ਐਨ.ਟੀ.ਪੀ.ਸੀ. ਪਾਵਰ ਪਲਾਂਟ ਵਿਚ ਪਿਘਲਦਾ ਮਨੁੱਖ

ਵਿਚਾਰ, ਸੰਪਾਦਕੀ

ਲੰਘੀ 1 ਨਵੰਬਰ 2017 ਨੂੰ ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਜ਼ਿਲ੍ਹੇ ਦੇ ਉਂਚਾਹਾਰ ਐਨ.ਟੀ.ਪੀ.ਸੀ. ਥਰਮਲ ਪਲਾਂਟ ਵਿਚ ਤਕਰੀਬਨ ਸ਼ਾਮ 03:30 ਵਜੇ ਜ਼ਬਰਦਸਤ ਧਮਾਕਾ ਹੋਇਆ ਜਿਸ ਨਾਲ ਨਵੇਂ ਸਥਾਪਤ ਕੀਤੇ ਯੂਨਿਟ ਨੰ. 6 ਦਾ ਬੁਆਇਲਰ ਫੱਟ ਗਿਆ ਅਤੇ ਨਾਲ ਨਾਲ ਬੁਆਇਲਰ ਤੋਂ ਟਰਬਾਈਨ ਨੂੰ ਜਾ ਰਹੀ ਪਾਈਪ ਲਾਈਨ ਵੀ ਫੱਟ ਗਈ। ਬੁਆਇਲਰ ਦੀ ਚਿਮਨੀ ਵਾਲੇ ਡਕਟ ਵਿਚ ਨਿਕਾਸੀ ਵਾਲਾ-ਵਾਲਵ ਖ਼ਰਾਬ ਜਾਂ ਜਾਮ ਹੋਣ ਕਾਰਨ ਰਾਖ ਦੇ ਢੇਰ ਅੰਦਰ ਹੀ ਅੰਦਰ ਜਮ੍ਹਾਂ ਹੋ ਗਏ, ਜਿਸ ਕਾਰਨ ਗੈਸ ਨਿਕਲਣੀ ਬੰਦ ਹੋ ਗਈ। ਪ੍ਰੈਸ਼ਰ ਕੁੱਕਰ ਦੀ ਸੀਟੀ ਵਿਚ ਕੋਈ ਚੀਜ਼ ਫੱਸ ਜਾਣ ਕਾਰਨ ਜਿਸ ਤਰ੍ਹਾਂ ਪ੍ਰੈਸ਼ਰ ਕੁੱਕਰ ਫੱਟ ਜਾਂਦਾ ਹੈ, ਉਸੇ ਤਰ੍ਹਾਂ ਹੀ ਇਹ ਧਮਾਕਾ ਬੁਆਇਲਰ ਅਤੇ ਪਾਈਪ ਲਾਈਨ ਵਿਚ ਹੋਇਆ ਹੈ।ਜਿਸ ਸਮੇਂ ਬੁਆਇਲਰ ਫਟਿਆ, ਉਸ ਸਮੇਂ ਉਸ ਅੰਦਰ ਜੋ ਭਾਫ਼ ਪੈਦਾ ਹੋ ਰਹੀ ਸੀ, ਉਸ ਦਾ ਅਤੇ ਸੜ ਚੁੱਕੇ ਕੋਲੇ ਦੀ ਰਾਖ ਦਾ ਤਾਪਮਾਨ ਤਕਰੀਬਨ 300 ਡਿਗਰੀ ਸੈਲਸੀਅਸ ਦੇ ਕਰੀਬ ਸੀ। ਸਰਕਾਰੀ ਅੰਕੜਿਆਂ ਮੁਤਾਬਕ ਜਦ ਵਾਤਾਵਰਣ ਦਾ ਤਾਪਮਾਨ 50 ਡਿਗਰੀ ਸੈਲਸੀਅਸ ਹੋ ਜਾਵੇ ਤਾਂ ਇਨਸਾਨ ਗਰਮੀ ਕਾਰਨ ਮਰਨੇ ਸ਼ੁਰੂ ਹੋ ਜਾਂਦੇ ਹਨ। 100 ਡਿਗਰੀ ਤੇ ਪਾਣੀ ਵੀ ਉਬਲਣ ਲੱਗ ਜਾਂਦਾ ਹੈ। ਜੇਕਰ ਕਿਸੇ ਇਨਸਾਨੀ ਸਰੀਰ ਉੱਪਰ 300 ਡਿਗਰੀ ਤਾਪਮਾਨ ਵਾਲੀ ਸਵਾਹ, ਮਤਲਬ ਅੱਗ ਦੇ ਦਹਿਕਦੇ ਅੰਗਿਆਰੇ, ਪਾ ਦਿਤੇ ਜਾਣ ਤਾਂ ਇਨਸਾਨੀ ਸ੍ਰੀਰ ਤਾਂ ਕੀ ਉਸ ਦੀਆਂ ਹੱਡੀਆਂ ਵੀ ਪਿਘਲ ਜਾਣਗੀਆਂ। ਠੀਕ ਇਸੇ ਤਰ੍ਹਾਂ ਉਚਾਹਾਰ ਦੇ ਐਨ.ਟੀ.ਪੀ.