ਕੈਟੇਲੋਨੀਆ ਵਲੋਂ ਸਪੇਨ ਦੇਸ਼ ਨਾਲੋਂ ਵੱਖ ਹੋਣ ਦਾ ਫ਼ੈਸਲਾ ਸਪੇਨ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਅਤੇ ਹੁਣ ਜਬਰ ਨਾਲ ਕੈਟੇਲੋਨੀਆ ਨੂੰ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਪੇਨ ਵਿਚ ਇਹ ਸਥਿਤੀ ਪੈਦਾ ਹੋਣ ਦੀ ਜੜ੍ਹ ਇਤਿਹਾਸ ਵਿਚ ਹੈ ਪਰ ਅੱਜ ਦੇ ਆਗੂਆਂ ਦੀ ਕਮਜ਼ੋਰੀ ਹੈ ਕਿ ਸਥਿਤੀ ਹਾਲਾਤ ਦੀ ਘੁੰਮਣਘੇਰੀ ਵਿਚ ਆ ਕੇ ਫੱਸ ਗਈ ਹੈ। ਕਮਸ਼ੀਰ ਵਾਂਗ ਸਪੇਨ ਦੇ ਸੂਬੇ ਕੈਟੇਲੋਨੀਆ ਵਿਚ ਵੀ ਵੱਧ ਤਾਕਤਾਂ ਦੀ ਮੰਗ 1970ਵਿਆਂ ਤੋਂ ਚਲਦੀ ਆ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਆਰਟੀਕਲ 370 ਵਾਂਗ ਖ਼ਾਸ ਤਾਕਤਾਂ ਅਤੇ ਸਹੂਲਤਾਂ ਦਿਤੀਆਂ ਗਈਆਂ ਹਨ। 2006 ਦੇ ਇਕ ਖ਼ਾਸ ਕਦਮ ਨੇ ਕੈਟੇਲੋਨੀਆ ਦੀਆਂ ਤਾਕਤਾਂ ਵਧਾ ਦਿਤੀਆਂ ਜੋ ਕਿ ਸਪੇਨ ਦੀ ਸਰਕਾਰ ਤੋਂ ਬਰਦਾਸ਼ਤ ਨਾ ਹੋਈਆਂ। 2010 ਵਿਚ ਸਪੇਨ ਨੇ ਅਪਣੀਆਂ ਤਾਕਤਾਂ ਵਧਾ ਲਈਆਂ ਜਿਸ ਦਾ ਨਤੀਜਾ ਇਹ ਨਿਕਲਿਆ ਕਿ 2015 'ਚ ਵੱਖ ਹੋਣ ਲਈ ਹੋਈ ਚੋਣ ਵਿਚ 80% ਨਾਗਰਿਕਾਂ ਨੇ ਸਪੇਨ ਤੋਂ ਵੱਖ ਹੋਣਾ ਚਾਹਿਆ। ਜੰਮੂ-ਕਸ਼ਮੀਰ ਵਿਚ ਵੀ ਸਥਿਤੀ ਉਸੇ ਤਰ੍ਹਾਂ ਦੀ ਹੈ ਪਰ ਭਾਰਤ ਸਰਕਾਰ ਦੀਆਂ ਮੁਸ਼ਕਲਾਂ ਵਧਾਉਣ ਵਾਸਤੇ ਪਾਕਿਸਤਾਨ ਦੀ ਦਖ਼ਲਅੰਦਾਜ਼ੀ ਵੀ ਜਾਰੀ ਰਹੀ। ਨਾਲ ਹੀ ਧਰਮ ਦੀ ਲੜਾਈ ਵੀ ਜੁੜ ਗਈ ਅਤੇ ਵੱਖਵਾਦ ਤੇ ਅਤਿਵਾਦ ਵਿਚ ਫ਼ਰਕ ਹੀ ਕੋਈ ਨਾ ਰਿਹਾ।