ਬਰਮਾ ਵਿਚੋਂ ਕੁਟ ਮਾਰ ਕਰ ਕੇ, ਧੱਕੇ ਨਾਲ ਬਾਹਰ ਸੁੱਟੇ ਲੱਖਾਂ ਮੁਸਲਮਾਨਾਂ ਪ੍ਰਤੀ ਭਾਰਤ ਦਾ ਸਰਕਾਰੀ ਰਵਈਆ

ਵਿਚਾਰ, ਸੰਪਾਦਕੀ

ਸਾਡੇ ਇਕ ਕੇਂਦਰੀ ਵਜ਼ੀਰ ਕਿਰਨ ਰਿਜੀਜੂ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੀ ਕੌਂਸਲ ਦੇ 36ਵੇਂ ਸੈਸ਼ਨ ਵਿਚ ਜਿਨੇਵਾ ਜਾ ਕੇ ਮਿਆਂਮਾਰ ਵਿਚੋਂ ਕੱਢੇ ਜਾ ਰਹੇ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਭਾਰਤ ਵਿਚੋਂ ਕੱਢਣ ਦੀ ਗੱਲ ਕਰ ਆਏ। ਇਸ ਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਕਮਿਸ਼ਨਰ ਨੇ ਭਾਰਤ ਦੀ ਇਸ ਸੋਚ ਦੀ ਸਖ਼ਤ ਨਿਖੇਧੀ ਕੀਤੀ ਅਤੇ ਨਾਲ ਹੀ ਭਾਰਤ ਵਿਚ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਅਤੇ ਲੇਖਕਾਂ ਦੇ ਕਤਲਾਂ ਪ੍ਰਤੀ ਵੱਧ ਰਹੀ ਸਰਕਾਰੀ ਅਸਹਿਣਸ਼ੀਲਤਾ ਉਤੇ ਤਿੱਖੀ ਟਿਪਣੀ ਵੀ ਕੀਤੀ।

ਪੁਰਾਣੀ ਕਹਾਵਤ ਹੁੰਦੀ ਸੀ ਕਿ ਇਕ ਹੀਰੋ ਉਦੋਂ ਹੀ ਬਣਦਾ ਹੈ ਜਦ ਉਸ ਦਾ ਵਾਹ ਬੁਰੇ ਕੰਮ ਕਰਨ ਵਾਲੇ ਕਿਸੇ ਹੈਵਾਨ ਨਾਲ ਪੈ ਜਾਂਦਾ ਹੈ। ਰਾਮ ਵੀ ਤਾਂ ਰਾਵਣ ਦੀ ਬੁਰਾਈ ਸਦਕਾ ਹੀ ਅਪਣਾ ਨਾਂ ਕਮਾ ਸਕੇ ਸਨ। ਬੁਰਾਈ ਦੀ ਹਾਰ ਹੋ ਜਾਣ ਨੂੰ ਹੀ ਚੰਗਿਆਈ ਦੀ ਜਿੱਤ ਕਿਹਾ ਜਾਂਦਾ ਸੀ। ਕੀ ਅੱਜ ਅਸੀ ਕਲਯੁਗ ਵਿਚ ਜੀ ਰਹੇ ਹਾਂ ਜਿਥੇ ਮਾਸੂਮਾਂ ਉਤੇ ਕਹਿਰ ਢਾਹੁਣ ਵਾਲੇ ਅਪਣੇ ਆਪ ਨੂੰ ਵੱਡਾ ਗਰਦਾਨ ਰਹੇ ਹਨ? ਏਨਾ ਹੀ ਨਹੀਂ, ਇਨ੍ਹਾਂ ਵਰਗੇ ਆਗੂਆਂ ਦੀ ਨਿੰਦਾ ਕਰਨ ਦੀ ਬਜਾਏ ਇਨ੍ਹਾਂ ਨੂੰ ਹੋਰ ਚੁਕਿਆ ਜਾ ਰਿਹਾ ਹੈ।

