ਜੇਲ ਵਿਚ ਸ. ਜੋਗਿੰਦਰ ਸਿੰਘ ਵਿਰੁਧ ਸਾਰੇ ਖਾੜਕੂਆਂ ਨੇ ਨਹੀਂ, ਕੇਵਲ ਭਾਈ ਰਾਜੋਆਣਾ ਨੇ ਨਾਹਰੇ ਮਾਰੇ ਸਨ

ਵਿਚਾਰ, ਸੰਪਾਦਕੀ

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਨੇ ਪਿਛਲੇ ਸਾਲ 26 ਮਾਰਚ ਐਤਵਾਰ ਵਾਲੇ ਦਿਨ 'ਮੇਰੀ ਨਿਜੀ ਡਾਇਰੀ ਦੇ ਪੰਨੇ' ਰਾਹੀਂ ਜੋ ਲੇਖ ਬੇਅੰਤ ਸਿੰਘ ਕਤਲ ਕੇਸ ਵਿਚ ਸਿੰਘਾਂ ਦੇ ਹੱਕ ਵਿਚ ਦਿਤੀ ਗਵਾਹੀ ਅਤੇ ਅਦਾਲਤ ਵਿਚ ਵਾਪਰੀ ਘਟਨਾ ਬਾਰੇ ਲਿਖਿਆ ਹੈ, ਉਹ ਹੈ ਤਾਂ ਸੱਚ ਪਰ ਉਸ ਵਿਚ ਸ. ਜੋਗਿੰਦਰ ਸਿੰਘ ਜੀ ਕਿਤੇ ਨਾ ਕਿਤੇ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਗਏ ਲਗਦੇ ਹਨ। ਮੈਂ ਵਿਸਥਾਰ ਵਿਚ ਨਾ ਜਾਂਦਾ ਹੋਇਆ, ਸਰਦਾਰ ਸਾਹਬ ਦੀ ਗ਼ਲਤਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਸਰਦਾਰ ਸਾਹਬ ਵਲੋਂ ਲਿਖਿਆ ਕੋਈ ਵੀ ਲੇਖ ਉਨ੍ਹਾਂ ਦੇ ਰੌਸ਼ਨ ਦਿਮਾਗ਼ ਦੀ ਗਵਾਹੀ ਭਰਦਾ ਹੈ ਅਤੇ ਜੇ ਉਹ 'ਨਿਜੀ ਡਾਇਰੀ ਦੇ ਪੰਨੇ' ਹੋਣ ਤਾਂ ਉਸ ਦੀ ਅਹਿਮੀਅਤ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ 26 ਮਾਰਚ ਵਾਲਾ ਲੇਖ ਇਕ ਬਹੁਤ ਹੀ ਵੱਡੇ ਇਤਿਹਾਸਕ ਕੇਸ ਅਤੇ ਇਸ ਨਾਲ ਜੁੜੇ ਸਿੰਘਾਂ ਨਾਲ ਸਬੰਧ ਰਖਦਾ ਹੈ। ਇਸ ਲਈ ਜੇ ਕੋਈ ਗ਼ਲਤਫ਼ਹਿਮੀ ਹੈ ਤਾਂ ਉਸ ਨੂੰ ਦਰੁਸਤ ਕਰਨਾ ਸਾਡਾ ਫ਼ਰਜ਼ ਹੈ। 

ਮੇਰੇ ਕੇਸ ਦਾ ਟਰਾਇਲ ਅਲੱਗ ਚਲਦਾ ਸੀ ਪਰ ਗਵਾਹ ਇਕੱਠੇ ਹੋਣ ਕਰ ਕੇ ਮੈਂ ਵੀ ਸਾਰਿਆਂ ਨਾਲ ਹੀ ਅਦਾਲਤ ਵਿਚ ਬੈਠਦਾ ਸੀ। ਪਰ ਜੇਲ ਬਰੇਕ ਤੋਂ ਬਾਅਦ ਬੇਅੰਤ ਸਿੰਘ ਕੇਸ ਵਿਚ ਮੈਨੂੰ ਸਾਰੇ ਸਿੰਘਾਂ ਨਾਲ ਬੈਠਣ ਦਾ ਮੌਕਾ ਘੱਟ ਮਿਲਿਆ ਅਤੇ ਕਿਉਂਕਿ ਸਫ਼ਾਈ ਦੇ ਗਵਾਹ ਦੇ ਤੌਰ 'ਤੇ ਜਦੋਂ ਸ. ਜੋਗਿੰਦਰ ਸਿੰਘ ਆਏ ਤਾਂ ਉਸ ਦਿਨ ਮੈਂ ਅਦਾਲਤ ਵਿਚ ਮੌਜੂਦ ਨਹੀਂ ਸੀ। ਹੁਣ ਮੈਂ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਇਕ ਹੀ ਬੈਰਕ ਵਿਚ ਬੰਦ ਹਾਂ ਜੋ ਸਾਰੇ ਹੀ ਸ. ਜੋਗਿੰਦਰ ਸਿੰਘ ਦਾ ਲੇਖ ਪੜ੍ਹ ਕੇ ਕੁੱਝ ਨਾਰਾਜ਼ ਹਨ ਕਿ ਪਹਿਲਾਂ ਤੱਥਾਂ ਦੀ ਪੜਤਾਲ ਕਰ ਕੇ ਹੀ ਕੋਈ ਲੇਖ ਲਿਖਣਾ ਚਾਹੀਦਾ ਹੈ। ਗੱਲ ਕੋਈ ਵੱਡੀ ਵੀ ਨਹੀਂ ਪਰ ਸੱਚ ਆਖ਼ਰ ਸੱਚ ਹੀ ਹੈ।