ਫ਼ੈਕਟਰੀਆਂ ਵਰਗੇ ਪ੍ਰਾਈਵੇਟ ਸਕੂਲ ਜਿਥੇ ਬਾਹਰੀ ਚਮਕ ਦਮਕ ਤਾਂ ਹੈ ਪਰ ਪ੍ਰਦੁਮਣ ਠਾਕਰ ਵਰਗੇ ਬੱਚਿਆਂ ਦੀ ਜਾਨ ਦੀ ਕੋਈ ਕੀਮਤ ਨਹੀਂ!

ਵਿਚਾਰ, ਸੰਪਾਦਕੀ

ਇਕ ਬੱਚੀ ਵਲੋਂ ਸਕੂਲ ਦੀ ਪੂਰੀ ਵਰਦੀ ਨਾ ਪਾ ਕੇ ਆਉਣ ਸਦਕਾ ਅਧਿਆਪਕ ਨੇ ਬੱਚੀ ਨੂੰ ਮੁੰਡਿਆਂ ਦੇ ਪਖ਼ਾਨੇ ਦੇ ਬਾਹਰ ਖੜਾ ਕਰ ਦਿਤਾ। ਕੋਲਕਾਤਾ ਵਿਚ ਤੀਜੀ ਜਮਾਤ ਦੀ ਇਕ ਬੱਚੀ ਜਦ ਅਧਿਆਪਕ ਤੋਂ ਪਖ਼ਾਨੇ ਲਈ ਜਾਣ ਦੀ ਇਜਾਜ਼ਤ ਮੰਗਦੀ ਹੈ ਤਾਂ ਉਸ ਨੂੰ ਮਾਰਨਾ ਕੁਟਣਾ ਸ਼ੁਰੂ ਕਰ ਦਿਤਾ ਜਾਂਦਾ ਹੈ ਤੇ ਘਸੀਟ ਕੇ ਜਮਾਤ ਸਾਹਮਣੇ ਸ਼ਰਮਿੰਦਾ ਕੀਤਾ ਜਾਂਦਾ ਹੈ। ਇਕ 13 ਸਾਲ ਦੀ ਬੱਚੀ ਨੂੰ ਚੇਨਈ ਵਿਚ ਮਾਸਕ ਖ਼ੂਨ ਦੇ ਦਾਗ਼ ਦਿਸਣ ਤੇ, ਮਦਦ ਕਰਨ ਦੀ ਬਜਾਏ, ਅਧਿਆਪਕ ਵਲੋਂ ਪੂਰੀ ਜਮਾਤ ਸਾਹਮਣੇ ਸ਼ਰਮਿੰਦਾ ਕੀਤਾ ਜਾਂਦਾ ਹੈ। ਬੱਚੀ ਏਨੀ ਦੁਖੀ ਹੁੰਦੀ ਹੈ ਕਿ ਉਹ ਖ਼ੁਦਕੁਸ਼ੀ ਕਰ ਲੈਂਦੀ ਹੈ। ਉੱਤਰ ਪ੍ਰਦੇਸ਼ ਵਿਚ ਇਕ ਚਾਰ ਸਾਲ ਦੇ ਬੱਚੇ ਨੂੰ ਸਕੂਲ ਦੇ ਪਖ਼ਾਨੇ ਵਿਚ ਡੱਕ ਦਿਤਾ ਜਾਂਦਾ ਹੈ ਕਿਉਂਕਿ ਉਸ ਦੇ ਪਿਤਾ ਨੇ ਉਸ ਦੀ ਸਕੂਲ ਫ਼ੀਸ ਜਮ੍ਹਾਂ ਨਹੀਂ ਕਰਵਾਈ ਹੁੰਦੀ।

ਰਿਆਨ ਸਕੂਲ ਵਿਚ ਇਕ ਪੰਜ ਸਾਲ ਦੇ ਬੱਚੇ ਪ੍ਰਦੁਮਣ ਠਾਕਰ ਦਾ ਕਤਲ ਸਾਡੇ ਸਮਾਜ ਦੀ ਆਉਣ ਵਾਲੀ ਪੀੜ੍ਹੀ ਪ੍ਰਤੀ ਪੁਰਾਣੀ ਪੀੜ੍ਹੀ ਦੇ ਨਿਰਦਈ ਸਲੂਕ ਨੂੰ ਦਰਸਾਉਂਦਾ ਹੈ। ਨਾ ਇਹ ਵਾਰਦਾਤ ਪਹਿਲੀ ਵਾਰ ਹੋਈ ਹੈ ਤੇ ਨਾ ਇਹ ਆਖ਼ਰੀ ਹੋਵੇਗੀ। ਇਸੇ ਸਕੂਲ ਦੀ ਇਕ ਹੋਰ ਬ੍ਰਾਂਚ ਵਿਚ 2015 ਵਿਚ ਇਕ ਬੱਚੇ ਦੀ ਲਾਸ਼ ਪਾਣੀ ਦੀ ਟੈਂਕੀ ਵਿਚ ਮਿਲੀ ਸੀ।

ਜਿਹੜਾ ਇਨਸਾਨ, ਉਸ ਵਕਤ ਰਿਆਨ ਸਕੂਲਾਂ ਦੀ ਦੇਖ ਰੇਖ ਕਰਦਾ ਸੇ, ਉਸੇ ਹੇਠ ਗੁੜਗਾਉਂ ਵਾਲਾ ਇਹ ਸਕੂਲ ਵੀ ਆਉਂਦਾ ਹੈ। ਉਹੀ ਲੋਕ, ਉਹੀ ਅਫ਼ਸਰਸ਼ਾਹੀ, ਉਹੀ ਸਰਕਾਰ, ਬਦਲਿਆ ਸਿਰਫ਼ ਇਹ ਕਿ ਇਸ ਵਾਰ ਮੀਡੀਆ ਨੇ ਪੀੜਤ ਪ੍ਰਵਾਰ ਦਾ ਸਾਥ ਡਟ ਕੇ ਦਿਤਾ ਤੇ ਸੁਪਰੀਮ ਕੋਰਟ ਦੀ ਮਦਦ ਵੀ ਝਟਪਟ ਮਿਲ ਗਈ। ਜੇ ਮੀਡੀਆ ਇਸ ਵਾਰਦਾਤ ਨੂੰ ਨਾ ਚੁਕਦਾ ਤਾਂ ਇਸ ਵਾਰ ਵੀ ਇਨਸਾਫ਼ ਨਹੀਂ ਸੀ ਮਿਲਣਾ।

ਇਸ ਵਾਰਦਾਤ ਕਾਰਨ ਸਾਹਮਣੇ ਆਏ ਸਕੂਲ ਵਿਚ ਮਾਂ-ਬਾਪ ਨੂੰ ਤਾਂ ਇਕ ਹਦ ਤੋਂ ਅੱਗੇ, ਅੰਦਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਪਰ ਸਕੂਲ ਵਿਚ ਕੰਮ ਕਰਦੇ ਕਿਸੇ ਵੀ ਹੋਰ ਨੂੰ ਹੁੰਦੀ ਹੈ ਜਿਵੇਂ ਇਸ ਸਕੂਲ ਵਿਚ ਇਕ ਬਸ ਕੰਡਕਟਰ ਨੂੰ ਸੀ। ਇਹ ਉਹ ਵਿਅਕਤੀ ਹੈ ਜਿਸ 'ਤੇ ਪਹਿਲਾਂ ਵੀ ਬੱਚਿਆਂ ਨਾਲ ਬਦਫ਼ੈਲੀ ਕਰਨ ਦੇ ਇਲਜ਼ਾਮ ਲੱਗੇ ਸਨ ਪਰ ਸਕੂਲ ਨੇ ਪੂਰੀ ਤਰ੍ਹਾਂ ਜਾਂਚ ਕਦੇ ਨਹੀਂ ਸੀ ਕੀਤੀ। ਸਕੂਲ ਜ਼ਿੰਮੇਵਾਰ ਹੈ, ਸਕੂਲ ਦੇ ਮਾਲਕ ਜ਼ਿੰਮੇਵਾਰ ਹਨ, ਪਰ ਨਾਲ ਹੀ ਸਿਖਿਆ ਬੋਰਡ ਦੇ ਅਫ਼ਸਰ ਵੀ ਜ਼ਿਮੇਵਾਰ ਹਨ ਜਿਨ੍ਹਾਂ ਨੇ ਸਕੂਲ ਪ੍ਰਬੰਧਾਂ ਦਾ ਪੂਰਾ ਜਾਇਜ਼ਾ ਕਦੇ ਨਹੀਂ ਲਿਆ। ਜੇ ਕਿਸੇ ਨੂੰ ਬੱਚਿਆਂ ਦਾ ਖ਼ਿਆਲ ਹੁੰਦਾ ਤਾਂ ਉਹ ਪੁਛਦੇ ਨਾ ਕਿ ਸਕੂਲ ਵਿਚ ਕੰਮ ਕਰਨ ਵਾਲੇ ਕਰਮਚਾਰੀ, ਖ਼ਾਸ ਕਰ ਕੇ ਮਰਦ, ਕਿਹੜੇ ਪਖ਼ਾਨੇ ਦੀ ਵਰਤੋਂ ਕਰਦੇ ਹਨ?

