ਇਕ ਕੁੜੀ ਦਲਿਤ ਸੀ-ਲੰਗਰ ਦੀ ਦਾਲ ਸੀ

ਵਿਚਾਰ, ਸੰਪਾਦਕੀ

ਮਾ  ਲਵੇ ਦੇ ਕਿਸੇ ਪਿੰਡ ਦੀ ਖ਼ਬਰ ਸੀ। ਵਿਚ ਗੁਰੂ ਘਰ ਦਾ ਵੀ ਜ਼ਿਕਰ ਸੀ। ਕੁੜੀ ਦਲਿਤ ਸੀ-ਨੰਨ੍ਹੀ ਤਾਂ ਸੀ। ਕੁੜੀ ਤੇ ਇਲਜ਼ਾਮ ਸੀ ਕਿ ਉਹ 'ਲੰਗਰ' ਦੀ ਦਾਲ ਚੋਰੀ ਕਰਦੀ ਫੜੀ ਗਈ। ਲੰਗਰ ਦੀ ਦਾਲ ਸੁਆਦ ਹੁੰਦੀ ਹੈ। ਖਾਣ ਲਈ ਹੁੰਦੀ ਹੈ। ਹਰ ਕੋਈ ਖਾਣਾ ਚਾਹੁੰਦਾ ਹੈ। ਪਈ ਪਈ ਦਾ ਸਵਾਦ ਬਦਲ ਜਾਂਦਾ ਹੈ। ਜਿੰਨੀ ਛੇਤੀ ਖਾਧੀ ਜਾਵੇ, ਚੰਗਾ ਹੈ। ਉਸ ਕੁੜੀ ਦੇ ਘਰ ਉਸ ਦੀ ਦਲਿਤ ਮਾਂ ਸੀ। ਗ਼ਰੀਬ ਸੀ। ਸ਼ਰਧਾ ਆਈ ਹੋਵੇਗੀ ਕਿ ਉਹ ਲੰਗਰ ਦੀ ਦਾਲ ਅਪਣੀ ਮਾਂ ਵਾਸਤੇ ਵੀ ਲੈ ਜਾਵੇ। ਲਾਲਚ ਵੀ ਆਇਆ ਹੋਵੇਗਾ ਕਿ ਇਕ ਡੰਗ ਦੀ ਦਾਲ ਸਬਜ਼ੀ ਨਾ ਬਣਾਉਣੀ ਪਵੇਗੀ। ਖ਼ਬਰ ਵਿਚ ਕਿਹਾ ਗਿਆ ਹੈ ਕਿ ਪ੍ਰਬੰਧਕਾਂ ਨੇ ਲੜਕੀ ਨੂੰ ਬੁਰਾ ਭਲਾ ਕਿਹਾ। 'ਜਾਤੀ ਸੂਚਕ' ਸ਼ਬਦ ਬੋਲੇ। ਮਾਮਲਾ ਪੁਲਿਸ ਕੋਲ ਚਲਾ ਗਿਆ। ਮਾਮਲਾ ਗੰਭੀਰ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਕੋਲ ਗੱਲ ਪਹੁੰਚੀ। ਮਾਮਲਾ ਅਕਾਲੀ ਦਲ ਦੇ ਲੀਡਰਾਂ ਤਕ ਪਹੁੰਚਿਆ। ਪੁਲਿਸ ਵਾਲਿਆਂ ਮਾਮਲਾ ਐਸ.ਸੀ./ਐਸ.ਟੀ ਐਕਟ ਅਧੀਨ ਦਰਜ ਕੀਤਾ। ਮਾਮਲਾ ਵਿਗੜਿਆ ਹੋਇਆ ਚਰਚਾ ਵਿਚ ਆ ਗਿਆ। ਨਿਮਾਣੀ 'ਦਾਲ' ਦਾ। ਦਾਲ ਤਾਂ ਪਵਿੱਤਰ ਦਾਲ ਸੀ। ਲੰਗਰ ਦੀ ਦਾਲ ਸੀ। ਲੰਗਰ ਤਾਂ ਵਰਤਾਇਆ ਜਾਂਦਾ ਹੈ। ਵੰਡਿਆ ਜਾਂਦਾ ਹੈ। ਅਜੀਬ ਲਗਦਾ ਹੈ ਕਿ ਲੰਗਰ ਦੀ ਦਾਲ ਦਾ ਮਾਮਲਾ ਪੁਲਿਸ ਤਕ ਕਿਉਂ ਪੁੱਜਾ? ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਕ ਕਹਾਣੀ, ਚੇਤੇ ਆਉਂਦੀ ਹੈ ਕਿ ਉਸ ਦੇ ਰਾਜ ਵਿਚ ਕਾਲ ਪੈ ਗਿਆ ਸੀ। ਮਹਾਰਾਜਾ ਨੇ ਅਨਾਜ ਦੇ ਭੰਡਾਰ ਖੋਲ੍ਹ ਦਿਤੇ ਕਿ ਜਿਸ ਤੋਂ ਜਿੰਨੀ ਕਣਕ ਚੁੱਕੀ ਹੁੰਦੀ ਹੈ, ਚੁੱਕ ਕੇ ਲੈ ਜਾਵੇ। ਇਕ ਬੁੱਢੇ ਆਦਮੀ ਨੇ ਕਣਕ ਬੋਰੀ ਵਿਚ ਪਾ ਲਈ, ਫਿਰ ਚੁੱਕੀ ਨਾ ਜਾਵੇ। ਮਹਾਰਾਜਾ ਖੜੇ ਵੇਖ ਰਹੇ ਸਨ। ਉਹ ਮੁਸਕੁਰਾ ਰਹੇ ਸਨ। ਫਿਰ ਉਹ ਅੱਗੇ ਹੋਏ ਤੇ ਕਣਕ ਦੀ ਭਰੀ ਬੋਰੀ ਆਪ ਚੁੱਕੀ। ਉਸ ਗ਼ਰੀਬ ਬੁੱਢੇ ਦੇ ਘਰ ਛੱਡ ਕੇ ਆਏ। ਗੁਰੂ ਸਾਹਿਬ ਨਾਲ ਸਬੰਧਤ ਸੱਚੇ ਸੌਦਾ ਵਾਲੀ ਸਾਖੀ ਵੀ ਇਹੀ ਉਪਦੇਸ਼ ਦੇਂਦੀ ਹੈ, ਭੁੱਖੇ, ਗ਼ਰੀਬ ਲੋਕਾਂ ਦੀ ਪੂਰੀ ਮਦਦ। ਲੰਗਰ ਦਾ ਸਹੀ ਅਰਥ ਵੀ ਇਹੀ ਹੈ, ਲੋੜਵੰਦ ਨੂੰ ਰੋਟੀ। ਪਰ ਲਗਦਾ ਹੈ ਲੰਗਰ ਦੇ ਅਰਥ ਬਦਲ ਗਏ ਹਨ। ਰੱਜਿਆਂ ਦੇ ਅੱਗੇ ਭੋਜਨ ਰਖਣਾ ਹੀ 'ਲੰਗਰ' ਮੰਨਿਆ ਜਾ ਰਿਹਾ ਹੈ। ਜੋ ਘਰ ਵਿਚੋਂ 'ਮਨਮਰਜ਼ੀ' ਦਾ ਖਾ ਕੇ ਆਏ ਹੁੰਦੇ ਹਨ, ਉਹੀ ਲੰਗਰ ਖਾਣ ਦੇ ਪਾਤਰ ਸਮਝੇ ਜਾਂਦੇ ਹਨ। ਜਿਹੜੇ ਹੱਥ ਜੋੜ ਕੇ 'ਲੰਗਰ' ਮੰਗਦੇ ਹਨ ਉਨ੍ਹਾਂ ਨੂੰ ਦਬਕਾ ਕੇ ਪਰੇ ਬਿਠਾ ਦਿਤਾ ਜਾਂਦਾ ਹੈ। ਇਕ ਦਲਿਤ ਕੰਨਿਆ ਉਤੇ ਦਾਲ ਚੋਰੀ ਦੇ ਇਲਜ਼ਾਮ ਮੰਦਭਾਗੇ ਹਨ, ਨਹੀਂ ਲਗਣੇ ਚਾਹੀਦੇ ਸਨ। ਮਾਮਲਾ ਪੁਲਿਸ ਕੋਲ ਨਹੀਂ ਸੀ ਜਾਣਾ ਚਾਹੀਦਾ। ਮਾਮਲਾ ਮੀਡੀਆ ਵਿਚ ਨਹੀਂ ਸੀ ਜਾਣਾ ਚਾਹੀਦਾ। ਗੁਨਾਹਗਾਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉਠਣ ਲੱਗੀ ਪਰ ਜਿਵੇਂ ਕਿ ਅਕਸਰ ਹੁੰਦਾ ਹੈ, ਗੱਲ ਸ਼ਾਂਤ ਹੋ ਗਈ। ਰਾਜ਼ੀਨਾਮਾ ਹੋ ਗਿਆ। ਕੇਸ ਵਾਪਸ ਹੋ ਗਏ। ਅੰਨ ਬੁਰਾ ਨਹੀਂ ਹੁੰਦਾ, ਮਨ ਬੁਰਾ ਹੁੰਦਾ ਹੈ। ਚੌਲਾਂ ਦੀ ਬੁਰਕੀ-ਰੋਟੀ ਹੋਵੇ, ਦਾਲ ਹੋਵੇ, ਇਹ ਲੰਗਰ ਤਾਂ ਗ਼ਰੀਬਾਂ ਲਈ ਹੁੰਦਾ ਹੈ। ਪਰ ਲੰਗਰ ਤਿਆਰ ਕਰ ਕੇ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਰਖਿਆ ਜਾਂਦਾ ਹੈ। ਲੰਗਰ ਬਚਾਇਆ ਜਾਂਦਾ ਹੈ ਜਾਂ ਬਚ ਜਾਂਦਾ ਹੈ। ਲੰਗਰ ਦਾ ਮਕਸਦ ਤਾਂ ਪੰਗਤ ਵਿਚ ਬੈਠ ਕੇ ਖਾਣਾ ਹੁੰਦਾ ਹੈ। ਘਟਨਾ ਵਾਪਰ ਗਈ, ਖ਼ਤਮ ਹੋ ਗਈ-ਪਰ ਯਾਦ ਰਹੇਗੀ। ਕੁੜੀ ਦਲਿਤ ਸੀ। ਲੰਗਰ ਦੀ ਦਾਲ ਸੀ। ਇਸ ਤੋਂ ਕੁੱਝ ਸਮਾਂ ਪਹਿਲਾਂ ਮੋਗੇ ਦੇ ਨੇੜੇ ਵੀ ਕੁੜੀ ਦਲਿਤ ਸੀ ਪਰ ਇਕ 'ਮਾਲਕਾਂ' ਦੀ ਬੱਸ ਸੀ। ਖ਼ਬਰ ਆਈ ਕਿ ਬੱਸ ਦੇ ਅੰਦਰ ਬੱਸ ਦੇ ਕਰਮਚਾਰੀ ਨੇ ਕੁੜੀ ਨਾਲ ਬਦਸਲੂਕੀ ਕੀਤੀ। ਅਪਣੀ ਇੱਜ਼ਤ ਬਚਾਉਂਦੀ ਬਚਾਉਂਦੀ ਕੁੜੀ ਨੇ ਚਲਦੀ ਬੱਸ ਵਿਚੋਂ ਛਾਲ ਮਾਰ ਦਿਤੀ। ਫਿਰ ਕੁੜੀ ਦੀ ਜਾਨ ਚਲੀ ਗਈ। ਮੀਡੀਆ ਵਿਚ ਮਾਮਲਾ ਪਹੁੰਚਿਆ। ਕੁੜੀ ਦੇ ਮਾਪੇ ਦਲਿਤ ਸਨ। ਦੂਜੇ ਪਾਸੇ ਬੱਸ ਦੇ ਮਾਲਕ ਸਨ। ਮਾਲਕ ਕਹਿਣ ਪਤਾ ਕਰਦੇ ਹਾਂ ਕਿ ਇਹ ਬੱਸ ਹੈ ਕਿਸ ਦੀ। ਫਿਰ ਪਤਾ ਲੱਗਾ ਰਾਜ਼ੀਨਾਮਾ ਹੋ ਗਿਆ। ਪਹਿਲਾਂ ਰਾਜ਼ੀ ਹੋ ਗਏ। ਫਿਰ ਨਾਮਾ ਲੈ ਲਿਆ। ਜਾਂ ਪਹਿਲਾਂ ਨਾਮਾ ਲੈ ਲਿਆ ਫਿਰ ਰਾਜ਼ੀ ਹੋ ਗਏ, ਇਹੀ ਰਾਜ਼ੀਨਾਮਾ ਹੁੰਦਾ ਹੈ। ਰਾਜ਼ੀ ਜਮ੍ਹਾਂ ਨਾਮਾ, ਰਾਜ਼ੀ+ਨਾਮਾ। ਸੁਣਿਆ ਹੈ ਕਿ 22 ਲੱਖ ਦਲਿਤ ਕੁੜੀ ਦੇ ਵਾਰਸਾਂ ਨੂੰ ਦਿਤਾ ਗਿਆ। ਮਾਮਲਾ ਸ਼ਾਂਤ ਹੋ ਗਿਆ। ਅਦਾਲਤ ਵਿਚ ਜਿਹੜਾ ਕੇਸ ਚਲਿਆ ਉਥੇ ਕੁੜੀ ਦੇ ਮਾਂ-ਬਾਪ ਗਵਾਹੀ ਦੇਣ ਨਹੀਂ ਆਏ। ਜੱਜ ਨੇ ਦੋਸ਼ੀਆਂ ਨੂੰ ਬਰੀ ਕਰ ਦਿਤਾ। ਕੁੜੀ ਦਲਿਤ ਸੀ। ਕੁੜੀ ਮਰ ਗਈ ਪਰ ਮਰਦੀ-ਮਰਦੀ ਚੰਗੀ ਮੋਟੀ ਰਕਮ ਅਪਣੀ ਮਾਂ ਦੀ ਝੋਲੀ ਵਿਚ ਪਾ ਗਈ। ਕੁੜੀ ਦਲਿਤ ਸੀ। ਕੁੜੀ ਦੀ ਮਾਂ ਦੇ ਹੱਥ ਵਿਚ 22 ਲੱਖ ਦੇ ਨੋਟ ਸਨ। ਮਾਮਲਾ ਸ਼ਾਂਤ।