ਅਪਣੇ 'ਮਨ ਕੀ ਬਾਤ' ਨਾ ਸੁਣਾਉ, ਲੋਕਾਂ ਦੇ ਦਿਲ ਦੀ ਗੱਲ ਸੁਣੋ

ਵਿਚਾਰ, ਸੰਪਾਦਕੀ

ਸਾ  ਡੇ ਪ੍ਰਧਾਨ ਮੰਤਰੀ ਜੀ ਵਲੋਂ ਹਰ ਮਹੀਨੇ ਦੇ ਅਖ਼ੀਰਲੇ ਐਤਵਾਰ ਨੂੰ ਅਪਣੇ 'ਮਨ ਕੀ ਬਾਤ' ਸੁਣਾਈ ਜਾ ਰਹੀ ਹੈ। ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਅਪਣੇ 'ਮਨ ਕੀ ਬਾਤ' ਸੁਣਾਉਣ ਦੀ ਥਾਂ ਲੋਕਾਂ ਦੀ ਗੱਲ ਸੁਣਦੇ ਅਤੇ ਉਨ੍ਹਾਂ ਮਸਲਿਆਂ ਨੂੰ ਹੱਲ ਕਰਦੇ। ਚੋਣਾਂ ਦੌਰਾਨ ਉਨ੍ਹਾਂ ਸਾਰੇ ਭਾਰਤ ਵਿਚ ਘੁੰਮ-ਘੁੰਮ ਕੇ ਅਪਣੇ 'ਮਨ ਕੀ ਬਾਤ' ਸੁਣਾਈ ਜਿਸ ਨੂੰ ਲੋਕਾਂ ਨੇ ਸੁਣਿਆ ਤੇ ਉਨ੍ਹਾਂ ਨੂੰ ਚੁਣਿਆ। ਲੋਕਾਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਅਤੇ ਉਹ ਪ੍ਰਧਾਨ ਮੰਤਰੀ ਬਣਨ ਵਿਚ ਕਾਮਯਾਬ ਹੋਏ। ਉਨ੍ਹਾਂ ਵਲੋਂ ਵੱਖ-ਵੱਖ ਰਾਜਾਂ ਵਿਚ ਵੱਖ-ਵੱਖ ਬਾਤਾਂ ਸੁਣਾਈਆਂ ਗਈਆਂ। ਜਦੋਂ ਉਹ ਪੰਜਾਬ ਵਿਚ ਆਏ ਤਾਂ ਉਸ ਵੇਲੇ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਕੁੱਝ ਨਹੀਂ ਦੇਂਦੀ ਜਿਸ ਕਾਰਨ ਪੰਜਾਬ ਵਿਕਾਸ ਵਿਚ ਪਛੜ ਰਿਹਾ ਹੈ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ, ''ਮੇਰੀ ਸਰਕਾਰ ਆ ਲੈਣ ਦਿਉ, ਵੇਖਿਉ ਮੈਂ ਕਿਵੇਂ ਪੰਜਾਬ ਨੂੰ ਫੰਡਾਂ ਦਾ ਮੀਂਹ ਵਰ੍ਹਾਉਂਦਾ ਹਾਂ।'' ਇਹ ਬਿਆਨ ਸੁਣਨ ਦੀ ਦੇਰੀ ਸੀ ਬਾਦਲ ਪ੍ਰਵਾਰ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿਤੇ। 2014 ਤੋਂ ਲੈ ਕੇ 2017 ਫਰਵਰੀ ਤਕ ਪੰਜਾਬ ਦੇ ਲੋਕ ਉਨ੍ਹਾਂ ਫ਼ੰਡਾਂ ਨੂੰ ਉਡੀਕਦੇ ਰਹੇ। ਕੇਂਦਰ ਸਰਕਾਰ ਨੇ ਨਵੇਂ ਫ਼ੰਡ ਤਾਂ ਕੀ ਦੇਣੇ ਸਨ, ਸਗੋਂ ਪੁਰਾਣੇ ਹੀ ਹਿਸਾਬ ਖੋਲ੍ਹ ਕੇ ਬੈਠ ਗਈ ਜਿਸ ਦਾ ਸਿੱਟਾ ਇਹ ਹੋਇਆ ਕਿ ਜਿਹੜੇ ਅਕਾਲੀ ਅਪਣੇ ਆਪ ਨੂੰ ਦੂਜੀ ਵੱਡੀ ਪਾਰਟੀ ਸਮਝਦੇ ਸੀ, ਉਹ ਵਿਧਾਨ ਸਭਾ ਚੋਣਾਂ ਵਿਚ ਤੀਜੇ ਸਥਾਨ ਉਤੇ ਚਲੇ ਗਏ ਤੇ ਅਪਣਾ ਵਿਰੋਧੀ ਧਿਰ ਦੇ ਆਗੂ ਦਾ ਰੁਤਬਾ ਵੀ ਗਵਾ ਬੈਠੇ। ਜਿਥੇ ਅਕਾਲੀ ਦਲ ਨੂੰ 15 ਸੀਟਾਂ ਮਿਲੀਆਂ ਉਥੇ ਭਾਜਪਾ ਸਿਰਫ਼ 3 ਸੀਟਾਂ ਹੀ ਜਿੱਤ ਸਕੀ। ਪੰਜਾਬ ਨੂੰ ਫ਼ੰਡ ਤਾਂ ਕੀ ਮਿਲਣੇ ਸਨ, ਸਗੋਂ ਪੰਜਾਬ ਦਾ ਅਪਣਾ ਪਾਣੀ ਵੀ ਖੋਹ ਕੇ ਹਰਿਆਣਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੀ ਵਾਰ ਮੋਦੀ ਜੀ ਪੰਜਾਬ ਵਿਚ ਆਏ ਤਾਂ ਜਦੋਂ ਪ੍ਰੈੱਸ ਵਾਲਿਆਂ ਨੇ ਉਨ੍ਹਾਂ ਕੋਲੋਂ ਐੱਸ.ਵਾਈ.ਐੱਲ. ਦੇ ਹੱਲ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿੰਧੂ ਨਦੀ ਦਾ ਪਾਣੀ ਦਿਤਾ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਬੜੀ ਆਸ ਸੀ ਕਿ ਪ੍ਰਧਾਨ ਮੰਤਰੀ ਲੋਕਾਂ ਦੇ ਦਿਲ ਦੀ ਆਵਾਜ਼ ਸੁਣ ਕੇ ਪੰਜਾਬ ਦੇ ਮਸਲੇ ਦਾ ਕੋਈ ਹੱਲ ਕਰਨਗੇ ਕਿਉਂਕਿ ਦੋਹਾਂ ਪਾਸੇ ਉਨ੍ਹਾਂ ਦੀ ਪਾਰਟੀ ਨਾਲ ਹੀ ਸਬੰਧਤ ਸਰਕਾਰਾਂ ਕੰਮ ਕਰ ਰਹੀਆਂ ਸਨ ਪਰ ਉਨ੍ਹਾਂ ਵੱਡੇ ਮਸਲੇ ਤਾਂ ਕੀ ਹੱਲ ਕਰਨੇ ਸਨ ਸਗੋਂ ਉਨ੍ਹਾਂ ਦੇ ਗ੍ਰਹਿ ਮੰਤਰੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਦੇਣ ਦੀ ਲੋਕਾਂ ਦੀ ਮੰਗ ਨੂੰ ਇਹ ਕਹਿ ਕੇ ਠੁਕਰਾ ਰਹੇ ਹਨ ਕਿ ਇਥੇ ਜਿਹੜੇ ਅਫ਼ਸਰ ਆਉਂਦੇ ਹਨ ਉਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ। ਗ੍ਰਹਿ ਮੰਤਰੀ ਨੂੰ 10, 12 ਅਫ਼ਸਰਾਂ ਦਾ ਫ਼ਿਕਰ ਹੈ ਪਰ ਉਨ੍ਹਾਂ ਲੱਖਾਂ ਪੰਜਾਬੀਆਂ ਦਾ ਫ਼ਿਕਰ ਨਹੀਂ ਜਿਹੜੇ ਕਈ ਸਾਲਾਂ ਤੋਂ ਅਪਣੀ ਮਾਤਭਾਸ਼ਾ ਨੂੰ ਚੰਡੀਗੜ੍ਹ ਵਿਚ ਲਾਗੂ ਕਰਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਇਥੇ ਪੰਜਾਬੀਆਂ ਤੋਂ ਜ਼ਮੀਨਾਂ ਵੀ ਖੋਹ ਲਈਆਂ ਗਈਆਂ ਤੇ ਉਨ੍ਹਾਂ ਦੀ ਭਾਸ਼ਾ ਨੂੰ ਦੇਸ਼ਨਿਕਾਲਾ ਦੇ ਦਿਤਾ ਗਿਆ। ਪੰਜਾਬੀ 1966 ਤੋਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠ ਕੇ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਕਿ ਕਦੋਂ ਉਸ ਦਾ ਦੇਸ਼ਨਿਕਾਲਾ ਖ਼ਤਮ ਹੋਵੇ ਤੇ ਕਦੋਂ ਉਹ ਚੰਡੀਗੜ੍ਹ ਦੀ ਪਟਰਾਣੀ ਭਾਸ਼ਾ ਬਣੇ।