ਬੁਲੇਟ ਟਰੇਨ ਵਿਚ ਬੈਠਣ ਦਾ ਖ਼ਾਬ ਕਿੰਨੇ ਕੁ ਭਾਰਤ-ਵਾਸੀ ਲੈ ਸਕਦੇ ਹਨ?

ਵਿਚਾਰ, ਸੰਪਾਦਕੀ

ਭਾਰਤ ਵਿਚ 27.6 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਯਾਨੀ ਕਿ ਉਹ ਰੋਜ਼ ਦੇ 32 ਰੁਪਏ (ਪੇਂਡੂ ਖੇਤਰ 'ਚ) ਅਤੇ 47 ਰੁਪਏ (ਸ਼ਹਿਰਾਂ 'ਚ) ਵੀ ਕਮਾਉਣ ਦੀ ਸਮਰੱਥਾ ਨਹੀਂ ਰਖਦੇ। 32 ਰੁਪਏ ਕਮਾਉਣ ਵਾਲੇ 27.6 ਕਰੋੜ ਤਾਂ ਕਦੇ ਬੁਲੇਟ ਟਰੇਨ ਉਤੇ ਸਫ਼ਰ ਨਹੀਂ ਕਰ ਸਕਦੇ। ਅਤੇ ਭਾਰਤ ਦੀ ਤਕਰੀਬਨ 60% ਆਬਾਦੀ ਏਨੀ ਕੁ ਕਮਾਈ ਹੀ ਕਰ ਸਕਦੀ ਹੈ ਕਿ ਉਹ ਬੁਲੇਟ ਟਰੇਨ ਉਤੇ ਸਫ਼ਰ ਕਰਨ ਬਾਰੇ ਸੋਚ ਵੀ ਨਹੀਂ ਸਕਦੀ।
ਭਾਜਪਾ, ਕਾਂਗਰਸ ਅਤੇ 'ਆਪ' ਦੀ ਤਿਕੋਣੀ ਸਿਆਸੀ ਲੜਾਈ ਵਿਚ ਸਿਆਸਤਦਾਨਾਂ ਦਾ ਜੋ ਕਿਰਦਾਰ ਸਾਹਮਣੇ ਆ ਰਿਹਾ ਹੈ, ਉਸ ਨਾਲ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਦਾ ਕਿਰਦਾਰ ਨੀਵਾਂ ਡਿੱਗ ਪਿਆ ਹੈ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦੇ ਸੋਚਣ ਅਤੇ ਬੋਲਣ ਦੇ ਤਰੀਕਿਆਂ ਨੇ ਸਿਆਸਤ ਦੇ ਮਿਆਰ ਨੂੰ ਪੈਰਾਂ ਹੇਠ ਰੋਲ ਦਿਤਾ ਹੈ। ਇਨ੍ਹਾਂ ਸਾਰਿਆਂ ਨੂੰ ਵੇਖ ਕੇ ਇਕ ਵੀ ਅਜਿਹਾ ਮਰਦ-ਇ-ਮੈਦਾਨ ਨਹੀਂ ਉਭਰਦਾ ਦਿਸਦਾ ਜਿਸ ਦੀਆਂ ਗੱਲਾਂ ਉਤੇ ਫ਼ਖ਼ਰ ਅਤੇ ਵਿਸ਼ਵਾਸ ਬਣਿਆ ਹੋਵੇ ਕਿ ਹਾਂ ਇਹ ਹੈ ਉਹ ਆਗੂ ਜੋ ਸਾਡੇ ਆਉਣ ਵਾਲੇ ਕਲ ਨੂੰ ਸੁਧਾਰ ਸਕੇਗਾ। ਪਰ ਇਕ ਫ਼ਿਕਰ ਸਾਰੇ ਸਿਆਸਤਦਾਨਾਂ ਦੇ ਬਿਆਨਾਂ ਵਿਚੋਂ ਜ਼ਰੂਰ ਉਭਰਦਾ ਹੈ ਅਤੇ ਦਿਲ ਨੂੰ ਬੁਰੀ ਤਰ੍ਹਾਂ ਚੁਭਦਾ ਹੈ।