ, ਸੰਵਿਧਾਨ ਵਿਚ ਅਪਣੇ ਆਪ ਨੂੰ ਦਿਤੀ ਤਾਕਤ ਨੂੰ ਹੀ ਭੁਲ ਚੁੱਕਾ ਹੈ ਕਿਉਂਕਿ 'ਸਿਸਟਮ' ਨੇ ਉਸ ਦੀ ਆਵਾਜ਼ ਸੁਣਨੀ ਬੰਦ ਕਰ ਦਿਤੀ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿਚ ਭਾਰਤ ਇਕ ਗਣਤੰਤਰ ਹੈ ਯਾਨੀ ਇਸ ਦੇਸ਼ ਦੀ ਸਾਰੀ ਤਾਕਤ ਲੋਕਾਂ ਦੇ ਹੱਥ ਵਿਚ ਹੈ। ਭਾਰਤ ਕਿਸੇ ਰਾਜੇ ਦੀ ਨਿਜੀ ਜਾਇਦਾਦ ਨਹੀਂ ਸਗੋਂ ਭਾਰਤੀਆਂ ਵਲੋਂ ਚੁਣੇ ਨੁਮਾਇੰਦੇ ਆਮ ਭਾਰਤੀਆਂ ਦੇ ਸੇਵਾਦਾਰ ਹੋਣ ਨਾਤੇ, ਦੇਸ਼ ਨੂੰ ਚਲਾਉਣ ਦਾ ਕੰਮ ਕਰਨਗੇ।ਬਾਬਾ ਸਾਹਿਬ ਅੰਬੇਦਕਰ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਜੀਵਨ ਜਾਚ ਦਸਿਆ ਸੀ ਜੋ ਆਜ਼ਾਦੀ, ਬਰਾਬਰੀ ਅਤੇ ਸਾਂਝੀਵਾਲਤਾ ਨੂੰ ਜ਼ਿੰਦਗੀ ਦੇ ਅਸੂਲ ਮੰਨਦੇ ਸੀ ਅਤੇ ਜਿਨ੍ਹਾਂ ਦਾ ਇਕ-ਦੂਜੇ ਨਾਲ ਤਲਾਕ ਕਦੇ ਨਹੀਂ ਹੋ ਸਕਦਾ। ਬਰਾਬਰੀ ਅਤੇ ਆਜ਼ਾਦੀ ਤੋਂ ਬਿਨਾਂ, ਕੁੱਝ ਤਾਨਾਸ਼ਾਹ ਲੋਕ ਸੱਭ 'ਤੇ ਹਾਵੀ ਹੋ ਜਾਣਗੇ। ਬਾਬਾ ਸਾਹਿਬ ਭਾਰਤੀ ਸੋਚ ਤੋਂ ਵਾਕਫ਼ ਸਨ ਅਤੇ ਉਨ੍ਹਾਂ ਨੇ ਹਰ ਕੋਸ਼ਿਸ਼ ਕਰ ਕੇ ਦੁਨੀਆਂ ਦਾ ਸੱਭ ਤੋਂ ਵੱਡਾ ਸੰਵਿਧਾਨ ਬਣਾਇਆ। ਉਨ੍ਹਾਂ ਦਾ ਮੰਤਵ ਇਹੀ ਸੀ ਕਿ ਉਹ ਇਸ ਦਬੇ-ਕੁਚਲੇ ਦੇਸ਼ ਦੇ ਨਾਗਰਿਕਾਂ ਨੂੰ ਕੁੱਝ ਤਾਕਤਵਰਾਂ ਦੇ ਸ਼ਿਕੰਜੇ ਵਿਚੋਂ ਕੱਢ ਲੈਣ।
ਅੱਜ 70 ਸਾਲਾਂ ਮਗਰੋਂ ਜਾਪਦਾ ਹੈ ਕਿ ਉਨ੍ਹਾਂ ਦੇ ਖ਼ਦਸ਼ੇ ਸਹੀ ਸਾਬਤ ਹੋ ਰਹੇ ਹਨ ਕਿਉਂਕਿ ਆਜ਼ਾਦ ਦੇਸ਼ ਦੇ ਨਾਗਰਿਕ ਹੁੰਦੇ ਹੋਏ ਵੀ ਅੱਜ ਆਮ ਭਾਰਤੀ ਆਜ਼ਾਦ ਨਹੀਂ। ਉਸ ਨੂੰ ਇਸ ਤਰ੍ਹਾਂ ਦੀਆਂ ਬੇੜੀਆਂ ਵਿਚ ਜਕੜ ਦਿਤਾ ਗਿਆ ਹੈ ਕਿ ਅਜੇ ਉਸ ਨੂੰ ਵੀ ਪਤਾ ਹੀ ਨਹੀਂ ਲੱਗ ਰਿਹਾ ਕਿ ਉਸ ਦੀ ਆਜ਼ਾਦੀ 'ਤੇ ਕਿਸ ਤਰ੍ਹਾਂ ਦੇ ਖ਼ਤਰੇ ਮੰਡਰਾ ਰਹੇ ਹਨ?