ਮਰਦ-ਪ੍ਰਧਾਨ ਸਮਾਜ ਵਿਚ ਔਰਤ ਨੂੰ ਹਰ ਥਾਂ ਅੱਗੇ ਵਧਣ ਲਈ ਪਰਾਏ ਮਰਦ ਨੂੰ ਕੀਮਤ ਤਾਰਨੀ ਪੈਂਦੀ ਹੈ

ਵਿਚਾਰ, ਸੰਪਾਦਕੀ

ਸਮਾਜ ਵਿਚ ਅਜਿਹਾ ਸੱਭ ਆਮ ਹੋ ਰਿਹਾ ਹੈ ਪਰ ਜਦੋਂ ਇਸ ਤਰ੍ਹਾਂ ਦੀ ਹਰਕਤ ਸਾਡੀ ਕਿਸੇ ਉੱਚ ਸਿੱਖ ਸੰਸਥਾ ਵਿਚ ਹੁੰਦੀ ਹੈ ਤਾਂ ਅਫ਼ਸੋਸ ਦੁਗਣਾ ਹੋ ਜਾਂਦਾ ਹੈ। ਬਾਕੀ ਸਾਰੇ ਫ਼ਲਸਫ਼ਿਆਂ ਅਤੇ ਸਿੱਖ ਫ਼ਲਸਫ਼ੇ ਵਿਚ ਸੱਭ ਤੋਂ ਵੱਡਾ ਫ਼ਰਕ ਔਰਤਾਂ ਦੀ ਬਰਾਬਰੀ ਸੀ ਜੋ ਕਿ ਪਹਿਲੀ ਵਾਰ ਕਿਸੇ ਧਰਮ ਵਿਚ ਦਿਤੀ ਗਈ। ਪਰ ਇਕ 80 ਸਾਲ ਦੇ ਬਜ਼ੁਰਗ ਨੇ ਸਿੱਧ ਕਰ ਦਿਤਾ ਹੈ ਕਿ ਗੁਰਦਵਾਰਿਆਂ ਵਿਚ ਗੁਰਬਾਣੀ ਨਹੀਂ ਸਮਝੀ ਜਾ ਰਹੀ। ਜੋ ਇਨਸਾਨ ਗੁਰੂ ਦੇ ਨਾਂ ਤੇ ਚਲਦੇ ਸਕੂਲਾਂ ਦੀ ਸੰਭਾਲ ਕਰਦਾ ਹੋਵੇ, ਇਕ ਚੰਗਾ ਗੁਰਸਿੱਖ ਮੰਨਿਆ ਜਾਂਦਾ ਹੋਵੇ, ਉਸ ਨੂੰ ਹੀ ਗੁਰੂ ਦੀ ਗੱਲ ਸਮਝ ਨਹੀਂ ਆਈ ਤਾਂ ਫਿਰ ਬਾਕੀਆਂ ਨੂੰ ਕੀ ਸਮਝ ਆਉਣੀ ਹੈ?


ਫ਼ੋਰਬਸ ਇੰਡੀਆ ਦੀ, ਸੱਭ ਤੋਂ ਵੱਧ ਕਮਾਊ ਹਸਤੀਆਂ ਦੀ ਇਸ ਸਾਲ ਦੀ ਸੂਚੀ ਵਿਚ ਪਹਿਲੀ ਵਾਰ ਇਕ ਔਰਤ ਅਦਾਕਾਰਾ ਪ੍ਰਿਅੰਕਾ ਚੋਪੜਾ ਪਹਿਲੀਆਂ 10 ਹਸਤੀਆਂ ਵਿਚ ਸ਼ਾਮਲ ਕੀਤੀ ਗਈ ਹੈ। ਇਹੀ ਨਹੀਂ, ਫ਼ੋਰਬਸ ਵਲੋਂ 100 ਸੱਭ ਤੋਂ ਤਾਕਤਵਰ ਕੋਮਾਂਤਰੀ ਔਰਤਾਂ ਵਿਚ ਵੀ ਪ੍ਰਿਅੰਕਾ ਚੋਪੜਾ ਸ਼ਾਮਲ ਹਨ ਜਿਨ੍ਹਾਂ ਵਿਚ ਅਮਰੀਕੀ ਰਾਸ਼ਟਰਪਤੀ ਦੀ ਧੀ ਇਵਾਂਕਾ ਵੀ ਸ਼ਾਮਲ ਹਨ। ਇਕ ਗੱਲਬਾਤ ਦੌਰਾਨ ਪ੍ਰਿਅੰਕਾ ਚੋਪੜਾ ਵਲੋਂ ਉਨ੍ਹਾਂ ਦੀ ਮਕਬੂਲੀਅਤ ਬਾਰੇ ਸਵਾਲ ਪੁਛਿਆ ਗਿਆ ਕਿ ਉਨ੍ਹਾਂ ਨੂੰ ਕਦੇ ਕਿਸੇ ਮਰਦ ਵਲੋਂ ਜਿਨਸੀ ਛੇੜਛਾੜ ਵਾਲੀ ਸਥਿਤੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ? ਬਾਲੀਵੁੱਡ ਵਿਚ ਔਰਤਾਂ ਨੂੰ ਮਰਦ ਨਿਰਦੇਸ਼ਕਾਂ, ਨਿਰਮਾਤਾਵਾਂ ਅਤੇ ਅਦਾਕਾਰਾਂ ਨੂੰ ਖ਼ੁਸ਼ ਕਰਨ ਲਈ ਅਪਣੀ 'ਇੱਜ਼ਤ' ਦੀ ਕੀਮਤ ਚੁਕਾਉਣ ਦੀ ਪ੍ਰਥਾ (ਕਾਸਟਿੰਗ ਕਾਊਚ) ਹਰਦਮ ਹੀ ਸੁਰਖ਼ੀਆਂ ਵਿਚ ਰਹਿੰਦੀ ਹੈ। ਪ੍ਰਿਅੰਕਾ ਦਾ ਜਵਾਬ ਸੀ ਕਿ ਉਸ ਨੂੰ ਜਦ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਕੋਲ ਮੂੰਹਤੋੜ ਜਵਾਬ ਦੇਣ ਦੀ ਹਿੰਮਤ ਮੌਜੂਦ ਸੀ ਕਿਉਂਕਿ ਉਸ ਦੇ ਮਾਂ-ਬਾਪ, ਹਰ ਸਮੇਂ, ਉਸ ਨਾਲ ਇਕ ਢਾਲ ਬਣ ਕੇ ਖੜੇ ਰਹਿੰਦੇ ਸਨ। ਜਵਾਬ ਦੇ ਦੂਜੇ ਹਿੱਸੇ ਨੇ ਪੱਤਰਕਾਰ ਨੂੰ ਹੱਕਾ-ਬੱਕਾ ਹੀ ਕਰ ਦਿਤਾ ਕਿਉਂਕਿ ਪ੍ਰਿਅੰਕਾ ਚੋਪੜਾ ਨੇ ਪੱਤਰਕਾਰ ਨੂੰ ਪੁਛਿਆ ਕਿ ਇਸ 'ਕਾਸਟਿੰਗ ਕਾਊਚ' ਬਾਰੇ ਉਹ ਸਿਰਫ਼ ਫ਼ਿਲਮ ਅਦਾਕਾਰਾਂ ਨੂੰ ਹੀ ਕਿਉਂ ਪੁਛਦੇ ਹਨ? ਇਹ ਤਾਂ ਇਕ ਮਰਦ ਪ੍ਰਧਾਨ ਸਮਾਜ ਦੀ ਮਾਨਸਕਤਾ ਹੈ ਜਿਸ ਦੀ ਕੀਮਤ ਹਰ ਖੇਤਰ ਵਿਚ ਔਰਤਾਂ ਨੂੰ ਚੁਕਾਉਣੀ ਪੈਂਦੀ ਹੈ।ਪੰਜਾਬ ਦੀ ਇਕ ਉੱਚ ਧਾਰਮਕ ਸੰਸਥਾ ਦੇ ਮੁਖੀ ਵਲੋਂ ਇਕ ਔਰਤ ਮੁਲਾਜ਼ਮ ਨਾਲ ਛੇੜਛਾੜ ਦੀ ਵੀਡੀਉ ਜੋ ਸਾਹਮਣੇ ਆਈ ਹੈ, ਉਸ ਤੋਂ ਸਿੱਧ ਹੁੰਦਾ ਹੈ ਕਿ ਇਹ ਮਾਨਸਿਕਤਾ ਇਸ ਕਦਰ ਸਾਡੇ ਸਮਾਜ ਵਿਚ ਪਸਰ ਚੁੱਕੀ ਹੈ ਕਿ ਜੇ ਇਹ ਵੀਡੀਉ ਸੱਚ ਪ੍ਰਗਟ ਕਰ ਰਹੀ ਹੈ ਤੇ ਐਵੇਂ ਨਕਲੀ ਨਹੀਂ, ਤਾਂ 80 ਸਾਲ ਦਾ ਬਜ਼ੁਰਗ ਵੀ ਅਪਣੀ ਤਾਕਤ ਇਕ ਸਕੂਲ ਵਿਚ ਵਿਖਾ ਰਿਹਾ ਹੈ। 