ਹੌ ਲਦਾਰ ਸਤਵੰਤ ਰਾਤ ਦੀ ਡਿਊਟੀ ਉਤੇ ਖੜਾ ਦੀਵਾਲੀ ਦੇ ਚਲਦੇ ਪਟਾਕੇ, ਅਨਾਰ, ਮੋਮਬੱਤੀਆਂ ਨੂੰ ਬੜੀ ਰੀਝ ਨਾਲ ਵੇਖ ਰਿਹਾ ਸੀ। ਸ਼ਾਇਦ ਘਰ ਦੀ ਯਾਦ ਆ ਰਹੀ ਸੀ। ਬੇਟੀ ਦਾ ਵੀ ਕਈ ਦਿਨ ਦਾ ਫ਼ੋਨ ਆ ਰਿਹਾ ਸੀ, ''ਪਾਪਾ ਦੀਵਾਲੀ ਤੇ ਘਰ ਆਉਣਾ, ਨਹੀਂ ਤਾਂ ਮੈਂ ਤੁਹਾਡੇ ਨਾਲ ਨਹੀਂ ਬੋਲਣਾ। ਜੇ ਤੁਸੀ ਨਹੀਂ ਆਏ ਤਾਂ ਮੰਮੀ ਵੀ ਨਾਰਾਜ਼ ਹੋ ਜਾਣਗੇ, ਅਸੀ ਤੁਹਾਡੀ ਉਡੀਕ ਕਰਾਂਗੇ।'' ਹੌਲਦਾਰ ਸਤਵੰਤ ਅਪਣੀ ਡਿਊਟੀ ਅਤੇ ਫ਼ਰਜ਼ ਵਿਚ ਬੰਨ੍ਹਿਆ ਮਜਬੂਰ ਸੀ। ਕਿੰਨੇ-ਕਿੰਨੇ ਦਿਨ ਲੰਘ ਜਾਂਦੇ ਨੇ ਘਰ ਜਾਣ ਨੂੰ ਪਰ ਇਨ੍ਹਾਂ ਨੂੰ ਕੋਈ ਸ਼ਿਕਵਾ ਨਹੀਂ ਕਿਉਂਕਿ ਦੇਸ਼ ਦੀ ਰਾਖੀ ਕੌਣ ਕਰੂ? ਤਿਰੰਗੇ ਦੀ ਆਨ ਤੇ ਸ਼ਾਨ ਦਾ ਖ਼ਿਆਲ ਕੌਣ ਰੱਖੂ? ਏਨੀ ਸਖ਼ਤ ਡਿਊਟੀ ਦੇ ਬਾਵਜੂਦ ਵੀ ਲੋਕਾਂ ਦੇ ਅਪਸ਼ਬਦ, ਕੋਈ ਮਾਮਾ ਕਹਿੰਦੈ ਕੋਈ ਪਤਾ ਨਹੀਂ ਕਿਹੜੇ-ਕਿਹੜੇ ਨਾਵਾਂ ਨਾਲ ਇਨ੍ਹਾਂ ਨੂੰ ਪੁਕਾਰਦੈ। ਪੁਲਿਸ ਦੀ ਹੱਡਤੋੜਵੀਂ ਡਿਊਟੀ ਕੋਈ ਕਰ ਕੇ ਤਾਂ ਵੇਖੇ ਫਿਰ ਪਤਾ ਲਗਦਾ ਹੈ ਕਿ ਦੁਨੀਆਂ ਕਿਥੇ ਵਸਦੀ ਹੈ।
ਮੰਤਰੀ ਜੀ ਨੇ ਆਉਣਾ ਹੈ, ਸੜਕ ਤੇ ਬੁੱਤ ਬਣ ਕੇ ਖੜਾ ਕਰ ਦਿਤਾ ਜਾਂਦਾ ਹੈ। ਪਤਾ ਲੱਗਾ ਮੰਤਰੀ ਜੀ ਨੇ 12 ਵਜੇ ਆਉਣਾ ਸੀ ਪਿਛੋਂ ਦੇਰੀ ਹੋ ਗਈ 3 ਵਜੇ ਆਉਣਗੇ। 3 ਵੀ ਵੱਜ ਗਏ, ਖ਼ਬਰ ਆਈ ਕਿ ਮੰਤਰੀ ਜੀ ਦਾ ਰੂਟ ਹੀ ਬਦਲ ਗਿਆ। 5 ਘੰਟੇ ਲਗਾਤਾਰ ਖੜੇ ਰਹਿ ਕੇ ਉਸ ਖੜੇ ਬੰਦੇ ਨੂੰ ਪੁੱਛੋ ਕਿ ਗੋਡਿਆਂ ਦਾ ਕੀ ਹਾਲ ਹੋ ਗਿਆ। ਉਹ ਤਾਂ ਵਿਚਾਰਾ ਇਸ ਤਰ੍ਹਾਂ ਵੀ ਨਹੀਂ ਕਹਿ ਸਕਦਾ ਕਿ ਅੱਜ ਮੇਰਾ ਸਰੀਰ ਠੀਕ ਨਹੀਂ, ਮੈਂ ਨਹੀਂ ਖੜ ਸਕਦਾ। ਡਿਊਟੀ ਤਾਂ ਬਾਈ ਜੀ ਡਿਊਟੀ ਹੈ, ਕਰਨੀ ਪਵੇਗੀ। ਜੋ ਕਰਦਾ ਹੈ ਉਸ ਨੂੰ ਪੁੱਛੋ। ਕਹਿੰਦੇ ਨੇ, ਪੁਲਿਸ ਕੁੱਝ ਜ਼ਿਆਦਾ ਹੀ ਸਖ਼ਤ ਹੁੰਦੀ ਹੈ, ਧੱਕਾ ਕਰਦੀ ਹੈ, ਅਚਾਨਕ ਸ਼ਹਿਰ ਵਿਚ ਦੰਗੇ ਹੋ ਗਏ। ਦੰਗੇ ਵਾਲੇ ਅੱਗ ਲਗਾ ਰਹੇ ਹਨ, ਗੱਡੀਆਂ ਦੀ ਭੰਨ-ਤੋੜ ਕਰ ਰਹੇ ਹਨ, ਚੱਕਾ ਜਾਮ ਕਰ ਰਹੇ ਹਨ। ਕੀ ਪੁਲਿਸ ਵਾਲੇ ਉਥੇ ਜਾ ਕੇ ਹੱਥ ਜੋੜ ਕੇ ਖੜ ਜਾਣ ਅਤੇ ਕਹਿਣ, ''ਨਾ ਬਾਈ ਇਸ ਤਰ੍ਹਾਂ ਨਾ ਕਰੋ।'' ਕੀ ਲੋਕ ਹੱਟ ਜਾਣਗੇ? ਚੁਕਣੀ ਤਾਂ ਡਾਂਗ ਹੀ ਪੈਣੀ ਹੈ। ਚੱਕਾ ਜਾਮ ਹੋ ਗਿਆ, ਚੱਕਾ ਜਾਮ ਨਾਲ ਟ੍ਰੈਫ਼ਿਕ ਜਾਮ ਹੋ ਗਿਆ। ਕੀ ਚੱਕਾ ਜਾਮ ਵਾਲੇ ਸੋਚਦੇ ਨੇ ਕਿ ਜਾਮ ਵਿਚ ਕੋਈ ਮਰੀਜ਼ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੈ। ਜਾਮ ਵਿਚ ਉਸ ਮਰੀਜ਼ ਦੀ ਜ਼ਿੰਦਗੀ 1-1 ਸਕਿੰਟ ਵੀ ਮੌਤ ਦੇ ਮੂੰਹ ਵਲ ਜਾ ਰਹੀ ਹੁੰਦੀ ਹੈ। ਉਹ ਜਾਮ ਕੌਣ ਖੁਲ੍ਹਵਾਵੇਗਾ? ਉਹ ਵੀ ਪੁਲਿਸ ਦਾ ਹੀ ਫ਼ਰਜ਼ ਹੈ। ਜਾਮ ਵਿਚ ਫਸੇ ਮਰੀਜ਼ ਘਰ ਵਲ ਜਾ ਰਹੇ ਮੁਸਾਫ਼ਿਰ, ਡਿਊਟੀ ਤੇ ਸਮੇਂ ਸਿਰ ਪਹੁੰਚਣ ਦੀ ਚਿੰਤਾ, ਵਿਦਿਆਰਥੀ ਦਾ ਪੇਪਰ ਲੇਟ ਹੋ ਰਿਹਾ ਹੈ, ਕਿੰਨੇ ਹੀ ਜਾਮ ਦੇ ਸ਼ਿਕਾਰ ਹੋ ਰਹੇ ਹਨ। ਪੁਲਿਸ ਕਿੰਨਾ ਚਿਰ ਮਿੰਨਤਾਂ ਕਰ ਕੇ ਸਾਰੀ ਜਾਵੇਗੀ? ਫਿਰ ਕਿਉਂ ਕਹਿੰਦੇ ਹੋ ਪੁਲਿਸ ਮਾੜੀ ਹੈ? ਜਾਮ ਖੁੱਲ੍ਹਣ ਤੇ ਮਰੀਜ਼ ਦੀ ਜਾਨ ਬਚੀ, ਡਿਊਟੀ ਤੇ ਸਮੇਂ ਸਿਰ ਪਹੁੰਚੇ ਮੁਲਾਜ਼ਮ, ਵਿਦਿਆਰਥੀ ਦਾ ਸਮੇਂ ਸਿਰ ਪੇਪਰ ਹੋ ਗਿਆ। ਜਾਮ ਖੁਲ੍ਹਵਾ ਕੇ ਪੁਲਿਸ ਨੇ ਕੀ ਮਾੜਾ ਕਰ ਦਿਤਾ? ਫਿਰ ਵੀ ਪੁਲਿਸ ਮਾੜੀ ਹੈ।
ਸ਼ਹਿਰ ਵਿਚ ਮਜਨੂੰ ਧੀਆਂ-ਭੈਣਾਂ ਨੂੰ ਛੇੜਦੇ ਹਨ। ਬਗ਼ੈਰ ਹੈਲਮੇਟ ਤੋਂ ਲੋਕ ਘੁੰਮਦੇ ਹਨ, ਆਸ਼ਕ ਮੁੰਡੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਲੰਘਦੇ ਹਨ। ਜਦੋਂ ਨਹੀਂ ਹਟਦੇ ਤਾਂ ਛਿੱਤਰ ਪਰੇਡ ਕਰ ਦਿਤੀ ਤਾਂ ਕੀ ਮਾੜਾ ਕਰ ਦਿਤਾ? ਗੈਂਗਸਟਰ, ਲੁਟੇਰੇ ਕੋਈ ਡਾਕੀਆ ਜਾਂ ਡਾਕਟਰ ਤਾਂ ਨਹੀਂ ਫੜਦੇ, ਕੌਣ ਫੜਦਾ ਹੈ? ਪੁਲਿਸ, ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਵੇਖਣਗੇ ਤਾਂ ਨਜ਼ਰਾਂ ਦੇ ਥੱਲੇ ਮੁਲਾਜ਼ਮ ਲੰਘ ਜਾਉ। ਬੰਬ ਧਮਾਕਾ ਹੁੰਦਾ ਹੈ, ਸਾਧ ਵਰਗੇ ਪੁਲਿਸ ਨੂੰ 10-10 ਦਿਨ ਕੰਮ ਲਾਈ ਰਖਦੇ ਹਨ ਕੀ ਉਥੇ ਪੁਲਿਸ ਪਿਆਰ ਵਿਖਾਵੇ? ਦੰਗੇ ਵਿਚ ਕਿੰਨੇ ਖ਼ਤਰੇ ਹੁੰਦੇ ਹਨ। ਜਾਨ ਦਾ ਖ਼ਤਰਾ, ਸੱਟਾਂ ਆਮ ਜਹੀ ਗੱਲ ਹੁੰਦੀ ਹੈ। ਜਦ ਦੰਗੇ ਹੁੰਦੇ ਹਨ, ਪੁਲਿਸ ਵਾਲਿਆਂ ਦੇ ਪ੍ਰਵਾਰ ਨੂੰ ਪੁਛੋ ਦੰਗਿਆਂ ਦੌਰਾਨ ਉਨ੍ਹਾਂ ਉਤੇ ਕੀ ਵਾਪਰਦੀ ਹੈ, ਜਿਨ੍ਹਾਂ ਦੇ ਪੁੱਤਰ ਬਿਨਾਂ ਬੁਲਾਈ ਮੁਸੀਬਤ ਦੇ ਜਾਲ ਵਿਚ ਫਸੇ ਹੁੰਦੇ ਹਨ। ਪੁਲਿਸ ਵਾਲੇ ਇਨ੍ਹਾਂ ਬਿਨਾਂ ਦੱਸੇ ਆਏ ਦੰਗਿਆਂ ਕਰ ਕੇ ਅਪਣੀ ਜਾਨ ਗੁਆ ਚੁੱਕੇ ਹਨ। ਜਦ ਕਿਸੇ ਦਾ ਪੁੱਤਰ ਹਰ ਡਿਊਟੀ ਤੇ ਖ਼ਤਰੇ ਵਿਚ ਹੀ ਘਰੋਂ ਜਾਂਦਾ ਹੈ ਤਾਂ ਮਹਿਸੂਸ ਕਰੋ ਉਸ ਮਾਂ, ਪਤਨੀ ਬੇਟਾ, ਬੇਟੀ ਜਿਨ੍ਹਾਂ ਦੀ ਕਈ ਵਾਰੀ ਉਨ੍ਹਾਂ ਨੂੰ ਉਡੀਕਦੇ-ਉਡੀਕਦੇ ਅੱਖਾਂ ਵੀ ਪੱਥਰ ਹੋ ਜਾਂਦੀਆਂ ਹਨ। ਮੁਲਜ਼ਮ ਜੁਰਮ ਕਰਦੇ ਹਨ। ਕੋਈ ਸਮਾਂ ਦੱਸ ਕੇ ਤਾਂ ਨਹੀਂ ਜੁਰਮ ਨੂੰ ਅੰਜਾਮ ਦਿੰਦੇ, ਫਿਰ ਜਣਾ ਖਣਾ ਹੀ ਕਹਿ ਦਿੰਦਾ ਪੁਲਿਸ ਸੁੱਤੀ ਪਈ ਸੀ। ਹੋ ਸਕਦੈ 24-24 ਘੰਟੇ ਡਿਊਟੀ ਦੇਣ ਦੇ ਬਦਲੇ 5 ਮਿੰਟ ਅੱਖ ਵੀ ਲੱਗ ਜਾਵੇ, ਉਨ੍ਹਾਂ ਦੀਆਂ ਅੱਖਾਂ ਵਿਚ ਨੀਂਦ ਨਹੀਂ ਆ ਸਕਦੀ। ਲੋਕ ਆਪ ਏ.ਸੀ. ਲਗਾ ਕੇ ਰੱਜ ਕੇ ਰੋਟੀ ਖਾ ਕੇ, ਪੁੱਠੇ ਹੋ ਕੇ ਸੌਂ ਜਾਂਦੇ ਹਨ। ਉਨ੍ਹਾਂ ਦੇ ਮੁਹੱਲੇ 'ਚ ਕੋਈ ਵਾਰਦਾਤ ਹੋ ਗਈ, ਕੀ ਉਥੇ ਉਨ੍ਹਾਂ ਲੋਕਾਂ ਦੇ ਕੋਈ ਫ਼ਰਜ਼ ਨਹੀਂ ਹੁੰਦੇ? ਕੀ ਪੁਲਿਸ ਹੀ ਸੱਭ ਪਾਸੇ ਜ਼ਿੰਮੇਵਾਰ ਹੈ ਅਤੇ ਸਾਡਾ ਕੋਈ ਫ਼ਰਜ਼ ਨਹੀਂ? ਆਪਾਂ ਅਪਣੀ ਜ਼ਿੰਮੇਵਾਰੀ ਦਾ ਭਾਂਡਾ ਕਿਉਂ, ਪੁਲਿਸ ਦੇ ਸਿਰ ਹੀ ਭੰਨ ਕੇ ਖ਼ੁਸ਼ ਹੁੰਦੇ ਹਾਂ? ਗੱਡੀ ਦੇ ਕਾਗ਼ਜ਼ ਪੂਰੇ ਨਹੀਂ, ਬੀਮਾ ਖ਼ਤਮ, ਪ੍ਰਦੂਸ਼ਣ ਸਰਟੀਫ਼ੀਕੇਟ ਖ਼ਤਮ, ਲਾਈਸੰਸ ਕੋਲ ਨਹੀਂ, ਮਿਤਰੋ ਚਲਾਨ ਤਾਂ ਹੋਣਾ ਹੀ ਹੈ। ਇਕ ਮੋਟਰਸਾÂਕੀਲ ਤੇ ਕਈ ਵਾਰ 4-4 ਬੈਠ ਕੇ ਹਾਦਸੇ ਕਰਵਾ ਲੈਂਦੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਦੁਪਹੀਏ ਦਾ ਜਦ ਰੇਹੜਾ ਬਣਾਉਗੇ ਤਾਂ ਇਹੋ ਕੁੱਝ ਹੋਣਾ ਹੈ। ਠੀਕ ਹੈ ਇਹ ਵੀ ਮੰਨ ਕੇ ਚਲਦੇ ਹਾਂ ਕਿ ਪੁਲਿਸ ਵਿਚ ਰਿਸ਼ਵਤ, ਧੱਕੇਸ਼ਾਹੀ ਵੀ ਹੁੰਦੀ ਹੇ ਇਹ ਉਹ ਮੁਲਾਜ਼ਮ ਕਰਦੇ ਹਨ ਜਿਨ੍ਹਾਂ ਦਾ ਜ਼ਮੀਰ ਖ਼ਤਮ ਹੋ ਚੁੱਕਾ ਹੁੰਦਾ ਹੈ। ਸੱਭ ਇਕੋ ਜਹੇ ਨਹੀਂ ਹੁੰਦੇ। ਬਹੁਤ ਈਮਾਨਦਾਰ, ਬਹਾਦਰ, ਪੁਲਿਸਮੈਨ ਹਨ, ਜੋ ਅਪਣੀ ਮਿਹਨਤ ਵਾਲੀ ਕਮਾਈ ਨਾਲ ਵਾਹਿਗੁਰੂ ਦੀ ਦਿਤੀ ਇੱਜ਼ਤ ਦੀ ਰੋਟੀ ਨਾਲ ਗੁਜ਼ਾਰਾ ਕਰਦੇ ਹਨ ਕਿ ਸਾਰੇ ਇਕੋ ਜਿਹੇ ਹੋ ਗਏ। ਕੋਈ ਈਮਾਨਦਾਰ ਪੁਲਿਸ ਮੁਲਾਜ਼ਮ ਹੈ ਹੀ ਨਹੀਂ, ਇਹ ਗ਼ਲਤ ਧਾਰਨਾ ਹੈ। ਨਹੀਂ ਜੀ ਬਹੁਤ ਨੇਕ ਅਤੇ ਚੰਗੇ ਪੁਲਿਸ ਵਾਲੇ ਅਸੀ ਖ਼ੁਦ ਅਪਣੀਆਂ ਅੱਖਾਂ ਨਾਲ ਵੇਖੇ ਨੇ ਜਿਨ੍ਹਾਂ ਨੇ ਸਾਰੀ ਉਮਰ ਇੱਜ਼ਤ ਅਤੇ ਸੱਚੀ-ਸੁਚੀ ਕੀਤੀ ਕਮਾਈ ਦੀ ਰੋਟੀ ਖਾਧੀ ਹੈ। ਅਪਣੀ ਪਵਿੱਤਰ ਵਰਦੀ ਨੂੰ ਕਦੇ ਦਾਗ਼ ਵੀ ਨਹੀਂ ਲੱਗਣ ਦਿਤਾ। ਸੀਨਾ ਠੋਕ ਕੇ ਕਹਿੰਦੇ ਹਨ, ਹਾਂ ਮੈਂ ਇਕ ਈਮਾਨਦਾਰ ਪੁਲਿਸ ਮੁਲਾਜ਼ਮ ਹਾਂ ਤੇ ਦੇਸ਼ ਲਈ ਹਰ ਵੇਲੇ ਅਪਣੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਪੁਲਿਸ ਖ਼ੁਦ ਜਾਗ ਕੇ ਤੁਹਾਨੂੰ ਚੈਨ ਦੀ ਨੀਂਦ ਸੁਆਉਂਦੀ ਹੈ।
ਸੱਭ ਕੁੱਝ ਕਹਿਣਾ ਸੌਖਾ ਹੈ ਪਰ ਕਿਸੇ ਦੀ ਤਕਲੀਫ਼ ਕਿਸੇ ਦਾ ਦਰਦ ਮਹਿਸੂਸ ਕਰਨਾ ਬਹੁਤ ਔਖਾ ਹੈ। ਦੇਸ਼ ਦੇ ਨਾਗਰਿਕੋ ਅਪਣੇ ਫ਼ਰਜ਼ ਵੀ ਪਛਾਣੋ, ਦੰਗਾ ਨਾ ਹੋਣ ਦਿਉ, ਲੁਟੇਰੇ ਨਾ ਬਣੋ, ਗੁੰਡਾਗਰਦੀ ਨਾ ਕਰੋ, ਸਮਾਜ ਵਿਰੋਧੀ ਕੰਮ ਨਾ ਕਰੋ। ਇਸ ਦੇਸ਼ ਨੂੰ ਹਸਦਾ ਵਸਦਾ ਰੱਖਣ ਦੀ ਕੋਸ਼ਿਸ਼ ਕਰੋ। ਪੁਲਿਸ ਦਾ ਸਾਥ ਦਿਉ, ਪੁਲਿਸ ਸਖ਼ਤ ਤਾਂ ਹੈ ਪਰ ਦਿਲ ਤਾਂ ਸੱਭ ਕੋਲ ਅਪਣੇ ਵਰਗੇ ਹੀ ਹਨ, ਸਾਡੇ ਵਾਂਗ ਹੀ ਧੜਕਦੇ ਹਨ। ਉਨ੍ਹਾਂ ਨੂੰ ਵੀ ਸਮਝੋ। ਆਉ ਆਪਾਂ ਇਨ੍ਹਾਂ ਦਾ ਸਤਿਕਾਰ ਕਰੀਏ ਅਤੇ ਹਰ ਕੰਮ ਵਿਚ ਇਨ੍ਹਾਂ ਦਾ ਸਾਥ ਦੇਈਏ ਪੁਲਿਸ ਨੂੰ ਕੋਸਣਾ ਬੰਦ ਕਰੀਏ, ਅਪਣੇ ਫ਼ਰਜ਼ ਵੀ ਚੇਤੇ ਰਖੀਏ। ਜੇ ਕੋਈ ਜੁਰਮ ਨਹੀਂ ਕੀਤਾ ਤਾਂ ਬਿਨਾਂ ਡਰ ਥਾਣੇ ਅੰਦਰ ਜਾਈਏ ਅੰਦਰ ਵੀ ਇਨਸਾਨ ਬੈਠੇ ਹਨ ਤੇ ਉਹ ਤੁਹਾਡੇ ਲਈ ਹੀ ਬੈਠੇ ਹਨ। ਇਹ ਵੀਰ ਤੁਹਾਡੇ ਲਈ ਹਨ, ਤੁਹਾਡੀ ਸੇਵਾ ਲਈ ਪੁਲਿਸ ਨੂੰ ਵੀ ਬੇਨਤੀ ਕਰਾਂਗੇ ਕਿ ਲੋਕਾਂ ਵਿਚ ਥਾਣਿਆਂ ਪ੍ਰਤੀ ਬੈਠੇ ਡਰ ਨੂੰ ਲੋਕਾਂ ਦੇ ਮਨਾਂ ਵਿਚੋਂ ਕੱਢਣ ਦੀ ਕੋਸ਼ਿਸ਼ ਕਰਨ, ਦੋਸਤੀ ਦਾ ਹੱਥ ਜਨਤਾ ਵਲ ਵਧਾਉ, ਦੇਸ਼ ਦਾ ਨਾਂ ਰੌਸ਼ਨ ਕਰੇ।