ਫ਼ਰਾਂਸ ਦੀ ਇਕ ਮਸ਼ਹੂਰ ਰਾਣੀ ਸੀ, ਰਾਣੀ ਮਾਰੀਆ ਅਨਤੋਨੇਟ ਜਿਸ ਦੇ ਸਵਾਰਥ ਦੀ ਦਾਸਤਾਨ ਇਤਿਹਾਸ ਦੇ ਪੰਨਿਆਂ ਵਿਚ ਕਾਲੇ ਸ਼ਬਦਾਂ ਵਿਚ ਲਿਖੀ ਮਿਲਦੀ ਹੈ। ਫ਼ਰਾਂਸ ਦੀ ਕ੍ਰਾਂਤੀ ਪਿੱਛੇ ਇਸ ਰਾਣੀ ਦੇ ਕਠੋਰ ਸ਼ਬਦਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਅਤੇ ਆਮ ਲੋਕਾਂ ਨੇ ਸ਼ਾਹੀ ਰਾਜ ਖ਼ਤਮ ਕਰ ਕੇ ਇਸ ਰਾਣੀ ਦਾ ਸਿਰ ਧੜ ਤੋਂ ਵੱਖ ਕਰ ਦਿਤਾ ਸੀ। ਜਦੋਂ ਫ਼ਰਾਂਸ 'ਚ ਸੋਕਾ ਪੈ ਗਿਆ ਤੇ ਪ੍ਰਧਾਨ ਮੰਤਰੀ ਨੇ ਦਸਿਆ ਕਿ ਲੋਕਾਂ ਨੂੰ ਖਾਣ ਲਈ ਰੋਟੀ ਨਹੀਂ ਮਿਲ ਰਹੀ ਤਾਂ ਇਸ ਰਾਣੀ ਨੇ ਆਖਿਆ ਸੀ, ''ਜਿਨ੍ਹਾਂ ਕੋਲ ਬਰੈੱਡ (ਉਨ੍ਹਾਂ ਦੀ ਰੋਟੀ) ਨਹੀਂ, ਉਹ ਕੇਕ ਖਾ ਲੈਣ।'' ਰਾਣੀ ਦੀ ਅਪਣੀ ਜ਼ਿੰਦਗੀ ਦੀ ਦਾਸਤਾਨ ਪੜ੍ਹੀ ਜਾਵੇ ਤਾਂ ਉਹ ਅਸਲ ਵਿਚ ਕਠੋਰ ਨਹੀਂ ਸੀ ਪਰ ਹਕੀਕਤਾਂ ਤੋਂ ਅਨਜਾਣ ਸੀ ਕਿਉਂਕਿ ਉਹ ਤਾਂ ਸ਼ਾਹੀ ਪ੍ਰਵਾਰ ਵਿਚ ਇਕ ਸ਼ਹਿਜ਼ਾਦੀ ਵਾਂਗ ਪਲੀ ਸੀ। ਉਹ ਬ੍ਰੈੱਡ ਅਤੇ ਕੇਕ ਵਿਚ ਫ਼ਰਕ ਹੀ ਨਹੀਂ ਸਮਝਦੀ ਸੀ।