'ਮਰਦ ਤਾਂ ਹੁੰਦੇ ਹੀ ਇਸ ਤਰ੍ਹਾਂ ਦੇ ਹਨ' ਇਹ ਫ਼ਿਕਰਾ ਅਸੀ ਅਪਣੀਆਂ ਮਾਵਾਂ, ਦਾਦੀਆਂ, ਨਾਨੀਆਂ ਤੋਂ ਸੁਣਿਆ ਹੈ ਅਤੇ ਇਹ ਸਾਡੀਆਂ ਰੂਹਾਂ ਵਿਚ ਵਸ ਗਿਆ ਹੈ। 'ਮਰਦ ਦੀ ਭੁੱਖ ਨਹੀਂ ਭਰਨੀ, ਇਧਰ-ਉਧਰ ਮੂੰਹ ਮਾਰ ਕੇ ਘਰ ਤਾਂ ਉਸ ਨੇ ਆਉਣਾ ਹੀ ਹੈ', 'ਪਰ ਵੈਸੇ ਬੰਦਾ ਚੰਗਾ ਹੈ' ਵਰਗੇ ਫ਼ਿਕਰੇ ਵੀ ਹਰ ਕੁੜੀ ਨੂੰ ਸੁਣਨ ਨੂੰ ਮਿਲਦੇ ਹਨ।ਪ੍ਰਿਅੰਕਾ ਚੋਪੜਾ ਖ਼ੁਸ਼ਨਸੀਬ ਹੈ ਜੋ ਉਸ ਦੇ ਮਾਂ-ਬਾਪ ਨੇ ਉਸ ਨੂੰ ਇਹ ਫ਼ਿਕਰੇ ਨਾ ਸੁਣਾਏ ਅਤੇ ਅੱਜ ਉਹ ਅਪਹੁੰਚ ਉਚਾਈਆਂ ਉਤੇ ਅਪਣੀ ਕਾਬਲੀਅਤ ਦੇ ਸਹਾਰੇ ਖੜੀ ਹੈ। ਉਸ ਦੀ ਜਿੱਤ ਦੀ ਕਹਾਣੀ ਵਿਚ, ਕੋਈ ਦਰਦਨਾਕ ਹਾਦਸੇ ਤੇ ਸ਼ਰਮਨਾਕ ਯਾਦਾਂ ਨਹੀਂ ਹਨ। ਸਿਰਫ਼ ਮਿਹਨਤ ਦੀ ਕਹਾਣੀ ਹੈ। ਅੱਜ ਇਸ ਤਰ੍ਹਾਂ ਦੀ ਸੋਚ ਸਮਾਜ ਵਲੋਂ ਅਪਣਾਏ ਜਾਣ ਦੀ ਬਹੁਤ ਜ਼ਰੂਰਤ ਹੈ।ਵਿਵਾਦਾਂ ਵਿਚ ਘਿਰੇ ਸਿੱਖ ਆਗੂ ਚੱਢਾ ਨੂੰ ਪੰਥ 'ਚੋਂ ਛੇਕਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਸ਼ਾਇਦ ਕੁੱਝ ਦਿਨਾਂ ਦੀ ਸੇਵਾ ਕਰ ਲੈਣ ਮਗਰੋਂ ਉਨ੍ਹਾਂ ਨੂੰ ਮਾਫ਼ੀ ਵੀ ਮਿਲ ਜਾਵੇਗੀ। ਪਰ ਇਸ ਤਰ੍ਹਾਂ ਕੀ ਕਿਸੇ ਦੀ ਸੋਚ ਵੀ ਬਦਲ ਸਕਦੀ ਹੈ? ਅੱਜ ਉਹ ਗ਼ਲਤ ਹਨ ਕਿਉਂਕਿ ਉਹ ਫੜੇ ਗਏ ਹਨ (ਜੇ ਵੀਡੀਉ ਠੀਕ ਹੈ ਤਾਂ) ਪਰ ਬਾਕੀ ਜੋ ਫੜੇ ਨਹੀਂ ਜਾਂਦੇ, ਕੀ ਉਹ ਠੀਕ ਹਨ?