ਗੱਲ ਸਿਰਫ਼ ਭਾਰਤ ਦੀ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿਚ ਮੁਸਲਿਮ ਧਰਮ ਵਿਰੁਧ ਨਫ਼ਰਤ ਦੀ ਤੇਜ਼ ਲਹਿਰ ਚਲ ਰਹੀ ਹੈ ਜੋ ਇਕ ਥਾਂ ਦਬੀ-ਦਬੀ ਆਵਾਜ਼ ਵਿਚ ਅਪਣਾ ਕੰਮ ਕਰੀ ਜਾ ਰਹੀ ਹੈ ਅਤੇ ਦੂਜੀ ਥਾਂ ਮਿਆਂਮਾਰ (ਬਰਮਾ) ਵਾਂਗ ਬਘਿਆੜ-ਮੂੰਹੀਂ ਬਣ ਕੇ ਇਕ ਪੂਰੀ ਕੌਮ ਦਾ ਸਫ਼ਾਇਆ ਕਰਨ ਤੇ ਤੁਲੀ ਹੋਈ ਹੈ।

ਬੁਧ ਧਰਮ ਜਿਸ ਵਿਚ ਅਹਿੰਸਾ ਬਿਨਾਂ ਧਰਮ ਦੀ ਸ਼ੁਰੂਆਤ ਹੀ ਨਹੀਂ ਹੁੰਦੀ, ਅੱਜ ਉਸ ਨੂੰ ਮੰਨਣ ਵਾਲੇ ਭਿਕਸ਼ੂ ਅਤੇ ਲਾਮੇ ਹਥਿਆਰ ਚੁੱਕੀ ਮਾਰੋ ਮਾਰ ਕਰ ਰਹੇ ਹਨ। ਰਖੀਨੇ ਵਿਚ ਮੁਸਲਮਾਨਾਂ ਕੋਲੋਂ ਇਸ ਗੱਲ ਦੇ ਸਬੂਤ ਮੰਗੇ ਜਾ ਰਹੇ ਹਨ ਕਿ ਉਹ ਉਥੇ 1823 ਤੋਂ ਪਹਿਲਾਂ ਦੇ ਰਹਿੰਦੇ ਆ ਰਹੇ ਹਨ।

ਅੱਜ ਸਦੀਆਂ ਤੋਂ ਉਥੇ ਰਹਿ ਰਹੇ ਮੁਸਲਮਾਨਾਂ ਨੂੰ ਮਿਆਂਮਾਰ (ਬਰਮਾ) 'ਚੋਂ ਕੀੜੀਆਂ ਵਾਂਗ ਕੁਚਲ ਕੇ ਕਢਿਆ ਜਾ ਰਿਹਾ ਹੈ। ਬੱਚਿਆਂ ਨੂੰ ਮਾਵਾਂ ਦੀਆਂ ਬਾਹਾਂ ਵਿਚੋਂ ਕੱਢ ਕੇ ਅੱਗ ਜਾਂ ਦਰਿਆ ਵਿਚ ਸੁਟਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਮਦਦ ਉਨ੍ਹਾਂ ਤਕ ਪਹੁੰਚਾਉਣ ਉਤੇ ਰੋਕ ਲੱਗ ਰਹੀ ਹੈ।

ਮਿਆਂਮਾਰ ਦੀ ਰਾਸ਼ਟਰਪਤੀ ਸੂਈ ਕੀ ਜੋ ਕਿ ਮਨੁੱਖੀ ਅਧਿਕਾਰ ਚੈਂਪੀਅਨ ਵਜੋਂ ਨੋਬਲ ਪੁਰਸਕਾਰ ਜਿੱਤ ਚੁੱਕੀ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਮੰਨੀ ਜਾਂਦੀ ਹੈ, ਉਸ ਦਾ ਜਰਨੈਲ ਰੋਹਿੰਗਿਆ ਮੁਸਲਮਾਨਾਂ ਦਾ ਸਫ਼ਾਇਆ ਕਰਨ ਤੇ ਤੁਲਿਆ ਹੋਇਆ ਹੈ ਅਤੇ ਉਹ ਬਿਲਕੁਲ ਚੁੱਪ ਰਹਿ ਕੇ ਤਮਾਸ਼ਾ ਵੇਖ ਰਹੀ ਹੈ।

