ਪੰਜਾਬੀ/ਹਿੰਦੀ ਚੈਨਲਾਂ ਦੇ ਦਰਸ਼ਕ ਮਸਾਲੇਦਾਰ, ਭੜਕਾਊ ਤੇ 'ਹਨੀਪ੍ਰੀਤ' ਵਰਗੀਆਂ ਖ਼ਬਰਾਂ ਹੀ ਕਿਉਂ ਵੇਖਣਾ ਪਸੰਦ ਕਰਦੇ ਹਨ ਤੇ ਅੰਗਰੇਜ਼ੀ ਚੈਨਲਾਂ ਦੇ ਦਰਸ਼ਕ ਗੰਭੀਰ ਖ਼ਬਰਾਂ ਕਿਉਂ?

ਵਿਚਾਰ, ਸੰਪਾਦਕੀ

ਅੱਜ ਕਿੰਨੇ ਪੰਜਾਬੀ ਲੋਕ ਰੋਹਿੰਗਿਆ ਮੁਸਲਮਾਨਾਂ ਬਾਰੇ ਅਪਣੀ ਆਵਾਜ਼ ਉੱਚੀ ਕਰ ਰਹੇ ਹਨ? ਚਲੋ, ਮਿਆਂਮਾਰ ਦੀ ਗੱਲ ਛੱਡੋ, ਕਿੰਨੇ ਪੰਜਾਬੀ, ਕਿਸਾਨਾਂ ਬਾਰੇ ਫ਼ਿਕਰਮੰਦ ਹਨ? ਕਿਸ ਨੂੰ ਪਤਾ ਹੈ ਕਿ ਡੋਨਾਲਡ ਟਰੰਪ ਨੇ ਉਤਰੀ ਕੋਰੀਆ ਨੂੰ ਤਬਾਹ ਕਰਨ ਦੀ ਧਮਕੀ ਦਿਤੀ ਹੈ? ਕਿਸ ਨੂੰ ਪ੍ਰਵਾਹ ਹੈ ਕਿ ਅੱਜ ਸਿੱਖੀ ਦੀ ਪਰਿਭਾਸ਼ਾ ਬਦਲਦੀ ਜਾ ਰਹੀ ਹੈ?

ਅੱਜ ਤਕਰੀਬਨ ਇਕ ਮਹੀਨਾ ਹੋ ਗਿਆ ਹੈ ਸੌਦਾ ਸਾਧ ਨੂੰ ਸਜ਼ਾ ਸੁਣਾਈ ਨੂੰ ਪਰ ਉਹ ਅਜੇ ਵੀ ਸੁਰਖ਼ੀਆਂ 'ਚ ਹੈ। ਖ਼ਾਸ ਕਰ ਕੇ ਹਿੰਦੀ ਚੈਨਲਾਂ ਅਤੇ ਸੋਸ਼ਲ ਮੀਡੀਆ ਉਤੇ ਤਾਂ ਸੌਦਾ ਸਾਧ ਅਤੇ ਹਨੀਪ੍ਰੀਤ ਦੀਆਂ ਕਹਾਣੀਆਂ ਹੀ ਚਲ ਰਹੀਆਂ ਹਨ। ਅੰਗਰੇਜ਼ੀ ਚੈਨਲਾਂ ਅਤੇ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਚੈਨਲਾਂ ਉਤੇ ਚਲਦੀਆਂ ਖ਼ਬਰਾਂ ਵਿਚ ਫ਼ਰਕ, ਮਨ ਵਿਚ ਵਾਰ ਵਾਰ ਸਵਾਲ ਖੜੇ ਕਰਦਾ ਹੈ। ਸਵਾਲ ਘਬਰਾਹਟ ਵਿਚੋਂ ਉਪਜਦਾ ਹੈ, ਥੋੜਾ ਚੁਭਦਾ ਵੀ ਹੈ ਪਰ ਸਵਾਲ ਅੰਕੜਿਆਂ ਨੂੰ ਵੇਖ ਕੇ ਉਪਜਦਾ ਹੈ ਕਿ ਸਾਡੀ ਸੋਚ ਦਾ ਪੱਧਰ ਸਾਡੇ ਭਾਸ਼ਾਈ ਚੈਨਲਾਂ ਨੇ ਚਟਖ਼ਾਰੇ ਲੈ ਕੇ ਸਵਾਦ ਲੈਣ ਵਾਲੀਆਂ ਨਕਲੀ ਜਾਂ ਅਸਲੀ ਖ਼ਬਰਾਂ ਤਕ ਹੀ ਸੀਮਤ ਕਿਉਂ ਕਰ ਦਿਤਾ ਹੈ? ਕੀ ਇਹੀ ਕੁੱਝ ਭਾਸ਼ਾਈ ਅਖ਼ਬਾਰਾਂ ਵਿਚ ਵੀ ਹੋ ਰਿਹਾ ਹੈ? ਇਕ ਫ਼ਰਕ ਖ਼ਾਸ ਤੌਰ ਤੇ ਪ੍ਰੇਸ਼ਾਨ ਕਰਦਾ ਹੈ।

ਜੋ ਲੋਕ ਪੰਜਾਬੀ ਤੇ ਹਿੰਦੀ ਚੈਨਲ ਵੇਖਦੇ ਹਨ ਤੇ ਜੋ ਲੋਕ ਪੰਜਾਬੀ ਤੇ ਹਿੰਦੀ ਸੋਸ਼ਲ ਮੀਡੀਆ ਵੇਖਦੇ ਹਨ, ਉਨ੍ਹਾਂ ਅੰਦਰ ਹਨੀਪ੍ਰੀਤ ਦੀਆਂ ਮਸਾਲੇਦਾਰ ਗੱਲਾਂ ਵਾਲੀ ਗੱਪਸ਼ਪ ਸੁਣਨ ਵਿਚ ਏਨੀ ਦਿਲਚਸਪੀ ਕਿਉਂ ਹੈ? ਟੀ.ਵੀ. ਚੈਨਲਾਂ ਵਾਸਤੇ ਅੱਠ ਵਜੇ 'ਪ੍ਰਾਈਮ ਟਾਈਮ' ਸੱਭ ਤੋਂ ਮਹੱਤਵਪੂਰਨ ਸਮਾਂ ਮੰਨਿਆ ਜਾਂਦਾ ਹੈ ਅਤੇ ਪਿਛਲੇ ਮਹੀਨੇ ਤੋਂ ਇਸ ਸਮੇਂ ਦੌਰਾਨ ਲਗਾਤਾਰ 8 ਵਜੇ ਸੌਦਾ ਸਾਧ ਅਤੇ ਹਨੀਪ੍ਰੀਤ ਦੇ ਕਿੱਸੇ ਚਲ ਰਹੇ ਹੁੰਦੇ ਹਨ। ਕਦੇ ਉਨ੍ਹਾਂ ਦੇ ਇਸ਼ਕ ਦੀ ਕਹਾਣੀ ਅਤੇ ਕਦੇ ਉਨ੍ਹਾਂ ਦੀ ਸੁਹਾਗ ਰਾਤ ਦੀ ਕਹਾਣੀ। ਕੋਈ ਰਿਸ਼ੀ ਮੁਨੀ ਆ ਕੇ ਕਹਿ ਜਾਂਦਾ ਹੈ ਕਿ ਜੇਲ ਵਿਚ ਬੈਠਾ ਸੌਦਾ ਸਾਧ ਨਕਲੀ ਹੈ ਅਤੇ ਲੱਖਾਂ ਲੋਕ ਉਸ ਦੀ ਗੱਲ ਸੁਣਨ ਲੱਗ ਜਾਂਦੇ ਹਨ। ਇਕ ਮਸ਼ਹੂਰ ਟੀ.ਵੀ. ਚੈਨਲ ਉਤੇ 8 ਵਜੇ ਹਨੀਪ੍ਰੀਤ ਅਤੇ ਸੌਦਾ ਸਾਧ ਦੀਆਂ ਤਸਵੀਰਾਂ ਚਲ ਰਹੀਆਂ ਸਨ ਅਤੇ ਉਨ੍ਹਾਂ ਨੂੰ ਖ਼ੂਬ ਇਸ਼ਤਿਹਾਰ ਮਿਲ ਰਹੇ ਸਨ। ਮਤਲਬ ਇਸ ਚੈਨਲ ਨੂੰ ਜ਼ਿਆਦਾਤਰ ਜਨਤਾ ਵੇਖ ਰਹੀ ਸੀ। ਉਸ ਵੇਲੇ ਅੰਗਰੇਜ਼ੀ ਚੈਨਲਾਂ ਉਤੇ ਰੋਹਿੰਗਿਆ ਮੁਸਲਮਾਨਾਂ ਦੀ ਦੁਰਦਸ਼ਾ ਦੀ ਕਹਾਣੀ ਚਲ ਰਹੀ ਸੀ।

ਸੋਸ਼ਲ ਮੀਡੀਆ ਅਤੇ ਸਪੋਕਸਮੈਨ ਟੀ.ਵੀ. ਉਤੇ ਵੀ ਹਰ ਰੋਜ਼ ਨਵੇਂ ਮੁੱਦੇ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਚਲਦੇ ਸਿਰਫ਼ ਸੌਦਾ ਸਾਧ ਅਤੇ ਅਪਰਾਧ ਦੇ ਕਿੱਸੇ ਹੀ ਹਨ। ਗ਼ਲਤੀ ਕਿਸ ਦੀ ਹੈ? ਪੱਤਰਕਾਰੀ ਹਵਾ ਵਿਚ ਉੱਡ ਕੇ ਨਹੀਂ ਕੀਤੀ ਜਾ ਸਕਦੀ। ਜੇਕਰ ਲੋਕ ਸੌਦਾ ਸਾਧ ਦੇ ਕਿੱਸੇ ਸੁਣਨਾ ਚਾਹੁੰਦੇ ਹਨ ਤਾਂ ਚੈਨਲਾਂ ਨੂੰ ਉਹੀ ਵਿਖਾਣੇ ਪੈਣਗੇ। ਪਰ ਫਿਰ ਅੰਗਰੇਜ਼ੀ ਚੈਨਲਾਂ ਨੂੰ ਵੇਖਣ ਵਾਲੇ ਲੋਕ ਕਿਉਂ ਹੋਰ ਤਰ੍ਹਾਂ ਦੀਆਂ ਖ਼ਬਰਾਂ ਵੇਖਦੇ ਹਨ?

