'ਆਪ' ਪਾਰਟੀ ਨਾਲ ਪੰਜਾਬ ਅਤੇ ਗੁਜਰਾਤ ਦੇ ਵੋਟਰਾਂ ਨੇ ਜੋ ਸਲੂਕ ਕੀਤਾ, ਉਸ ਨਾਲ ਪਾਰਟੀ ਤਾਂ ਗਈ ਪਰ ਨੌਜੁਆਨਾਂ ਦੀਆਂ ਉਮੀਦਾਂ ਵੀ ਮਰ ਗਈਆਂ!

ਵਿਚਾਰ, ਸੰਪਾਦਕੀ

'ਆਪ' ਬਾਰੇ ਫ਼ੈਸਲਾ ਤਾਂ ਗੁਜਰਾਤ ਦੀ ਜਨਤਾ ਨੇ ਦੇ ਦਿਤਾ ਜਿਥੇ 'ਨੋਟਾ' (ਸਾਰੀਆਂ ਹੀ ਪਾਰਟੀਆਂ ਤੋਂ ਅਸੰਤੁਸ਼ਟ ਵੋਟਰਾਂ ਦਾ ਅੰਕੜਾ) 'ਆਪ' ਨੂੰ ਮਿਲੀਆਂ ਵੋਟਾਂ ਨਾਲੋਂ ਢਾਈ ਗੁਣਾ ਸੀ ਯਾਨੀ ਕਿ ਇਨ੍ਹਾਂ 29 ਸੀਟਾਂ ਉਤੇ ਜਿਥੇ 'ਆਪ' ਨੂੰ ਗੁਜਰਾਤ ਵਿਚ ਕੁਲ 29,517 ਵੋਟਾਂ ਮਿਲੀਆਂ, ਉਥੇ 'ਨੋਟਾ' ਨੂੰ 75 ਹਜ਼ਾਰ ਤੋਂ ਵੱਧ 'ਵੋਟਾਂ' ਮਿਲ ਗਈਆਂ। 20 ਸੀਟਾਂ ਅਜਿਹੀਆਂ ਵੀ ਸਨ ਜਿਥੇ 'ਆਪ' ਨੂੰ 1000 ਤੋਂ ਵੀ ਘੱਟ ਵੋਟਾਂ ਪਈਆਂ ਅਤੇ ਇਨ੍ਹਾਂ ਵਿਚੋਂ 16 ਸੀਟਾਂ ਤੇ ਉਹ 500 ਦਾ ਅੰਕੜਾ ਵੀ ਨਾ ਟੱਪ ਸਕੇ। ਪੰਜਾਬ ਨਗਰ ਨਿਗਮ ਚੋਣਾਂ ਵਿਚ 'ਆਪ' ਪਾਰਟੀ ਵਾਲੇ, 414 ਸੀਟਾਂ ਵਿਚੋਂ ਸਿਰਫ਼ ਇਕ ਭੁਲੱਥ ਦੀ ਸੀਟ ਹੀ ਜਿੱਤ ਸਕੇ।

ਪੰਜਾਬ ਵਿਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਸਾਰਾ ਧਿਆਨ ਅਕਾਲੀ ਦਲ ਅਤੇ ਕਾਂਗਰਸ ਵਲ ਹੀ ਲੱਗਾ ਰਿਹਾ ਜਦਕਿ ਗੁਜਰਾਤ ਵਿਚ ਸਾਰਾ ਧਿਆਨ ਭਾਜਪਾ ਅਤੇ ਕਾਂਗਰਸ ਵਿਚਕਾਰ ਛਿੜੀ ਜੰਗ ਉਤੇ ਕੇਂਦਰਿਤ ਸੀ। ਗੁਜਰਾਤ ਚੋਣ-ਜੰਗ ਵਿਚ ਕਾਂਗਰਸ ਅਤੇ ਭਾਜਪਾ ਤਾਂ ਬਰਾਬਰ ਦੇ ਹਾਥੀ ਸਾਬਤ ਹੋਏ ਪਰ ਕਿਸੇ ਨੂੰ ਪਤਾ ਹੀ ਨਾ ਲਗਿਆ ਕਿ ਇਨ੍ਹਾਂ ਹਾਥੀਆਂ ਵਿਚਕਾਰ 'ਆਪ' ਵੀ 29 ਸੀਟਾਂ ਉਤੇ ਲੜ ਰਹੀ ਸੀ। 