ਸਾਡੇ ਸਮਾਜ ਦੀ ਇਹ ਤਰਾਸਦੀ ਹੈ ਕਿ ਸਾਨੂੰ ਅਪਣੇ ਭਵਿੱਖ ਦੀ ਸੁਰੱਖਿਆ ਬਾਰੇ ਅਜੇ ਤਕ ਨਿਯਮ ਬਣਾਉਣ ਦੀ ਵਿਹਲ ਵੀ ਨਹੀਂ ਮਿਲੀ ਤੇ ਬੱਚਿਆਂ ਦੇ ਸਕੂਲ ਵਿਚ ਸਿਰਫ਼ ਸ੍ਰੀਰਕ ਤੇ ਜਿਨਸੀ ਸ਼ੋਸ਼ਣ ਅਤੇ ਕਤਲ ਤਕ ਦੀਆਂ ਸਮੱਸਿਆਵਾਂ ਹੀ ਪੈਦਾ ਨਹੀਂ ਹੁੰਦੀਆਂ ਬਲਕਿ ਉਨ੍ਹਾਂ ਦੇ ਮਨਾਂ ਉਤੇ ਡੂੰਘੇ ਜ਼ਖ਼ਮ ਸਕੂਲ ਵਲੋਂ ਕਰ ਦਿਤੇ ਜਾਂਦੇ ਹਨ। ਇਸੇ ਮਹੀਨੇ ਦੀਆਂ ਅਖ਼ਬਾਰੀ ਸੁਰਖ਼ੀਆਂ ਵੇਖੀਏ ਤਾਂ ਇਹ ਖ਼ਬਰਾਂ ਵੀ ਪੜ੍ਹਨ ਨੂੰ ਮਿਲਣਗੀਆਂ ਕਿ ਇਕ ਬੱਚੀ ਵਲੋਂ ਸਕੂਲ ਦੀ ਪੂਰੀ ਵਰਦੀ ਨਾ ਪਾ ਕੇ ਆਉਣ ਸਦਕਾ ਅਧਿਆਪਕ ਨੇ ਬੱਚੀ ਨੂੰ ਮੁੰਡਿਆਂ ਦੇ ਪਖ਼ਾਨੇ ਦੇ ਬਾਹਰ ਖੜਾ ਕਰ ਦਿਤਾ। ਨੋਇਡਾ ਵਿਚ ਇਕ ਮੁੰਡੇ ਦੇ ਮੂੰਹ 'ਤੇ ਇਕ ਵੱਡੇ ਬੱਚੇ ਵਲੋਂ ਥੱਪੜ ਮਾਰਿਆ ਜਾਂਦਾ ਹੈ, ਲੜਾਈ ਵਿਚ ਨਹੀਂ, ਬਲਕਿ ਉਸ ਨੂੰ ਡਰਾਉਣ ਵਾਸਤੇ ਤੇ ਸਕੂਲ ਵਾਲੇ ਇਸ 'ਤੇ ਪਰਦਾ ਪਾਉਂਦੇ ਵੇਖੇ ਜਾਂਦੇ ਹਨ। ਕੋਲਕਾਤਾ ਵਿਚ ਤੀਜੀ ਜਮਾਤ ਦੀ ਇਕ ਬੱਚੀ ਜਦ ਅਧਿਆਪਕ ਤੋਂ ਪਖ਼ਾਨੇ ਲਈ ਜਾਣ ਦੀ ਇਜਾਜ਼ਤ ਮੰਗਦੀ ਹੈ ਤਾਂ ਉਸ ਨੂੰ ਮਾਰਨਾ ਕੁਟਣਾ ਸ਼ੁਰੂ ਕਰ ਦਿਤਾ ਜਾਂਦਾ ਹੈ ਤੇ ਘਸੀਟ ਕੇ ਜਮਾਤ ਸਾਹਮਣੇ ਸ਼ਰਮਿੰਦਾ ਕੀਤਾ ਜਾਂਦਾ ਹੈ। ਇਕ 13 ਸਾਲ ਦੀ ਬੱਚੀ ਨੂੰ ਚੇਨਈ ਵਿਚ ਮਾਸਕ ਖ਼ੂਨ ਦੇ ਦਾਗ਼ ਦਿਸਣ ਤੇ ਮਦਦ ਕਰਨ ਦੀ ਬਜਾਏ, ਅਧਿਆਪਕ ਵਲੋਂ ਪੂਰੀ ਜਮਾਤ ਸਾਹਮਣੇ ਸ਼ਰਮਿੰਦਾ ਕੀਤਾ ਜਾਂਦਾ ਹੈ। ਬੱਚੀ ਏਨੀ ਦੁਖੀ ਹੁੰਦੀ ਹੈ ਕਿ ਉਹ ਖ਼ੁਦਕੁਸ਼ੀ ਕਰ ਲੈਂਦੀ ਹੈ। ਉੱਤਰ ਪ੍ਰਦੇਸ਼ ਵਿਚ ਇਕ ਚਾਰ ਸਾਲ ਦੇ ਬੱਚੇ ਨੂੰ ਸਕੂਲ ਦੇ ਪਖ਼ਾਨੇ ਵਿਚ ਡੱਕ ਦਿਤਾ ਜਾਂਦਾ ਹੈ ਕਿਉਂਕਿ ਉਸ ਦੇ ਪਿਤਾ ਨੇ ਉਸ ਦੀ ਸਕੂਲ ਫ਼ੀਸ ਜਮ੍ਹਾਂ ਨਹੀਂ ਕਰਵਾਈ ਹੁੰਦੀ।