'ਅਰਨਬ ਗੋਸਵਾਮੀ' ਪੱਤਰਕਾਰੀ ਵਿਚ ਇਕ ਨਾਂ ਹੀ ਨਹੀਂ ਬਲਕਿ ਪੱਤਰਕਾਰੀ ਦਾ ਇਕ ਮਿਆਰ ਬਣ ਗਿਆ ਸੀ। ਉਸ ਨੂੰ ਬਣਾਉਣ ਵਾਲੀ ਤਾਂ ਜਨਤਾ ਹੀ ਸੀ। ਉਸ ਨੇ ਪੱਤਰਕਾਰੀ ਬੜੇ ਜੋਸ਼ੀਲੇ ਅੰਦਾਜ਼ ਨਾਲ ਸ਼ੁਰੂ ਕੀਤੀ। ਪਰ ਉਸ ਨੂੰ ਅਸਲ ਲੋਕ-ਹੁੰਗਾਰਾ ਉਦੋਂ ਮਿਲਿਆ ਜਦ ਉਸ ਨੇ ਨਫ਼ਰਤ ਦੀ ਪੱਤਰਕਾਰੀ ਅਪਣਾਈ। ਸਿਆਸੀ ਸਮਰਥਨ ਉਦੋਂ ਮਿਲਿਆ ਜਦੋਂ ਲੋਕ ਉਸ ਦੀ ਨਫ਼ਰਤ ਦੀ ਪੱਤਰਕਾਰੀ ਦੇ ਗ਼ੁਲਾਮ ਬਣ ਗਏ। ਉਸ ਦੀ ਨਫ਼ਰਤ ਦੀ ਪੱਤਰਕਾਰੀ ਨੂੰ ਅੰਗਰੇਜ਼ੀ ਵਿਚ ਤਾਂ ਘੱਟ ਜਣਿਆਂ ਨੇ ਅਪਣਾਇਆ ਪਰ ਹਿੰਦੀ ਅਤੇ ਪੰਜਾਬੀ ਚੈਨਲਾਂ ਨੇ ਪੂਰੀ ਤਰ੍ਹਾਂ ਅਪਣਾ ਲਿਆ ਹੈ।  ਸਾਡੀਆਂ ਅਪਣੀਆਂ ਭਾਸ਼ਾਵਾਂ ਵਾਲੇ ਤਾਂ ਦੁਨੀਆਂ ਬਾਰੇ ਸੋਚਣਾ ਹੀ ਨਹੀਂ ਚਾਹੁੰਦੇ। ਅੱਜ ਤਾਂ ਖ਼ਬਰਾਂ ਨੂੰ ਵੀ ਏਕਤਾ ਕਪੂਰ ਦੇ ਨਾਟਕਾਂ ਵਾਂਗ ਪੇਸ਼ ਕਰਨਾ ਪੈਂਦਾ ਹੈ ਤਾਕਿ ਲੋਕ ਉਨ੍ਹਾਂ ਨੂੰ ਵੇਖਣ ਦੀ ਖੇਚਲ ਤਾਂ ਕਰ ਲੈਣ।

ਉਹੀ ਅਖ਼ਬਾਰ ਵਿਕਦੀ ਹੈ ਜਿਸ ਵਿਚ ਅਸ਼ਲੀਲ ਤਸਵੀਰਾਂ ਹੁੰਦੀਆਂ ਹਨ ਜਾਂ ਗੱਪਸ਼ਪ ਹੁੰਦੀ ਹੈ। ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਅਸੀ ਪੁਰਾਣੇ ਲੇਖਕਾਂ ਨੂੰ ਯਾਦ ਤਾਂ ਕਰ ਲੈਂਦੇ ਹਾਂ ਪਰ ਜਨਤਾ ਅਪਣੀ ਚੋਣ ਨਾਲ ਆਪ ਹੀ ਅੱਜ ਦੇ ਲੇਖਕਾਂ ਨੂੰ ਮਾਰ ਰਹੀ ਹੈ। ਅੰਗਰੇਜ਼ੀ ਪੜ੍ਹਨ ਵਾਲਿਆਂ ਨੂੰ ਪੰਜਾਬੀ, ਹਿੰਦੀ ਵਿਚ ਉਸ ਤਰ੍ਹਾਂ ਦੀ ਜਾਣਕਾਰੀ ਹੀ ਨਹੀਂ ਮਿਲਦੀ ਅਤੇ ਇਸ ਕਰ ਕੇ ਨਵੀਂ ਪੀੜ੍ਹੀ ਅਪਣੀਆਂ ਭਾਸ਼ਾਵਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਇਹ ਮੁਰਗੀ ਪਹਿਲਾਂ ਜਾਂ ਅੰਡਾ ਪਹਿਲਾਂ ਵਾਲੀ ਸਥਿਤੀ ਬਣ ਗਈ ਹੈ ਕਿ ਪਹਿਲਾਂ ਭਾਸ਼ਾ ਵਿਚ ਮਿਲਣ ਵਾਲੀ ਜਾਣਕਾਰੀ ਦਾ ਮਿਆਰ ਡਿਗਿਆ ਜਾਂ ਇਨ੍ਹਾਂ ਭਾਸ਼ਾਵਾਂ ਵਿਚ ਸੋਚਣ ਵਾਲੀ ਜਨਤਾ ਦੀ ਸੋਚ ਦਾ ਦਾਇਰਾ ਛੋਟਾ ਹੋਇਆ?

ਅੱਜ ਕਿੰਨੇ ਪੰਜਾਬੀ ਲੋਕ ਰੋਹਿੰਗਿਆ ਮੁਸਲਮਾਨਾਂ ਬਾਰੇ ਅਪਣੀ ਆਵਾਜ਼ ਉੱਚੀ ਕਰ ਰਹੇ ਹਨ? ਚਲੋ, ਮਿਆਂਮਾਰ ਦੀ ਗੱਲ ਛੱਡੋ, ਕਿੰਨੇ ਪੰਜਾਬੀ, ਕਿਸਾਨਾਂ ਬਾਰੇ ਫ਼ਿਕਰਮੰਦ ਹਨ? ਕਿਸ ਨੂੰ ਪਤਾ ਹੈ ਕਿ ਡੋਨਾਲਡ ਟਰੰਪ ਨੇ ਉਤਰੀ ਕੋਰੀਆ ਨੂੰ ਤਬਾਹ ਕਰਨ ਦੀ ਧਮਕੀ ਦਿਤੀ ਹੈ? ਕਿਸ ਨੂੰ ਪ੍ਰਵਾਹ ਹੈ ਕਿ ਅੱਜ ਸਿੱਖੀ ਦੀ ਪਰਿਭਾਸ਼ਾ ਬਦਲਦੀ ਜਾ ਰਹੀ ਹੈ? ਸੋਸ਼ਲ ਮੀਡੀਆ ਉਤੇ ਕਿਸੇ ਗੁਰਦਵਾਰੇ ਦੀ ਤਸਵੀਰ ਪਾ ਦੇਵੋ ਤਾਂ ਲੱਖਾਂ ਨਹੀਂ ਤਾਂ ਹਜ਼ਾਰਾਂ ਪੰਜਾਬੀ, ਸਿੱਖ ਉਸ ਨੂੰ ਪਸੰਦ ਕਰਨਗੇ ਪਰ ਕਿਸੇ ਕੁੜੀ ਦੀ ਕੁੱਖ ਵਿਚ ਹਤਿਆ ਦੀ ਜਾਂ ਕਿਸਾਨ ਦੀ ਖ਼ੁਦਕੁਸ਼ੀ ਬਾਰੇ ਪੜ੍ਹਨ ਵਾਲੇ ਸੈਂਕੜਿਆਂ ਵਿਚ ਵੀ ਨਹੀਂ ਮਿਲਣਗੇ। ਅੰਗਰੇਜ਼ੀ ਅਤੇ ਪੰਜਾਬੀ/ਹਿੰਦੀ ਵਿਚ ਪੜ੍ਹਨ ਵਾਲੇ ਪਾਠਕਾਂ/ਸ਼੍ਰੋਤਿਆਂ ਦੀ ਸੋਚ ਵਿਚ ਫ਼ਰਕ ਬਾਰੇ ਸੋਚਣ ਦੀ ਲੋੜ ਹੈ। ਖ਼ਰਾਬੀ ਕਿਥੇ ਹੈ? ਕੀ ਇਸ ਨੂੰ ਸੁਧਾਰਨ ਬਾਰੇ ਸੋਚਿਆ ਜਾ ਸਕਦਾ ਹੈ?  -ਨਿਮਰਤ ਕੌਰ