ਧਾਰਮਕ ਆਗੂ, ਸਿਆਸੀ ਲੀਡਰਾਂ ਦੇ ਹੁਕਮ ਮੰਨਣ ਦੀ ਬਜਾਏ ਗੁਰੂ ਗ੍ਰੰਥ ਤੋਂ ਅਗਵਾਈ ਲਿਆ ਕਰਨ!

ਵਿਚਾਰ, ਸੰਪਾਦਕੀ

ਸਿੱਖਾਂ ਦੇ ਧਰਮ ਅਤੇ ਸਿਆਸਤ ਦਾ ਸੁਮੇਲ ਹੈ। ਅੱਜ ਦੀ ਗੰਧਲੀ ਹੋ ਚੁੱਕੀ ਸਿਆਸਤ ਨੇ ਧਰਮ ਤੇ ਭਾਰੂ ਹੋ ਕੇ ਇਸ ਸੁਮੇਲ ਨੂੰ ਵੀ ਗੰਧਲਾ ਕਰ ਦਿਤਾ ਹੈ। ਹੁਣ ਪੰਜਾਬ ਦਾ ਬੱਚਾ-ਬੱਚਾ ਜਾਣੂ ਹੋ ਚੁੱਕਾ ਹੈ ਕਿ ਪੰਜਾਬ ਦੇ ਅੱਜ ਜੋ ਹਾਲਾਤ ਹਨ, ਇਸ ਦੀ ਕਸੂਰਵਾਰ ਅਸਲ ਵਿਚ ਗੰਧਲੀ ਹੋ ਚੁੱਕੀ ਸਿਆਸਤ ਹੈ। ਜਿਸ ਸਮੇਂ ਇਸ ਸੁਮੇਲ ਨੂੰ ਬਣਾਇਆ ਗਿਆ, ਉਸ ਸਮੇਂ ਧਰਮ ਉਤੇ ਰਾਜਨੀਤੀ ਭਾਰੂ ਨਹੀਂ ਸੀ ਸਗੋਂ ਧਰਮੀ ਰਾਜਿਆਂ ਦਾ ਜਨਤਾ ਸਤਿਕਾਰ ਕਰਦੀ ਸੀ।
ਅੱਜ ਜੋ ਹਾਲਤ ਸਿੱਖ ਕੌਮ ਦੀ ਬਣਾ ਦਿਤੀ ਗਈ ਹੈ, ਇਸ ਵਿਚ ਸਿੱਖ ਕੌਮ ਦੇ ਧਾਰਮਕ ਅਤੇ ਸਿਆਸੀ ਆਗੂ ਦੋਵੇਂ ਮੁੱਖ ਰੂਪ ਵਿਚ ਜ਼ਿੰਮੇਵਾਰ ਹਨ। ਸ਼ਮੂਲੀਅਤ ਸੰਗਤ ਦੀ ਵੀ ਹੈ ਕਿਉਂਕਿ ਬਹੁਗਿਣਤੀ ਸਿੱਖ ਹੁਣ ਆਪ ਧਾਰਮਕ ਕਸਵੱਟੀ ਤੇ ਪੂਰੇ ਨਹੀਂ ਉਤਰਦੇ। ਅਜਿਹੇ ਸਮੇਂ ਤੇ ਮੁੱਖ ਜ਼ਿੰਮੇਵਾਰੀ ਧਾਰਮਕ ਆਗੂਆਂ ਦੀ ਬਣ ਜਾਂਦੀ ਹੈ ਭਾਵ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਹੋਰ ਚਾਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਸਮੇਤ, ਪ੍ਰਧਾਨ ਅਕਾਲੀ ਦਲ ਤੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਦੇ ਮੁਖੀ ਸਾਹਿਬਾਨ। ਇਨ੍ਹਾਂ ਵਿਚੋਂ ਅੱਜ ਦੇ ਸਿਆਸੀ ਆਗੂਆਂ ਨੂੰ ਕੱਢ ਕੇ ਭਾਵ ਪ੍ਰਧਾਨ ਅਕਾਲੀ ਦਲ ਤੋਂ ਬਿਨਾਂ ਬਾਕੀ ਸਾਰੇ ਹੀ ਧਾਰਮਕ ਰੁਤਬਿਆਂ ਉਤੇ ਬਿਰਾਜਮਾਨ ਆਗੂਆਂ ਦਾ ਕੌਮ ਦੇ ਸਤਿਕਾਰ ਪ੍ਰਤੀ ਰੋਲ ਉੱਚਾ ਅਤੇ ਸੁੱਚਾ ਹੋਣਾ ਚਾਹੀਦਾ ਹੈ ਜੋ ਅੱਜ ਨਹੀਂ ਰਿਹਾ। ਸੱਭ ਤੋਂ ਵੱਡੀ ਕਮਜ਼ੋਰੀ ਇਨ੍ਹਾਂ ਧਾਰਮਕ ਆਗੂਆਂ ਅੰਦਰ ਵੀ ਉਸੇ ਤਰ੍ਹਾਂ ਹੈ ਜਿਵੇਂ ਸਿਆਸੀ ਆਗੂਆਂ ਵਿਚ ਹੈ। ਜਥੇਦਾਰ ਸਾਹਿਬਾਨ ਜਿਹੜੇ ਅਹੁਦੇ ਤੋਂ ਫ਼ਾਰਗ਼ ਹੋ ਕੇ ਸੱਚ ਬੋਲਦੇ ਹਨ, ਉਸੇ ਤਰ੍ਹਾਂ ਫ਼ੈਸਲੇ ਲੈਣ ਸਮੇਂ ਅਹੁਦੇ ਉਤੇ ਬਿਰਾਜਮਾਨ ਹੁੰਦਿਆਂ ਕਿਉਂ ਨਹੀਂ ਬੋਲਦੇ? ਜਥੇਦਾਰਾਂ ਅੰਦਰ ਵੱਧ ਚੁੱਕੀ ਇਸ ਕਮਜ਼ੋਰੀ ਨੇ ਕੌਮ ਦਾ ਸਿਰ ਨੀਵਾਂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਿਆਸਤ ਬਾਰੇ ਤਾਂ ਹਰ ਕੋਈ ਜਾਣਦਾ ਹੈ ਕਿ ਇਹ ਗੰਧਲੀ ਹੋ ਚੁੱਕੀ ਹੈ ਪਰ ਕੌਮ ਦੇ ਧਾਰਮਕ ਉੱਚੇ ਅਹੁਦਿਆਂ ਤੇ ਬਿਰਾਜਮਾਨ ਸਿੱਖ ਆਗੂਓ, ਫਿਰ ਤੁਹਾਡੇ ਤੇ ਗੰਧਲੇ ਸਿਆਸੀ ਆਗੂਆਂ ਵਿਚ ਕੀ ਫ਼ਰਕ ਹੋਇਆ? ਜੇ ਤੁਸੀ ਅੱਜ ਵੀ ਫ਼ੈਸਲਾ ਲੈਣ ਸਮੇਂ ਉਨ੍ਹਾਂ ਸਿਆਸੀ ਆਗੂਆਂ ਤੋਂ ਇਸ਼ਾਰਾ ਭਾਲਦੇ ਹੋ, ਫਿਰ ਤਾਂ ਜੋ ਕੁੱਝ ਉਹ ਅਪਣੀ ਕੁਰਸੀ ਪ੍ਰਾਪਤੀ ਅਤੇ ਸਲਾਮਤੀ ਲਈ ਕਰਦੇ ਹਨ, ਉਹੀ ਕੁੱਝ ਤੁਸੀ ਕਰਦੇ ਹੋ। ਆਮ ਕਿਹਾ ਜਾਂਦਾ ਹੈ ਕਿ ਵੱਡੀ ਗਿਣਤੀ ਵਿਚ ਸਿੱਖ ਡੇਰਾਵਾਦ ਨਾਲ ਜੁੜ ਚੁੱਕੇ ਹਨ, ਕਿਉਂ? ਕਦੇ ਸੋਚਿਆ ਤੁਸੀ ਕੀ ਕਾਰਨ ਹਨ ਜਥੇਦਾਰੋ? ਇਕੋ ਇਕ ਕਾਰਨ ਹੈ ਕਿ ਹੁਣ ਤੁਸੀ ਫ਼ੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਲੈ ਕੇ ਨਹੀਂ ਕਰਦੇ, ਸਿਆਸੀ ਆਕਾ ਆਗੂਆਂ ਤੋਂ ਆਗਿਆ ਲੈ ਕੇ ਕਰਦੇ ਹੋ। ਇਹ ਸਾਰੀ ਕਾਰਵਾਈ ਹੁਣ ਬਾਹਰ ਆ ਚੁੱਕੀ ਹੈ। ਸੌਦਾ ਸਾਧ ਦੀ ਮਾਫ਼ੀ ਅਤੇ ਦਸਵੇਂ ਪਿਤਾ ਦਾ ਜਨਮ ਦਿਹਾੜਾ 25 ਦਸੰਬਰ ਨੂੰ ਮਨਾਉਣ ਦੇ ਫ਼ੈਸਲੇ ਨੇ ਜੱਗ ਜ਼ਾਹਰ ਕਰ ਦਿਤਾ ਹੈ ਕਿ ਫ਼ੈਸਲਾ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਲੈ ਕੇ ਨਹੀਂ ਲੈ ਰਹੇ। ਸਿਆਸਤ ਦਾ ਤਾਂ ਹੁਣ ਆਮ ਸਿੱਖਾਂ ਨੂੰ ਪਤਾ ਹੈ ਕਿ ਗੰਧਲੀ ਹੈ ਪਰ ਸਿੱਖਾਂ ਦੇ ਧਾਰਮਕ ਆਗੂਓ ਤੁਹਾਡੇ ਕੋਲ ਤਾਂ ਬਾਣੀ ਹੈ, ਉਸ ਤੋਂ ਦੂਰ ਕਿਉਂ ਜਾਂਦੇ ਹੋ? ਕੌਮ ਲਈ ਇਹ ਚਿੰਤਾ ਦਾ ਵਿਸ਼ਾ ਹੈ। ਤੁਹਾਨੂੰ ਅਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਜੀ।