ਅਮਰੀਕੀ ਰਾਸ਼ਟਰਪਤੀ ਜਦ ਅਪਣੇ ਹੀ ਖਿਡਾਰੀਆਂ ਨੂੰ ਗੰਦੀਆਂ ਗਾਲਾਂ ਕੱਢਣ ਲੱਗ ਜਾਵੇ...

ਵਿਚਾਰ, ਸੰਪਾਦਕੀ


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਚੀ ਕੁਰਸੀ ਉਤੇ ਤਾਂ ਬਰਾਜਮਾਨ ਹਨ ਪਰ ਉਨ੍ਹਾਂ ਵਲੋਂ ਜਨ-ਜੀਵਨ ਵਿਚ ਨਿਵਾਣਾਂ ਨੂੰ ਛੂਹ ਜਾਣ ਦੀ ਕੋਈ ਹੱਦ ਨਹੀਂ ਰਹਿ ਗਈ। ਕਦੇ ਉਹ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਨਾਲ ਸ਼ਬਦੀ ਜੰਗ ਵਿਚ ਉਲਝ ਜਾਂਦੇ ਹਨ ਅਤੇ ਇਹ ਭੁਲ ਜਾਂਦੇ ਹਨ ਕਿ ਇਸ ਲੜਾਈ ਵਿਚ ਇਕ ਦੂਜੇ ਨੂੰ ਗਾਲਾਂ ਕੱਢਣ ਮਗਰੋਂ ਵਾਲ ਨਹੀਂ ਪੁੱਟੇ ਜਾਣਗੇ ਸਗੋਂ ਪ੍ਰਮਾਣੂ ਬੰਬ ਇਨ੍ਹਾਂ ਦੋਹਾਂ ਦੇ ਹਥਿਆਰ ਹੋਣਗੇ। ਲੜਾਕੇ ਟਰੰਪ ਨੇ ਹੁਣ ਅਮਰੀਕਾ ਦੀ ਚਹੇਤੀ ਖੇਡ ਬਾਸਕਿਟਬਾਲ ਦੇ ਖਿਡਾਰੀਆਂ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਉਦਯੋਗਾਂ ਵਿਰੁਧ ਸ਼ਬਦੀ ਜੰਗ ਛੇੜ ਲਈ ਹੈ। ਇਹ ਜੰਗ ਏਨੀ ਵੱਧ ਗਈ ਹੈ ਕਿ ਰਾਸ਼ਟਰਪਤੀ ਨੇ ਖਿਡਾਰੀਆਂ ਨੂੰ ਗਾਲ ਕੱਢੀ ਅਤੇ ਬਦਲੇ 'ਚ ਖਿਡਾਰੀਆਂ ਵਲੋਂ ਰਾਸ਼ਟਰਪਤੀ ਨੂੰ ਵੀ ਗਾਲ ਕੱਢੀ ਗਈ। ਉਨ੍ਹਾਂ ਵਾਈਟ ਹਾਊਸ ਵਿਚ ਮਿਲੇ ਦਾਅਵਤ ਦੇ ਸੁਨੇਹੇ ਨੂੰ ਵੀ ਨਾਮਨਜ਼ੂਰ ਕਰ ਦਿਤਾ। ਂਿÂਸ ਲੜਾਈ ਦਾ ਮੰਤਵ ਵੀ ਰਾਸ਼ਟਰਪਤੀ ਨੂੰ ਹੋਰ ਨੀਵਾਂ ਵਿਖਾਉਣਾ ਹੈ।

ਅਮਰੀਕਾ ਵਿਚ ਕਾਲੇ ਲੋਕਾਂ ਨਾਲ ਪੁਲਿਸ ਵਲੋਂ ਕੀਤੇ ਜਾ ਰਹੇ ਵਿਤਕਰੇ ਦੇ ਵਿਰੋਧੀ ਖਿਡਾਰੀ, ਖੇਡ ਸ਼ੁਰੂ ਹੋਣ ਤੋਂ ਪਹਿਲਾਂ, ਰਾਸ਼ਟਰ ਗੀਤ ਗਾਏ ਜਾਣ ਵੇਲੇ ਗੋਡਿਆਂ ਭਾਰ ਬੈਠ ਕੇ ਇਸ ਵਿਚ ਸ਼ਾਮਲ ਹੋਏ। ਟਰੰਪ ਤੋਂ ਇਹ ਸ਼ਾਂਤਮਈ ਵਿਰੋਧ ਬਰਦਾਸ਼ਤ ਨਾ ਹੋਇਆ ਅਤੇ ਉਹ ਤੱਤੀਆਂ ਠੰਢੀਆਂ ਸੁਣਾਉਣ ਲੱਗ ਪਏ।

ਅਮਰੀਕੀ ਪ੍ਰੈੱਸ ਤਾਂ ਹੁਣ ਇਹ ਆਖਦੀ ਹੈ ਕਿ ਟਰੰਪ ਕੋਲੋਂ ਕੰਮ ਨਹੀਂ ਹੁੰਦਾ, ਇਸ ਕਰ ਕੇ ਉਹ ਵਿਵਾਦਾਂ ਵਿਚ ਅਪਣੇ ਆਪ ਨੂੰ ਰੁਝਾਈ ਰਖਦਾ ਹੈ। ਅਮਰੀਕਾ ਵਰਗੇ ਮਨੁੱਖੀ ਅਧਿਕਾਰਾਂ ਦੇ ਰਾਖੇ ਦੇਸ਼, ਅਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਗਾਲਾਂ ਕੱਢਣ ਵਾਲੇ ਰਾਸ਼ਟਰਪਤੀ ਨੂੰ ਵੇਖ ਕੇ ਅਮਰੀਕਾ ਦੇ ਹੱਕ ਵਿਚ ਕਦ ਤਕ ਬੋਲਦੇ ਰਹਿ ਸਕਣਗੇ? ਲੋਕਤੰਤਰ ਵਿਚ ਗ਼ਲਤ ਆਗੂ ਨੂੰ ਵੋਟ ਦੇਣ ਦਾ ਨਤੀਜਾ ਕਿੰਨਾ ਮਾੜਾ ਨਿਕਲ ਸਕਦਾ ਹੈ, ਉਹ ਅੱਜ ਦੇ ਹਾਲਾਤ ਤੋਂ ਸਾਫ਼ ਵੇਖਿਆ ਜਾ ਸਕਦਾ ਹੈ--ਨਾ ਕੇਵਲ ਅਮਰੀਕਾ ਵਿਚ ਹੀ ਸਗੋਂ ਹੋਰ ਕਈ 'ਲੋਕ-ਰਾਜੀ' ਦੇਸ਼ਾਂ ਵਿਚ ਵੀ!   -ਨਿਮਰਤ ਕੌਰ