ਹਿਟਲਰ ਦਾ ਅੰਤ ਕਿਵੇਂ ਹੋਇਆ?

ਵਿਚਾਰ, ਸੰਪਾਦਕੀ

25 ਅਪ੍ਰੈਲ, 1945 ਮਗਰੋਂ ਹਿਟਲਰ ਦੇ ਜੀਵਨ ਦਾ ਸਿਰਫ਼ ਇਕ ਹੀ ਮਕਸਦ ਸੀ ਖ਼ੁਦ ਅਪਣੀ ਮੌਤ ਦੀ ਤਿਆਰੀ ਕਰਨਾ। 25 ਅਪ੍ਰੈਲ ਨੂੰ ਹੀ ਉਸ ਨੇ ਅਪਣੇ ਅੰਗਰਖਿਅਕ ਹੀਂਜ਼ ਲਿੰਗੇ ਨੂੰ ਸੱਦ ਕੇ ਕਿਹਾ ਸੀ, ''ਜਿਉਂ ਹੀ ਮੈਂ ਅਪਣੇ ਆਪ ਨੂੰ ਗੋਲੀ ਮਾਰਾਂ ਤਾਂ ਤੁਸੀ ਮੇਰੇ ਮੁਰਦਾ ਜਿਸਮ ਨੂੰ ਚਾਂਸਲਰੀ ਦੇ ਬਗ਼ੀਚੇ ਵਿਚ ਲਿਜਾ ਕੇ ਉਸ ਨੂੰ ਅੱਗ ਲਗਾ ਦੇਣਾ। ਮੇਰੀ ਮੌਤ ਤੋਂ ਬਾਅਦ ਕੋਈ ਮੈਨੂੰ ਨਾ ਵੇਖ ਸਕੇ ਅਤੇ ਨਾ ਪਛਾਣ ਸਕੇ। ਇਸ ਤੋਂ ਬਾਅਦ ਤੁਸੀ ਮੇਰੇ ਕਮਰੇ ਵਿਚ ਵਾਪਸ ਜਾਣਾ ਅਤੇ ਮੇਰੀ ਵਰਦੀ, ਕਾਗ਼ਜ਼ ਅਤੇ ਹਰ ਉਹ ਚੀਜ਼ ਜਿਸ ਨੂੰ ਮੈਂ ਇਸਤੇਮਾਲ ਕੀਤਾ ਹੈ, ਇਕੱਠਿਆਂ ਕਰਨਾ ਅਤੇ ਬਾਹਰ ਆ ਕੇ ਉਨ੍ਹਾਂ ਨੂੰ ਅੱਗ ਲਗਾ ਦੇਣਾ। ਸਿਰਫ਼ ਅੰਟਨ ਗ੍ਰਾਫ਼ ਦੇ ਬਣਾਏ ਫ਼੍ਰੈਡਰਿਕ ਮਹਾਨ ਦੇ ਚਿੱਤਰ ਨੂੰ ਤੁਸੀ ਹੱਥ ਨਹੀਂ ਲਾਉਣਾ ਜਿਸ ਨੂੰ ਮੇਰਾ ਡਰਾਈਵਰ ਮੇਰੀ ਮੌਤ ਤੋਂ ਬਾਅਦ ਸੁਰੱਖਿਅਤ ਬਰਲਿਨ ਤੋਂ ਬਾਹਰ ਲੈ ਜਾਵੇਗਾ।ਅਪਣੇ ਜੀਵਨ ਦੇ ਆਖ਼ਰੀ ਦਿਨਾਂ ਵਿਚ ਹਿਟਲਰ ਧਰਤੀ ਤੋਂ 50 ਫ਼ੁਟ ਥੱਲੇ ਬਣਾਏ ਬੰਕਰ ਵਿਚ ਹੀ ਕੰਮ ਕਰਦਾ ਅਤੇ ਸੌਂਦਾ ਸੀ। ਅਪਣੀ ਚਹੇਤੀ ਕੁੱਤੀ ਬਲਾਂਡੀ ਨੂੰ ਕਸਰਤ ਕਰਾਉਣ ਲਈ ਉਹ ਕਦੀ-ਕਦੀ ਚਾਂਸਲਰੀ ਦੇ ਬਗ਼ੀਚੇ ਵਿਚ ਜਾਂਦਾ ਜਿਥੇ ਚਹੁੰ ਪਾਸੇ ਬੰਬਾਂ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਪਏ ਹੁੰਦੇ।ਹਿਟਲਰ ਸਵੇਰੇ ਪੰਜ ਜਾਂ ਛੇ ਵਜੇ ਸੌਣ ਜਾਂਦਾ ਸੀ ਅਤੇ ਦੁਪਹਿਰ ਦੇ ਆਸਪਾਸ ਸੌਂ ਕੇ ਉਠਦਾ ਸੀ। ਹਿਟਲਰ ਦੀ ਨਿਜੀ ਸੈਕਟਰੀ ਤ੍ਰਾਉਦੀ ਜੁੰਗਾ, ਆਖ਼ਰੀ ਪਲਾਂ ਤਕ ਉਸ ਬੰਕਰ ਵਿਚ ਹਿਟਲਰ ਦੇ ਨਾਲ ਸੀ। ਇਕ ਵਾਰ ਬੀ.ਬੀ.ਸੀ. ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਸੀ, ''ਆਖ਼ਰੀ ਦਸ ਦਿਨ ਅਸਲ ਵਿਚ ਸਾਡੇ ਲਈ ਬੁਰੇ ਸੁਪਨੇ ਵਰਗੇ ਸਨ। ਅਸੀ ਬੰਕਰ ਵਿਚ ਲੁਕੇ ਬੈਠੇ ਸੀ ਅਤੇ ਰੂਸੀ ਸਾਡੇ ਨੇੜੇ ਆ ਰਹੇ ਸਨ। ਅਸੀ ਉਨ੍ਹਾਂ ਦੀ ਗੋਲੀਬਾਰੀ, ਬੰਬਾਂ ਅਤੇ ਗੋਲਿਆਂ ਦੀ ਆਵਾਜ਼ ਸਾਫ਼ ਸੁਣ ਸਕਦੇ ਸੀ। ਹਿਟਲਰ ਬੰਕਰ ਵਿਚ ਬੈਠ ਕੇ ਉਡੀਕ ਕਰ ਰਿਹਾ ਸੀ ਕਿ ਕੋਈ ਆ ਕੇ ਉਸ ਨੂੰ ਬਚਾਏਗਾ। ਪਰ ਇਕ ਗੱਲ ਉਸ ਨੇ ਸ਼ੁਰੂ ਤੋਂ ਹੀ ਸਾਫ਼ ਕਰ ਦਿਤੀ ਸੀ ਕਿ ਜੇਕਰ ਲੜਾਈ ਵਿਚ ਉਸ ਦੀ ਜਿੱਤ ਨਹੀਂ ਹੁੰਦੀ ਤਾਂ ਉਹ ਬਰਲਿਨ ਛੱਡ ਕੇ ਕਦੀ ਨਹੀਂ ਜਾਵੇਗਾ ਅਤੇ ਅਪਣੇ ਹੀ ਹੱਥਾਂ ਨਾਲ ਅਪਣੀ ਜਾਨ ਲੈ ਲਵੇਗਾ। ਇਸ ਲਈ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਕੀ ਹੋਣ ਵਾਲਾ ਹੈ। ਜਦ 22 ਅਪ੍ਰੈਲ, 1945 ਨੂੰ ਹਿਟਲਰ ਨੇ ਸਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਜੇਕਰ ਤੁਸੀ ਚਾਹੋ ਤਾਂ ਬਰਲਿਨ ਤੋਂ ਬਾਹਰ ਜਾ ਸਕਦੇ ਹੋ ਤਾਂ ਉਨ੍ਹਾਂ ਦੀ ਪ੍ਰੇਮਿਕਾ ਈਵਾ ਬ੍ਰਾਊਨ ਸੱਭ ਤੋਂ ਪਹਿਲਾਂ ਬੋਲੀ 'ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ। ਮੈਂ ਇੱਥੇ ਹੀ ਰਹਾਂਗੀ।' ਸਹਿਜ ਸੁਭਾਅ ਅਤੇ ਅਪਣੇ ਆਪ ਉਸ ਦੇ ਮੂੰਹ 'ਚੋਂ ਵੀ ਇਹੀ ਗੱਲ ਨਿਕਲੀ ਸੀ। ਉਸੇ ਦੌਰਾਨ ਹਿਟਲਰ ਦੇ ਯੁੱਧ ਉਤਪਾਦਨ ਮੰਤਰੀ ਅਲਬਰਟ ਸਪੀਅਰ ਉਸ ਨੂੰ ਮਿਲਣ ਅਤੇ ਅਲਵਿਦਾ ਕਹਿਣ ਬੰਕਰ ਵਿਚ ਆਇਆ ਸੀ।''ਬਾਅਦ ਵਿਚ ਸਪੀਅਰ ਨੇ ਯਾਦ ਕੀਤਾ, ''ਉਦੋਂ ਤਕ ਹਿਟਲਰ ਦੀ ਸ਼ਖ਼ਸੀਅਤ ਵਿਚ ਬਹੁਤ ਤਬਦੀਲੀਆਂ ਆ ਗਈਆਂ ਸਨ। ਅਪਣੇ ਜੀਵਨ ਦੇ ਆਖ਼ਰੀ ਹਫ਼ਤਿਆਂ ਵਿਚ ਹਿਟਲਰ ਦੀ ਹਾਲਤ ਇਹੋ ਜਿਹੀ ਹੋ ਗਈ ਸੀ ਕਿ ਉਸ ਤੇ ਸਿਰਫ਼ ਤਰਸ ਖਾਧਾ ਜਾ ਸਕਦਾ ਸੀ। ਉਸ ਦਾ ਪੂਰਾ ਸਰੀਰ ਹਿਲਣ ਲੱਗਾ ਸੀ ਅਤੇ ਉਸ ਦੇ ਮੋਢੇ ਝੁਕ ਗਏ ਸਨ। ਉਸ ਦੇ ਕਪੜੇ ਗੰਦੇ ਸਨ ਅਤੇ ਸੱਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਦਾ ਮੇਰੇ ਪ੍ਰਤੀ ਵਤੀਰਾ ਬਹੁਤ ਠੰਢਾ ਸੀ। ਮੈਂ ਉਸ ਤੋਂ ਵਿਦਾ ਲੈਣ ਆਇਆ ਸੀ। ਉਸ ਨੂੰ ਪਤਾ ਸੀ ਕਿ ਅਸੀ ਆਖ਼ਰੀ ਵਾਰ ਮਿਲ ਰਹੇ ਸੀ, ਪਰ ਮੈਨੂੰ ਨਹੀਂ ਯਾਦ ਆਉਂਦਾ ਕਿ ਉਸ ਨੇ ਮੈਨੂੰ ਕੋਈ ਇਹੋ ਜਿਹੀ ਕੋਈ ਚੀਜ਼ ਕਹੀ ਹੋਵੇ ਜੋ ਦਿਲ ਨੂੰ ਛੂਹਣ ਵਾਲੀ ਹੋਵੇ।''