ਅਕਾਲੀ-ਬੀ.ਜੇ.ਪੀ. ਆਗੂ ਬਾਹਰੋਂ ਦੋਸਤ ਵੀ ਤੇ ਅੰਦਰੋਂ ਦੁਸ਼ਮਣ ਵੀ!

ਵਿਚਾਰ, ਸੰਪਾਦਕੀ


ਕਾਂਗਰਸ ਸਰਕਾਰ ਦੇ ਛੇ ਮਹੀਨੇ ਪੂਰੇ ਹੋਣ ਤੇ ਅਕਾਲੀ-ਭਾਜਪਾ ਵਲੋਂ ਇਸ ਸਰਕਾਰ ਦਾ ਰੀਪੋਰਟ ਕਾਰਡ ਕਢਿਆ ਗਿਆ ਹੈ। ਜ਼ਾਹਰ ਹੈ ਉਨ੍ਹਾਂ ਕੋਲ ਕਾਂਗਰਸ ਸਰਕਾਰ ਪ੍ਰਤੀ ਕੁੱਝ ਵੀ ਵਧੀਆ ਕਹਿਣ ਨੂੰ ਨਹੀਂ ਹੈ। ਇਕ ਤਾਂ ਵਿਰੋਧੀ, ਦੂਜਾ ਕਾਂਗਰਸ ਸਰਕਾਰ ਅਜੇ ਕੋਈ ਵੀ ਵਾਅਦਾ ਠੋਸ ਰੂਪ ਵਿਚ ਪੂਰਾ ਨਹੀਂ ਕਰ ਪਾ ਰਹੀ। ਪਰ ਅਜੀਬ ਗੱਲ ਤਾਂ ਇਹ ਰਹੀ ਕਿ ਜਿਥੇ ਭਾਜਪਾ ਨੇ ਨਵਜੋਤ ਸਿੰਘ ਸਿੱਧੂ ਵਿਰੁਧ ਕੁੱਝ ਨਹੀਂ ਆਖਿਆ, ਸੁਖਬੀਰ ਸਿੰਘ ਨੇ ਅਪਣੀ ਟਿਪਣੀ ਦਾ ਨਿਸ਼ਾਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ। ਉਨ੍ਹਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਇਕ ਮਨੁੱਖੀ ਬੰਬ ਹੈ ਜਿਸ ਨੇ ਪੰਜਾਬ ਵਿਚ ਵਿਕਾਸ ਦੇ ਕੰਮ ਰੋਕ ਦਿਤੇ ਹਨ ਅਤੇ ਸੁਖਬੀਰ ਸਿੰਘ ਦੇ ਕਾਰੋਬਾਰੀ ਹਿਤਾਂ ਪਿਛੇ ਲੱਗੇ ਹਨ।

ਪਰ ਭਾਜਪਾ ਦਾ ਨਵਜੋਤ ਸਿੰਘ ਸਿੱਧੂ ਬਾਰੇ ਚੁਪ ਰਹਿਣ ਦਾ ਕਾਰਨ ਉਨ੍ਹਾਂ ਵਲੋਂ ਭ੍ਰਿਸ਼ਟਾਚਾਰ ਵਿਰੁਧ ਆਵਾਜ਼ ਚੁਕਣਾ ਹੈ। ਇਸ ਅਕਾਲੀ-ਭਾਜਪਾ ਭਾਈਵਾਲੀ ਦਾ ਰਿਸ਼ਤਾ ਇਕ ਜਬਰੀ ਕੀਤੇ ਗਏ ਵਿਆਹ ਵਾਂਗ ਬਣ ਚੁੱਕਾ ਹੈ। ਇਕ ਦੂਜੇ ਨਾਲ ਕੋਈ ਪਿਆਰ ਨਹੀਂ। ਭਾਜਪਾ ਅਪਣੀ ਭਾਈਵਾਲ ਪਾਰਟੀ ਅਕਾਲੀ ਦਲ ਨੂੰ ਭ੍ਰਿਸ਼ਟ ਅਤੇ ਵਿਧਾਨ ਸਭਾ ਚੋਣਾਂ 'ਚ ਅਪਣੀ ਹਾਰ ਦਾ ਕਾਰਨ ਮੰਨਦੀ ਹੈ ਅਤੇ ਸੁਖਬੀਰ ਸਿੰਘ ਬਾਦਲ ਨਾਲ ਨਿਜੀ ਰੰਜਿਸ਼ ਕੱਢਣ ਵਾਲੇ ਨਵਜੋਤ ਸਿੰਘ ਉਤੇ ਚੁੱਪੀ ਧਾਰਨ ਕਰ ਕੇ ਉਨ੍ਹਾਂ ਦੀ ਸਿਫ਼ਤ ਕਰਦੀ ਹੈ। ਪਰ ਫਿਰ ਵੀ ਇਨ੍ਹਾਂ ਦਾ ਰਿਸ਼ਤਾ ਦੁਨੀਆਂਦਾਰੀ ਵਾਸਤੇ ਕਾਇਮ ਹੈ। ਸਿਆਸੀ ਰਿਸ਼ਤੇ ਬੜੇ ਅਜੀਬ ਹੁੰਦੇ ਹਨ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਚਿੰਤਾ ਵੀ ਹੋ ਰਹੀ ਹੈ ਕਿ ਨਵਜੋਤ ਸਿੰਘ ਕੈਪਟਨ ਸਾਹਿਬ ਨੂੰ ਛੱਡ ਹੀ ਨਾ ਜਾਣ ਅਤੇ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਦੇ ਖ਼ਜ਼ਾਨੇ ਨੂੰ ਤਬਾਹ ਨਾ ਕਰ ਦੇਣ। ਅਪਣੇ ਭਾਈਵਾਲ ਨਾਲ ਸਾਂਝ ਨਹੀਂ ਤੇ ਵਿਰੋਧੀ ਮੁੱਖ ਮੰਤਰੀ ਦੀ ਚਿੰਤਾ!! -ਨਿਮਰਤ ਕੌਰ