ਦਲਿਤ ਤਾਂ ਸੰਗਠਤ ਹੋਣੇ ਹੀ ਹੋਣੇ ਹਨ ਪਰ ਅਖੌਤੀ ਉਚ ਜਾਤੀਆਂ ਨੂੰ, ਹੋਣ ਵਾਲੇ ਨੁਕਸਾਨ ਬਾਰੇ ਸੋਚ ਕੇ ਡਰਦੇ ਮਾਰੇ ਡੰਡਾ ਨਹੀਂ ਚੁਕ ਲੈਣਾ ਚਾਹੀਦਾ

ਵਿਚਾਰ, ਸੰਪਾਦਕੀ

ਕਲ ਹੀ ਇਕ ਦਲਿਤ ਨੂੰ ਗੁਜਰਾਤ ਵਿਚ 15 ਪੁਲਿਸ ਅਫ਼ਸਰਾਂ ਦੇ ਜੁੱਤੇ ਚੱਟਣ ਵਾਸਤੇ ਮਜਬੂਰ ਕੀਤਾ ਗਿਆ ਕਿਉਂਕਿ ਉਹ ਦਲਿਤ ਹੈ। ਅਜਿਹੀ ਹਾਲਤ ਵਿਚ, ਸੜਕਾਂ ਤੇ ਅਪਣਾ ਰੋਸ ਲੈ ਕੇ ਨਿਕਲਣ ਅਤੇ ਦੇਸ਼ ਦਾ ਜ਼ਮੀਰ ਜਗਾਉਣ ਦੀ ਕੋਸ਼ਿਸ਼ ਕਰਦੀ ਦਲਿਤ ਮਾਨਸਿਕਤਾ ਦੀ ਸਮਝ ਵੀ ਆ ਸਕਦੀ ਹੈ। ਪਰ ਸਮਝ ਨਹੀਂ ਆਉਂਦੀ ਤਾਂ ਇਹ ਗੱਲ ਕਿ ਇਕ ਤਾਕਤਵਰ ਬਹੁਗਿਣਤੀ, ਏਨੀ ਘਬਰਾ ਕਿਉਂ ਗਈ ਹੈ ਕਿ ਅਪਣੇ ਡਰ ਨੂੰ ਛੁਪਾਉਣ ਲਈ ਉਹ ਹੁਣ ਸੰਵਿਧਾਨ ਨੂੰ ਬਦਲਣ ਦੀ ਗੱਲ ਵੀ ਕਰਨ ਲੱਗ ਪਈ ਹੈ?

ਭੀਮਾ ਕੋਰੇਗਾਉਂ ਲੜਾਈ ਦੀ ਯਾਦ ਵਿਚ ਯਾਦਗਾਰੀ ਦਿਨ ਮਨਾਇਆ ਜਾਣਾ, ਭਾਰਤ ਵਿਚ ਇਸ ਸਾਲ ਤੋਂ ਨਹੀਂ ਬਲਕਿ ਪਿਛਲੇ 25 ਸਾਲਾਂ ਤੋਂ ਜਾਰੀ ਹੈ। ਮਾਹਾਰ ਦਲਿਤ ਫ਼ੌਜੀਆਂ ਦੀ ਪੇਸ਼ਵਾਵਾਂ ਉਤੇ ਜਿੱਤ ਤੇ ਮਾਣ ਕਰਨ ਵਾਲੇ ਪਹਿਲੇ ਆਗੂ ਡਾ. ਭੀਮ ਰਾਉ ਅੰਬੇਦਕਰ ਸਨ। ਉਸ ਤੋਂ ਬਾਅਦ ਦਲਿਤਾਂ ਦਾ ਮਨੋਬਲ ਉੱਚਾ ਚੁੱਕਣ ਵਾਸਤੇ ਇਸ ਯਾਦਗਾਰ ਦਾ ਸਾਲਾਨਾ ਜਸ਼ਨ ਮਨਾਇਆ ਜਾਣਾ ਸ਼ੁਰੂ ਹੋ ਗਿਆ। ਇਸ ਸਾਲ ਨਾਲੋਂ ਪਿਛਲੇ 25 ਸਾਲਾਂ ਵਿਚਲਾ ਫ਼ਰਕ ਇਹੀ ਸੀ ਕਿ ਹੁਣ ਤੋਂ ਪਹਿਲਾਂ ਇਹ ਜਸ਼ਨ ਸ਼ਾਂਤੀ ਨਾਲ ਸੰਪੂਰਨ ਹੁੰਦਾ ਰਿਹਾ ਸੀ ਅਤੇ ਕਿਸੇ ਨੂੰ ਇਸ ਜਸ਼ਨ ਤੇ ਕੋਈ ਇਤਰਾਜ਼ ਨਹੀਂ ਸੀ ਹੁੰਦਾ।ਪਰ ਅੱਜ ਬਹੁਗਿਣਤੀ ਕੌਮ ਕਿਉਂ ਏਨੀ ਘਬਰਾ ਗਈ ਹੈ ਕਿ ਉਹ ਇਸ ਜਸ਼ਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ? ਮਹਾਰਾਸ਼ਟਰ ਇਸ ਦੇ ਡਰ ਹੇਠ ਹਿੰਸਾ ਵਿਚ ਸਹਿਮ ਗਿਆ ਹੈ ਅਤੇ ਦੋ ਨੌਜੁਆਨ ਅਪਣੀ ਜਾਨ ਗਵਾ ਚੁੱਕੇ ਹਨ। ਪੁਲਿਸ ਇਸ ਗੁੱਸੇ ਨੂੰ ਕਾਬੂ ਨਹੀਂ ਕਰ ਸਕੀ ਅਤੇ ਪੂਰੇ ਮਹਾਰਾਸ਼ਟਰ ਨੂੰ ਇਸ ਦੀ ਕੀਮਤ ਚੁਕਾਣੀ ਪਈ ਹੈ। 

ਪਰ ਕੀ ਹੁਣ ਦੇਸ਼, ਇਸ ਗੁੱਸੇ ਦੀ ਅੱਗ ਵਿਚ ਸੁਲਗਣ ਲੱਗ ਪਿਆ ਹੈ? ਦਲਿਤਾਂ ਦਾ ਗੁੱਸਾ ਸਮਝ ਵਿਚ ਆਉਂਦਾ ਹੈ ਕਿਉਂਕਿ ਪਿਛਲੇ ਤਿੰਨ ਸਾਲਾਂ ਵਿਚ ਵਿਕਾਸ ਤਾਂ ਦੂਰ ਦੀ ਗੱਲ ਹੈ, ਕੁੱਝ ਕੱਟੜ ਸੰਸਥਾਵਾਂ ਵਲੋਂ ਅਜਿਹੇ ਹਾਦਸਿਆਂ ਨੂੰ ਅੰਜਾਮ ਦਿਤਾ ਗਿਆ ਜਿਨ੍ਹਾਂ ਨੇ ਭਾਰਤ ਦੀ ਸੋਚ ਉਤੇ ਹੀ ਸਵਾਲ ਖੜੇ ਕਰ ਦਿਤੇ ਹਨ। ਜਦ ਦਲਿਤਾਂ ਨੂੰ ਗਊ ਮਾਸ ਨਾਲ ਸਬੰਧਤ ਕੰਮ ਕਰਨ ਦੀ ਜ਼ਿੰਮੇਵਾਰੀ ਸਦੀਆਂ ਤੋਂ ਸੌਂਪੀ ਗਈ ਹੋਈ ਸੀ ਤਾਂ ਸਦੀਆਂ ਤੋਂ ਪ੍ਰਵਾਨਤ ਕੰਮ ਕਰਨ ਬਦਲੇ ਉਨ੍ਹਾਂ ਨੂੰ ਮਾਰਿਆ ਕੁਟਿਆ ਕਿਉਂ ਗਿਆ ਅਤੇ ਸੱਭ ਤੋਂ ਬੁਰੀ ਗੱਲ ਕਿ ਕਿਸੇ ਆਗੂ ਦੇ 'ਮਨ ਕੀ ਬਾਤ' ਵਿਚ ਉਫ਼ ਤਕ ਕਿਉਂ ਨਾ ਸੁਣਾਈ ਦਿਤੀ? ਦਲਿਤਾਂ ਨੂੰ ਪਿਛਲੇ ਤਿੰਨ ਸਾਲਾਂ ਵਿਚ ਬਹੁਤ ਮਾਰਿਆ ਗਿਆ। 