ਇਹ ਕਿਸ ਤਰ੍ਹਾਂ ਦੇ ਆਗੂ ਹਨ ਜੋ ਇਕ ਮਨੁੱਖ ਦੀ ਰਾਖੀ ਕਰਦੇ ਹਨ ਅਤੇ ਦੂਜੇ ਦੀ ਹਤਿਆ ਕਰਨ ਲਗਿਆਂ ਉਨ੍ਹਾਂ ਨੂੰ ਜ਼ਰਾ ਜਿੰਨੀ ਤਕਲੀਫ਼ ਵੀ ਨਹੀਂ ਹੁੰਦੀ? ਅੱਜ ਇਸਲਾਮ ਨੂੰ ਮੰਨਣ ਵਾਲਿਆਂ ਨਾਲ ਜਿਹੜੀ ਨਫ਼ਰਤ ਸਾਹਮਣੇ ਆ ਰਹੀ ਹੈ, ਉਹ ਇਕ ਬੜੀ ਸੋਚੀ ਸਮਝੀ ਚਾਲ ਹੈ ਜੋ ਦਹਾਕਿਆਂ ਤੋਂ ਚਲ ਰਹੀ ਸੀ। ਅਮਰੀਕਾ ਹੋਵੇ, ਮਿਆਂਮਾਰ ਜਾਂ ਭਾਰਤ, ਹਰ ਦੇਸ਼ ਇਨ੍ਹਾਂ ਨੂੰ ਬਾਹਰਲੇ ਕਹਿ ਕੇ ਅਪਣੇ ਦੇਸ਼ ਵਿਚੋਂ ਕੱਢਣ ਤੇ ਲੱਗਾ ਹੋਇਆ ਹੈ। ਕੱਟੜ ਭਾਰਤੀ ਆਖਦੇ ਹਨ ਕਿ ਪਾਕਿਸਤਾਨ ਚਲੇ ਜਾਉ, ਬੋਧੀ ਮਿਆਂਮਾਰ ਕਹਿੰਦਾ ਹੈ ਕਿ ਕਿਤੇ ਵੀ ਚਲੇ ਜਾਉ, ਬੰਗਲਾਦੇਸ਼ ਜਾਂ ਭਾਰਤ ਪਰ ਮਨੁੱਖੀ ਹੱਕਾਂ ਦੇ ਰਖਵਾਲੇ ਅਮਰੀਕਾ ਅਤੇ ਹੋਰ ਪਛਮੀ ਦੇਸ਼ਾਂ ਨੇ ਇਨ੍ਹਾਂ ਨੂੰ ਅਤਿਵਾਦੀ ਆਖ ਕੇ ਅਪਣੇ ਦੇਸ਼ ਵਿਚ ਦਾਖ਼ਲ ਨਹੀਂ ਹੋਣ ਦੇਣਾ।

ਕੈਨੇਡਾ ਇਕ ਬਹੁਤ ਖੁਲ੍ਹਦਿਲਾ ਦੇਸ਼ ਵੀ ਇਸ ਸਾਜ਼ਸ਼ ਦੇ ਸਾਹਮਣੇ ਹਾਰ ਗਿਆ ਜਦੋਂ ਐਮ.ਪੀ. ਜਗਮੀਤ ਸਿੰਘ ਨੂੰ ਮੁਸਲਮਾਨ ਸਮਝ ਕੇ ਇਕ ਔਰਤ ਵਲੋਂ ਅਤਿਵਾਦੀ ਆਖਿਆ ਗਿਆ ਅਤੇ ਦੇਸ਼ ਵਿਚੋਂ ਨਿਕਲ ਜਾਣ ਲਈ ਕਹਿਣ ਵਾਸਤੇ ਚੀਕਣਾ ਪਿਆ। ਜਗਮੀਤ ਸਿੰਘ ਦਾ ਜਵਾਬ ਇਹ ਨਹੀਂ ਸੀ ਕਿ ਉਹ ਮੁਸਲਮਾਨ ਨਹੀਂ ਹਨ, ਬਲਕਿ ਨਫ਼ਰਤ ਦੇ ਅੱਗੇ ਡਟੇ ਰਹੇ ਅਤੇ ਉਸ ਦੀ ਕੱਟੜ ਸੋਚ ਨੂੰ ਵੰਗਾਰ ਕੇ ਦੁਰਕਾਰਿਆ।

ਇਹੀ ਸੋਚ ਅੱਜ ਦੁਨੀਆਂ ਦੇ ਹਰ ਕੋਨੇ ਵਿਚ ਫੈਲਾਉਣ ਦੀ ਜ਼ਰੂਰਤ ਹੈ। ਜਿਵੇਂ ਮੁਸਲਮਾਨਾਂ ਦੀ ਵਧਦੀ ਆਬਾਦੀ ਅਤੇ ਕਬਜ਼ੇ ਦੇ ਡਰ ਨੇ ਬੋਧੀ ਭਿਕਸ਼ੂਆਂ ਨੂੰ ਖ਼ੂੰਖ਼ਾਰ ਹੈਵਾਨ ਬਣਾ ਦਿਤਾ ਹੈ, ਦੁਨੀਆਂ ਵਿਚ ਐਸੇ ਭਰਮ ਫੈਲਾਏ ਜਾਂਦੇ ਰਹੇ ਹਨ ਜਿਨ੍ਹਾਂ ਦਾ ਸ਼ਿਕਾਰ ਅੱਜ ਭਾਰਤ ਵੀ ਹੋ ਰਿਹਾ ਹੈ। ਭਾਰਤ ਜੋ ਕਿ ਸਹਿਣਸ਼ੀਲਤਾ ਦਾ ਪ੍ਰਤੀਕ ਰਿਹਾ ਹੈ, ਭਾਵੇਂ ਸ਼ਾਤਰ ਆਗੂ ਇਸ ਦੇ ਕਦਮ ਕਈ ਵਾਰ ਅਪਣੇ ਆਦਰਸ਼ਾਂ ਤੋਂ ਡਗਮਗਾ ਦੇਣ ਵਿਚ ਸਫ਼ਲ ਵੀ ਰਹੇ ਹਨ ਪਰ ਆਮ ਭਾਰਤੀ ਇਸ ਤਰ੍ਹਾਂ ਦੇ ਆਗੂਆਂ ਨੂੰ ਨਕਾਰਦਾ ਹੀ ਰਿਹਾ ਹੈ।

ਅੱਜ ਮੁੜ ਕੇ ਭਾਰਤ ਵਿਚ ਕੱਟੜ ਰਾਸ਼ਟਰਵਾਦ ਦੇ ਕਦਮ ਏਨੇ ਡਗਮਗਾ ਗਏ ਹਨ ਕਿ ਹੁਣ ਉਹ ਅਪਣੇ ਲਈ ਕੋਈ ਸੇਧ ਵੀ ਲੱਭ ਸਕਣੋਂ ਅਸਮਰੱਥ ਹੋਏ ਪਏ ਹਨ। ਮੁਸਲਮਾਨਾਂ ਨਾਲ ਜੋ ਵੀ ਵਰਤਾਰਾ ਹੋ ਰਿਹਾ ਹੈ, ਉਸ ਨਾਲ ਸਰਕਾਰ ਦਾ ਮਨ ਏਨਾ ਸਖ਼ਤ ਹੋ ਗਿਆ ਹੈ ਕਿ ਸਾਡੇ ਇਕ ਕੇਂਦਰੀ ਵਜ਼ੀਰ ਕਿਰਨ ਰਿਜੀਜੂ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੀ ਕੌਂਸਲ ਦੇ 36ਵੇਂ ਸੈਸ਼ਨ ਵਿਚ ਜਿਨੇਵਾ ਜਾ ਕੇ ਮਿਆਂਮਾਰ ਵਿਚੋਂ ਕੱਢੇ ਜਾ ਰਹੇ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਭਾਰਤ ਵਿਚੋਂ ਕੱਢਣ ਦੀ ਗੱਲ ਕਰ ਆਏ। ਇਸ ਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਕਮਿਸ਼ਨਰ ਨੇ ਭਾਰਤ ਦੀ ਇਸ ਸੋਚ ਦੀ ਸਖ਼ਤ ਨਿਖੇਧੀ ਕੀਤੀ ਅਤੇ ਨਾਲ ਹੀ ਭਾਰਤ ਵਿਚ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਅਤੇ ਲੇਖਕਾਂ ਦੇ ਕਤਲਾਂ ਪ੍ਰਤੀ ਵੱਧ ਰਹੀ ਸਰਕਾਰੀ ਅਸਹਿਣਸ਼ੀਲਤਾ ਉਤੇ ਤਿੱਖੀ ਟਿਪਣੀ ਵੀ ਕੀਤੀ।

