ਨੌਜੁਆਨਾਂ ਦੇ ਵਿਆਹਾਂ ਵਿਚ ਖਾਪ ਪੰਚਾਇਤਾਂ ਦੀ ਦਖ਼ਲ-ਅੰਦਾਜ਼ੀ ਵਿਰੁਧ ਸੁਪ੍ਰੀਮ ਕੋਰਟ ਦਾ ਹੁਕਮ

ਵਿਚਾਰ, ਸੰਪਾਦਕੀ


ਖਾਪ ਪੰਚਾਇਤਾਂ 'ਚੋਂ ਉਠੀਆਂ ਕੁੱਝ ਆਵਾਜ਼ਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵੀ ਇਕ ਤੋੜ ਦਸਣਾ ਸ਼ੁਰੂ ਕਰ ਦਿਤਾ ਹੈ। ਬਾਲਿਆਨ ਖਾਪ ਦੇ ਮੁਖੀ ਨਰੇਸ਼ ਟਿਕੈਤ ਨੇ ਕਿਹਾ ਹੈ ਕਿ ਜੇ ਅਦਾਲਤਾਂ ਉਨ੍ਹਾਂ ਦੀਆਂ ਸਦੀਆਂ ਤੋਂ ਚਲੀਆਂ ਆ ਰਹੀਆਂ ਰੀਤਾਂ ਵਿਚ ਦਖ਼ਲਅੰਦਾਜ਼ੀ ਕਰਨਗੀਆਂ ਤਾਂ ਉਹ ਕੁੜੀਆਂ ਨੂੰ ਜਨਮ ਦੇਣਾ ਹੀ ਬੰਦ ਕਰ ਦੇਣਗੇ ਜਾਂ ਉਨ੍ਹਾਂ ਨੂੰ ਪੜ੍ਹਾਉਣਾ-ਲਿਖਾਉਣਾ ਬੰਦ ਕਰ ਦੇਣਗੇ ਤਾਕਿ ਕੁੜੀਆਂ ਆਪ ਫ਼ੈਸਲੇ ਲੈਣ ਦੇ ਸਮਰੱਥ ਹੀ ਨਾ ਬਣ ਸਕਣ। 


ਫ਼ਰਵਰੀ ਦਾ ਮਹੀਨਾ ਆਉਂਦੇ ਹੀ ਵੈਲੇਂਟਾਈਨ ਡੇ ਦਾ ਬੁਖ਼ਾਰ ਫੈਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਬੁਖ਼ਾਰ ਨੂੰ ਕਾਬੂ ਕਰਨ ਲਈ ਦੇਸੀ ਟੋਟਕੇ ਵੀ ਸ਼ੁਰੂ ਹੋ ਜਾਂਦੇ ਹਨ। ਇਸ ਫ਼ਰਵਰੀ ਸੁਪਰੀਮ ਕੋਰਟ ਨੇ ਖਾਪ ਪੰਚਾਇਤਾਂ ਨੂੰ ਬਾਲਗ਼ਾਂ ਦੇ ਵਿਆਹਾਂ ਵਿਚ ਦਖ਼ਲ ਨਾ ਦੇਣ ਦੀ ਹਦਾਇਤ ਦਿਤੀ ਪਰ ਖਾਪ ਪੰਚਾਇਤਾਂ 'ਚੋਂ ਉਠੀਆਂ ਕੁੱਝ ਆਵਾਜ਼ਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵੀ ਇਕ ਤੋੜ ਦਸਣਾ ਸ਼ੁਰੂ ਕਰ ਦਿਤਾ ਹੈ। ਬਾਲਿਆਨ ਖਾਪ ਦੇ ਮੁਖੀ ਨਰੇਸ਼ ਟਿਕੈਤ ਨੇ ਕਿਹਾ ਹੈ ਕਿ ਜੇ ਅਦਾਲਤਾਂ ਉਨ੍ਹਾਂ ਦੀਆਂ ਸਦੀਆਂ ਤੋਂ ਚਲੀਆਂ ਆ ਰਹੀਆਂ ਰੀਤਾਂ ਵਿਚ ਦਖ਼ਲਅੰਦਾਜ਼ੀ ਕਰਨਗੀਆਂ ਤਾਂ ਉਹ ਕੁੜੀਆਂ ਨੂੰ ਜਨਮ ਦੇਣਾ ਹੀ ਬੰਦ ਕਰ ਦੇਣਗੇ ਜਾਂ ਉਨ੍ਹਾਂ ਨੂੰ ਪੜ੍ਹਾਉਣਾ-ਲਿਖਾਉਣਾ ਬੰਦ ਕਰ ਦੇਣਗੇ ਤਾਕਿ ਕੁੜੀਆਂ ਆਪ ਫ਼ੈਸਲੇ ਲੈਣ ਦੇ ਸਮਰੱਥ ਹੀ ਨਾ ਬਣ ਸਕਣ। ਸਾਡੇ ਸਮਾਜ ਨੂੰ ਦੋ ਪਿਆਰ ਕਰਨ ਵਾਲਿਆਂ ਤੋਂ ਏਨਾ ਡਰ ਕਿਉਂ ਲਗਦਾ ਹੈ?
