ਕੀ ਤੀਆਂ ਦਾ ਤਿਉਹਾਰ ਸੋਹਣੀਆਂ ਪੰਜਾਬੀ ਕੁੜੀਆਂ ਚੁਣਨ ਲਈ ਔਰੰਗਜ਼ੇਬ ਨੇ ਸ਼ੁਰੂ ਕੀਤਾ ਸੀ?

ਵਿਚਾਰ, ਸੰਪਾਦਕੀ

15.08.2017 ਨੂੰ ਸਪੋਕਸਮੈਨ ਵਿਚ ਲੱਗੀ ਖ਼ਬਰ ਪੜ੍ਹ ਕੇ ਮਨ ਨੂੰ ਬੜੀ ਭਾਰੀ ਠੇਸ ਲੱਗੀ। ਤੀਆਂ ਦੇ ਤਿਉਹਾਰ ਦੇ ਮੇਲੇ ਆਮ ਹੀ ਸਕੂਲਾਂ ਕਾਲਜਾਂ, ਯੂਨੀਵਰਸਟੀਆਂ ਵਿਚ ਤੇ ਪੁਲਿਸ ਲਾਈਨ ਦੇ ਕੁਆਟਰਾਂ ਵਿਚ ਤੇ ਹੋਰ ਕਲੱਬਾਂ ਵਿਚ ਅਜਕਲ ਅਫ਼ਸਰਸ਼ਾਹੀ ਦੇ ਪ੍ਰਵਾਰਾਂ ਦੀ ਦੇਖ ਰੇਖ ਹੇਠ ਲਗਾਏ ਜਾਂਦੇ ਹਨ। ਮੈਂ ਇਕ ਸਵਾਲ ਪੁਛਣਾ ਚਾਹੁੰਦਾ ਹਾਂ ਇਨ੍ਹਾਂ ਪ੍ਰਬੰਧਕਾਂ ਨੂੰ ਕਿ ਕਦੇ ਇਨ੍ਹਾਂ ਨੇ ਤੀਆਂ ਦੇ ਤਿਉਹਾਰ ਦੀਆਂ ਜੜ੍ਹਾਂ ਵਲ ਧਿਆਨ ਦਿਤਾ ਹੈ ਕਿ ਇਹ ਕਿਉਂ ਕਦੋਂ ਤੇ ਕਿਥੋਂ ਪ੍ਰਚੱਲਤ ਹੋਈਆਂ ਸਨ? ਜਵਾਬ ਅਸੀ ਨਹੀਂ ਵਿਚ ਵੀ ਨਹੀਂ ਦੇ ਸਕਦੇ, ਕਿਉਂਕਿ ਇਸ ਤਿਉਹਾਰ ਨੂੰ ਆਈਏਐਸ, ਪੀ.ਸੀ.ਐਸ ਅਫ਼ਸਰਾਂ ਤੇ ਉਚ ਕੋਟੀ ਦੀ ਲੀਡਰਸ਼ਿਪ ਦੀ ਦੇਖ ਰੇਖ ਹੇਠਾਂ ਮਨਾਉਂਦੇ ਆ ਰਹੇ ਹਾਂ ਜਿਨ੍ਹਾਂ ਨੂੰ ਇਨ੍ਹਾਂ ਦੇ ਪਿਛੋਕੜ ਬਾਰੇ ਪੂਰੀ ਜਾਣਕਾਰੀ ਤੇ ਇਤਿਹਾਸ ਬਾਰੇ ਪਤਾ ਹੁੰਦਾ ਹੈ ਪਰ ਫਿਰ ਇਸ ਕੌੜੀ ਸੱਚਾਈ ਨੂੰ ਅੱਖੋਂ ਪਰੋਖੇ ਕਰ ਕੇ ਮਨਾਈ ਵੀ ਜਾਂਦੇ ਹਨ।
ਸਾਡੇ ਪੰਜਾਬ ਵਾਸੀਆਂ ਦੀ ਮਾਨਸਿਕਤਾ ਇੰਨੀ ਨਿਘਰ ਚੁੱਕੀ ਹੈ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਬਾਦਸ਼ਾਹ ਔਰੰਗਜ਼ੇਬ ਵਲੋਂ ਸਾਡੀਆਂ ਬਹੂ ਬੇਟੀਆਂ ਦੀ ਪਸ਼ੂਆਂ ਵਾਂਗ ਮੰਡੀ ਲਵਾ ਕੇ, ਉਹ ਅਪਣੇ ਪਿਆਦਿਆਂ ਜਾਂ ਚੌਧਰੀਆਂ ਰਾਹੀਂ ਪਿੰਡ-ਪਿੰਡ ਵਿਚ ਢੰਡੋਰਾ ਫੇਰਦਾ ਸੀ ਕਿ ਸਾਡੇ ਪਿੰਡ ਦੀਆਂ ਨੌਜਵਾਨ, ਬਹੂ-ਬੇਟੀਆਂ ਤੇ ਕੁੜੀਆਂ ਵੱਧ ਤੋਂ ਵੱਧ ਸ਼ਿੰਗਾਰ ਕਰ ਕੇ ਤਿਆਰ ਬਰ ਤਿਆਰ ਹੋ ਕੇ ਸੱਥਾਂ ਵਿਚ ਇਕਠੀਆਂ ਹੋਣ ਕਿਉਂਕਿ ਅੱਜ ਔਰੰਗਜ਼ੇਬ ਬਾਦਸ਼ਾਹ ਨੇ ਤੁਹਾਡੇ ਪਿੰਡ ਆਉਣਾ ਹੈ।
ਬਾਦਸ਼ਾਹ ਅਪਣੀ ਦੇਖ ਰੇਖ ਹੇਠ ਇਨ੍ਹਾਂ ਬਾਲੜੀਆਂ ਨੁੰ ਮਜਬੂਰ ਕਰ ਕੇ ਗਿੱਧੇ ਭੰਗੜੇ ਵੇਖਦਾ ਤੇ ਬੋਲੀਆਂ ਤੇ ਨਚਾਉਂਦਿਆਂ ਹੋਇਆਂ, ਆਪ ਇਕ ਪਾਸੇ ਅਪਣੇ ਤਖ਼ਤ ਜਾਂ ਬੱਘੀ ਰੱਥ ਉਪਰ ਬੈਠ ਸ਼ੁਗਲ ਵਿਚ ਸ਼ਰਾਬ ਦਾ ਆਨੰਦ ਮਾਣਦਾ ਹੁੰਦਾ ਸੀ। ਜਿਹੜੀ ਬਹੂ ਬੇਟੀ ਉਸ ਕਮੀਨੇ ਨੂੰ ਪਸੰਦ ਆ ਜਾਂਦੀ, ਉਸ ਦੇ ਮਾਪਿਆਂ ਨੂੰ ਮਜਬੂਰ ਕਰ ਕੇ ਅਪਣੇ ਨਾਲ ਲਿਜਾ ਕੇ ਅਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੁੰਦਾ ਸੀ। ਪਰ ਅੱਜ ਅਸੀ ਅਪਣੀ ਮਰੀ ਹੋਈ ਜ਼ਮੀਰ ਵਾਲੇ ਲੋਕ ਉਸ ਮੁਗ਼ਲ ਬਾਦਸ਼ਾਹ ਵਲੋਂ ਚਲਾਈ ਹੋਈ ਪ੍ਰੰਪਰਾ ਨੂੰ ਤੀਆਂ ਦੇ ਤਿਉਹਾਰ ਵਜੋਂ ਮਨਾ ਕੇ ਉਸ ਜ਼ਾਲਮ ਬਾਦਸ਼ਾਹ ਵਲੋਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲਣ ਨੂੰ ਸਹੀ ਦਰਸਾ ਕੇ ਉਸ ਉਪਰ ਮੋਹਰ ਲਾ ਕੇ ਪੜਦਾ ਪਾ ਰਹੇ ਹਾਂ। 

ਓ ਮੇਰੇ ਪ੍ਰਬੰਧਕ ਵੀਰੋ, ਕੁੱਝ ਰਹਿਮ ਕਰੋ, ਕੁੱਝ ਸ਼ਰਮ ਕਰੋ ਤੇ ਕੁੱਝ ਹਯਾ ਕਰੋ। ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀ ਇਥੋਂ ਤਕ ਡਿੱਗ ਚੁੱਕੇ ਹਾਂ ਕਿ ਜਿਹੜੇ ਔਰੰਗਜ਼ੇਬ ਨੂੰ ਜਾਬਰ ਜ਼ਾਲਮ ਤੇ ਸਾਡੀਆਂ ਇੱਜ਼ਤਾਂ ਰੋਲਣ ਵਾਲਾ ਦਸਦੇ ਆ ਰਹੇ ਹਾਂ, ਉਸ ਦੀ ਅਯਾਸ਼ੀ ਤੇ ਪੰਜਾਬ ਦੀਆਂ ਸੋਹਣੀਆਂ ਕੁੜੀਆਂ ਵੇਖਣ ਦੀ ਭੁੱਖ ਨੂੰ ਕੁੜੀਆਂ ਦੇ ਨਾਚ ਵਾਲੀ ਸਥਾਈ ਰਸਮ ਬਣਾ ਲਿਆ ਹੈ। ਔਰੰਗਜ਼ੇਬ ਤੋਂ ਪਹਿਲਾਂ ਕਦੇ ਤੀਆਂ ਦਾ ਤਿਉਹਾਰ ਪੰਜਾਬ ਨੇ ਨਹੀਂ ਸੀ ਮਨਾਇਆ। ਜਦੋਂ ਕਿਤੇ ਪੇਪਰਾਂ ਵਿਚ ਬੜੇ ਮਾਣ ਨਾਲ ਖ਼ਬਰ ਲਗਵਾਉਂਦੇ ਹੋ ਕਿ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ ਜਾਵੇਗਾ ਤਾਂ ਦਿਲ ਦਾ ਰੁੱਗ ਭਰਿਆ ਜਾਂਦਾ ਹੈ। ਇਨ੍ਹਾਂ ਬਾਲੜੀਆਂ ਦਾ ਤੀਆਂ ਦਾ ਨਾਚ ਵੇਖਣ ਦੀ ਬਜਾਏ ਫ਼ਿਜ਼ੀਕਲ ਆਰਟ ਜਿਵੇਂ ਗਤਕਾ, ਜੂਡੋ, ਕਰਾਟੇ, ਸਗੋਂ ਉਸ ਤੋਂ ਵੀ ਇਕ ਕਦਮ ਹੋਰ ਵੱਧ ਕੇ ਆਖਾਂਗਾ ਕਿ ਇਨ੍ਹਾਂ ਨੂੰ ਅਸਲਾ ਤਕ ਚਲਾਉਣ ਦੀ ਟਰੇਨਿੰਗ ਪਿੰਡ-ਪਿੰਡ ਕਲੱਬ ਬਣਾ ਕੇ ਦਿਤੀ ਜਾਵੇ ਤਾਕਿ ਅੱਗੇ ਤੋਂ ਕੋਈ ਹੋਰ ਔਰੰਗਜ਼ੇਬ ਪੈਦਾ ਨਾ ਹੋ ਸਕੇ। ਮੈਂ ਕੋਈ 9 ਸਾਲਾਂ ਤੋਂ ਲਗਾਤਾਰ ਸਪੋਕਸਮੈਨ ਪੜ੍ਹਦਾ ਆ ਰਿਹਾ ਹਾਂ। ਜੋ ਮਾਣ ਸਤਿਕਾਰ ਨਵੇਂ ਲਿਖਾਰੀਆਂ ਨੂੰ ਸਪੋਕਸਮੈਨ ਨੇ ਦਿਤਾ, ਉਹ ਹੋਰ ਕਿਸੇ ਦੇ ਵਸ ਦੀ ਗੱਲ ਨਹੀਂ। ਮੈਂ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਤੇ ਭੈਣ ਬੀਬੀ ਜਗਜੀਤ ਕੌਰ ਐਮ ਡੀ ਤੇ ਸਾਡੀ ਛੋਟੀ ਬੱਚੀ ਨਿਮਰਤ ਕੌਰ ਦਾ ਤਹਿ ਦਿਲੋਂ ਸਤਿਕਾਰ ਕਰਦਾ ਹਾਂ।