ਸੀ. ਵਾਲੇ ਇਸ ਥਰਮਲ ਪਲਾਂਟ ਵਿਚ ਬੁਆਇਲਰ ਅਤੇ ਪਾਈਪ ਲਾਈਨ ਫਟਣ ਕਾਰਨ ਸੈਂਕੜੇ ਟਨ ਰਾਖ ਥੱਲੇ ਕੰਮ ਕਰ ਰਹੇ ਕਾਮਿਆਂ ਦੇ ਉੱਪਰ ਜਵਾਲਾਮੁਖੀ ਦੇ ਲਾਵੇ ਵਾਂਗ ਪੈਣ ਕਾਰਨ ਉਨ੍ਹਾਂ ਨੂੰ ਅਪਣੀ ਲਪੇਟ ਵਿਚ ਲੈ ਕੇ ਮੋਮ ਵਾਂਗ ਪਿਘਲਾ ਕੇ ਸਦਾ ਦੀ ਨੀਂਦ ਸੁਆ ਦਿਤਾ ਅਤੇ ਯੂਨਿਟ ਦੇ ਇਸ ਧਮਾਕੇ ਦੇ ਪ੍ਰੈਸ਼ਰ ਕਾਰਨ ਗਰਮ ਸਵਾਹ ਦੇ ਉੱਠੇ ਅੰਧ-ਗ਼ੁਬਾਰ ਨੇ ਯੂਨਿਟ ਨੰ. 6 ਦੇ ਚਾਰ-ਚੁਫੇਰੇ ਨੂੰ ਅਪਣੇ ਕਲਾਵੇ ਵਿਚ ਲੈਣ ਕਾਰਨ ਹਨੇਰਾ ਛਾ ਗਿਆ, ਜਿਸ ਕਾਰਨ ਯੂਨਿਟ ਨੰ. 6 ਤੇ ਕੰਮ ਕਰ ਰਹੇ ਵਰਕਰਾਂ ਨੂੰ ਦਿਸਣਾ ਬੰਦ ਹੋ ਗਿਆ। ਜ਼ਿਆਦਾ ਤਾਪਮਾਨ ਕਾਰਨ ਲੋਹੇ ਦੇ ਬਣੇ ਸਾਰੇ ਢਾਂਚੇ ਦੇ ਐਂਗਲ ਅਤੇ ਚੈਨਲ ਗਰਮ ਹੋ ਕੇ ਢਲ ਗਏ। ਜਿਹੜੇ ਕੁੱਝ ਲੋਕ ਬਚੇ ਸਨ, ਉਹ ਧੂੰਏਂ ਦੇ ਅੰਧ-ਗ਼ੁਬਾਰ ਵਿਚ ਹਫ਼ੜਾ-ਦਫ਼ੜੀ ਨਾਲ ਇੱਧਰ-ਉੱਧਰ ਜਾਨ ਬਚਾ ਕੇ ਭੱਜਣ ਸਮੇਂ ਉਨ੍ਹਾਂ ਗਰਮ ਲੋਹੇ ਦੇ ਚੈਨਲਾਂ ਵਿਚ ਫੱਸਣ ਕਾਰਨ ਮਾਰੇ ਗਏ ਜਾਂ ਜ਼ਖ਼ਮੀ ਹੋ ਗਏ।ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਸ਼ਾਮ ਵਾਲੀ ਸ਼ਿਫ਼ਟ ਵਾਲੇ ਵਰਕਰ ਵੀ ਆ ਰਹੇ ਸਨ। ਮਤਲਬ ਕਿ ਉਸ ਸਮੇਂ ਪਲਾਂਟ ਅੰਦਰ ਦੋ ਸ਼ਿਫ਼ਟਾਂ ਦੇ ਵਰਕਰ ਸਨ। ਵੇਖਣ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਮੁਤਾਬਕ ਉਸ ਸਮੇਂ ਯੂਨਿਟ ਨੰ. 6 ਉੱਪਰ ਤਕਰੀਬਨ 500 ਤੋਂ ਵੱਧ ਵਰਕਰ ਸਨ। ਇਸ ਕਰ ਕੇ ਲੋਕਾਂ ਅਤੇ ਅੰਦਰਲੇ ਕਾਮਿਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿਚ ਹੈ ਜਦਕਿ ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤਕ 30 ਮੌਤਾਂ ਹੀ ਹੋਈਆਂ ਹਨ। ਗੰਭੀਰ ਜ਼ਖ਼ਮੀਆਂ ਦੀ ਗਿਣਤੀ (ਜੋ ਲੋਕ ਤਕਰੀਬਨ 60 ਫ਼ੀ ਸਦੀ ਤੋਂ 90 ਫ਼ੀ ਸਦੀ ਤਕ ਸੜ ਚੁੱਕੇ ਹਨ) 60 ਤੋਂ 100 ਦੇ ਵਿਚਕਾਰ ਹੈ। ਇਨ੍ਹਾਂ ਗੰਭੀਰ ਜ਼ਖ਼ਮੀਆਂ ਕਾਰਨ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਤਕਰੀਬਨ 200 ਤੋਂ ਵੱਧ ਹੋਰ ਜ਼ਖ਼ਮੀ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਚਸ਼ਮਦੀਦ ਗਵਾਹਾਂ ਅਤੇ ਵਰਕਰਾਂ ਦੇ ਵਾਰਸਾਂ ਵਲੋਂ ਐਨ.ਟੀ.ਪੀ.ਸੀ.  ਦੀ ਮੈਨੇਜਮੈਂਟ ਉਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਜਾ ਰਿਹਾ ਹੈ ਕਿ ਅਜੇ ਵੀ ਕਾਫ਼ੀ ਵਰਕਰ ਜੋ ਸਵਾਹ ਥੱਲੇ ਦੱਬ ਕੇ ਮਰੇ ਹਨ, ਦੀਆਂ ਲਾਸ਼ਾਂ ਜਾਂ ਪਿੰਜਰ ਕੱਢੇ ਨਹੀਂ ਗਏ। ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਰਕਾਰ ਅਤੇ ਮੈਨੇਜਮੈਂਟ ਵਲੋਂ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਜਾ ਰਿਹਾ ਹੈ ਤੇ ਮੀਡੀਆ ਨੂੰ ਦਸਿਆ ਜਾ ਰਿਹਾ ਹੈ ਕਿ ਸਾਰੀ ਸੁਆਹ ਨੂੰ ਠੰਢਾ ਕਰ ਕੇ ਚੰਗੀ ਤਰ੍ਹਾਂ ਫਰੋਲ ਲਿਆ ਗਿਆ ਹੈ। ਸਾਰੇ ਜ਼ਖ਼ਮੀਆਂ ਅਤੇ ਮ੍ਰਿਤਕ ਸ੍ਰੀਰਾਂ ਨੂੰ ਕੱਢ ਲਿਆ ਹੈ, ਹੁਣ ਸਵਾਹ ਅੰਦਰ ਕੋਈ ਵੀ ਮਨੁੱਖੀ ਮ੍ਰਿਤਕ ਸਰੀਰ ਨਹੀਂ ਰਿਹਾ ਜਦਕਿ ਕਾਫ਼ੀ ਲੋਕਾਂ ਦੇ ਰਿਸ਼ਤੇਦਾਰ ਮੀਡੀਆ ਸਾਹਮਣੇ ਦੱਸ ਰਹੇ ਹਨ ਕਿ ਉਨ੍ਹਾਂ ਦੇ ਸਕੇ-ਸਬੰਧੀ ਜੋ ਇਸ ਥਰਮਲ ਪਲਾਂਟ ਦੇ ਯੂਨਿਟ ਨੰ. 6 ਤੇ ਕੰਮ ਕਰਦੇ ਸਨ, ਲਾਪਤਾ ਹਨ। ਇਸ ਸਬੰਧੀ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਇਮਾਨਦਾਰੀ ਨਾਲ ਅਪਣਾ ਠੋਸ ਸਪੱਸ਼ਟੀਕਰਨ ਲੋਕਾਂ ਦੀ ਕਚਿਹਰੀ ਵਿਚ ਪੇਸ਼ ਕਰੇ। ਅਕਸਰ ਅਜਿਹੇ ਵੱਡੇ ਹਾਦਸਿਆਂ ਸਮੇਂ ਸਰਕਾਰਾਂ ਵਲੋਂ ਮੌਤਾਂ ਦੀ ਗਿਣਤੀ ਦੇ ਅੰਕੜੇ ਲੁਕਾਏ ਜਾਂਦੇ ਹਨ, ਪਰ ਅੱਜ ਸ਼ੋਸਲ ਮੀਡੀਆ ਦਾ ਜ਼ਮਾਨਾ ਹੋਣ ਕਾਰਨ ਲੋਕਾਂ ਅੰਦਰ ਪਹਿਲਾਂ ਦੇ ਮੁਕਾਬਲੇ ਜਾਗਰੂਕਤਾ ਜ਼ਿਆਦਾ ਹੈ। ਸਰਕਾਰਾਂ ਕੋਲ ਤਾਕਤ ਹੋਣ ਕਾਰਨ ਲੋਕਾਂ ਦੀ ਆਵਾਜ਼ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਬੰਦ ਨਹੀਂ ਕੀਤਾ ਜਾ ਸਕਦਾ। ਫਿਰ ਲੋਕ ਸਮਾਂ ਆਉਣ ਤੇ ਅਪਣੀ ਵੋਟ ਵਾਲੀ ਤਾਕਤ ਵਰਤ ਕੇ 'ਤਖ਼ਤ ਬਦਲ ਦਿਉ, ਤਾਜ ਬਦਲ ਦਿਉ, ਬੇਈਮਾਨਾਂ ਦਾ ਰਾਜ ਬਦਲ ਦਿਉ' ਵਰਗੇ ਨਾਹਰੇ ਤੇ ਮੋਹਰਾਂ ਲਾ ਕੇ ਅਪਣੀਆਂ ਭਾਵਨਾਵਾਂ ਦਾ ਬਦਲਾ ਲੈਂਦੇ ਹਨ।ਮੌਤਾਂ ਸਿਰਫ਼ ਅੰਕੜੇ ਬਣ ਕੇ ਰਹਿ ਜਾਂਦੀਆਂ ਹਨ। ਸਾਡੀ ਇਹ ਤ੍ਰਾਸਦੀ ਹੈ ਕਿ ਅਸੀ ਕਦੇ ਵੀ ਅਜਿਹੇ ਵੱਡੇ ਹਾਦਸਿਆਂ ਤੋਂ ਸਬਕ ਨਹੀਂ ਲਿਆ। ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੀ ਨੀਤ ਉਤੇ ਸਵਾਲੀਆ ਨਿਸ਼ਾਨ ਇਸ ਲਈ ਲੱਗ ਰਿਹਾ ਹੈ ਕਿ ਐਨ.ਟੀ.ਪੀ.ਸੀ. ਇਕ ਸਰਕਾਰੀ ਕੰਪਨੀ ਹੈ। ਹਾਦਸੇ ਵਾਲੇ ਦਿਨ ਜਾਂ ਆਮ ਦਿਨਾਂ ਵਿਚ ਮੇਨ ਗੇਟ ਰਾਹੀਂ ਕਿੰਨੇ ਆਦਮੀ ਅਤੇ ਗੱਡੀਆਂ ਅੰਦਰ ਆਈਆਂ ਅਤੇ ਕਿੰਨੇ ਬਾਹਰ ਗਏ, ਇਹ ਸਾਰਾ ਰੀਕਾਰਡ ਬਕਾਇਦਾ ਗੇਟਮੈਨ ਕੋਲ ਰੋਜ਼ਾਨਾ ਐਂਟਰੀ ਰਜਿਸਟਰ ਵਿਚ ਦਰਜ ਹੁੰਦਾ ਹੈ ਜਿਸ ਤੋਂ ਇਕ ਗੱਲ ਬਿਲਕੁਲ ਸਪੱਸ਼ਟ ਰੂਪ ਵਿਚ ਚਿੱਟੇ ਦਿਨ ਵਾਂਗ ਸਾਹਮਣੇ ਆ ਜਾਵੇਗੀ ਕਿ ਕਿੰਨੇ ਵਰਕਰਾਂ ਦੀ ਮੌਤ ਹੋਈ ਹੈ, ਕਿੰਨੇ ਜ਼ਖ਼ਮੀ ਹਨ ਅਤੇ ਕਿੰਨੇ ਬਿਲਕੁਲ ਠੀਕ-ਠਾਕ ਹਨ। ਸਰਕਾਰ 500 ਮੈਗਾਵਾਟ ਵਾਲੇ ਇਸ 6 ਨੰ. ਯੂਨਿਟ ਉਤੇ ਹਜ਼ਾਰਾਂ ਮੈਗਾਵਾਟ ਦੀ ਸਿਆਸਤ ਖੇਡ ਰਹੀ ਹੈ ਕਿ ਰਾਹੁਲ ਗਾਂਧੀ ਗੁਜਰਾਤ ਦੌਰਾ ਵਿਚਾਲੇ ਛੱਡ ਕੇ ਕੀ ਕਰਨ ਆਏ ਹਨ? ਕਿਉਂਕਿ ਰਾਹੁਲ ਗਾਂਧੀ ਨੇ ਇਸ ਘਟਨਾ ਦੀ ਜਾਂਚ ਮੰਗੀ ਹੈ। ਭਾਜਪਾ ਦੇ ਉਪ ਮੁੱਖ ਮੰਤਰੀ ਅਤੇ ਊਰਜਾ ਮੰਤਰੀ ਆਰ.