ਕੈਲੇਫ਼ੋਰਨੀਆ ਵੀ ਅਮਰੀਕਾ ਤੋਂ ਵੱਖ ਹੋਣਾ ਚਾਹੁੰਦਾ ਹੈ! (2)

ਵਿਚਾਰ, ਸੰਪਾਦਕੀ

ਪਰ ਵੋਟਾਂ ਵਿਚ ਕੈਲੇਫ਼ੋਰਨੀਆ ਦੀ ਆਜ਼ਾਦੀ ਨੂੰ ਕਿੰਨੇ ਵੋਟ ਮਿਲਦੇ ਹਨ ਤੇ ਕਿੰਨੇ ਸੈਨੇਟਰ ਇਸ ਦੀ ਹਮਾਇਤ ਵਿਚ ਨਿਤਰਦੇ ਹਨ, ਉਸ ਨਾਲੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਅੰਦੋਲਨ ਦੇ ਕਰਤਾ ਧਰਤਾ, ਅਮਰੀਕੀ ਸੰਵਿਧਾਨ ਦੀ ਉਸ ਧਾਰਾ ਨੂੰ ਬਦਲਣਾ ਚਾਹੁੰਦੇ ਹਨ ਜਿਸ ਵਿਚ ਲਿਖਿਆ ਹੈ ਕਿ ਕੈਲੇਫ਼ੋਰਨੀਆ, ਅਮਰੀਕਾ ਦਾ ਵੱਖ ਨਾ ਹੋ ਸਕਣ ਵਾਲਾ ਹਿੱਸਾ ਹੈ। ਉਹ ਚਾਹੁੰਦੇ ਹਨ ਕਿ ਹਾਲ ਦੀ ਘੜੀ ਇਸ ਸ਼ਬਦਾਵਾਲੀ ਨੂੰ ਸੰਵਿਧਾਨ ਵਿਚੋਂ ਹਟਾ ਦਿਤਾ ਜਾਏ।

ਕੈਟੇਲੋਨੀਆ ਨੇ ਸਪੇਨ ਤੋਂ ਆਜ਼ਾਦੀ ਮੰਗਣ ਲਈ ਅਪਣੀ ਪਾਰਲੀਮੈਂਟ (ਸਾਡੀ ਵਿਧਾਨ ਸਭਾ ਵਰਗੀ) ਕੋਲੋਂ ਮਤਾ ਪਾਸ ਕਰਵਾ ਲਿਆ ਤਾਂ ਦੁਨੀਆਂ ਹੈਰਾਨ ਜਹੀ ਹੋ ਗਈ ਕਿਉਂਕਿ ਕੈਟੇਲੋਨੀਆ ਤਾਂ ਸਪੇਨ ਦਾ ਸੱਭ ਤੋਂ ਅਮੀਰ ਇਲਾਕਾ ਹੈ ਪਰ ਇਹ ਵੀ ਸਦਾ ਤੋਂ ਸਪੇਨ ਦਾ ਹਿੱਸਾ ਨਹੀਂ ਸੀ ਸਗੋਂ ਕਿਸੇ ਸਮੇਂ ਇਕ ਛੋਟਾ ਜਿਹਾ ਵਖਰਾ ਆਜ਼ਾਦ ਦੇਸ਼ ਹੁੰਦਾ ਸੀ ਜੋ ਮਗਰੋਂ ਸਪੇਨ ਵਿਚ ਸ਼ਾਮਲ ਕਰ ਲਿਆ ਗਿਆ।ਪਰ ਕੈਲੇਫ਼ੋਰਨੀਆ ਵਲੋਂ ਅਮਰੀਕਾ ਕੋਲੋਂ ਆਜ਼ਾਦੀ ਮੰਗਣਾ, ਉਸ ਤੋਂ ਵੀ ਵੱਧ ਹੈਰਾਨੀਜਨਕ ਹੈ, ਭਾਵੇਂ ਆਜ਼ਾਦੀ ਦੀ ਇਹ ਮੰਗ ਅਜੇ ਕੁੱਝ ਲੋਕਾਂ ਤਕ ਹੀ ਸੀਮਤ ਹੈ। ਅਮਰੀਕਾ ਵਿਚ ਆਜ਼ਾਦੀ ਦੀ ਮੰਗ ਕਰਨ ਨੂੰ ਗੁਨਾਹ ਨਹੀਂ ਸਮਝਿਆ ਜਾਂਦਾ ਕਿਉਂਕਿ ਅਮਰੀਕੀ ਸੰਵਿਧਾਨ ਵਿਚ ਹੀ ਦਰਜ ਹੈ ਕਿ ਜੇ ਉਸ ਦੇਸ਼ ਦੀ ਪਾਰਲੀਮੈਂਟ (ਕਾਂਗਰਸ) ਦੇ ਦੋ ਤਿਹਾਈ ਮੈਂਬਰ (ਅਰਥਾਤ 67 ਸੈਨੇਟਰ ਅਤੇ 290 ਪ੍ਰਤੀਨਿਧ) ਕਿਸੇ ਰਾਜ ਦੀ ਆਜ਼ਾਦੀ ਦੀ ਹਮਾਇਤ ਕਰ ਦੇਣ ਤੇ ਉਸ ਮਗਰੋਂ, ਅਮਰੀਕਾ ਦੇ ਕੁਲ 50 ਰਾਜਾਂ ਵਿਚੋਂ ਤਿੰਨ ਚੌਥਾਈ ਰਾਜ ਵੀ ਇਸ 'ਆਜ਼ਾਦੀ' ਨੂੰ ਅਪਣੀ ਹਮਾਇਤ ਦੇ ਦੇਣ ਤਾਂ ਆਜ਼ਾਦੀ ਦਿਤੀ ਜਾ ਸਕਦੀ ਹੈ। ਜਦ ਸੰਵਿਧਾਨ ਵਿਚ ਹੀ 'ਆਜ਼ਾਦੀ' ਮੰਗਣ ਦਾ ਹੱਕ ਦਿਤਾ ਗਿਆ ਹੋਵੇ ਤਾਂ ਆਜ਼ਾਦੀ ਦੀ ਮੰਗ ਕਰਨ ਵਾਲਿਆਂ ਨੂੰ 'ਰਾਸ਼ਟਰ-ਵਿਰੋਧੀ' ਤੇ ਦੇਸ਼-ਧ੍ਰੋਹੀ ਨਹੀਂ ਕਿਹਾ ਜਾ ਸਕਦਾ ਤੇ ਨਾ ਉਨ੍ਹਾਂ ਨੂੰ ਆਜ਼ਾਦੀ ਦੇ ਹੱਕ ਵਿਚ ਪ੍ਰਚਾਰ ਕਰਨੋਂ ਹੀ ਰੋਕਿਆ ਜਾ ਸਕਦਾ ਹੈ।ਕੈਲੇਫ਼ੋਰਨੀਆ ਦੀ ਆਜ਼ਾਦੀ ਮੰਗਣ ਵਾਲਿਆਂ ਦਾ ਖ਼ਿਆਲ ਹੈ ਕਿ ਇਸ ਵੇਲੇ ਕੈਲੇਫ਼ੋਰਨੀਆ, ਅਮਰੀਕਾ ਦਾ 'ਕਮਾਊ ਪੁੱਤਰ' ਹੈ ਤੇ ਇਹ ਅਮਰੀਕਾ ਨੂੰ ਟੈਕਸਾਂ ਦੀ ਉਗਰਾਹੀ 'ਚੋਂ ਜ਼ਿਆਦਾ ਰਕਮ ਦੇਂਦਾ ਹੈ ਪਰ ਵਾਪਸ ਇਸ ਨੂੰ ਘੱਟ ਰਕਮ ਮਿਲਦੀ ਹੈ। ਆਜ਼ਾਦੀ ਮੰਗਣ ਵਾਲਿਆਂ ਦਾ ਕਹਿਣਾ ਹੈ ਕਿ ਜੇ ਕੈਲੇਫ਼ੋਰਨੀਆ ਆਜ਼ਾਦ ਮੁਲਕ ਬਣ ਜਾਏ ਤਾਂ ਖੇਤਰ ਦਾ ਸੱਭ ਤੋਂ ਅਮੀਰ ਤੇ ਖ਼ੁਸ਼ਹਾਲ ਦੇਸ਼ ਹੋਵੇਗਾ। ਆਜ਼ਾਦੀ ਮੰਗਣ ਵਾਲਿਆਂ ਦਾ ਨਾਹਰਾ ਹੈ ਕਿ ਸੰਘਰਸ਼ 'ਕੈਲੇਫ਼ੋਰਨੀਆ ਦੇ ਲੋਕਾਂ ਨੂੰ ਗ਼ੁਲਾਮ ਬਣਾਉਣ ਵਾਲਿਆਂ ਤੋਂ ਆਜ਼ਾਦ ਕਰਵਾਉਣ ਲਈ ਹੈ।' ਪਰ ਉਹ ਖ਼ਾਸ ਤੌਰ ਤੇ ਐਲਾਨ ਕਰਦੇ ਹਨ ਕਿ ਆਜ਼ਾਦੀ ਮੰਗਣ ਲਗਿਆਂ ਉਹ ਅਮਰੀਕਾ ਸਰਕਾਰ ਵਿਰੁਧ ਬਗ਼ਾਵਤ ਕਰਨ ਵਾਲਾ ਨਾ ਕੋਈ ਸ਼ਬਦ ਬੋਲਣਗੇ, ਨਾ ਕਾਰਵਾਈ ਹੀ ਕਰਨਗੇ। ਕੈਲੇਫ਼ੋਰਨੀਆ ਦੀ ਆਜ਼ਾਦੀ ਮੰਗਣ ਵਾਲੇ ਸਾਰੇ ਗਰੁੱਪ, 'ਕੈਲੇਫ਼ੋਰਨੀਆ ਫ਼ਰੀਡਮ ਕੋਲੀਸ਼ਨ' ਦੇ ਝੰਡੇ ਹੇਠ ਇਸ ਸਾਲ ਦੇ ਸ਼ੁਰੂ ਵਿਚ ਇਕੱਠੇ ਹੋ ਗਏ ਸਨ। ਜੁਲਾਈ ਵਿਚ ਇਸ ਗਠਜੋੜ ਨੂੰ ਇਕ ਵੱਡੀ ਸਫ਼ਲਤਾ ਮਿਲੀ ਜਦ ਇਸ ਨੂੰ ਆਗਿਆ ਮਿਲ ਗਈ ਕਿ ਇਹ ਕੈਲੇਫ਼ੋਰਨੀਆ ਦੀ ਆਜ਼ਾਦੀ ਲਈ 5,85,407 ਲੋਕਾਂ ਦੇ ਦਸਤਖ਼ਤ ਪ੍ਰਾਪਤ ਕਰਨ ਲਈ ਅਭਿਆਨ ਸ਼ੁਰੂ ਕਰ ਸਕਦੇ ਹਨ। ਜੇ ਇਹ ਅਪਣੇ ਹੱਕ ਵਿਚ ਏਨੇ ਰਜਿਸਟਰਡ ਵੋਟਰਾਂ ਦੇ ਦਸਤਖ਼ਤ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਏ ਤਾਂ ਇਨ੍ਹਾਂ ਦਾ ਪ੍ਰਸਤਾਵ 'ਕੈਲੇਫ਼ੋਰਨੀਆ ਦਾ ਭਵਿੱਖ¸ਆਜ਼ਾਦੀ ਦਾ ਰਾਹ' ਨਵੰਬਰ 2018 ਦੀਆਂ ਚੋਣਾਂ ਦਾ ਭਾਗ ਬਣ ਜਾਏਗਾ।

ਕੈਲੇਫ਼ੋਰਨੀਆ ਜੋ ਕਿ ਇਸ ਵੇਲੇ ਸੰਸਾਰ ਦੀ ਡਿਜੀਟਲ ਅਰਥਵਿਵਸਥਾ ਦਾ ਕੇਂਦਰ ਬਣਿਆ ਹੋਇਆ ਹੈ, ਉਹ ਪਿਛਲੀਆਂ ਪ੍ਰਧਾਨਗੀ ਚੋਣਾਂ ਵਿਚ ਵੀ ਬਾਕੀ ਦੇ ਅਮਰੀਕਾ ਨਾਲੋਂ ਵਖਰਾ ਜਿਹਾ ਪ੍ਰਤੀਤ ਹੁੰਦਾ ਸੀ ਜਦ ਇਸ ਨੇ ਡੋਨਾਲਡ ਟਰੰਪ ਨੂੰ ਨਕਾਰ ਕੇ, ਵੋਟ ਹਿਲੇਰੀ ਕਲਿੰਟਨ ਦੇ ਹੱਕ ਵਿਚ ਭੁਗਤਾਈ। ਜਿੰਨੇ ਬੰਦਿਆਂ ਨੇ ਟਰੰਪ ਨੂੰ ਵੋਟਾਂ ਦਿਤੀਆਂ, ਉਸ ਤੋਂ ਦੁਗਣੀਆਂ ਵੋਟਾਂ, ਕੈਲੇਫ਼ੋਰਨੀਆ ਦੇ ਵੋਟਰਾਂ ਨੇ ਹਿਲੇਰੀ ਕਲਿੰਟਨ ਨੂੰ ਦਿਤੀਆਂ ਸਨ। ਇਸ ਸੱਭ ਤੋਂ ਜ਼ਿਆਦਾ ਵਸੋਂ ਵਾਲੇ ਰਾਜ ਵਿਚ ਕਲਿੰਟਨ 43 ਲੱਖ ਵੋਟਾਂ ਨਾਲ ਅੱਗੇ ਸੀ। ਟਰੰਪ ਦੀ ਜਿੱਤ ਮਗਰੋਂ, ਕੈਲੇਫ਼ੋਰਨੀਆ ਦੇ ਗਵਰਨਰ ਜੈਰੀ ਬਰਾਊਨ ਦਾ ਕਈ ਮਾਮਲਿਆਂ ਤੇ ਟਰੰਪ ਨਾਲ ਸਿੱਧਾ ਟਕਰਾਅ ਵੀ ਹੋਇਆ। ਖ਼ਾਸ ਤੌਰ ਤੇ ਟਰੰਪ ਇਸ ਗੱਲੋਂ ਬਹੁਤ ਨਾਰਾਜ਼ ਹੋਏ ਕਿ ਜੈਰੀ ਬਰਾਊਨ ਨੇ ਚੀਨ ਦੇ ਪ੍ਰਧਾਨ ਜ਼ੀ ਪਿੰਗ ਨੂੰ ਮਿਲ ਕੇ ਪੈਰਿਸ ਵਾਤਾਵਰਣ ਸਮਝੌਤੇ ਨੂੰ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ ਜਦਕਿ ਟਰੰਪ ਪੈਰਿਸ ਦੀ ਮੀਟਿੰਗ 'ਚੋਂ ਬਾਹਰ ਨਿਕਲ ਆਏ ਸਨ। ਜੈਰੀ ਬਰਾਊਨ ਨੇ ਅਗਲੇ ਸਾਲ ਇਕ ਗਲੋਬਲ ਕਲਾਈਮੇਟ ਸਮਿਟ ਬੁਲਾ ਕੇ ਉਸ ਵਿਚ ਸ਼ਹਿਰਾਂ ਅਤੇ ਰਾਜਾਂ ਦੇ ਪ੍ਰਤੀਨਿਧਾਂ ਨੂੰ ਇਕੱਠਿਆਂ ਕਰਨ ਦਾ ਐਲਾਨ ਵੀ ਕੀਤਾ।
ਪਰ ਵੋਟਾਂ ਵਿਚ ਕੈਲੇਫ਼ੋਰਨੀਆ ਦੀ ਆਜ਼ਾਦੀ ਨੂੰ ਕਿੰਨੇ ਵੋਟ ਮਿਲਦੇ ਹਨ ਤੇ ਕਿੰਨੇ ਸੈਨੇਟਰ ਇਸ ਦੀ ਹਮਾਇਤ ਵਿਚ ਨਿਤਰਦੇ ਹਨ, ਉਸ ਨਾਲੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਅੰਦੋਲਨ ਦੇ ਕਰਤਾ ਧਰਤਾ, ਅਮਰੀਕੀ ਸੰਵਿਧਾਨ ਦੀ ਉਸ ਧਾਰਾ ਨੂੰ ਬਦਲਣਾ ਚਾਹੁੰਦੇ ਹਨ ਜਿਸ ਵਿਚ ਲਿਖਿਆ ਹੈ ਕਿ ਕੈਲੇਫ਼ੋਰਨੀਆ, ਅਮਰੀਕਾ ਦਾ ਵੱਖ ਨਾ ਹੋ ਸਕਣ ਵਾਲਾ ਹਿੱਸਾ ਹੈ। ਉਹ ਚਾਹੁੰਦੇ ਹਨ ਕਿ ਹਾਲ ਦੀ ਘੜੀ ਇਸ ਸ਼ਬਦਾਵਲੀ ਨੂੰ ਸੰਵਿਧਾਨ ਵਿਚੋਂ ਹਟਾ ਦਿਤਾ ਜਾਏ ਅਤੇ ਕੈਲੇਫ਼ੋਰਨੀਆ ਦਾ ਚੁਣਿਆ ਹੋਇਆ ਗਵਰਨਰ, ਕੈਲੇਫ਼ੋਰਨੀਆ ਦੇ ਬਾਕੀ ਸੈਨੇਟਰਾਂ ਤੇ ਪ੍ਰਤੀਨਿਧਾਂ ਨਾਲ ਮਿਲ ਕੇ, ਕੇਂਦਰੀ (ਫ਼ੈਡਰਲ) ਸਰਕਾਰ ਤੋਂ ਵਧੇਰੀ 'ਅਟਾਨੋਮੀ' ਦੀ ਮੰਗ ਉਦੋਂ ਤਕ ਕਰਦਾ ਰਹੇ ਜਦ ਤਕ ਅਖ਼ੀਰ ਮੁਕੰਮਲ ਆਜ਼ਾਦੀ ਨਹੀਂ ਮਿਲ ਜਾਂਦੀ।