ਹਿਟਲਰ ਦੀ ਉਸ ਸਮੇਂ ਦੀ ਹਾਲਤ ਦਾ ਵਰਣਨ 'ਦ ਲਾਈਫ਼ ਐਂਡ ਡੈੱਥ ਆਫ਼ ਅਡੋਲਫ਼ ਹਿਟਲਰ' ਲਿਖਣ ਵਾਲੇ ਰਾਬਰਟ ਪੇਨ ਨੇ ਵੀ ਕੀਤਾ ਹੈ। ਪੇਨ ਲਿਖਦੇ ਹਨ, ''ਹਿਟਲਰ ਦਾ ਚਿਹਰਾ ਸੁੱਜ ਗਿਆ ਸੀ ਅਤੇ ਉਸ ਵਿਚ ਝੁਰੜੀਆਂ ਪੈ ਗਈਆਂ ਸਨ। ਉਸ ਦੀਆਂ ਅੱਖਾਂ 'ਚੋਂ ਜੀਵਨ ਜਾਂਦਾ ਰਿਹਾ ਸੀ। ਕਦੀ-ਕਦੀ ਉਸ ਦਾ ਸੱਜਾ ਹੱਥ ਬੁਰੀ ਤਰ੍ਹਾਂ ਨਾਲ ਕੰਬਣ ਲਗਦਾ ਸੀ ਅਤੇ ਉਸ ਕੰਬਣੀ ਨੂੰ ਰੋਕਣ ਲਈ ਉਹ ਉਸ ਨੂੰ ਅਪਣੇ ਖੱਬੇ ਹੱਥ ਨਾਲ ਫੜਦਾ ਸੀ। ਜਿਸ ਤਰ੍ਹਾਂ ਨਾਲ ਉਹ ਅਪਣੇ ਮੋਢਿਆਂ ਵਿਚ ਸਿਰ ਨੂੰ ਸਿਕੋੜ ਲੈਂਦੇ ਸਨ, ਉਸ ਤੋਂ ਕਿਸੇ ਬੁੱਢੇ ਗਿਰਝ ਦੀ ਝਲਕ ਮਿਲਦੀ ਸੀ। ਉਸ ਦੇ ਪੂਰੇ ਵਿਅਕਤਿਤਵ ਵਿਚ ਸੱਭ ਨਾਲੋਂ ਵੱਧ ਧਿਆਨ ਦੇਣ ਵਾਲੀ ਗੱਲ ਸੀ ਉਸ ਦੀ ਕਿਸੇ ਸ਼ਰਾਬੀ ਵਾਂਗ ਲੜਖੜਾਉਂਦੀ ਚਾਲ। ਇਹ ਸ਼ਾਇਦ ਇਕ ਬੰਬ ਧਮਾਕੇ ਵਿਚ ਉਸ ਦੇ ਇਕ ਕੰਨ ਦੀ ਇਕ ਬਰੀਕ ਝਿੱਲੀ ਨੂੰ ਹੋਏ ਨੁਕਸਾਨ ਕਾਰਨ ਹੋਇਆ ਸੀ। ਉਹ ਥੋੜ੍ਹੀ ਦੂਰ ਤੁਰਦਾ ਅਤੇ ਰੁਕ ਕੇ ਕਿਸੇ ਮੇਜ਼ ਦਾ ਸਿਰਾ ਫੜ ਲੈਂਦਾ। ਛੇ ਮਹੀਨਿਆਂ ਵਿਚ ਉਹ ਦਸ ਸਾਲ ਬੁੱਢਾ ਹੋ ਗਿਆ ਸੀ। ਬੰਕਰ ਵਿਚ ਅਪਣੇ ਆਖ਼ਰੀ ਦਿਨਾਂ ਦੌਰਾਨ ਹੀ ਹਿਟਲਰ ਨੇ ਤੈਅ ਕੀਤਾ ਕਿ ਉਹ ਈਵਾ ਬ੍ਰਾਊਨ ਨਾਲ ਵਿਆਹ ਕਰ ਕੇ ਅਪਣੇ ਰਿਸ਼ਤੇ ਨੂੰ ਮਾਨਤਾ ਦੇਵੇਗਾ।''ਅਪਣੀ ਕਿਤਾਬ 'ਚ ਰਾਬਰਟ ਪੇਨ ਹੋਰ ਲਿਖਦਾ ਹੈ, ''ਸਵਾਲ ਉਠਿਆ ਕਿ ਵਿਆਹ ਕਰਵਾਏਗਾ ਕੌਣ? ਗੋਏਬੇਲਜ਼ ਨੂੰ ਖ਼ਿਆਲ ਆਇਆ ਕਿ ਕਿਸੇ ਵਾਲਟਰ ਵੈਗਨਰ ਨੇ ਉਸ ਦਾ ਵਿਆਹ ਕਰਵਾਇਆ ਸੀ। ਮੁਸ਼ਕਲ ਇਹ ਸੀ ਕਿ ਉਸ ਨੂੰ ਲਭਿਆ ਕਿਵੇਂ ਜਾਵੇ? ਉਸ ਦੇ ਆਖ਼ਰੀ ਪਤੇ ਤੇ ਇਕ ਫ਼ੌਜੀ ਨੂੰ ਘਲਿਆ ਗਿਆ। ਸ਼ਾਮ ਨੂੰ ਬੜੀ ਮੁਸ਼ਕਲ ਨਾਲ ਉਸ ਨੂੰ ਹਿਟਲਰ ਦੇ ਬੰਕਰ ਵਿਚ ਲਿਆਂਦਾ ਗਿਆ। ਪਰ ਉਹ ਅਪਣੇ ਨਾਲ ਵਿਆਹ ਦਾ ਸਰਟੀਫ਼ੀਕੇਟ ਲਿਆਉਣਾ ਭੁੱਲ ਗਿਆ। ਉਸ ਨੂੰ ਲੈਣ ਉਹ ਮੁੜ ਅਪਣੇ ਘਰ ਗਿਆ। ਰੂਸੀਆਂ ਦੀ ਭਿਆਨਕ ਗੋਲੀਬਾਰੀ ਦੇ ਵਿਚਕਾਰ ਮਲਬੇ ਨਾਲ ਭਰੀਆਂ ਪਈਆਂ ਸੜਕਾਂ 'ਤੋਂ ਹੁੰਦੇ ਹੋਏ ਵੈਗਨਰ ਵਾਪਸ ਹਿਟਲਰ ਦੇ ਬੰਕਰ ਵਿਚ ਪਹੁੰਚਿਆ। ਉਸ ਸਮੇਂ ਵਿਆਹ ਦੀ ਦਾਅਵਤ ਸ਼ੁਰੂ ਹੋਣ ਵਾਲੀ ਸੀ ਅਤੇ ਹਿਟਲਰ ਤੇ ਈਵਾ ਬ੍ਰਾਊਨ ਬੜੀ ਬੇਸਬਰੀ ਨਾਲ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਹਿਟਲਰ ਨੇ ਗੋਏਬਲਜ਼ ਅਤੇ ਬ੍ਰਾਊਨ ਨੇ ਬੋਰਮਨ ਨੂੰ ਅਪਣਾ ਗਵਾਹ ਬਣਾਇਆ।''ਰਾਬਰਟ ਪੇਨ ਅੱਗੇ ਲਿਖਦੇ ਹਨ, ''ਵਿਆਹ ਦੇ ਸਰਟੀਫ਼ੀਕੇਟ ਉਤੇ ਹਿਟਲਰ ਦੇ ਹਸਤਾਖ਼ਰ ਇਕ ਮਰੇ ਹੋਏ ਕੀੜੇ ਦੀ ਤਰ੍ਹਾਂ ਦਿਸ ਰਹੇ ਹਨ। ਈਵਾ ਬ੍ਰਾਊਨ ਨੇ ਵਿਆਹ ਤੋਂ ਪਹਿਲਾਂ ਵਾਲਾ ਨਾਂ ਬ੍ਰਾਊਨ ਲਿਖਣਾ ਚਾਹਿਆ। ਉਨ੍ਹਾਂ ਨੇ 'ਬੀ' ਲਿਖ ਵੀ ਦਿਤਾ ਸੀ, ਪਰ ਫਿਰ ਉਸ ਨੇ ਇਸ ਨੂੰ ਕਟਿਆ ਅਤੇ ਫਿਰ ਸਾਫ਼ ਸਾਫ਼ ਈਵਾ ਹਿਟਲਰ ਲਿਖਿਆ। ਗੋਏਬਲਜ਼ ਨੇ ਮਕੜੀ ਦੇ ਜਾਲੇ ਨਾਲ ਮਿਲਦੇ-ਜੁਲਦੇ ਹਸਤਾਖ਼ਰ ਕੀਤੇ ਪਰ ਇਸ ਤੋਂ ਪਹਿਲਾਂ ਉਹ ਡਾਕਟਰ ਲਗਾਉਣ ਨਾ ਭੁੱਲੇ। ਸਰਟੀਫ਼ੀਕੇਟ ਤੇ ਤਰੀਕ ਲਿਖੀ ਸੀ 29 ਅਪ੍ਰੈਲ ਜੋ ਕਿ ਗ਼ਲਤ ਸੀ ਕਿਉਂਕਿ ਵਿਆਹ ਹੁੰਦੇ ਹੁੰਦੇ ਰਾਤ ਦੇ ਬਾਰਾਂ ਵਜ ਕੇ 25 ਮਿੰਟ ਹੋ ਚੁੱਕੇ ਸਨ। ਕਾਇਦੇ ਨਾਲ ਉਸ 'ਤੇ 30 ਅਪ੍ਰੈਲ ਲਿਖਿਆ ਜਾਣਾ ਸੀ। ਵਿਆਹ ਤੋਂ ਬਾਅਦ ਦੇ ਭੋਜ ਵਿਚ ਬੋਰਮਨ, ਗੋਏਬਲਜ਼, ਮਗਦਾ ਗੋਏਬਲਜ਼, ਜਨਰਲ ਕ੍ਰੇਬਜ਼, ਜਨਰਲ ਬਰਗਡਾਫ਼ਰ ਹਿਟਲਰ ਦੀਆਂ ਦੋ ਨਿੱਜੀ ਸੈਕੱਤਰਾਂ ਅਤੇ ਉਨ੍ਹਾਂ ਦਾ ਸਾਕਾਹਾਰੀ ਰਸੋਈਆ ਵੀ ਸ਼ਾਮਲ ਹੋਇਆ। ਈਵਾ ਹਿਟਲਰ ਦੀ ਸਿਹਤ ਲਈ ਸਭਨਾਂ ਨੇ ਜਾਮ ਚੁੱਕੇ। ਈਵਾ ਨੇ ਕਾਫ਼ੀ ਸ਼ੈਂਪੇਨ ਪੀ ਲਈ। ਹਿਟਲਰ ਨੇ ਵੀ ਸ਼ੈਂਪੇਨ ਦਾ ਇਕ ਘੁੱਟ ਪੀਤਾ ਅਤੇ ਪੁਰਾਣੇ ਦਿਨਾਂ ਬਾਰੇ ਗੱਲਾਂ ਕਰਨ ਲੱਗੇ। ਜਦ ਉਹ ਗੋਏਬਲਜ਼ ਦੇ ਵਿਆਹ ਵਿਚ ਸ਼ਾਮਲ ਹੋਏ ਸਨ। ਫਿਰ ਅਚਾਨਕ ਉਨ੍ਹਾਂ ਦਾ ਮੂਡ ਬਦਲ ਗਿਆ ਅਤੇ ਉਹ ਬੋਲੇ, ''ਸੱਭ ਖ਼ਤਮ ਹੋ ਗਿਆ। ਮੈਨੂੰ ਸਾਰਿਆਂ ਨੇ ਧੋਖਾ ਦਿਤਾ।'' ਅਪਣੇ ਜੀਵਨ ਦੇ ਆਖ਼ਰੀ ਦਿਨ ਹਿਟਲਰ ਨੇ ਕੁੱਝ ਘੰਟਿਆਂ ਦੀ ਨੀਂਦ ਲਈ ਅਤੇ ਤਰੋਤਾਜ਼ਾ ਹੋ ਉੱਠੇ। ਅਕਸਰ ਇਹ ਵੇਖਿਆ ਗਿਆ ਹੈ ਕਿ ਮੌਤ ਦੀ ਸਜ਼ਾ ਪਾਏ ਕੈਦੀ ਅਪਣੀ ਮੌਤ ਤੋਂ ਪਹਿਲਾਂ ਦੀ ਰਾਤ ਸੁੱਖ ਦੀ ਨੀਂਦ ਸੌਂਦੇ ਹਨ। ਨਹਾਉਣ ਅਤੇ ਸ਼ੇਵ ਕਰਨ ਤੋਂ ਬਾਅਦ ਹਿਟਲਰ ਅਪਣੇ ਜਰਨੈਲਾਂ ਨੂੰ ਮਿਲੇ। ਉਨ੍ਹਾਂ ਨੇ ਕਿਹਾ ਕਿ ਅੰਤ ਨੇੜੇ ਹੈ। ਸੋਵੀਅਤ ਫ਼ੌਜੀ ਕਿਸੇ ਵੀ ਪਲ ਉਨ੍ਹਾਂ ਦੇ ਬੰਕਰ ਵਿਚ ਵੜ ਸਕਦੇ ਹਨ।