ਛੋਟੇ ਸਾਹਿਬਜ਼ਾਦਿਆਂ ਦੀ ਅਦੁਤੀ ਕੁਰਬਾਨੀ ਭੁਲਾਇਆਂ ਨਹੀਂ ਭੁਲਦੀ

ਵਿਚਾਰ, ਸੰਪਾਦਕੀ

ਸਿੱਖ ਕੌਮ ਕੋਲ ਦੇਸ਼, ਧਰਮ, ਕੌਮ ਲਈ ਕੀਤੀਆਂ ਗਈਆਂ ਕੁਰਬਾਨੀਆਂ ਦੇ ਉਹ ਸਾਕੇ ਹਨ, ਜਿਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿਚ ਕਿਧਰੇ ਨਹੀਂ ਮਿਲਦੀ। ਇਨ੍ਹਾਂ ਵਿਚੋਂ ਹੀ 'ਸਾਕਾ ਸਰਹੰਦ' ਜਾਂ 'ਨਿੱਕੀਆਂ ਜਿੰਦਾਂ ਵੱਡਾ ਸਾਕਾ' ਇਕੋ-ਇਕ ਅਜਿਹਾ ਸਾਕਾ ਹੈ, ਜਿਸ ਵਿਚ ਸਿਰਫ਼ 6 ਅਤੇ 8 ਸਾਲ ਦੀਆਂ ਉਹ ਮਹਾਨ ਆਤਮਾਵਾਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿਚ ਅਣਖ ਅਤੇ ਗ਼ੈਰਤ ਦਾ ਅਜਿਹਾ ਸਬੂਤ ਦਿਤਾ ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਦੀ। ਅੱਜ ਵੀ ਇਸ ਸਾਕੇ ਤੋਂ ਰੌਸ਼ਨੀ ਲੈ ਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਥੇ ਵੀ ਵਸਦਾ ਹੈ, ਅਪਣੇ ਧਰਮ ਲਈ ਤੇ ਮਾਨਵਤਾ ਲਈ ਮਰ ਮਿਟਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ।ਗੱਲ ਉਸ ਸਮੇਂ ਦੀ ਹੈ ਜਦੋਂ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। 6-7 ਮਹੀਨੇ ਬਾਅਦ ਫਿਰ ਦੁਸ਼ਮਣਾਂ ਨੇ ਸਤਿਗੁਰੂ ਜੀ ਕੋਲ ਝੂਠੀਆਂ ਕਸਮਾਂ ਖਾਧੀਆਂ ਕਿ 'ਆਪ ਜੀ ਕਿਲ੍ਹੇ ਨੂੰ ਖ਼ਾਲੀ ਕਰ ਦੇਵੋ, ਅਸੀ ਆਪ ਜੀ ਨੂੰ ਕੁੱਝ ਨਹੀਂ ਕਹਾਂਗੇ।' ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਭਲਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਛਡਿਆ। 

ਉਹ ਅਜੇ ਕੁੱਝ ਦੂਰ ਹੀ ਗਏ ਸਨ ਕਿ ਦੁਸ਼ਮਣਾਂ ਦੇ ਟਿੱਡੀ ਦਲ ਨੇ ਖਾਧੀਆਂ ਹੋਈਆਂ ਕਸਮਾਂ ਨੂੰ ਛਿੱਕੇ ਤੇ ਟੰਗਦਿਆਂ ਸਿੱਖਾਂ ਉਪਰ ਹਮਲਾ ਬੋਲ ਦਿਤਾ। ਅੱਗੇ ਸਰਸਾ ਨਦੀ ਵੀ ਚੜ੍ਹੀ ਹੋਈ ਸੀ। ਮੈਦਾਨ-ਏ-ਜੰਗ ਵਿਚ ਸਰਸਾ ਦੇ ਕੰਢੇ ਤੋਂ ਜਦੋਂ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਫਿਰ ਕਦੇ ਵੀ ਮੇਲ ਨਾ ਹੋ ਸਕਿਆ ਤਾਂ ਪ੍ਰਵਾਰ ਨਾਲੋਂ ਵੱਖ ਹੋਏ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਅਪਣੇ ਪਿੰਡ ਲੈ ਗਿਆ। ਪਰ ਲਾਲਚ ਵੱਸ ਆ ਕੇ ਛੋਟੇ ਸਾਹਿਬਜ਼ਾਦਿਆਂ ਦੀ ਸੂਹ ਮੋਰਿੰਡੇ ਦੇ ਥਾਣੇ ਵਿਚ ਜਾ ਕੇ ਸਮੇਂ ਦੀ ਜ਼ਾਲਮ ਸਰਕਾਰ ਨੂੰ ਦੇ ਦਿਤੀ ਕਿ 'ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਅਤੇ ਲਾਲ ਮੇਰੇ ਘਰ ਵਿਚ ਹਨ। ਤੁਸੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੋ ਅਤੇ ਸੂਹ ਦੇਣ ਬਦਲੇ ਰਖਿਆ ਇਨਾਮ ਮੈਨੂੰ ਦੇ ਦੇਵੋ।' ਜਿਸ ਦੀ ਬਦੌਲਤ ਮਾਤਾ ਗੁਜਰੀ ਜੀ ਅਤੇ ਮਾਸੂਮ ਜਿੰਦਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਦਸੰਬਰ ਮਹੀਨੇ ਦੀ ਠੰਢੀ ਰਾਤ ਸੀ ਜਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ਅੰਦਰ ਕੈਦ ਕੀਤਾ ਗਿਆ ਸੀ।

ਜਦੋਂ ਅਗਲੇ ਦਿਨ ਮਾਸੂਮ ਜਿੰਦਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖ਼ਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜ਼ਾ ਬੰਦ ਕਰਵਾ ਦਿਤਾ ਅਤੇ ਛੋਟੀ ਖਿੜਕੀ ਖੋਲ੍ਹ ਦਿਤੀ ਤਾਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਨ੍ਹਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀ ਤਾੜੀ ਮਾਰ ਕੇ ਆਖਾਂਗੇ ਕਿ 'ਗੁਰੂ ਦਾ ਸਿੱਖ ਝੁਕ ਗਿਆ।' ਪਰ ਇਸ ਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਦਾਖ਼ਲ ਹੋਣ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਅਪਣੇ ਪੈਰ ਅੰਦਰ ਕੀਤੇ ਫਿਰ ਸੀਸ ਅਤੇ ਛਾਤੀ ਤਾਣ ਕੇ ਗੱਜ ਕੇ ਫ਼ਤਹਿ ਬੁਲਾ ਦਿਤੀ। ਕੋਲ ਖੜੇ ਸੁੱਚਾ ਨੰਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਕਹਿਣ ਲੱਗਾ, “ਓਏ! ਇਹ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ। ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁਕ ਕੇ ਸਲਾਮ ਕਰੋ।”

