ਰੁਮਾਲਿਆਂ ਦਾ ਢੇਰ ਕੂੜੇਦਾਨ ਵਿਚੋਂ ਮਿਲਿਆ?

ਵਿਚਾਰ, ਸੰਪਾਦਕੀ

ਕਸੂਰ ਨਿਰਾ ਪ੍ਰਬੰਧਕਾਂ ਦਾ ਜਾਂ ਰੁਮਾਲਿਆਂ ਦਾ ਅਰਥ ਸਮਝੇ ਬਿਨਾਂ, ਭੇਂਟ ਕਰਨ ਵਾਲਿਆਂ ਦਾ ਵੀ?

ਦੁਨੀਆਂ ਦੇ ਤਕਰੀਬਨ ਹਰ ਸਿੱਖ ਨੇ 'ਰੁਮਾਲਿਆਂ ਦੀ ਬੇਕਦਰੀ' ਦਾ ਵੀਡੀਉ ਵੇਖ ਲਿਆ ਹੋਵੇਗਾ। ਇਹ ਤਾਂ ਪਤਾ ਨਹੀਂ ਕਿ ਇਹ ਵੀਡੀਉ ਕਿਸ ਦੇਸ਼ ਜਾਂ ਕਿਸ ