ਕਦੇ ਛਲੇਡਾ ਆ ਗਿਆ, ਕਦੇ ਨਲਕੇ ਵਿਚ ਅੰਮ੍ਰਿਤ ਜਲ, ਕਦੇ ਕਿਸੇ ਪਿੰਡ-ਸ਼ਹਿਰ ਦੀ ਸੁਨਸਾਨ ਪਈ ਕੋਠੀ ਵਿਚ ਚੁੜੇਲਾਂ ਦਾ ਵਾਸ, ਕਦੇ ਕਿਸੇ ਸਾਧ ਨੂੰ ਸੁਪਨੇ ਵਿਚ ਜ਼ਮੀਨ ਹੇਠਾਂ ਦਬਿਆ ਸੋਨਾ ਦਿਸਦਾ ਹੈ ਅਤੇ ਸਰਕਾਰ ਜ਼ਮੀਨ ਦੀ ਖੁਦਾਈ ਕਰਵਾਉਣ ਲੱਗ ਜਾਂਦੀ ਹੈ, ਕਦੇ ਬਿੱਜੂ ਦੀ ਦਹਿਸ਼ਤ ਅਤੇ ਪਿੱਛੇ ਜਹੇ ਪੈਦਾ ਹੋਇਆ ਗੁੱਤਾਂ ਕਟਣਾ ਭੂਤ ਜਿਸ ਦੇ ਕਹਿਰ ਤੋਂ ਬਚਣ ਲਈ ਜੋਤਸ਼ੀਆਂ, ਸਾਧਾਂ ਤੇ ਚੇਲਿਆਂ ਵਲੋਂ ਘਰਾਂ ਦੇ ਬੂਹਿਆਂ ਤੇ ਨਿੰਮ, ਨਿੰਬੂ, ਮਿਰਚਾਂ, ਮਹਿੰਦੀ ਤੇ ਹਲਦੀ ਦੇ ਰੱਪੇ ਲਗਵਾਉਣ ਦੇ ਨਾਲ-ਨਾਲ ਇਸ ਤੋਂ ਬਚਣ ਦੇ ਉਪਾਅ ਕਰਵਾਉਣ ਦੀ ਮੋਟੀ ਰਕਮ ਵਸੂਲੀ ਗਈ। ਇਹ ਸਾਰੇ ਭੂਤ ਸਾਡੇ ਦੇਸ਼ ਵਿਚ ਹੀ ਕਿਉਂ ਪੈਦਾ ਹੁੰਦੇ ਹਨ? ਅਜਿਹੀਆਂ ਅਫ਼ਵਾਹਾਂ ਪ੍ਰਤੀ ਕੁੱਝ ਅਗਾਂਹਵਧੂ ਵਿਚਾਰਧਾਰਾ ਵਾਲੇ ਲੋਕਾਂ ਦਾ ਤਾਂ ਇਹ ਕਹਿਣਾ ਹੈ ਕਿ ਜਦੋਂ ਕੋਈ ਮਸਲਾ ਸਮੇਂ ਦੀ ਸਰਕਾਰ ਦੇ ਗਲੇ ਦੀ ਹੱਡੀ ਬਣ ਜਾਵੇ ਤਾਂ ਕੁੱਝ ਸਰਕਾਰੀ ਏਜੰਸੀਆਂ ਵਲੋਂ ਇਥੇ ਵਸਦੇ ਵੱਡੀ ਗਿਣਤੀ ਅਨਪੜ੍ਹਾਂ ਤੋਂ ਇਲਾਵਾ ਪੜ੍ਹੇ-ਲਿਖੇ ਕਮਜ਼ੋਰ ਮਾਨਸਿਕਤਾ ਵਾਲੇ ਲੋਕਾਂ ਦਾ ਲਾਹਾ ਲੈ ਕੇ ਕੋਈ ਨਾ ਕੋਈ ਅਜਿਹੀ ਸ਼ੁਰਲੀ ਛੱਡੀ ਜਾਂਦੀ ਹੈ ਕਿ ਸੱਭ ਦਾ ਪੂਰੇ ਦਾ ਪੂਰਾ ਧਿਆਨ ਉਸੇ ਤੇ ਕੇਂਦਰਤ ਹੋ ਜਾਂਦਾ ਹੈ। ਲੋਕ ਮੁਦਿਆਂ ਤੋਂ ਭਟਕ ਜਾਂਦੇ ਹਨ ਅਤੇ ਸਰਕਾਰਾਂ ਅਪਣਾ ਉੱਲੂ ਸਿੱਧਾ ਕਰ ਜਾਂਦੀਆਂ ਹਨ। ਇਨ੍ਹਾਂ ਵਿਚੋਂ ਕੁੱਝ ਕੁ ਅਫ਼ਵਾਹਾਂ ਨੂੰ ਸਮੇਂ ਦੇ ਹਾਲਾਤ ਨਾਲ ਜੋੜ ਕੇ ਵੇਖਿਆ ਜਾਵੇ ਕਿ ਇਸ ਗੱਲ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ, ਸੱਚਮੁਚ ਸਰਕਾਰਾਂ ਦੀਆਂ ਘੜੀਆਂ-ਮਿਥੀਆਂ ਨੀਤੀਆਂ ਹੁੰਦੀਆਂ ਹਨ। ਅਜਿਹੀਆਂ ਅਫ਼ਵਾਹਾਂ ਤੇ ਅਮਲ ਕਰਨ ਵਾਲੇ ਲੋਕ ਜਿਥੇ ਅਪਣੇ ਹੱਕਾਂ ਦੀ ਬਲੀ ਦੇਂਦੇ ਹਨ, ਉਥੇ ਲੁੱਟ ਦਾ ਸ਼ਿਕਾਰ ਵੀ ਹੁੰਦੇ ਹਨ। 21ਵੀਂ ਸਦੀ 'ਚ ਜਿਥੇ ਦੁਨੀਆਂ ਦੇ ਛੋਟੇ-ਛੋਟੇ ਦੇਸ਼ ਵਿਗਿਆਨ ਦੇ ਯੁੱਗ ਵਿਚ ਆਧੁਨਿਕ ਤਕਨੀਕਾਂ ਰਾਹੀਂ ਤਰੱਕੀ ਦੇ ਰਾਹਾਂ ਵਲ ਤੇਜ਼ੀ ਨਾਲ ਵੱਧ ਰਹੇ ਹਨ, ਉਥੇ ਪਿਛਲੇ ਦਿਨੀਂ ਸਿਰ ਦੇ ਵਾਲ ਕਟਣੇ ਅਖੌਤੀ ਭੂਤ ਪਿੱਛੇ ਦੌੜਦੇ ਪੂਰੇ ਦੇਸ਼ ਨੂੰ ਵੇਖਦਿਆਂ, ਦੇਸ਼ ਨੂੰ ਮਹਾਨ ਅਤੇ ਖ਼ੁਸ਼ਹਾਲ ਬਣਾਉਣ ਦਾ ਢੰਡੋਰਾ ਪਿੱਟਣ ਵਾਲੇ ਦੇਸ਼ ਦੇ ਸਿਆਸਤਦਾਨਾਂ ਦੇ ਦਾਅਵਿਆਂ ਤੇ ਹਾਸਾ ਵੀ ਆਇਆ ਤੇ ਦੁੱਖ ਵੀ ਹੋਇਆ। ਜਿਸ ਦੇਸ਼ ਦੇ 98 ਫ਼ੀ ਸਦੀ ਲੋਕਾਂ ਦੇ ਦਿਲਾਂ ਵਿਚੋਂ ਅੱਜ ਤਕ ਅਖੌਤੀ ਭੂਤਾਂ-ਪ੍ਰੇਤਾਂ ਦਾ ਡਰ ਨਹੀਂ ਨਿਕਲਿਆ, ਉਸ ਦੇਸ਼ ਦੇ ਸਿਆਸਤਦਾਨਾਂ ਲਈ 'ਤਰੱਕੀ' ਸ਼ਬਦ ਵਰਤਣਾ ਵੀ ਸ਼ਰਮ ਵਾਲੀ ਗੱਲ ਹੈ।