ਨਾਲ ਹੀ ਉਨ੍ਹਾਂ ਨੇ ਆਮ ਭਾਰਤੀ ਕੋਲੋਂ ਹਰ ਕਤਲ ਜਾਂ ਗਊ ਰਕਸ਼ਕਾਂ ਵਲੋਂ ਕੀਤੀਆਂ ਜਾਂਦੀਆਂ ਹਤਿਆਵਾਂ ਵਿਰੁਧ ਸੜਕਾਂ ਤੇ ਨਿਕਲ ਕੇ ਅਪਣੇ ਹੱਕਾਂ ਦੀ ਰਾਖੀ ਲਈ ਆਵਾਜ਼ ਚੁੱਕਣ ਲਈ ਡਟਣ ਦੀ ਆਸ ਵੀ ਕੀਤੀ।

ਅੱਜ ਦੁਨੀਆਂ ਭਰ ਦੇ ਡਰੇ ਹੋਏ ਆਗੂ ਅਤੇ ਉਨ੍ਹਾਂ ਦੀਆਂ ਸੈਨਾਵਾਂ ਇਤਿਹਾਸ ਵਿਚ ਮੁਗ਼ਲ ਰਾਜ ਦੇ ਜ਼ੁਲਮਾਂ ਅਤੇ ਉਨ੍ਹਾਂ ਵਲੋਂ ਦਿਤੇ ਤਸੀਹਿਆਂ ਦੇ ਬਦਲੇ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਅੱਜ ਦਾ ਇਤਿਹਾਸ ਸਿਰਜ ਰਹੇ ਹਨ ਜੋ ਕੁੱਝ ਸਮੇਂ ਬਾਅਦ ਕਿਸੇ ਹੋਰ ਵਾਸਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਉਤੇ ਕਹਿਰ ਢਾਹੁਣ ਦਾ ਬਹਾਨਾ ਬਣ ਸਕਦਾ ਹੈ। ਇਸ ਨਫ਼ਰਤ ਦੀ ਕੀਮਤ ਸਿਰਫ਼ ਮੁਸਲਮਾਨਾਂ ਨੂੰ ਹੀ ਨਹੀਂ, ਸਾਰੇ ਦੇਸ਼ ਨੂੰ ਚੁਕਾਉਣੀ ਪੈ ਰਹੀ ਹੈ। ਨਫ਼ਰਤ ਭਾਰਤ ਨੂੰ ਅੱਜ ਬਹੁਤ ਪਿਛੇ ਲੈ ਗਈ ਹੈ। ਪਰ ਇਸ ਦਾ ਅਸਰ ਹੋਰ ਵੀ ਮਾੜਾ ਪੈ ਸਕਦਾ ਹੈ। ਆਉਣ ਵਾਲੇ ਕਲ ਦੀ ਬੁਨਿਆਦ ਅੱਜ ਰੱਖੀ ਜਾ ਰਹੀ ਹੈ। ਤੁਸੀ ਨਫ਼ਰਤ ਨੂੰ ਚੁਣਦੇ ਹੋ ਜਾਂ ਸਹਿਣਸ਼ੀਲਤਾ ਅਤੇ ਹਮਦਰਦੀ ਨੂੰ?  -ਨਿਮਰਤ ਕੌਰ