ਜਿਥੇ ਸਕੂਲਾਂ ਵਿਚ ਮਾਂ-ਬਾਪ ਅਪਣੇ ਲਾਡਲਿਆਂ ਦੇ ਭਵਿੱਖ ਨੂੰ ਸੁੰਦਰ ਬਣਾਉਣ ਵਾਸਤੇ ਬੱਚੇ ਸਕੂਲ ਨੂੰ ਸੌਂਪ ਦੇਂਦੇ ਹਨ, ਉਥੇ ਹੀ ਬੱਚਿਆਂ ਦੀ ਜਾਨ ਤੇ ਸੋਚ ਨੂੰ ਸੱਭ ਤੋਂ ਵੱਡਾ ਖ਼ਤਰਾ ਵੀ ਬਣ ਆਉਂਦਾ ਹੈ।

ਰਿਆਨ ਇੰਟਰਨੈਸ਼ਨਲ ਦੇ ਦੇਸ਼ ਵਿਦੇਸ਼ ਵਿਚ 125 ਸਕੂਲ ਹਨ ਤੇ ਸ਼ਾਇਦ ਸੱਭ ਵਿਚ ਇਸ ਤਰ੍ਹਾਂ ਦਾ ਹੀ ਪ੍ਰਬੰਧ ਹੋਵੇਗਾ। ਇਮਾਰਤਾਂ ਉਤੇ ਪੈਸਾ ਖ਼ਰਚ ਕੇ ਅਪਣੇ ਆਪ ਨੂੰ ਇਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਦੱਸਣ ਵਾਲਾ ਸਕੂਲ ਤੇ ਇਕ ਛੋਟੇ ਜਹੇ ਘਰ ਵਿਚ ਚੱਲ ਰਹੇ ਸਕੂਲ ਵਿਚ ਕੀ ਫ਼ਰਕ ਹੈ? ਦੋਵੇਂ ਹੀ ਉਦਯੋਗ ਬਣ ਚੁੱਕੇ ਹਨ ਜਿਥੇ ਫ਼ੈਕਟਰੀਆਂ ਵਾਂਗ ਬੱਚੇ ਸਿਖਿਆ ਵਾਸਤੇ ਭੇਜੇ ਜਾਂਦੇ ਹਨ ਪਰ ਇਹ ਜਦ ਬਾਹਰ ਨਿਕਲਦੇ ਹਨ, ਇਹ ਦੁਨੀਆਂਦਾਰੀ ਲਈ ਤਿਆਰ ਨਹੀਂ ਹੁੰਦੇ। ਮਾਂ-ਬਾਪ ਨੂੰ ਇਸ ਕਦਰ ਸਕੂਲਾਂ ਤੋਂ ਡਰਾ ਕੇ ਰਖਿਆ ਜਾਂਦਾ ਹੈ ਕਿ ਉਹ ਕੁੱਝ ਸਵਾਲ ਵੀ ਨਹੀਂ ਪੁੱਛ ਸਕਦੇ ਪਰ ਉਨ੍ਹਾਂ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਹੁੰਦਾ ਕਿਉਂਕਿ ਸਰਕਾਰੀ ਸਕੂਲਾਂ ਵਿਚ ਤਾਂ ਸਿਖਿਆ ਦੀ ਹਾਲਤ ਤਰਸਯੋਗ ਹੀ ਹੈ। ਪ੍ਰਾਈਵੇਟ ਸਕੂਲਾਂ ਵਿਚ ਵੀ ਵਿਖਾਵੇ ਦੀ ਪੜ੍ਹਾਈ ਹੀ ਕਰਵਾਈ ਜਾ ਰਹੀ ਹੈ।