'ਆਪ' ਬਾਰੇ ਫ਼ੈਸਲਾ ਤਾਂ ਗੁਜਰਾਤ ਦੀ ਜਨਤਾ ਨੇ ਦੇ ਦਿਤਾ ਜਿਥੇ 'ਨੋਟਾ' (ਸਾਰੀਆਂ ਹੀ ਪਾਰਟੀਆਂ ਤੋਂ ਅਸੰਤੁਸ਼ਟ ਵੋਟਰਾਂ ਦਾ ਅੰਕੜਾ) 'ਆਪ' ਨੂੰ ਮਿਲੀਆਂ ਵੋਟਾਂ ਨਾਲੋਂ ਢਾਈ ਗੁਣਾ ਸੀ ਯਾਨੀ ਕਿ ਇਨ੍ਹਾਂ 29 ਸੀਟਾਂ ਉਤੇ ਜਿਥੇ 'ਆਪ' ਨੂੰ ਗੁਜਰਾਤ ਵਿਚ ਕੁਲ 29,517 ਵੋਟਾਂ ਮਿਲੀਆਂ, ਉਥੇ 'ਨੋਟਾ' ਨੂੰ 75 ਹਜ਼ਾਰ ਤੋਂ ਵੱਧ 'ਵੋਟਾਂ' ਮਿਲ ਗਈਆਂ। 20 ਸੀਟਾਂ ਅਜਿਹੀਆਂ ਵੀ ਸਨ ਜਿਥੇ 'ਆਪ' ਨੂੰ 1000 ਤੋਂ ਵੀ ਘੱਟ ਵੋਟਾਂ ਪਈਆਂ ਅਤੇ ਇਨ੍ਹਾਂ ਵਿਚੋਂ 16 ਸੀਟਾਂ ਤੇ ਉਹ 500 ਦਾ ਅੰਕੜਾ ਵੀ ਨਾ ਟੱਪ ਸਕੇ। ਪੰਜਾਬ ਨਗਰ ਨਿਗਮ ਚੋਣਾਂ ਵਿਚ 'ਆਪ' ਪਾਰਟੀ ਵਾਲੇ, 414 ਸੀਟਾਂ ਵਿਚੋਂ ਸਿਰਫ਼ ਇਕ ਭੁਲੱਥ ਦੀ ਸੀਟ ਹੀ ਜਿੱਤ ਸਕੇ। ਗੁਜਰਾਤ ਵਿਚ ਪਾਰਟੀ ਦਾ ਕਹਿਣਾ ਇਹ ਹੈ ਕਿ ਉਨ੍ਹਾਂ ਨੂੰ ਤਿਆਰੀ ਦਾ ਸਮਾਂ ਨਹੀਂ ਮਿਲਿਆ, ਪਰ ਪੰਜਾਬ ਵਿਚ ਤਾਂ 'ਆਪ' ਸੱਭ ਤੋਂ ਵੱਡੀ ਵਿਰੋਧੀ ਧਿਰ ਹੈ। ਇਥੇ ਕਿਸ ਤਰ੍ਹਾਂ ਤਿਆਰ ਨਾ ਹੋ ਸਕੀ? 

'ਆਪ' ਇਕ ਤੂਫ਼ਾਨ ਵਾਂਗ ਆਈ ਸੀ, ਜਿਸ ਵਿਚ ਪੂਰੇ ਭਾਰਤ ਨੂੰ ਇਕ ਬਦਲਾਅ ਦੀ ਉਮੀਦ ਨਜ਼ਰ ਆਈ ਸੀ। ਅਰਵਿੰਦ ਕੇਜਰੀਵਾਲ ਵਿਚ ਆਮ ਭਾਰਤੀ ਨੂੰ ਅਪਣੇ ਆਪ ਦੀ ਝਲਕ ਨਜ਼ਰ ਆਈ ਜੋ ਇਕ ਆਮ ਪ੍ਰਵਾਰ ਵਾਂਗ ਸੰਘਰਸ਼ ਕਰਦਾ ਹੋਇਆ ਸਰਕਾਰੀ ਨੌਕਰੀ ਕਰ ਰਿਹਾ ਸੀ ਅਤੇ ਇਸ ਦੇਸ਼ ਦੀ ਪੁਰਾਣੀ ਵਿਵਸਥਾ ਵਿਚ ਤਬਦੀਲੀਆਂ ਲਿਆਉਣਾ ਚਾਹੁੰਦਾ ਸੀ। ਪਰ ਜਿਸ ਤਰ੍ਹਾਂ 'ਆਪ' ਉਤੇ ਉਹ ਲੋਕ ਹਾਵੀ ਹੋ ਗਏ ਜੋ ਕਿਸੇ ਵਿਚਾਰਧਾਰਾ ਅਤੇ ਅਸੂਲ ਨਾਲ ਬੱਝ ਕੇ ਅੱਗੇ ਨਹੀਂ ਸਨ ਆਏ ਬਲਕਿ ਇਸ ਲੋਕ-ਲਹਿਰ 'ਚੋਂ ਅਪਣੇ ਲਈ ਫ਼ਾਇਦਾ ਲੈਣ ਲਈ ਉੱਚੀ ਉੱਚੀ ਨਾਹਰੇ ਮਾਰ ਕੇ ਅੱਗੇ ਆ ਗਏ ਸਨ, ਉਸ ਨੂੰ ਵੇਖ ਕੇ ਜਨਤਾ ਨਿਰਾਸ਼ ਹੁੰਦੀ ਗਈ। ਦਿੱਲੀ ਵਿਚ ਨਿਰਾਸ਼ਾ ਐਮ.ਸੀ.ਡੀ. ਚੋਣਾਂ ਵਿਚ ਨਜ਼ਰ ਆ ਹੀ ਗਈ ਸੀ। ਪੰਜਾਬ ਨੇ ਵੀ ਅਪਣਾ ਜਵਾਬ ਦੇ ਦਿਤਾ ਹੈ। ਗੁਜਰਾਤ ਨੇ ਤਾਂ ਤਕੜਾ ਜਵਾਬ ਦੇ ਕੇ ਪਾਰਟੀ ਨੂੰ ਦੱਸ ਦਿਤਾ ਹੈ ਕਿ ਉਨ੍ਹਾਂ ਵਾਸਤੇ ਗੁਜਰਾਤ ਵਿਚ ਕੋਈ ਥਾਂ ਨਹੀਂ ਬਚੀ। ਗੁਜਰਾਤ ਦਾ ਜਵਾਬ ਤਾਂ ਹੁਣ ਸਾਰੇ ਦੇਸ਼ ਵਿਚ ਹੀ ਗੂੰਜਣ ਦੀ ਸੰਭਾਵਨਾ ਹੈ।ਪੰਜਾਬ ਵਿਚ ਇਕ ਸੀਟ ਜਿਤਣਾ ਇਹੀ ਦੱਸ ਰਿਹਾ ਹੈ ਕਿ ਪੰਜਾਬ ਹੁਣ ਮੁੜ ਤੋਂ ਕਾਂਗਰਸ ਅਤੇ ਅਕਾਲੀ ਦਲ ਦੇ ਖ਼ੇਮਿਆਂ ਵਿਚ ਵੰਡਿਆ ਜਾਵੇਗਾ। ਪੰਜਾਬ ਵਿਚ ਨਵੀਂ ਸਰਕਾਰ ਬਣਨ ਮਗਰੋਂ, ਇੱਕਾ-ਦੁੱਕਾ ਆਗੂ ਹੀ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਬਾਕੀ ਸੱਭ ਤਾਂ ਮੁੱਖ ਮੰਤਰੀ ਨਾ ਬਣਨ ਦੀ ਮਾਯੂਸੀ ਦੇ ਅਸਰ ਹੇਠ, ਆਪੋ ਅਪਣੇ ਕੰਮਾਂ ਨੂੰ ਚਲ ਪਏ ਹਨ। 'ਆਪ' ਵਲੋਂ ਪੰਜਾਬ ਵਿਚ ਉਸਾਰੂ ਆਲੋਚਨਾ ਦੀ ਬਜਾਏ ਸ਼ੋਰ ਅਤੇ ਧਰਨਿਆਂ ਉਤੇ ਜ਼ੋਰ ਦਿਤਾ ਜਾ ਰਿਹਾ ਹੈ। ਨਿਜੀ ਮੁਸ਼ਕਲਾਂ ਵਿਚ ਘਿਰੇ 'ਆਪ' ਦੇ ਵੱਡੇ ਆਗੂ ਤਹਿਜ਼ੀਬ ਦੀਆਂ ਹੱਦਾਂ ਪਾਰ ਕਰਦੇ ਹੋਏ, ਔਰਤਾਂ ਵਿਰੁਧ ਕੁੱਝ ਅਜਿਹੇ ਬਿਆਨ ਦੇ ਚੁੱਕੇ ਹਨ ਜੋ ਸਿਆਸਤਦਾਨਾਂ ਨੂੰ ਬਿਲਕੁਲ ਨਹੀਂ ਸੋਭਦੇ।ਪਰ ਅਫ਼ਸੋਸ 'ਆਪ' ਪਾਰਟੀ ਨੂੰ ਲੱਗੀ ਬਿਮਾਰੀ ਅਤੇ ਇਸ ਦੇ ਲਗਭਗ ਯਕੀਨੀ ਦੇਹਾਂਤ ਉਤੇ ਨਹੀਂ, ਅਫ਼ਸੋਸ ਤਾਂ ਭਾਰਤ ਦੀ ਆਮ ਜਨਤਾ ਦੀਆਂ ਉਮੀਦਾਂ ਉਤੇ ਹੈ ਜੋ ਇਕਦਮ ਬਿਖਰ ਚੁਕੀਆਂ ਹਨ। ਹੁਣ ਭਾਰਤ ਕੋਲ ਸਿਰਫ਼ ਕਾਂਗਰਸ, ਭਾਜਪਾ ਅਤੇ ਕੁੱਝ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਹੀ ਰਹਿ ਗਈਆਂ ਹਨ। ਇਕ ਪਾਰਟੀ ਪ੍ਰਵਾਰਵਾਦ ਦੇ ਅਸਰ ਹੇਠ ਅਤੇ 67 ਸਾਲ ਦੇ ਰਾਜ ਭਾਗ ਦੇ ਨਖ਼ਰਿਆਂ ਕਾਰਨ, ਲੋਕਾਂ ਵਿਚ ਵਿਚਰਨਾ ਭੁਲ ਚੁੱਕੀ ਹੈ, ਜਦਕਿ ਦੂਜੀ ਧਰਮ ਦੀ ਸੌੜੀ ਸਿਆਸਤ ਹੀ ਖੇਡ ਸਕਦੀ ਹੈ।ਭਾਰਤ ਦੀ ਜਨਤਾ ਜਾਤ-ਪਾਤ ਤੇ ਗ਼ਰੀਬੀ ਤੋਂ ਛੁਟਕਾਰਾ ਚਾਹੁੰਦੀ ਹੈ ਪਰ ਇਨ੍ਹਾਂ ਦੋਹਾਂ ਪਾਰਟੀਆਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਇਹ ਕੁੱਝ ਅਜਿਹਾ ਵੀ ਕਰਨਗੀਆਂ ਜੋ ਲੋਕ ਚਾਹੁੰਦੇ ਹਨ। ਕਾਂਗਰਸ ਹੌਲੀ ਚਾਲ ਚਲਦੀ ਹੈ। ਉਹ ਥੱਲੇ ਤੋਂ ਉਪਰ ਵਲ ਕੰਮ ਕਰਦੀ ਹੈ। ਭਾਜਪਾ ਬੋਲਦੀ ਬਹੁਤ ਹੈ ਪਰ ਕੰਮ ਉਹ ਪਹਿਲਾਂ ਉਪਰਲੇ 1% ਅਮੀਰਾਂ ਦਾ ਹੀ ਕਰੇਗੀ। ਹੁਣ ਭਾਰਤ ਕੀ ਕਰੇਗਾ? ਨੌਜੁਆਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਵੇਗਾ ਜਿਸ ਨਾਲ ਅਸੰਤੁਸ਼ਟੀ ਵਧਦੀ ਜਾ ਰਹੀ ਹੈ। 'ਆਪ' ਤੋਂ ਨੌਜੁਆਨਾਂ ਨੇ ਜਿਹੜੀ ਉਮੀਦ ਲਾ ਲਈ ਸੀ, ਉਸ ਦੇ ਖ਼ਾਤਮੇ ਉਪ੍ਰੰਤ ਨੌਜੁਆਨ ਕੀ ਕਰੇਗਾ? ਕੀ 'ਆਪ' ਦੇ ਖ਼ਾਤਮੇ ਨਾਲ ਭਾਰਤ ਵਿਚ ਇਕ ਵੱਡਾ ਤੂਫ਼ਾਨ ਆ ਸਕਦਾ ਹੈ? ਕੀ ਭਾਰਤ ਵਿਚ ਵਧਦੀ ਨਫ਼ਰਤ, ਬੇਰੁਜ਼ਗਾਰੀ ਤੇ ਨਾਬਰਾਬਰੀ, ਆਉਣ ਵਾਲੇ ਸਮੇਂ ਵਿਚ ਇਕ ਖ਼ੂਨੀ ਹਨੇਰੀ ਲਿਆ ਸਕਦੀ ਹੈ? ਕਾਂਗਰਸ ਅਤੇ ਭਾਜਪਾ ਨੂੰ ਸੋਸ਼ਲ ਮੀਡੀਆ ਤੋਂ ਹੱਟ ਕੇ ਇਨ੍ਹਾਂ ਹਕੀਕਤਾਂ ਵਲ ਧਿਆਨ ਦੇਣਾ ਚਾਹੀਦਾ ਹੈ।  -ਨਿਮਰਤ ਕੌਰ