ਕੇ. ਸਿੰਘ ਵੀ ਤੁਰਤ ਰਾਹੁਲ ਗਾਂਧੀ ਦੇ ਬਰਾਬਰ ਜ਼ਖ਼ਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਅਤੇ ਐਨ.ਟੀ.ਪੀ.ਸੀ. ਥਰਮਲ ਪਲਾਂਟ ਅੰਦਰ ਗੋਟੀਆਂ ਫਿੱਟ ਕਰਨ ਲਈ ਪਹੁੰਚੇ ਸਨ।ਹੁਣ ਸਵਾਲ ਪੈਦਾ ਹੋ ਗਿਆ ਕਿ ਸੈਂਕੜੇ ਮੌਤਾਂ ਦਾ ਦੋਸ਼ੀ ਕੌਣ ਹੈ? ਇਸ ਸਬੰਧੀ ਸਰਕਾਰਾਂ ਬਕਾਇਦਾ ਜਾਂਚ ਕਮਿਸ਼ਨ ਬਣਾਉਂਦੀਆਂ ਹਨ। ਇਥੇ ਮੈਂ ਇਕ ਗੱਲ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਸਰਕਾਰਾਂ ਜਾਂਚ ਕਮਿਸ਼ਨ ਅਸਲ ਦੋਸ਼ੀਆਂ ਨੁੰ ਬਚਾਉਣ ਲਈ ਹੀ ਬਣਾਉਂਦੀਆਂ ਹਨ, ਜੇਕਰ ਸਰਕਾਰ ਸਿੱਧਾ ਦੋਸ਼ੀ ਨੂੰ ਬਰੀ ਕਰਦੀ ਹੈ ਤਾਂ ਲੋਕਾਂ ਦੇ ਮਨਾਂ ਅੰਦਰ ਸਰਕਾਰ ਪ੍ਰਤੀ ਗੁੱਸਾ ਪੈਦਾ ਹੁੰਦਾ ਹੈ। ਜਾਂਚ ਕਮਿਸ਼ਨ ਰਾਹੀਂ ਬਚਾਏ ਗਏ ਦੋਸ਼ੀ ਦੇ ਹੱਕ ਵਿਚ ਸਰਕਾਰ ਵੀ ਲੋਕਾਂ ਨੂੰ ਮੂਰਖ ਬਣਾਉਂਦੀ ਹੈ ਕਿ ਤੁਹਾਡੇ ਕਹਿਣ ਤੇ ਹੀ ਅਸੀ ਕਮਿਸ਼ਨ ਬਣਾਇਆ ਹੈ, ਮਤਲਬ 'ਨਾਲੇ ਸੱਪ ਮਰ ਗਿਆ ਤੇ ਨਾਲੇ ਸੋਟੀ ਵੀ ਬੱਚ ਗਈ।'ਅਜਿਹੀ ਘਟਨਾ ਸਾਡੇ ਦੇਸ਼ ਅੰਦਰ ਕੋਈ ਪਹਿਲੀ ਵਾਰ ਨਹੀਂ ਵਾਪਰੀ। ਯੂਨੀਅਨ ਕਾਰਬਾਈਡ ਕੰਪਨੀ ਦੇ ਭੋਪਾਲ ਗੈਸ ਕਾਂਡ ਵਿਚ ਸਰਕਾਰੀ ਅੰਕੜਿਆਂ ਮੁਤਾਬਕ 4000 ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਤੇ ਲੋਕਾਂ ਮੁਤਾਬਕ 16 ਹਜ਼ਾਰ ਲੋਕ ਮਰੇ ਹਨ। ਇਸ ਦੁਖਦਾਈ ਘਟਨਾ ਦਾ ਮੁੱਖ ਦੋਸ਼ੀ ਦੇਸ਼ ਛੱਡ ਕੇ ਭੱਜ ਗਿਆ। ਸਾਡੇ ਮੁਲਕ ਦੇ ਕਾਨੂੰਨ ਨੂੰ ਉਸ ਆਦਮੀ ਦੀ ਤਸਵੀਰ ਅੱਜ ਵੀ ਮੂੰਹ ਚਿੜਾ ਰਹੀ ਹੈ। ਇਹ ਹੈ ਮੇਰੇ ਭਾਰਤ ਦੇਸ਼ ਦਾ ਕਾਨੂੰਨਇਸੇ ਕਰ ਕੇ ਤਾਂ ਕਾਨੂੰਨ ਦੀਆਂ ਅੱਖਾਂ ਤੇ ਕਾਲੀ ਪੱਟੀ ਬੰਨ੍ਹੀ ਹੈ। ਪੀੜਤਾਂ ਦੇ ਵਾਰਿਸ ਮੁਆਵਜ਼ੇ ਲਈ ਦਰ-ਦਰ ਦੀਆਂ ਠੋਕਰਾਂ ਖਾਣ ਉਪਰੰਤ ਬਹੁਤੇ ਤਾਂ ਵਿਚਾਰੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਜੇਕਰ ਦੇਸ਼ ਦੇ ਕਾਨੂੰਨ ਦੇ ਸੁਸਤ ਚਾਲ ਵਾਲੇ ਪੰਨਿਆਂ ਨੂੰ ਹੋਰ ਵੀ ਉਧੇੜਿਆ ਜਾਵੇ ਤਾਂ ਨਵੰਬਰ '84 ਦੌਰਾਨ ਦਿੱਲੀ ਵਿਚ ਸਿੱਖਾਂ ਦੇ ਹੋਏ ਕਤਲੇਆਮ ਵਿਚ ਮਾਰੇ ਗਏ ਤਕਰੀਬਨ 8 ਹਜ਼ਾਰ ਲੋਕਾਂ ਦੇ ਵਾਰਸਾਂ ਦੇ ਦਿਲਾਂ ਅੰਦਰਲੇ ਜ਼ਖ਼ਮ ਅੱਜ ਵੀ ਹਰੇ ਹਨ। ਤਕਰੀਬਨ 33 ਸਾਲ ਬੀਤ ਜਾਣ ਦੇ ਬਾਵਜੂਦ ਬਕਾਇਦਾ ਸੈਂਕੜੇ ਚਸ਼ਮਦੀਦ ਗਵਾਹਾਂ ਨੇ ਮਾਣਯੋਗ ਅਦਾਲਤਾਂ ਅੰਦਰ ਅਪਣੇ ਬਿਆਨ ਦਰਜ ਕਰਵਾਏ ਹਨ, ਪਰ ਇਨਸਾਫ਼ ਪੱਖੋਂ ਅੱਜ ਵੀ ਸਾਡੇ ਹੱਥ ਖ਼ਾਲੀ ਹਨ। ਹਜ਼ਾਰਾਂ ਵਿਧਵਾਵਾਂ ਅਪਣੇ ਸਿਰ ਦੇ ਸਾਈਂ ਅਤੇ ਢਿੱਡੋਂ ਜੰਮੇ ਪੁੱਤਰ ਅੱਖਾਂ ਸਾਹਮਣੇ ਗਵਾ ਕੇ ਅੱਜ ਵਿਚਾਰੀਆਂ ਇਨ੍ਹਾਂ ਸਰਕਾਰਾਂ ਅਤੇ ਅਦਾਲਤਾਂ ਦੀਆਂ ਲੇਲੜੀਆਂ ਕਢਦੀਆਂ ਇਸੇ ਉਮੀਦ ਵਿਚ ਦਿਨਕਟੀ ਕਰ ਰਹੀਆਂ ਹਨ ਕਿ ਕਿਤੇ ਤਾਂ ਇਨਸਾਫ਼ ਮਿਲੇਗਾ। ਦੋਸ਼ੀ ਸ਼ਰੇਆਮ ਸਰਕਾਰੀ ਸਰਪ੍ਰਸਤੀ ਹੇਠ ਘੁੰਮ ਰਹੇ ਹਨ।ਠੀਕ ਇਨ੍ਹਾਂ ਦੋਹਾਂ ਘਟਨਾਵਾਂ ਦੀ ਤਰਜ਼ ਤੇ ਤਾਜ਼ਾ ਵਾਪਰੀ ਇਸ ਘਟਨਾ ਵਿਚ ਮ੍ਰਿਤਕਾਂ ਦੇ ਵਾਰਸਾਂ ਨੂੰ ਸਿਵਾਏ ਲਾਰਿਆਂ ਦੇ ਇਨ੍ਹਾਂ ਸਿਆਸਤਦਾਨਾਂ ਕੋਲੋਂ ਕੁੱਝ ਮਿਲਣ ਵਾਲਾ ਨਹੀਂ ਕਿÀੁਂਕਿ ਇਨ੍ਹਾਂ ਦੇ ਜਾਂਚ ਕਮਿਸ਼ਨਾਂ ਦੀ ਕੋਈ ਤਾਕਤ ਨਹੀਂ ਕਿ ਸੱਚ ਨੂੰ ਸੱਚ ਕਹਿ ਦੇਣ। ਜੋ ਇਨ੍ਹਾਂ ਦੇ ਸਿਆਸੀ ਆਕਾ ਕਹਿਣਗੇ ਜਾਂਚ ਕਮਿਸ਼ਨ ਉਹੀ ਰੀਪੋਰਟ ਪੇਸ਼ ਕਰੇਗਾ।
ਇਸ ਹਾਦਸੇ ਵਿਚ ਇਕ ਗੱਲ ਜੋ ਵੱਡੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਇਸ ਅਧੂਰੇ ਪਲਾਂਟ ਨੂੰ ਟਰਾਇਲ ਰੂਪ ਵਿਚ ਮੈਨੇਜਮੈਂਟ ਨੇ ਅਪਣੀਆਂ ਤਰੱਕੀਆਂ ਅਤੇ ਇਨਾਮਾਂ ਦੀ ਖ਼ਾਤਰ ਵਰਕਰਾਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾ ਕੇ ਅਪਣੀ ਮਰਜ਼ੀ ਨਾਲ ਚਾਲੂ ਕੀਤਾ ਹੈ, ਜਦਕਿ ਬੀ.