134 ਕਰੋੜ ਦੀ ਅਬਾਦੀ ਦਾ ਸੱਭ ਤੋਂ ਵੱਧ ਬੋਝ ਵੀ ਅਬਾਦੀ ਹੈ ਤੇ ਉਸ ਬੋਝ ਨੂੰ ਹਲਕਾ ਕਰਨ ਦਾ ਹੱਲ ਵੀ ਉਸੇ ਅਬਾਦੀ ਕੋਲ ਹੈ। ਸਾਡੀ ਅਸਲ ਦੌਲਤ ਇਹ ਬੱਚੇ ਹਨ ਜਿਨ੍ਹਾਂ ਨੂੰ ਫ਼ੈਕਟਰੀਆਂ ਵਰਗੇ ਪ੍ਰਾਈਵੇਟ ਸਕੂਲਾਂ ਜਾਂ ਸਰਕਾਰੀ ਸਕੂਲਾਂ ਦੇ ਹਵਾਲੇ ਕਰ ਦਿਤਾ ਜਾਂਦਾ ਹੈ। ਪ੍ਰਾਈਵੇਟ ਸਕੂਲਾਂ ਦੇ ਮਾਲਕਾਂ 'ਤੇ ਨਜ਼ਰ ਰੱਖਣ ਲਈ ਪਹਿਲਾ ਕਦਮ ਜੋ ਚੁਕਣਾ ਜ਼ਰੂਰੀ ਹੈ, ਉਹ ਇਹ ਹੈ ਕਿ ਇਨ੍ਹਾਂ ਨੂੰ ਵਿਗਾੜਨ ਵਾਲੀ ਅਫ਼ਸਰਸ਼ਾਹੀ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾਏ। ਸਰਕਾਰੀ ਸਕੂਲਾਂ ਦੇ ਪ੍ਰਬੰਧਕਾਂ ਉਤੇ ਨਜ਼ਰ ਰੱਖਣ ਵਾਲੀ ਅਫ਼ਸਰਸ਼ਾਹੀ ਦੀ ਵੀ ਜ਼ਿੰਮੇਦਾਰੀ ਨਿਸ਼ਚਿਤ ਕੀਤੀ ਜਾਏ। ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਖੜਾ ਕਰਨ ਦੀ ਵੀ ਲੋੜ ਹੈ ਤਾਕਿ ਪ੍ਰਾਈਵੇਟ ਸਕੂਲ ਨਿਰੇ ਪੈਸਾ ਕਮਾਉਣ ਵਾਲੀਆਂ ਦੁਕਾਨਾਂ ਹੀ ਨਾ ਬਣੇ ਰਹਿਣ। ਹਰ ਸਰਕਾਰੀ ਅਫ਼ਸਰ ਤੇ ਸਿਆਸਤਦਾਨ ਦੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿਚ ਮੁਢਲੀ ਸਿਖਿਆ ਹਾਸਲ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਕਿ ਸਿਖਿਆ ਵਿਚ ਸੁਧਾਰ ਆ ਸਕੇ।  -ਨਿਮਰਤ ਕੌਰ