ਸਾਹਿਬਜ਼ਾਦਿਆਂ ਦਾ ਜਵਾਬ ਸੀ, “ਸਾਨੂੰ ਪਤਾ ਹੈ, ਪਰ ਇਹ ਗੁਰੂ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ, ਗੱਜ ਕੇ ਫ਼ਤਹਿ ਹੀ ਬੁਲਾਉਣੀ ਹੈ।''ਕਹਿੰਦੇ ਨੇ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਜੇਕਰ ਕਿਸੇ ਦਾ ਈਮਾਨ ਡੁਲਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲਾਇਆ ਜਾਂਦਾ ਹੈ। ਪਹਿਲਾਂ ਕਿਸੇ ਨੂੰ ਬਹੁਤਾ ਪਿਆਰ ਕਰ ਲਵੋ ਤਾਂ ਉਹ ਡੋਲ ਜਾਂਦਾ ਹੈ। ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ। ਇਹ ਤਿੰਨੇ ਤਰੀਕੇ ਗੁਰੂ ਕੇ ਲਾਲਾਂ ਤੇ ਵੀ ਅਜ਼ਮਾਏ ਗਏ।ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁਛਿਆ ਗਿਆ ਕਿ, ''ਬੱਚਿਉ! ਜੇ ਤੁਹਾਨੂੰ ਛੱਡ ਦਿਤਾ ਜਾਵੇ ਤਾਂ ਤੁਸੀ ਵੱਡੇ ਹੋ ਕੇ ਕੀ ਕਰੋਗੇ?''ਲਾਲ ਕਹਿਣ ਲੱਗੇ, “ਵਿਚ ਜੰਗਲਾਂ ਜਾਵਾਂਗੇ, ਸਿੱਖਾਂ ਨੂੰ ਜੋੜ ਲਿਆਵਾਂਗੇ (ਭਾਵ ਇਕੱਠੇ ਕਰਾਂਗੇ)। ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਉਪਰ ਚੜ੍ਹਾਂਗੇ, ਨਾਲ ਤੁਹਾਡੇ ਲੜਾਂਗੇ।”

ਇਸ ਤੇ ਦਰਬਾਰੀ ਕਹਿਣ ਲੱਗੇ ਕਿ 'ਇਹ ਸਪੋਲੀਏ ਹਨ, ਇਨ੍ਹਾਂ ਨੂੰ ਜਿਉਂਦਿਆਂ ਨਹੀਂ ਛਡਣਾ ਚਾਹੀਦਾ।'ਪਰ ਫਿਰ ਇਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ, ''ਤੁਸੀ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿਤਾ ਜਾਵੇਗਾ, ਇਸ ਲਈ ਜ਼ਿੰਦਗੀ ਜਿਊਣ ਲਈ ਸਿੱਖੀ ਦਾ ਤਿਆਗ ਕਰ ਦਿਉ।” ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ, ''ਦਸਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ, ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ, ਅੰਦਰੋਂ ਫੌਲਾਦ ਦੇ ਬਣੇ ਹੋਏ ਹਾਂ।”

ਤਾਂ ਵਜ਼ੀਰ ਖ਼ਾਂ ਕਹਿਣ ਲੱਗਾ, “ਤੁਸੀ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿਤਾ ਜਾਵੇਗਾ।'' ਤਾਂ ਗੁਰੂ ਕੇ ਲਾਲ ਕਹਿਣ ਲੱਗੇ, “ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦੇਵੀਂ, ਅਸੀ ਸ਼ਹੀਦੀ ਤੋਂ ਡਰਨ ਵਾਲੇ ਨਹੀਂ। ਅਸੀ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ।
ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ, ਔਹ ਵੇਖ ਲੈ ਆਰੇ ਦੇ ਦੰਦੇ।”
ਤਾਂ ਅੱਗੋਂ ਜਵਾਬ ਸੀ, “ਮਤੀ ਦਾਸ ਦੇ ਸਿਰ ਤੇ ਐ ਜ਼ਾਲਮ, ਇਹ ਦੰਦੇ ਅਜ਼ਮਾ ਕੇ ਵੇਖ ਲਏ ਨੇ।”
ਵਜ਼ੀਰ ਖਾਂ ਫਿਰ ਕਹਿਣ ਲੱਗਾ, ''ਸੋਚ ਫ਼ਤਹਿ ਸਿੰਘ ਸੋਚ, ਨਹੀਂ ਤਾਂ ਮੱਛੀ ਵਾਂਗ ਲੋਹ ਤੇ ਤਲਸਾਂ।”
ਤਾਂ ਅਗੋਂ ਜਵਾਬ ਸੀ, “ਓਏ ਮੇਰੇ ਬਾਬੇ ਅਰਜਨ ਨੇ, ਇਸ ਤੇ ਵੀ ਅੰਗ ਤਲਵਾ ਕੇ ਵੇਖ ਲਏ ਨੇ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ ਦੇਗਾਂ ਵਿਚ ਆਲੂਆਂ ਵਾਂਗ ਉਬਾਲੇ ਜਾਸੋ।”
ਅੱਗੋਂ ਜਵਾਬ ਆਇਆ, “ਓਏ ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਵੇਖ ਲਏ ਨੇ।”
ਸਾਹਿਬਜ਼ਾਦੇ ਕਹਿਣ ਲੱਗੇ, “ਤੂੰ ਜਿੰਨਾ ਮਰਜ਼ੀ ਜ਼ੁਲਮ ਕਰ ਲੈ, ਪਰ ਸਾਨੂੰ ਅਪਣੀ ਈਨ ਨਹੀਂ ਮਨਵਾ ਸਕਦਾ, ਅਸੀ ਕਿਸੇ ਵੀ ਹਾਲਤ ਵਿਚ ਸਿੱਖੀ ਨਹੀਂ ਛੱਡਾਂਗੇ। ਅਸੀ ਸਿੱਖ ਹਾਂ ਅਤੇ ਆਪਾ ਮਿਟਾ ਕੇ ਗੁਰੂ ਦੇ ਵਿਚ ਲੀਨ ਹੋਵਾਂਗੇ ਕਿਉਂਕਿ ਜੋ ਸਿੱਖ ਉਸ ਨੇ ਅਪਣਾ ਤਨ, ਮਨ ਅਤੇ ਧਨ ਗੁਰੂ ਨੂੰ ਹੀ ਅਰਪਣ ਕਰਨਾ ਹੈ ਅਤੇ ਸਿਰਫ਼ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਹੀ ਸਤਿ ਸਤਿ ਕਰ ਕੇ ਮੰਨਣਾ ਹੈ।''

ਸਾਹਿਬਜ਼ਾਦੇ ਜੋਸ਼ ਵਿਚ ਆ ਕੇ ਕਹਿਣ ਲੱਗੇ, ''ਤੁਸੀ ਵੀ ਸਾਡੀ ਇਕ ਗੱਲ ਕੰਨ ਖੋਲ੍ਹ ਕੇ ਸੁਣ ਲਵੋ। ਜੇ ਤੁਸੀ ਖ਼ਾਨਦਾਨੀ ਜੱਲਾਦ ਹੋ ਨਾ, ਤਾਂ ਫਿਰ ਅਸੀ ਵੀ ਖ਼ਾਨਦਾਨੀ ਸ਼ਹੀਦ ਹਾਂ। ਤੁਸੀ ਚੁੱਪ ਕਰ ਕੇ ਅਪਣਾ ਕੰਮ ਕਰੀ ਜਾਵੋ।''