ਜੰਮੂ-ਕਸ਼ਮੀਰ ਦੀ ਸਮੱਸਿਆ ਨੂੰ ਹੱਲ ਕਰਨ ਲਈ 2011 ਤੋਂ ਬਾਅਦ ਜੋ ਕਦਮ ਚੁੱਕੇ ਗਏ ਸਨ, ਉਹ ਅੱਜ ਦੀ ਸਰਕਾਰ ਦੀ ਸੋਚ ਨਾਲ ਮੇਲ ਨਹੀਂ ਖਾਂਦੇ ਅਤੇ ਅੱਜ ਕਸ਼ਮੀਰ ਭਾਜਪਾ ਅਤੇ ਕਾਂਗਰਸ ਵਿਚਕਾਰ ਬਹਿਸ ਦਾ ਇਕ ਮੁੱਦਾ ਬਣ ਗਿਆ ਹੈ ਜਿਸ ਦੀ ਕੀਮਤ ਕਸ਼ਮੀਰ ਨੂੰ ਚੁਕਾਉਣੀ ਪੈ ਰਹੀ ਹੈ।ਕੈਟੇਲੋਨੀਆ ਅਪਣੇ ਦਮ ਤੇ ਖੜੇ ਹੋਣ ਦੀ ਕਾਬਲੀਅਤ ਰਖਦਾ ਹੈ ਅਤੇ ਸਪੇਨ ਦੀ 1 ਟ੍ਰਿਲੀਅਨ (ਖਰਬ) ਦੀ ਆਮਦਨ ਵਿਚੋਂ 209 ਬਿਲੀਅਨ (ਅਰਬ) ਕੈਟੇਲੋਨੀਆ ਦੇਂਦਾ ਹੈ। ਪਰ ਜੰਮੂ-ਕਸ਼ਮੀਰ ਦੀ ਜਨਅਤ (ਸਵਰਗ) ਵਰਗੀ ਵਾਦੀ, ਪਾਕਿਸਤਾਨ ਦੀ ਦਖ਼ਲਅੰਦਾਜ਼ੀ ਕਾਰਨ ਜਹੱਨੁਮ ਬਣ ਚੁੱਕੀ ਹੈ। ਉਨ੍ਹਾਂ ਕੋਲ ਅਪਣੇ ਪੈਰਾਂ ਉਤੇ ਖੜੇ ਹੋਣ ਦੀ ਕਾਬਲੀਅਤ ਨਹੀਂ ਪਰ ਇਸ ਹਾਲਤ ਦੇ ਬਾਵਜੂਦ ਜੇ ਅੱਜ ਕਸ਼ਮੀਰ ਵਿਚ ਰਾਏਸ਼ੁਮਾਰੀ ਕਰਵਾਈ ਜਾਵੇ ਤਾਂ ਕਸ਼ਮੀਰ ਵੱਖ ਹੋਣ ਵਾਲੇ ਪਾਸੇ ਹੀ ਵੋਟ ਦੇਵੇਗਾ। ਕਾਰਨ ਧਰਮ ਜਾਂ ਪਾਕਿਸਤਾਨ ਨਹੀਂ ਬਲਕਿ ਅਫ਼ਸਪਾ ਅਤੇ ਫ਼ੌਜ ਦੇ ਹੱਥੋਂ ਕਸ਼ਮੀਰੀਆਂ ਨੂੰ ਹੋਏ ਕੌੜੇ ਤਜਰਬੇ ਦੀਆਂ ਕੌੜੀਆਂ ਯਾਦਾਂ ਹਨ। ਉਨ੍ਹਾਂ ਵਾਸਤੇ ਅਜੇ ਵਿਕਾਸ ਕੋਈ ਮੁੱਦਾ ਨਹੀਂ ਬਲਕਿ ਸਰਕਾਰ ਅਤੇ ਫ਼ੌਜ ਦੀਆਂ ਦਮਨਕਾਰੀ ਨੀਤੀਆਂ ਅਤੇ ਸਖ਼ਤੀ ਵਾਲੇ ਕਦਮ ਭਖਵੇਂ ਮੁੱਦੇ ਹਨ ਜੋ ਕਸ਼ਮੀਰੀਆਂ ਨੂੰ ਭਾਰਤ ਤੋਂ ਦੂਰ ਕਰ ਰਹੇ ਹਨ।