ਕੈਲੇਫ਼ੋਰਨੀਆ ਵੀ ਅਮਰੀਕਾ ਤੋਂ ਵੱਖ ਹੋਣਾ ਚਾਹੁੰਦਾ ਹੈ!

ਵਿਚਾਰ, ਸੰਪਾਦਕੀ

ਪਿਛਲੀ ਅੱਧੀ ਸਦੀ ਵਿਚ ਯੂਰਪ ਦੇ ਕਈ ਛੋਟੇ ਦੇਸ਼, ਵੱਡੇ ਰਾਸ਼ਟਰਾਂ ਨਾਲੋਂ ਵੱਖ ਹੋ ਗਏ ਹਨ। ਯੂਰਪੀ 'ਰਾਸ਼ਟਰਵਾਦ' ਫ਼ੇਲ੍ਹ ਹੁੰਦਾ ਜਾ ਰਿਹਾ ਹੈ ਪਰ ਹਿੰਦੂ ਰਾਸ਼ਟਰਵਾਦ, ਦੁਨੀਆਂ ਵਲੋਂ ਬੇਪ੍ਰਵਾਹ ਹੋ ਕੇ, ਅਪਣਾ ਕੱਟੜ ਰੂਪ ਪੇਸ਼ ਕਰਨ ਲਈ ਬਜ਼ਿੱਦ ਹੋਈ ਬੈਠਾ ਹੈ। ਰੱਬ ਖ਼ੈਰ ਕਰੇ!

ਦੋ ਕੁ ਸਦੀਆਂ ਪਹਿਲਾਂ 'ਰਾਸ਼ਟਰਵਾਦ' ਜਾਂ 'ਸਟੇਟ ਨੈਸ਼ਨਲਿਜ਼ਮ' ਇਕ ਯੋਰਪੀ ਸਿਧਾਂਤ ਬਣ ਕੇ ਸਾਹਮਣੇ ਆਇਆ ਕਿਉਂਕਿ ਉਸ ਨੇ ਛੋਟੀਆਂ ਛੋਟੀਆਂ ਰਿਆਸਤਾਂ ਨੂੰ ਇਕੱਠਿਆਂ ਕਰ ਕੇ ਇਕ 'ਭੂਗੋਲਿਕ ਸਰਹੱਦ' ਅੰਦਰ ਬੰਦ ਕਰ ਦੇਣ ਦਾ ਯਤਨ, ਮਨੁੱਖੀ ਇਤਿਹਾਸ ਵਿਚ ਪਹਿਲੀ ਵਾਰ ਕੀਤਾ ਸੀ। ਯੋਰਪੀ ਰਾਸ਼ਟਰਵਾਦ ਤੋਂ ਪਹਿਲਾਂ, ਜਿਸ ਕਬੀਲੇ ਕੋਲ ਜ਼ਿਆਦਾ ਤਾਕਤ ਹੁੰਦੀ ਸੀ, ਉਹ ਤਲਵਾਰ ਦੇ ਜ਼ੋਰ ਨਾਲ ਅਪਣਾ ਰਾਜ ਕਾਇਮ ਕਰ ਲੈਂਦਾ ਸੀ। 'ਯੋਰਪੀ ਰਾਸ਼ਟਰਵਾਦ' ਦੇ ਪ੍ਰਚਾਰਕਾਂ ਨੇ ਛੋਟੇ ਛੋਟੇ ਦੇਸ਼ਾਂ ਵਲ ਦਾਣਾ ਸੁਟਿਆ ਕਿ ਜੇ ਉਨ੍ਹਾਂ ਨੇ ਆਰਥਕ ਤੌਰ ਤੇ ਸੌਖਿਆਂ ਹੋਣਾ ਹੈ ਤਾਂ ਅਪਣੇ ਵਖਰੇਪਨ ਨੂੰ ਤਿਆਗ ਕੇ, ਇਕ ਵੱਡੇ 'ਰਾਸ਼ਟਰ' ਵਿਚ ਸ਼ਾਮਲ ਹੋ ਜਾਣ ਪਰ ਨਾਲ ਹੀ ਇਹ ਵੀ ਯਕੀਨ ਦਿਵਾ ਦਿਤਾ ਕਿ ਉਨ੍ਹਾਂ ਦੇ ਧਰਮ, ਸਭਿਆਚਾਰ, ਭਾਸ਼ਾ ਤੇ ਰੀਤੀ ਰਿਵਾਜ ਨਾਲ ਕੋਈ ਖਿਲਵਾੜ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਸ਼ਿਕਾਇਤ ਦਾ ਹੀ ਕੋਈ ਮੌਕਾ ਦਿਤਾ ਜਾਏਗਾ। ਇਥੋਂ ਤਕ ਵੀ ਐਲਾਨ ਕੀਤਾ ਗਿਆ ਕਿ ਜੇ ਉਹ ਕਲ ਕਿਸੇ ਵੇਲੇ ਮਹਿਸੂਸ ਕਰਨ ਕਿ ਉਨ੍ਹਾਂ ਨਾਲ ਕਿਸੇ ਕਿਸਮ ਦਾ ਧੱਕਾ ਹੋ ਰਿਹਾ ਹੈ ਤੇ ਉਨ੍ਹਾਂ ਦੇ ਧਰਮ, ਭਾਸ਼ਾ ਜਾਂ ਸਭਿਆਚਾਰ ਨੂੰ ਮੁਨਾਸਬ ਸਤਿਕਾਰ ਨਹੀਂ ਦਿਤਾ ਜਾ ਰਿਹਾ ਤਾਂ ਉਨ੍ਹਾਂ ਨੂੰ ਹੱਕ ਹੋਵੇਗਾ ਕਿ ਉਹ ਰਾਏ-ਸ਼ੁਮਾਰੀ (ਰੈਫ਼ਰੈਂਡਮ) ਕਰਵਾ ਕੇ, ਬਹੁਮਤ ਸਾਬਤ ਕਰਨ ਮਗਰੋਂ, ਦੇਸ਼ ਤੋਂ ਵੱਖ ਹੋਣ ਦਾ ਫ਼ੈਸਲਾ ਵੀ ਲੈ ਲੈਣ।ਦੋ ਸੰਸਾਰ-ਯੁੱਧ ਹੋਏ, ਦੁਨੀਆਂ ਵਿਚ ਬੜੀ ਉੱਥਲ ਪੁੱਥਲ ਹੋਈ, ਕੈਪੀਟਲਿਜ਼ਮ ਬਨਾਮ ਮਾਰਕਸਵਾਦ ਦੀ ਲੜਾਈ ਵੀ ਖ਼ੂਬ ਭਖੀ ਜਿਨ੍ਹਾਂ ਵਲ ਵੇਖ ਕੇ ਛੋਟੇ ਦੇਸ਼ਾਂ ਨੇ ਵੱਡੇ ਰਾਸ਼ਟਰਾਂ ਨਾਲ ਬੱਝੇ ਰਹਿਣ ਵਿਚ ਹੀ ਭਲਾ ਸਮਝਿਆ ਪਰ ਅੰਦਰੋ ਅੰਦਰ ਉਨ੍ਹਾਂ ਅੰਦਰ ਇਹ ਅਹਿਸਾਸ ਵੀ ਕਰਵਟਾਂ ਲੈਣ ਲੱਗ ਪਿਆ ਸੀ ਕਿ ਵਖਰੇ ਛੋਟੇ ਦੇਸ਼ ਦੇ ਮਾਲਕ ਵਜੋਂ ਉਹ ਜ਼ਿਆਦਾ ਸੁਖੀ ਸਨ ਤੇ 'ਵੱਡੇ ਰਾਸ਼ਟਰ' ਦਾ ਹਿੱਸਾ ਬਣ ਕੇ ਉਹ ਘਾਟੇ ਵਾਲਾ ਸੌਦਾ ਕਰ ਬੈਠੇ ਹਨ। 

ਸੋ ਪਿਛਲੇ 40-50 ਸਾਲਾਂ ਵਿਚ, ਬਲਖ਼ ਤੇ ਬੁਖ਼ਾਰੇ ਦੀ ਸਰਦਾਰੀ ਦੀ ਬਜਾਏ, 'ਛੱਜੂ ਦੇ ਚੁਬਾਰੇ' ਦੀ ਯਾਦ ਫਿਰ ਤੋਂ ਲੋਕਾਂ ਨੂੰ ਸਤਾਉਣ ਲੱਗੀ ਅਰਥਾਤ ਵੱਡੇ ਦੇਸ਼ (ਰਾਸ਼ਟਰ) ਵਿਚ ਦੂਜੇ ਦਰਜੇ ਦੇ ਸ਼ਹਿਰੀ ਵਜੋਂ ਰਹਿਣ ਨਾਲੋਂ ਅਪਣੇ ਛੋਟੇ (ਅੱਜ ਦੇ ਹਿਸਾਬ ਨਾਲ ਪਿੰਡ ਵਰਗੇ) ਦੇਸ਼ ਵਿਚ ਮਾਲਕ ਵਜੋਂ ਰਹਿਣਾ ਜ਼ਿਆਦਾ ਲਾਹੇਵੰਦਾ ਸਮਝਿਆ ਜਾਣ ਲੱਗ ਪਿਆ। ਨਤੀਜੇ ਵਜੋਂ ਕਈ ਛੋਟੇ ਛੋਟੇ ਦੇਸ਼ ਵੱਡੇ ਰਾਸ਼ਟਰਾਂ ਤੋਂ ਆਜ਼ਾਦ ਹੋ ਗਏ ਹਨ ਤੇ ਕਈ ਹੋਰ ਤਿਆਰੀਆਂ ਕਰ ਰਹੇ ਹਨ। ਰੂਸ ਦੇ ਗਵਾਂਢ ਵਿਚ ਜਿੰਨੇ ਵੀ ਗਵਾਂਢੀ ਦੇਸ਼ ਸਨ (ਆਜ਼ਰਬਾਈਜਾਨ ਰੀਪਬਲਿਕਾਂ) ਤੇ ਜਿਨ੍ਹਾਂ ਕਰ ਕੇ ਰੂਸ 'ਸੋਵੀਅਤ ਰੂਸ' ਬਣ ਗਿਆ ਸੀ, ਉਹ ਹੁਣ ਮੁੜ ਤੋਂ ਆਜ਼ਾਦ ਦੇਸ਼ (ਛੋਟੇ ਛੋਟੇ ਹੀ ਸਹੀ) ਬਣ ਚੁੱਕੇ ਹਨ।  ਚੈਕੋਸਲੋਵਾਕੀਆ ਦੇ ਦੋਵੇਂ ਹਿੱਸੇ, ਪਹਿਲਾਂ ਵਾਂਗ ਵੱਖ ਹੋ ਕੇ 'ਚੈੱਕ' ਤੇ 'ਸਲੋਵਾਕ' ਦੇਸ਼ ਬਣ ਚੁੱਕੇ ਹਨ। ਇਸੇ ਤਰ੍ਹਾਂ ਆਇਰਲੈਂਡ ਵਖਰਾ ਦੇਸ਼ ਬਣ ਚੁੱਕਾ ਹੈ ਤੇ ਸਕਾਟਲੈਂਡ ਇੰਗਲੈਂਡ ਤੋਂ ਵੱਖ ਹੋ ਕੇ, ਵਖਰਾ ਦੇਸ਼ ਬਣਨ ਦੀਆਂ ਤਿਆਰੀਆਂ ਕਰ ਰਿਹਾ ਹੈ। ਪਿਛਲੇ ਰੈਫ਼ਰੈਂਡਮ ਵਿਚ, ਵੱਖ ਹੋਣਾ ਚਾਹੁਣ ਵਾਲੇ ਬਹੁਮਤ ਪ੍ਰਾਪਤ ਨਹੀਂ ਸਨ ਕਰ ਸਕੇ ਪਰ ਉਨ੍ਹਾਂ ਨੇ 'ਆਜ਼ਾਦ' ਹੋਣ ਦਾ ਵਿਚਾਰ ਨਹੀਂ ਛਡਿਆ। ਕੈਨੇਡਾ ਵਿਚ 'ਕਿਊਬੈਕ' ਸੂਬੇ ਦਾ ਵੀ ਇਹੀ ਹਾਲ ਹੈ। ਉਸ ਨੂੰ ਵੀ ਇਹ ਹੱਕ ਮਿਲਿਆ ਹੋਇਆ ਹੈ ਕਿ ਉਹ ਜਦੋਂ ਚਾਹੇ, ਰੈਫ਼ਰੈਂਡਮ ਕਰਵਾ ਕੇ ਵੱਖ ਹੋ ਸਕਦਾ ਹੈ। ਸਪੇਨ ਦੇ ਸੱਭ ਤੋਂ ਅਮੀਰ ਇਲਾਕੇ ਕੈਟੇਲੋਨੀਆ ਨੇ ਹੁਣੇ ਪਿੱਛੇ ਜਹੇ ਅਪਣੀ ਪਾਰਲੀਮੈਂਟ ਵਿਚ, ਸਪੇਨ ਤੋਂ ਆਜ਼ਾਦ ਹੋਣ ਦਾ ਮਤਾ ਪਾਸ ਕਰ ਦਿਤਾ। ਸਪੇਨ ਨੇ ਕੈਟੇਲੋਨੀਆ ਦੀ ਪਾਰਲੀਮੈਂਟ ਨੂੰ ਤੋੜ ਕੇ ਨਵੀਆਂ ਚੋਣਾਂ ਦਾ ਐਲਾਨ ਕਰ ਦਿਤਾ ਹੈ ਪਰ ਕੈਟੇਲੋਨੀਆ ਦੇ ਲੀਡਰਾਂ ਨੇ ਐਲਾਨ ਕਰ ਦਿਤਾ ਹੈ ਕਿ ਸਪੇਨ ਵਿਰੁਧ ਬਗ਼ਾਵਤ ਕੀਤੇ ਬਿਨਾਂ, ਉਹ ਪੁਰ-ਅਮਨ ਢੰਗ ਨਾਲ ਅਪਣਾ ਵਖਰਾ ਦੇਸ਼ ਲੈ ਕੇ ਰਹਿਣਗੇ।