ਪਰ ਜਦ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਖਿਆ ਕਿ ਜੋ ਲੋਕ ਬੁਲੇਟ ਟਰੇਨ ਵਿਚ ਸਫ਼ਰ ਨਹੀਂ ਕਰਨਾ ਚਾਹੁੰਦੇ, ਉਹ ਬੈਲਗੱਡੀ ਤੇ ਬੈਠੇ ਰਹਿਣ ਤਾਂ ਸ਼ਾਇਦ ਉਹ ਕਾਂਗਰਸ ਵਲੋਂ ਬੁਲੇਟ ਟਰੇਨ ਦਾ ਵਿਰੋਧ ਕਰਨ 'ਤੇ ਟਕੋਰ ਲਾ ਰਹੇ ਸਨ ਪਰ ਇਹ ਟਕੋਰ ਭਾਰਤ ਦੀ ਵਿਸ਼ਾਲ ਆਬਾਦੀ ਨੂੰ ਜ਼ਿਆਦਾ ਚੋਭਵੀਂ ਲੱਗੀ ਹੈ। ਨਰਿੰਦਰ ਮੋਦੀ, ਜੋ ਅਪਣੇ ਆਪ ਨੂੰ ਇਕ ਗ਼ਰੀਬ ਘਰ ਦਾ ਪੁੱਤਰ ਮੰਨਦੇ ਹਨ, ਉਨ੍ਹਾਂ ਨੂੰ ਇਹ ਸਖ਼ਤ ਬਿਆਨ ਸੋਭਾ ਨਹੀਂ ਦਿੰਦਾ। ਸ਼ਾਇਦ ਕਾਂਗਰਸ ਨਾਲ ਸਿਆਸੀ ਲੜਾਈ ਵਿਚ ਹਰ ਟਕੋਰ ਤੇ ਚੋਭ ਜਾਇਜ਼ ਲਗਦੀ ਹੋਵੇ ਪਰ ਇਕ ਪ੍ਰਧਾਨ ਮੰਤਰੀ ਅਪਣੀ ਜਨਤਾ ਦੇ ਸੱਚ ਵਲੋਂ ਮੂੰਹ ਨਹੀਂ ਫੇਰ ਸਕਦਾ ਅਤੇ ਨਾ ਹੀ ਇਸ ਤਰ੍ਹਾਂ ਦੀ ਸਖ਼ਤਾਈ ਵਿਖਾ ਸਕਦਾ ਹੈ।ਪ੍ਰਧਾਨ ਮੰਤਰੀ ਨੂੰ ਭਾਰਤ ਦੀ ਹਕੀਕਤ ਤੋਂ ਜਾਣੂ ਕਰਵਾਉਣ ਦੀ 

ਹਮਾਕਤ ਕਰਨਾ ਚਾਹੁੰਦੀ ਹਾਂ।ਮੁੰਬਈ - ਅਹਿਮਦਾਬਾਦ ਬੁਲੇਟ ਟਰੇਨ ਦੇ ਇਕ ਪਾਸੇ ਦੀ ਟਿਕਟ, ਅੰਦਾਜ਼ੇ ਅਨੁਸਾਰ 10-15 ਹਜ਼ਾਰ ਦੀ ਪਵੇਗੀ। ਟਿਕਟ ਦੀ ਕੀਮਤ ਘੱਟ ਕਰਨ ਵਾਸਤੇ ਸਰਕਾਰ ਨੂੰ ਇਸ ਉਤੇ ਵੱਡੀ ਸਬਸਿਡੀ ਦੇਣੀ ਪਵੇਗੀ। ਹੁਣ ਅਸੀ ਭਾਰਤ ਦੀ ਅਸਲੀਅਤ ਦੇ ਕੁੱਝ ਤੱਥਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਰਤ ਵਿਚ 27.6 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਯਾਨੀ ਕਿ ਉਹ ਰੋਜ਼ ਦੇ 32 ਰੁਪਏ (ਪੇਂਡੂ ਖੇਤਰ 'ਚ) ਅਤੇ 47 ਰੁਪਏ (ਸ਼ਹਿਰਾਂ 'ਚ) ਵੀ ਕਮਾਉਣ ਦੀ ਸਮਰੱਥਾ ਨਹੀਂ ਰਖਦੇ। 