ਜਦੋਂ ਕੰਧ ਛਾਤੀ ਤਕ ਅੱਪੜ ਗਈ ਤਾਂ ਆਰਜ਼ੀ ਢਾਂਚਾ ਧੜੱਮ ਡਿੱਗ ਪਿਆ ਅਤੇ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕਢਿਆ ਗਿਆ, ਜੋ ਮੁੜ ਕਦੇ ਹੋਸ਼ ਵਿਚ ਨਾ ਆਏ। ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਵੀ ਅੱਤ ਦੀ ਠੰਢ ਵਿਚ ਸਾਹਿਬਜ਼ਾਦਿਆਂ ਬਾਰੇ ਖ਼ਬਰ ਸੁਣ ਕੇ ਅਪਣੇ ਪ੍ਰਾਣ ਤਿਆਗ ਚੁੱਕੇ ਸਨ। ਹਸਦਿਆਂ-ਹਸਦਿਆਂ ਦੋਵੇਂ 6 ਅਤੇ 8 ਸਾਲ ਦੀ ਉਮਰ ਦੇ ਮਾਸੂਮ ਪਰ ਵੱਡੇ ਕਾਰਨਾਮੇ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸ਼ਹੀਦੀਆਂ ਪਾ ਗਏ। ਪਰ ਜ਼ਾਲਮ ਸਰਕਾਰ ਅਤੇ ਸਿੱਖੀ ਦੇ ਦੁਸ਼ਮਣਾਂ ਦੀ ਗੱਲ ਨਹੀਂ ਮੰਨੀ ਅਤੇ ਉਨ੍ਹਾਂ ਦਾ ਸੁਪਨਾ ਕਦੇ ਵੀ ਪੂਰਾ ਨਾ ਹੋਣ ਦਿਤਾ।ਮਹਾਨ ਪਛਮੀ ਵਿਦਵਾਨ ਮਿਸਟਰ ਟਰੰਪ ਨੇ ਇਸ ਤੋਂ ਪ੍ਰਭਾਵਤ ਹੋ ਕੇ ਦਾਅਵੇ ਨਾਲ ਕਹਿ ਦਿਤਾ ਸੀ ਕਿ ਜਦ ਤਕ ਸਿੱਖਾਂ ਕੋਲ ਇਹ ਜ਼ਮੀਨ ਹੈ, ਓਨਾ ਚਿਰ ਸਿੱਖ ਧਰਮ ਡੋਲ ਨਹੀਂ ਸਕਦਾ, ਕਦੇ ਮਿਟ ਨਹੀਂ ਸਕਦਾ। ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਕਿਹੜੀ ਜ਼ਮੀਨ ਬਾਰੇ ਕਹਿ ਰਹੇ ਹੋ? ਤਾਂ ਉਸ ਨੇ ਜਵਾਬ ਵਿਚ ਕਿਹਾ, ''ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਮਾਸੂਮ ਬਾਲ ਦੀਵਾਰ ਵਿਚ ਚਿਣੇ ਗਏ ਸਨ ਅਤੇ ਦੂਜੀ ਉਹ ਜਿੱਥੇ ਮਾਤਾ ਗੁਜਰੀ ਸਮੇਤ ਉਨ੍ਹਾਂ ਦੇ ਸ੍ਰੀਰਾਂ ਦਾ ਸਸਕਾਰ ਟੋਡਰ ਮੱਲ ਨੇ ਹਾਕਮ ਤੋਂ ਮੋਹਰਾਂ ਵਿਛਾ ਕੇ ਥਾਂ ਮੁੱਲ ਲੈ ਕੇ ਕੀਤਾ ਸੀ।''

ਸਾਕਾ ਸਰਹੰਦ ਨੇ ਇਤਿਹਾਸ ਨੂੰ ਇਕ ਨਵਾਂ ਮੋੜ ਦਿਤਾ। ਇਹ ਸਾਕਾ ਮੁਗ਼ਲ ਹਕੂਮਤ ਨੂੰ ਬਹੁਤ ਮਹਿੰਗਾ ਪਿਆ। ਇਹ ਸਾਕਾ ਸਰਹੰਦ ਦਾ ਹੀ ਪ੍ਰਤੀਕਰਮ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਅਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ ਕੇ, ਦੋਸ਼ੀਆਂ ਨੂੰ ਅਪਣੇ ਪਾਪਾਂ ਦੀ ਸਜ਼ਾ ਦੇਣ ਲਈ, ਪੰਜਾਬ ਦੇ ਇਤਿਹਾਸਕ ਰੰਗਮੰਚ ਤੇ ਅਚਾਨਕ ਇਕ ਨਾਇਕ ਦੇ ਤੌਰ ਤੇ ਉਭਰ ਕੇ ਸਾਹਮਣੇ ਆਇਆ। ਜਿੱਤਾਂ ਦੇ ਇਕ ਲੰਮੇ ਸਿਲਸਲੇ ਅਤੇ ਹਰ ਮੈਦਾਨ ਫ਼ਤਹਿ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹੰਦ ਵਲ ਵਾਂਗਾਂ ਮੋੜੀਆਂ।