ਦਿੱਲੀ ਵਿਚ ਇਕ ਹਿੰਦੂ ਮੁੰਡੇ ਨੇ ਮੁਸਲਮਾਨ ਕੁੜੀ ਨਾਲ ਪਿਆਰ ਕੀਤਾ ਅਤੇ ਫਿਰ ਕੁੜੀ ਦੇ ਮਾਪਿਆਂ ਨੇ 21 ਸਾਲ ਦੇ ਪ੍ਰੇਮੀ ਅੰਕਿਤ ਨੂੰ ਮਾਰ ਦਿਤਾ। ਇਸ ਨੂੰ ਲਵ ਜੇਹਾਦ ਆਖ ਲਉ, ਧਰਮ ਤੋਂ ਬਾਹਰ ਕਦਮ ਰੱਖਣ ਦੀ ਸਜ਼ਾ ਜਾਂ ਸਿਰਫ਼ ਪਿਆਰ ਕਰਨ ਦਾ ਦੰਡ। ਖਾਪ ਪੰਚਾਇਤਾਂ ਪਿਆਰ ਤੋਂ ਡਰਦੀਆਂ ਵਿਆਹ ਉਨ੍ਹਾਂ ਲੋਕਾਂ ਦਾ ਕਰਵਾਉਣਾ ਚਾਹੁੰਦੀਆਂ ਹਨ ਜੋ ਇਕ-ਦੂਜੇ ਤੋਂ ਅਨਜਾਣ ਹਨ। 14 ਫ਼ਰਵਰੀ ਆਉਂਦੇ ਹੀ ਦੇਸ਼ ਭਰ ਵਿਚ ਪ੍ਰੇਮੀਆਂ ਵਿਰੁਧ ਜਥੇ ਬਣ ਜਾਣਗੇ ਜੋ ਪਿਆਰ ਦਾ ਇਜ਼ਹਾਰ ਕਰਦੇ ਜੋੜਿਆਂ ਨੂੰ ਵੇਖ ਕੇ ਉਨ੍ਹਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਨਗੇ ਅਤੇ ਉਨ੍ਹਾਂ ਨੂੰ ਸਮਾਜ ਵਿਚ ਸ਼ਰਮਿੰਦਾ ਕਰਨਗੇ ਤਾਕਿ ਉਹ ਪਿਆਰ ਤੋਂ ਪਿੱਛੇ ਹਟ ਜਾਣ।ਕਿੰਨੀ ਅਜੀਬ ਸੋਚ ਹੈ ਕਿ ਜਦੋਂ ਇਨਸਾਨ ਦਾ ਜਨਮ ਹੀ ਦੋ ਜਿਸਮਾਂ ਵਿਚਕਾਰ ਪਿਆਰ ਨਾਲ ਸਿਰਜੇ ਸਬੰਧਾਂ ਨਾਲ ਹੁੰਦਾ ਹੈ, ਉਹੀ ਇਨਸਾਨ ਪਿਆਰ ਤੋਂ ਕਤਰਾਉਣ ਕਿਉਂ ਲਗਦਾ ਹੈ? ਇਤਿਹਾਸ ਦੀ ਗੱਲ ਕਰੀਏ ਤਾਂ ਕ੍ਰਿਸ਼ਨ ਦਾ ਰਾਧਾ ਨਾਲ ਪ੍ਰੇਮ ਸੀ। ਸੋ ਪ੍ਰੇਮ ਦੀ ਪ੍ਰੇਰਣਾ ਤਾਂ ਧਰਮ ਤੋਂ ਹੀ ਮਿਲਦੀ ਹੈ। ਪਰ ਇਸ਼ਕ ਦੇ ਕਿੱਸੇ ਜਦੋਂ ਵੀ ਯਾਦ ਕੀਤੇ ਜਾਂਦੇ ਹਨ ਤਾਂ ਹੀਰ-ਰਾਂਝਾ, ਸੋਹਣੀ-ਮਹੀਵਾਲ, ਰੋਮੀਉ-ਜੂਲੀਅਟ ਵਰਗੇ ਨਾਂ ਯਾਦ ਕਰਦੇ ਹਾਂ ਜਿਨ੍ਹਾਂ ਦਾ ਅੰਤ ਦੁਖਾਂਤ ਵਾਲਾ ਸੀ। ਉਹ ਮੁਹੱਬਤਾਂ ਸਨ ਜਿਨ੍ਹਾਂ ਦੇ ਪਿਆਰ ਨੂੰ ਅੰਜਾਮ ਤਕ ਪਹੁੰਚਣ ਦਾ ਮੌਕਾ ਹੀ ਨਾ ਮਿਲਿਆ। ਉਨ੍ਹਾਂ ਦੇ ਪਿਆਰ ਨੂੰ ਕਬਰਾਂ ਨਸੀਬ ਹੋਈਆਂ ਅਤੇ ਸਮਾਜ ਨੇ ਇਸੇ ਸੋਚ ਨੂੰ ਅਪਣਾ ਲਿਆ ਕਿ ਜੇ ਪਿਆਰ ਕਰੋਗੇ ਤਾਂ ਵਿਰੋਧ ਹੋਵੇਗਾ ਹੀ ਤੇ ਦੁਨੀਆਂ ਦਾ ਦਸਤੂਰ ਤੋੜਨ ਦੀ ਸਜ਼ਾ ਵੀ ਮਿਲੇਗੀ ਹੀ। ਮਾਂ-ਬਾਪ ਦੀ ਇੱਜ਼ਤ ਮਿੱਟੀ ਵਿਚ ਰੁਲ ਜਾਵੇਗੀ। ਇਸ ਕਰ ਕੇ ਪਿਆਰ ਨੂੰ ਦਫ਼ਨਾ ਦੇਵੋ ਨਹੀਂ ਤਾਂ ਅਸੀ ਤੁਹਾਨੂੰ ਖ਼ਤਮ ਕਰ ਦੇਵਾਂਗੇ।ਕਿੰਨੀ ਅਜੀਬ ਗੱਲ ਹੈ ਕਿ ਜਿਹੜਾ ਕੋਈ ਦੇਸ਼ ਧਰਮ ਪਿੱਛੇ ਕਮਲਾ ਹੋ ਜਾਂਦਾ ਹੈ, ਜੋ ਅਪਣੇ ਅਪਣੇ ਰੱਬ ਦੀ ਖ਼ਾਤਰ ਕਤਲ ਕਰਨ ਨੂੰ ਤਿਆਰ ਹੋ ਜਾਂਦਾ ਹੈ, ਉਹ ਰੱਬ ਦੀ ਗੱਲ ਨੂੰ ਤਾਂ ਸਮਝ ਨਹੀਂ ਸਕਦਾ ਅਤੇ ਦੁਨਿਆਵੀ ਦਸਤੂਰਾਂ ਨੂੰ ਰੱਬ ਦੇ ਅਸੂਲਾਂ ਤੋਂ ਵੀ ਉਤੇ ਰੱਖ ਦੇਂਦਾ ਹੈ।

 ਇਨਸਾਨ ਨੇ ਧਰਮ, ਜਾਤ, ਮਰਿਆਦਾ, ਰੀਤਾਂ ਰਿਵਾਜਾਂ ਵਰਗੀਆਂ ਕਮਜ਼ੋਰ ਕੜੀਆਂ ਬਣਾਈਆਂ। ਰੱਬ ਨੇ ਇਨਸਾਨ ਵਿਚ ਅਹਿਸਾਸਾਂ ਨੂੰ ਭਰ ਦਿਤਾ ਪਰ ਸੱਭ ਤੋਂ ਉਤੇ ਪਿਆਰ ਨੂੰ ਰੱਖ ਦਿਤਾ। ਇਹ ਉਹੀ ਅਹਿਸਾਸ ਹੈ ਜਿਸ ਸਾਹਮਣੇ ਨਫ਼ਰਤ ਵੀ ਹਾਰ ਸਕਦੀ ਹੈ। ਇਕ ਦਿਨ ਅਪਣੇ ਪਿਆਰ ਨਾਲ ਬਿਤਾਉ ਅਤੇ ਇਕ ਦਿਨ ਕਿਸੇ ਹੋਰ ਨਾਲ ਬਿਤਾਉ। ਮਨ ਵਿਚ ਜੋ ਸ਼ਾਂਤੀ, ਸੰਤੁਸ਼ਟੀ ਪਿਆਰ ਨਾਲ ਮਿਲ ਸਕਦੀ ਹੈ ਉਹ ਕਿਸੇ ਹੋਰ ਨਾਲ ਨਹੀਂ ਮਿਲਣੀ। ਕੋਹਿਨੂਰ ਵਰਗੇ ਹੀਰੇ ਪਿੱਛੇ ਕਈ ਮਰ ਗਏ ਪਰ ਸੰਤੁਸ਼ਟੀ ਕਿਸੇ ਨੂੰ ਨਾ ਮਿਲੀ।