ਐਚ.ਈ.ਐਲ. ਕੰਪਨੀ ਦੇ ਇੰਜੀਨੀਅਰਾਂ ਨੇ ਕੁੱਝ ਤਕਨੀਕੀ ਨੁਕਸ ਕਾਰਨ ਇਸ ਨੂੰ ਚਾਲੂ ਨਹੀਂ ਕੀਤਾ ਸੀ ਅਤੇ ਨਾ ਹੀ ਇਸ ਨੂੰ ਚਾਲੂ ਕਰਨ ਲਈ ਕਿਹਾ ਸੀ। ਚਾਲੂ ਕਰਨ ਦੇ ਸਮਾਂਬੱਧ ਸਮਝੌਤੇ ਦਾ ਸਮਾਂ ਹਾਲੇ ਤਕਰੀਬਨ 6 ਮਹੀਨੇ ਬਾਕੀ ਰਹਿੰਦਾ ਸੀ ਤੇ ਕਾਫ਼ੀ ਕੰਮ ਵੀ ਅਜੇ ਅਧੂਰਾ ਪਿਆ ਸੀ। ਹੁਣ ਇਸ ਗ਼ਲਤੀ ਤੇ ਕਿਸੇ ਟੇਢੇ ਢੰਗ ਨਾਲ ਪਰਦਾ ਵੀ ਪਾਇਆ ਜਾ ਸਕਦਾ ਹੈ।
ਵੇਖਣ ਵਿਚ ਆਉਂਦਾ ਹੈ ਕਿ ਇਸ ਹਾਦਸੇ ਵਿਚ ਇਨਸਾਨ ਨਾਲੋਂ ਲੋਹੇ ਦੀ ਮਸ਼ੀਨ ਜ਼ਿਆਦਾ ਸਮਝਦਾਰ ਲਗਦੀ ਹੈ, ਜਿਸ ਨੇ ਹਾਦਸੇ ਵਾਲੇ ਦਿਨ ਜਦੋਂ ਯੂਨਿਟ ਨੰ. 6 ਚੱਲ ਰਿਹਾ ਸੀ ਤਾਂ ਦਿਨ ਦੇ 12:00 ਵਜੇ ਦੇ ਕਰੀਬ ਇਹ ਯੂਨਿਟ ਟੈਕਨੀਕਲ ਨੁਕਸ ਕਾਰਨ ਟਰਿੱਪ ਕਰ ਗਿਆ ਸੀ। ਨੁਕਸ ਲੱਭਣ ਲਈ ਪਲਾਂਟ ਨੂੰ ਬੰਦ ਨਹੀਂ ਰਖਿਆ ਗਿਆ। ਸੁਰੱਖਿਆ ਦੀਆਂ ਹਦਾਇਤਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਐਨ.ਟੀ.ਪੀ.ਸੀ. ਦੀ ਮੈਨੇਜਮੈਂਟ ਅਤੇ ਇੰਜਨੀਅਰਾਂ ਵਲੋਂ ਧੱਕੇ ਨਾਲ ਯੂਨਿਟ ਨੂੰ ਮੁੜ ਚਾਲੂ ਕਰ ਕੇ ਨੁਕਸ ਲੱਭਣ ਲਈ ਹਦਾਇਤਾਂ ਜਾਰੀ ਕੀਤੀਆਂ। ਯੂਨਿਟ ਨੰ. 6 ਬੁਆਇਲਰਾਂ ਦੀ ਚਿਮਨੀ ਵਾਲੇ ਡਕਟ ਵਿਚ ਰਾਖ ਵਾਲਵ ਦੀ ਖ਼ਰਾਬੀ ਕਾਰਨ ਲਗਾਤਾਰ ਜਮ੍ਹਾਂ ਹੁੰਦੀ ਰਹੀ। ਬੁਆਇਲਰ ਦਾ ਤਾਪਮਾਨ ਲਗਾਤਾਰ ਵਧਦਾ ਗਿਆ। ਉਸੇ ਸਮੇਂ ਯੂਨਿਟ 200 ਮੈਗਾਵਾਟ ਚੱਲ ਰਿਹਾ ਸੀ। ਜਾਂ ਤਾਂ ਉਸ ਸਮੇਂ ਲੋਡ ਇਕਦਮ ਜ਼ਿਆਦਾ ਵੱਧ ਗਿਆ ਅਤੇ ਲਾਈਨ ਤੇ ਲਈ ਹੋਈ ਕੋਲ ਮਿਲ ਨੂੰ ਆਟੋ ਮੋਡ ਨੇ ਇਕਦਮ ਬੁਆਇਲਰ ਅੰਦਰ ਹੋਰ ਕੋਲਾ ਤੇਜ਼ੀ ਨਾਲ ਧੱਕਣ ਕਰ ਕੇ ਭੱਠੀ ਦਾ ਦਬਾਅ ਤੇਜ਼ ਕਰਨ ਲਈ ਚਲਾ ਦਿਤਾ ਜਿਸ ਕਰ ਕੇ ਤਾਪਮਾਨ ਜ਼ਿਆਦਾ ਵੱਧ ਗਿਆ। ਅੱਗੇ ਐਸ ਨਿਕਾਸੀ ਵਾਲੀ ਪਾਈਪ ਲਾਈਨ ਚੌਪਟ ਹੋ ਚੁੱਕੀ ਸੀ। ਜਾਂ ਇਹ ਹੋ ਸਕਦਾ ਹੈ ਕਿਸੇ ਕਾਰਨ ਬੁਆਇਲਰ ਦੀ ਪਾਣੀ ਸਪਲਾਈ ਵਾਲੀ ਪਾਈਪ ਕਿਸੇ ਕਾਰਨ ਰੁਕ ਗਈ ਹੋਵੇ, ਜਿਸ ਕਰ ਕੇ ਮਨੁੱਖੀ ਗ਼ਲਤੀ ਕਾਰਨ ਇਕ ਵੱਡਾ ਦੁਖਾਂਤ ਵਾਪਰਿਆ ਹੈ ਜਿਸ ਦੇ ਤਕਨੀਕੀ ਕਾਰਨ ਕੁੱਝ ਹੋਰ ਵੀ ਹੋ ਸਕਦੇ ਹਨ। ਜਲਦਬਾਜ਼ੀ ਵਿਚ ਚਲਾਏ ਇਸ ਪਲਾਂਟ ਨੇ ਬਿਜਲੀ ਪੈਦਾ ਕਰ ਕੇ ਜਿਥੇ ਲੱਖਾਂ ਲੋਕਾਂ ਦੇ ਘਰਾਂ ਅੰਦਰ ਰੌਸ਼ਨੀ ਕਰਨੀ ਸੀ, ਉਲਟਾ ਸੈਂਕੜੇ ਘਰਾਂ ਦੇ ਮਨੁੱਖ ਰੂਪੀ ਚਿਰਾਗ਼ ਨੂੰ ਅਚਾਨਕ ਬੁਝਾ ਕੇ ਪਿਛਲੇ ਪ੍ਰਵਾਰਾਂ ਨੂੰ ਡੂੰਘੇ ਹਨੇਰੇ ਵਿਚ ਧੱਕ ਦਿਤਾ ਜਿਸ ਦੀ ਜ਼ਿੰਮੇਵਾਰੀ ਲੈਣ ਤੋਂ ਅੱਜ ਉੱਤਰ ਪ੍ਰਦੇਸ਼ ਦੀ ਸਰਕਾਰ ਅਤੇ ਐਨ.ਟੀ.ਪੀ.ਸੀ. ਦੀਆਂ ਮੈਨੇਜਮੈਂਟਾਂ ਭੱਜ ਰਹੀਆਂ ਹਨ, ਜਿਸ ਦੀ ਸੀ.ਬੀ.ਆਈ. ਜਾਂਚ ਹੋਣੀ ਲਾਜ਼ਮੀ ਹੈ।
ਅੱਜ ਸਾਨੂੰ ਅਜਿਹੀਆਂ ਗ਼ਲਤੀਆਂ ਤੋਂ ਵੱਡੇ ਸਬਕ ਸਿਖਣ ਦੀ ਲੋੜ ਹੈ ਕਿ ਅਜਿਹੇ ਹਾਦਸੇ ਦੁਬਾਰਾ ਨਾ ਵਾਪਰਨ। ਸੱਭ ਤੋਂ ਪਹਿਲਾਂ ਥਰਮਲਾਂ ਤੇ ਅਜਿਹੇ ਵੱਡੇ ਪ੍ਰਾਜੈਕਟਾਂ ਅੰਦਰ ਸਮੇਂ-ਸਮੇਂ ਤੇ ਸੇਫ਼ਟੀ ਕੈਂਪ ਲਾ ਕੇ ਮੈਨੇਜਮੈਂਟਾਂ, ਅਫ਼ਸਰਾਂ ਅਤੇ ਵਰਕਰਾਂ ਨੂੰ ਸਿਖਿਅਤ ਕੀਤਾ ਜਾਵੇ ਕਿ ਮਨੁੱਖੀ ਸੇਫ਼ਟੀ ਨੂੰ ਪਹਿਲ ਦਿਤੀ ਜਾਵੇ ਨਾਕਿ ਅਣਗਹਿਲੀ ਨੂੰ। ਜਗ੍ਹਾ-ਜਗ੍ਹਾ ਸੁਰੱਖਿਆ ਹਦਾਇਤਾਂ ਲਿਖਤੀ ਰੂਪ ਵਿਚ ਪ੍ਰਦਰਸ਼ਿਤ ਕੀਤੀਆਂ ਜਾਣ। ਸਾਰੇ ਦੇਸ਼ ਅੰਦਰ ਚੱਲ ਰਹੇ ਥਰਮਲ ਪਲਾਂਟਾਂ ਦੀ ਤੁਰਤ ਜਾਂਚ ਕਰਵਾ ਕੇ ਸੇਫ਼ਟੀ ਸਰਟੀਫ਼ੀਕੇਟ ਜਾਰੀ ਕੀਤੇ ਜਾਣ। ਸੇਫ਼ਟੀ ਸਰਟੀਫ਼ੀਕੇਟ ਨੂੰ ਥਰਮਲਾਂ ਦੇ ਬਾਹਰ ਵੱਡੇ-ਵੱਡੇ ਫ਼ਲੈਕਸ ਬੋਰਡਾਂ ਤੇ ਪ੍ਰਿੰਟ ਕਰਵਾ ਕੇ ਲਾਇਆ ਜਾਵੇ ਅਤੇ ਬਕਾਇਦਾ ਸਮਾਂ ਬੱਧ ਸਰਟੀਫ਼ੀਕੇਟ ਹੋਣ ਜਿਸ ਉਪਰ ਅਗਲੀ ਜਾਂਚ ਕਰਨ ਦੀ ਤਰੀਕ ਅੰਕਿਤ ਕੀਤੀ ਹੋਵੇ।