32 ਰੁਪਏ ਕਮਾਉਣ ਵਾਲੇ 27.6 ਕਰੋੜ ਤਾਂ ਕਦੇ ਬੁਲੇਟ ਟਰੇਨ ਉਤੇ ਸਫ਼ਰ ਨਹੀਂ ਕਰ ਸਕਦੇ। ਅਤੇ ਭਾਰਤ ਦੀ ਤਕਰੀਬਨ 60% ਆਬਾਦੀ ਏਨੀ ਕੁ ਕਮਾਈ ਹੀ ਕਰ ਸਕਦੀ ਹੈ ਕਿ ਉਹ ਬੁਲੇਟ ਟਰੇਨ ਉਤੇ ਸਫ਼ਰ ਕਰਨ ਬਾਰੇ ਸੋਚ ਵੀ ਨਹੀਂ ਸਕਦੀ।ਇਹ ਉਹ ਭਾਰਤੀ ਹਨ ਜੋ 32 ਰੁਪਏ ਰੋਜ਼ ਦੇ ਕਮਾਉਂਦੇ ਹਨ ਪਰ ਦਿਨ ਵਿਚ ਤਿੰਨ ਵਾਰ ਪੇਟ ਭਰ ਖਾਣਾ ਨਹੀਂ ਖਾ ਸਕਦੇ। ਅਸੀ ਥਾਲੀ ਦੀ ਕੀਮਤ 'ਤੇ ਵਿਵਾਦ ਵੇਖ ਲਿਆ ਅਤੇ ਹੁਣ 'ਅੰਮਾ' ਚਲੀ ਗਈ ਹੈ ਤਾਂ 10 ਰੁਪਏ ਦੀ ਥਾਲੀ ਸ਼ਾਇਦ ਹੀ ਕਿਤੇ ਮਿਲਦੀ ਹੋਵੇ। ਭਾਰਤ ਵਿਚ ਸੱਭ ਤੋਂ ਸਸਤਾ ਚਾਹ ਦਾ ਕੱਪ ਵੀ 5 ਰੁਪਏ ਦਾ ਹੀ ਮਿਲਦਾ ਹੈ।ਹੁਣ ਜਦ ਗ਼ਰੀਬ ਮਰ ਜਾਂਦਾ ਹੈ ਤਾਂ ਉਸ ਦੀ ਮੁਸੀਬਤ ਵੱਧ ਜਾਂਦੀ ਹੈ ਕਿਉਂਕਿ ਹਸਪਤਾਲ ਅਤੇ ਸ਼ਮਸ਼ਾਨਘਾਟ ਤਕ ਦੀ ਐਂਬੂਲੈਂਸ ਵੀ 300 ਰੁਪਏ ਤੋਂ ਘੱਟ 'ਚ ਨਹੀਂ ਮਿਲਦੀ। ਸ਼ਮਸ਼ਾਨਘਾਟ ਵਿਚ ਅੰਤਮ ਰਸਮ ਉਤੇ 2-3 ਹਜ਼ਾਰ ਰੁਪਏ ਲੱਗ ਜਾਂਦੇ ਹਨ। ਜਿਹੜੇ ਲੋਕ ਸੜਕਾਂ ਦੇ ਕਿਨਾਰੇ ਮਰ ਜਾਂਦੇ ਹਨ, ਉਨ੍ਹਾਂ ਦੇ ਪ੍ਰਵਾਰ ਮਿਊਂਸੀਪਲ ਕਾਰਪੋਰੇਸ਼ਨ ਦੀ ਗੱਡੀ ਦੀ ਉਡੀਕ ਵਿਚ ਰਹਿੰਦੇ ਹਨ ਤਾਕਿ ਉਨ੍ਹਾਂ ਦੇ ਕਰੀਬੀ ਨੂੰ ਮੁਫ਼ਤ ਵਿਚ ਸਸਕਾਰ ਨਸੀਬ ਹੋ ਜਾਵੇ।ਪ੍ਰਧਾਨ ਮੰਤਰੀ ਇਹ ਵੀ ਯਾਦ ਰੱਖਣ ਕਿ ਉਨ੍ਹਾਂ ਦੇ ਦੇਸ਼ ਵਿਚ 6.8 ਕਰੋੜ ਲੋਕ ਝੁੱਗੀ ਝੋਪੜੀਆਂ ਵਿਚ ਰਹਿੰਦੇ ਹਨ ਜਿਥੇ ਪਖ਼ਾਨੇ ਤਕ ਮੁਸ਼ਕਲ ਨਾਲ ਨਸੀਬ ਹੁੰਦੇ ਹਨ। ਪਾਣੀ ਵਾਸਤੇ ਕਤਾਰਾਂ ਵਿਚ ਲਗਣਾ ਪੈਂਦਾ ਹੈ। ਸ਼ਹਿਰਾਂ ਦੇ ਬਾਹਰ ਵਸੀਆਂ ਇਨ੍ਹਾਂ ਝੁੱਗੀ-ਝੋਪੜੀ ਬਸਤੀਆਂ ਵਿਚ ਸੀਵਰੇਜ ਨਹੀਂ ਹੈ ਅਤੇ ਗੰਦਗੀ ਦੀਆਂ ਨਦੀਆਂ ਸੜਕਾਂ ਦੀ ਥਾਂ ਪੈਰਾਂ ਹੇਠਾਂ ਲੰਘਦੀਆਂ ਹਨ। ਇਹ ਲੋਕ ਤਾਂ ਬੁਲੇਟ ਟਰੇਨਾਂ ਵਿਚ ਸਫ਼ਰ ਨਹੀਂ ਕਰ ਸਕਣਗੇ ਅਤੇ ਸ਼ਾਇਦ ਬੁਲੇਟ ਟਰੇਨ ਦੀ ਤੇਜ਼ ਰਫ਼ਤਾਰ ਵਿਚ ਬੈਠੇ ਲੋਕ ਇਨ੍ਹਾਂ ਨੂੰ ਵੇਖ ਵੀ ਨਾ ਸਕਣ। ਉੱਚੇ ਮੰਚਾਂ ਉਤੇ ਚੜ੍ਹ ਖਲੋਤੇ ਵੱਡੇ ਕੋਮਾਂਤਰੀ ਆਗੂਆਂ ਨਾਲ ਗੱਲਾਂ ਕਰਦੇ ਪ੍ਰਧਾਨ ਮੰਤਰੀ ਵੀ ਇਨ੍ਹਾਂ ਨੂੰ ਵੇਖ ਨਹੀਂ ਪਾ ਰਹੇ ਪਰ ਸੱਚ ਮੰਨਿਉ, ਇਹੀ ਜੇ ਭਾਰਤ ਦੀ ਅਸਲੀਅਤ। ਅਜੇ ਗ਼ਰੀਬੀ ਬਹੁਤ ਹੈ ਤੇ ਬੁਲੇਟ ਟਰੇਨ ਦੀ ਝੂਠੀ ਸ਼ਾਨ ਸਾਡੀ ਹੈਸੀਅਤ ਅਨੁਸਾਰ ਨਹੀਂ ਹੈ ਪਰ ਜੇ ਪ੍ਰਧਾਨ ਮੰਤਰੀ ਮੰਨਦੇ ਹਨ ਕਿ ਇਹ ਜ਼ਰੂਰੀ ਹੈ ਤਾਂ ਠੀਕ ਹੈ, ਪਰ ਇਸ ਨਾਲ ਗ਼ਰੀਬ ਦਾ ਮਜ਼ਾਕ ਨਹੀਂ ਉਡਣਾ ਚਾਹੀਦਾ। ਜਿੰਨੀ ਸ਼ਾਹੀ, ਢੋਂਗੀ ਸਿਆਸਤ ਕਰਨੀ ਹੈ ਕਰ ਲੈਣ, ਪਰ ਕਠੋਰਤਾ ਦੀ ਸਿਆਸਤ ਭਾਰਤ ਵਾਸਤੇ ਠੀਕ ਨਹੀਂ ਅਤੇ ਅੱਛੇ ਦਿਨ ਤਾਂ ਕਦੇ ਲਿਆ ਹੀ ਨਹੀਂ ਸਕੇਗੀ।  -ਨਿਮਰਤ ਕੌਰ