ਬੰਦਾ ਸਿੰਘ ਬਹਾਦਰ ਨੇ  ਸਰਹੰਦ ਤੋਂ 12 ਮੀਲ ਦੀ ਵਿੱਥ ਤੇ ਚੱਪੜਚਿੜੀ ਮੈਦਾਨ ਆ ਮੱਲਿਆ। 12 ਮਈ 1710 ਨੂੰ ਸੂਬੇਦਾਰ ਵਜ਼ੀਰ ਖਾਂ ਦੀ ਫ਼ੌਜ ਨਾਲ ਘਮਸਾਨ ਦਾ ਯੁੱਧ ਹੋਇਆ। ਇਸ ਯੁੱਧ ਵਿਚ ਸਾਕਾ ਸਰਹੰਦ ਦਾ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖ਼ਾਂ ਮਾਰਿਆ ਗਿਆ। ਇਸ ਤਰ੍ਹਾਂ ਸਿੱਖਾਂ ਦੀ ਜਿੱਤ ਹੋਈ ਅਤੇ ਇਸ ਜਿੱਤ ਤੋਂ ਬਾਅਦ ਸਿੱਖਾਂ ਨੇ ਮੁੜ ਕੇ ਪਿਛੇ ਵਲ ਨਹੀਂ ਵੇਖਿਆ।ਇਸ ਚੜ੍ਹਤ ਦੌਰਾਨ ਬੰਦਾ ਸਿੰਘ ਬਹਾਦਰ ਨੇ ਸੁਤੰਤਰ ਸਿੱਖ ਰਾਜ ਦਾ ਐਲਾਨ ਕਰ ਦਿਤਾ ਅਤੇ ਗੁਰੂ ਸਾਹਿਬਾਨ ਦੇ ਨਾਂ ਦਾ ਸਿੱਕਾ ਜਾਰੀ ਕੀਤਾ। ਇਹ ਸਾਕਾ ਸਰਹਿੰਦ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਸੰਭਵ ਹੋ ਸਕਿਆ ਕਿ ਸਿੱਖਾਂ ਨੇ ਹਿੰਦੁਸਤਾਨ ਤੇ ਚੱਲੀ ਆ ਰਹੀ ਸਦੀਆਂ ਦੀ ਗ਼ੁਲਾਮੀ ਤੋਂ ਬਾਅਦ ਮੁਗਲਾਂ ਤੇ ਜਿੱਤ ਪ੍ਰਾਪਤ ਕਰ ਕੇ ਗਜ਼ਨਵੀ, ਤੈਮੂਰ ਅਤੇ ਬਾਬਰ ਦੇ ਖ਼ਾਨਦਾਨ ਵਿਚੋਂ ਅਖਵਾਉਣ ਵਾਲਿਆਂ ਦੀ ਆਨ ਅਤੇ ਸ਼ਾਨ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿਤਾ। 

ਹੁਣ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਹੰਦ ਦੀ ਉਹ ਖ਼ੂਨੀ ਦੀਵਾਰ ਸਿੱਖ ਰਾਜ ਦਾ ਨੀਂਹ ਪੱਥਰ ਹੋ ਨਿਬੜੀ। ਅੱਜ ਵੀ ਸਾਕਾ ਸਰਹੰਦ ਸਿੱਖਾਂ ਲਈ ਸ਼ਕਤੀ ਦਾ ਇਕ ਸੋਮਾ ਹੈ।ਗੁਰੂ ਜੀ ਦੇ ਸਿੰਘਾਂ ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕੁੱਝ ਸਾਲਾਂ ਵਿਚ ਹੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਜ਼ਾਲਮ ਰਾਜ ਦਾ ਅੰਤ ਕਰ ਦਿਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖ਼ਾਲਸਾ ਰਾਜ ਦੀ ਨੀਂਹ ਰੱਖੀ ਗਈ। ਸੰਸਾਰ ਵਿਚ ਪਹਿਲੀ ਵਾਰ ਲੋਕ ਰਾਜ ਸਥਾਪਤ ਹੋਇਆ। ਪੰਦਰਾਂ ਸਾਲਾਂ ਵਿਚ ਹੀ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਾ ਦਿਤਾ ਸੀ। ਇਕ ਸਦੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਪਰ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੀ ਹੁੰਦਾ ਰਿਹਾ। ਸਿੱਖ ਇਤਿਹਾਸ ਹੀ ਅਜਿਹਾ ਹੈ ਜਿਹੜਾ ਸ਼ਹੀਦੀਆਂ ਦੀ ਗਾਥਾ ਹੈ, ਮਨੁੱਖੀ ਹੱਕਾਂ ਦੀ ਰਾਖੀ ਦਾ ਬਿਰਤਾਂਤ ਹੈ, ਸੱਚ, ਹੱਕ ਅਤੇ ਲੋਕਰਾਜ ਦੀ ਸਥਾਪਤੀ ਦਾ ਨਿਸ਼ਾਨ ਹੈ।ਪਰ ਬਹੁਤ ਅਫ਼ਸੋਸ ਹੈ ਕੌਮ ਦੇ ਵਾਰਿਸ ਐ ਨੌਜੁਆਨ ਵੀਰੋ ਅਤੇ ਭੇਣੋਂ। ਅੱਜ ਸ਼ੀਸ਼ੇ ਅੱਗੇ ਖੜੇ ਹੋ ਕੇ ਅਪਣੀਆਂ ਸ਼ਕਲਾਂ ਵੇਖੋ ਕੀ ਤੁਸੀ ਸੱਚਮੁਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਵੀਰ ਅਤੇ ਭੈਣਾਂ ਅਖਵਾਉਣ ਦੇ ਹੱਕਦਾਰ ਹੋ? ਅੱਜ ਤੁਸੀ ਅਪਣੇ ਕੇਸ-ਦਾੜ੍ਹੀਆਂ ਕਤਲ ਅਤੇ ਰੋਮਾਂ ਦੀ ਬੇਅਦਬੀ ਕਰ ਕੇ ਅਤੇ ਨਸ਼ਿਆਂ ਵਿਚ ਗਲਤਾਨ ਹੋ ਕੇ ਅਪਣੇ ਅਮੀਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੋ। ਏਨੇ ਅਮੀਰ ਵਿਰਸੇ ਦੀ ਮਾਲਿਕ ਸਿੱਖੀ ਅੱਜ ਗ਼ਰੀਬ ਕਿਉਂ ਹੁੰਦੀ ਜਾ ਰਹੀ ਹੈ? ਆਜਾ ਵਾਪਸ ਅਤੇ ਮੁੜ ਸਾਬਤ ਸੂਰਤ ਅਤੇ ਸਿਰ ਸੋਹਣੀ ਦਸਤਾਰ ਸਜਾ ਕੇ ਸਿੱਖ ਹੋਣ ਤੇ ਮਾਣ ਕਰੀਏ ਅਤੇ ਸਾਹਿਬਜ਼ਾਦਿਆਂ ਦੇ ਵੀਰ ਕਹਾਉਣ ਦਾ ਹੱਕ ਹਾਸਿਲ ਕਰੀਏ। ਆਉ! ਸ਼ਾਹਿਬਜ਼ਾਦਿਆਂ ਦੀ ਸਿਖਿਆ ਨੂੰ ਹਿਰਦੇ ਵਿਚ ਵਸਾਈਏ ਕਿਉਂਕਿ ਉਹ ਕੌਮਾਂ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਪੈਰੋਕਾਰ ਧਰਮ ਲਈ ਕੁਰਬਾਨੀਆਂ ਕਰ ਜਾਂਦੇ ਹਨ:

ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ,
ਵੀਰ ਜਿਨ੍ਹਾਂ ਦੇ ਘਾਲਣਾ ਘਾਲਦੇ ਨੇ।
ਛੰਨੇ ਦੇ ਫੜ੍ਹ ਕੇ ਪੁੱਤਰ ਜਿਸ ਦੇ,
ਅਪਣੀ ਕੌਮ ਨੂੰ ਅੰਮ੍ਰਿਤ ਪਿਲਾਂਵਦੇ ਨੇ।