ਉਨ੍ਹਾਂ ਦੇ ਵੀਡੀਉ ਬਣਾ ਕੇ ਬਾਕੀਆਂ ਨੂੰ ਡਰਾਉਣ ਦਾ ਯਤਨ ਕੀਤਾ ਗਿਆ, ਰੋਹਿਤ ਵੇਮੁਲਾ ਵਰਗੇ ਵਿਦਿਆਰਥੀਆਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਮੰਤਰੀਆਂ ਨੂੰ ਉਸੇ ਵਿਸ਼ੇ ਤੇ ਸੰਸਦ ਵਿਚ ਝੂਠ ਬੋਲਣ ਦੀ ਇਜਾਜ਼ਤ ਦਿਤੀ ਗਈ, ਤਾਂ ਦਲਿਤਾਂ ਅੰਦਰ ਉਠਿਆ ਰੋਸ ਸਮਝ ਵਿਚ ਆਉਂਦਾ ਹੀ ਹੈ। ਕਲ ਹੀ ਇਕ ਦਲਿਤ ਨੂੰ ਗੁਜਰਾਤ ਵਿਚ 15 ਪੁਲਿਸ ਅਫ਼ਸਰਾਂ ਦੇ ਜੁੱਤੇ ਚੱਟਣ ਵਾਸਤੇ ਮਜਬੂਰ ਕੀਤਾ ਗਿਆ ਕਿਉਂਕਿ ਉਹ ਦਲਿਤ ਹੈ। ਅਜਿਹੀ ਹਾਲਤ ਵਿਚ, ਸੜਕਾਂ ਤੇ ਅਪਣਾ ਰੋਸ ਲੈ ਕੇ ਨਿਕਲਣ ਅਤੇ ਦੇਸ਼ ਦੀ ਜ਼ਮੀਰ ਜਗਾਉਣ ਦੀ ਕੋਸ਼ਿਸ਼ ਕਰਦੀ ਦਲਿਤ ਮਾਨਸਿਕਤਾ ਵਿਚ ਗ਼ਲਤ ਕੀ ਹੈ?ਪਰ ਸਮਝ ਨਹੀਂ ਆਉਂਦੀ ਤਾਂ ਇਹ ਗੱਲ ਕਿ ਇਕ ਤਾਕਤਵਰ ਬਹੁਗਿਣਤੀ ਏਨੀ ਘਬਰਾ ਕਿਉਂ ਗਈ ਹੈ ਕਿ ਅਪਣੇ ਡਰ ਨੂੰ ਛੁਪਾਉਣ ਲਈ ਉਹ ਹੁਣ ਸੰਵਿਧਾਨ ਨੂੰ ਬਦਲਣ ਦੀ ਗੱਲ ਵੀ ਕਰਨ ਲੱਗ ਪਈ ਹੈ? ਉਹ ਕਹਿੰਦੇ ਹਨ ਕਿ ਭਾਰਤ ਇਕ ਹਿੰਦੂ ਰਾਸ਼ਟਰ ਬਣ ਕੇ ਰਹੇਗਾ। 

ਪਰ ਜੋ ਲੋਕ ਇਸ ਮੰਤਰ ਦਾ ਜਾਪ ਕਰ ਰਹੇ ਹਨ, ਉਹ ਹਿੰਦੂ ਧਰਮ ਦਾ ਪ੍ਰਚਾਰ ਨਹੀਂ ਕਰ ਰਹੇ ਕਿਉਂਕਿ ਹਿੰਦੂ ਫ਼ਲਸਫ਼ੇ ਵਿਚ ਸਹਿਣਸ਼ੀਲਤਾ ਨੂੰ ਉੱਚੀ ਥਾਂ ਦਿਤੀ ਗਈ ਸੀ। ਇਹ ਲੋਕ ਅਸਲ ਵਿਚ ਸਿਆਸਤਦਾਨਾਂ ਦੇ ਪਿਆਦੇ ਹਨ ਜੋ ਅਪਣੇ ਵਿਕਾਸ ਦੇ ਟੀਚੇ ਤੋਂ ਪਛੜ ਗਏ ਹਨ। ਹੁਣ ਹਾਰ ਮੰਨਣ ਦੀ ਥਾਂ ਉਨ੍ਹਾਂ 'ਹਿੰਦੂਤਵ' ਦੀ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ ਹੈ। ਜੋ ਲੋਕ ਅੱਜ ਕੱਟੜ ਬਣ ਕੇ ਦੂਜੇ ਧਰਮਾਂ ਜਾਂ 'ਨੀਚ' ਜਾਤਾਂ ਦੀ ਵਧਦੀ ਆਬਾਦੀ ਤੋਂ ਘਬਰਾਏ ਹੋਏ ਹਨ, ਉਹ ਅਸਲ ਵਿਚ ਅਪਣੇ ਆਰਥਕ ਦਬਦਬੇ ਦੇ ਖ਼ਾਤਮੇ ਬਾਰੇ ਸੋਚ ਕੇ ਘਬਰਾ ਜਾਂਦੇ ਹਨ। 