ਪਰ ਇਨਸਾਨ ਇਸ ਮੁਢਲੇ ਅਹਿਸਾਸ ਤੋਂ ਏਨਾ ਡਰਦਾ ਕਿਉਂ ਹੈ? ਜੇ ਮਾਂ ਦੇ ਦਿਲ ਵਿਚ ਪਿਆਰ ਨਾ ਹੋਵੇ ਤਾਂ ਕਿਸ ਤਰ੍ਹਾਂ ਨੌਂ ਮਹੀਨੇ ਅਪਣੇ ਜਿਸਮ ਨੂੰ ਬੱਚੇ ਵਾਸਤੇ ਕੁਰਬਾਨ ਕਰ ਦੇਵੇ? ਪਿਆਰ ਬੱਚਿਆਂ ਨੂੰ ਵਾਰ ਵਾਰ ਮਾਂ-ਬਾਪ ਦੇ ਵਿਹੜੇ ਖਿੱਚ ਕੇ ਲਿਆਉਂਦਾ ਹੈ। ਦੋਸਤੀ ਵਿਚ ਪਿਆਰ ਨਾ ਹੁੰਦਾ ਤਾਂ ਕੋਈ ਕਦੇ ਬਚਪਨ ਨੂੰ ਯਾਦ ਨਾ ਰਖਦਾ। ਪਿਆਰ ਦੀ ਤਾਕਤ ਨੂੰ ਅਸੀ ਸਮਝਦੇ ਹਾਂ ਪਰ ਫਿਰ ਵੀ ਜਦੋਂ ਕੋਈ ਪ੍ਰੇਮ ਦਾ ਨਾਂ ਲੈ ਲੈਂਦਾ ਹੈ ਤਾਂ ਅਸੀ ਉਸ ਤੋਂ ਡਰਨ ਲੱਗ ਜਾਂਦੇ ਹਾਂ।ਸ਼ਾਇਦ ਕਿਤੇ ਨਾ ਕਿਤੇ ਸਮਾਜ ਪ੍ਰੇਮ ਨੂੰ ਸਮਝਣ ਵਿਚ ਗ਼ਲਤੀ ਕਰ ਰਿਹਾ ਹੈ। ਨੌਜੁਆਨਾਂ ਦੇ ਪਿਆਰ ਭਰੇ ਰਿਸ਼ਤਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਇਸ ਤਰ੍ਹਾਂ ਵੇਖਦੇ ਹਨ ਜਿਵੇਂ ਇਸ਼ਕ ਕੋਈ ਬਿਮਾਰੀ ਹੈ ਜੋ ਅਗਰ ਫੈਲ ਗਈ ਤਾਂ ਸਮਾਜ ਤਹਿਸ ਨਹਿਸ ਹੋ ਜਾਵੇਗਾ। ਧਰਮ ਦੇ ਵਪਾਰੀਆਂ ਨੇ ਸਦੀਆਂ ਲਾ ਕੇ ਜਿਹੜੀਆਂ ਲਕੀਰਾਂ ਨੂੰ ਪੱਕਾ ਕੀਤਾ ਹੈ, ਉਨ੍ਹਾਂ ਨੂੰ ਪਿਆਰ ਹੀ ਖ਼ਤਮ ਕਰ ਸਕਦਾ ਹੈ।ਜੇ ਇਕ ਪਾਸੇ ਖਾਪ ਦੇ ਸਿਧਾਂਤ ਹਨ ਜੋ ਕੁੜੀਆਂ ਨੂੰ ਪ੍ਰੇਮ ਅਤੇ ਸੋਚ ਦੀ ਆਜ਼ਾਦੀ ਮੰਗਣ ਬਦਲੇ ਕੁੱਖ ਵਿਚ ਮਾਰਨ ਦੀ ਸੋਚ ਰਖਦੇ ਹਨ ਤਾਂ ਸ਼ਾਇਦ ਅੰਕਿਤ ਗੁਪਤਾ ਵਰਗੇ ਹੀਰ-ਰਾਂਝੇ ਹੀ ਚੰਗੇ ਹਨ ਜੋ ਦੋ ਪਲ ਲਈ ਤਾਂ ਇਸ ਖ਼ੂਬਸੂਰਤ ਅਹਿਸਾਸ ਵਿਚ ਰੱਬ ਦੀ ਮਰਜ਼ੀ ਵਿਚ ਜੀ ਲੈਂਦੇ ਹਨ।  -ਨਿਮਰਤ ਕੌਰ