ਉਨ੍ਹਾਂ ਕੋਲ ਦੋ ਹੀ ਰਸਤੇ ਹਨ ਕਿ ਸਰਕਾਰ ਤੋਂ ਉਸ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਮੰਗਣ ਤੇ ਪੁੱਛਣ ਕਿ ਕਿੱਥੇ ਗਿਆ 2 ਕਰੋੜ ਨੌਕਰੀਆਂ ਦਾ ਵਾਅਦਾ, ਕਾਲੇ ਧਨ ਦੀ ਵਾਪਸੀ ਤੇ ਸੱਭ ਦਾ ਵਿਕਾਸ? ਪਰ ਮਨ ਵਿਚ ਉਹ ਵੀ ਜਾਣਦੇ ਹਨ ਕਿ ਸਰਕਾਰਾਂ ਤੋਂ ਜਵਾਬ ਨਾ ਪੁੱਛੇ ਜਾ ਸਕਦੇ ਹਨ ਅਤੇ ਨਾ ਹੀ ਉਹ ਜਵਾਬ ਦੇਣ ਵਾਲੇ ਹਨ। ਸੋ ਇਹ ਘਬਰਾਏ ਹੋਏ ਲੋਕ ਕੁੱਝ ਵਰਗਾਂ ਨੂੰ ਦੁਸ਼ਮਣ ਗਰਦਾਨ ਕੇ ਉਨ੍ਹਾਂ ਨੂੰ ਦਬਾਈ ਰਖਣਾ ਚਾਹੁੰਦੇ ਹਨ ਤਾਕਿ ਉਨ੍ਹਾਂ ਦੀ ਰੋਜ਼ੀ ਰੋਟੀ ਖ਼ਤਰੇ ਵਿਚ ਨਾ ਪਵੇ।ਪਰ ਇਸ ਸੋਚ ਨੂੰ ਫੈਲਾਉਣ ਵਾਲੇ ਅਤੇ ਇਸ ਦੀ ਹਮਾਇਤ ਕਰਨ ਵਾਲੇ ਨਹੀਂ ਸਮਝਦੇ ਕਿ ਇਸ ਨਾਲ ਵਿਕਾਸ ਨਹੀਂ ਹੋ ਸਕਦਾ। ਦੁਨੀਆਂ ਵਿਚ ਜਿਥੇ ਵੀ ਕੱਟੜ ਸੋਚ ਨੇ ਅਪਣਾ ਸਿਰ ਚੁਕਿਆ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਉਥੇ ਬਰਬਾਦੀ ਅਤੇ ਤਬਾਹੀ ਹੀ ਆਈ ਹੈ। ਜਦੋਂ ਤਕ ਸਹੀ ਸਵਾਲ ਪੁੱਛਣ ਦੀ ਹਿੰਮਤ ਨਹੀਂ ਕੀਤੀ ਜਾਵੇਗੀ, ਭਾਰਤ ਵਿਚ ਧਰਮ ਨਿਰਪੱਖਤਾ ਅਤੇ ਲੋਕਤੰਤਰ ਲਈ ਖ਼ਤਰਾ ਵਧਦਾ ਹੀ ਜਾਵੇਗਾ। ਪਰ ਨਾਸਮਝ ਨਹੀਂ ਸਮਝਦੇ ਕਿ ਉਸ ਦਾ ਨੁਕਸਾਨ ਸਾਰਿਆਂ ਨੂੰ ਹੀ ਭੁਗਤਣਾ ਪਵੇਗਾ। -ਨਿਮਰਤ ਕੌਰ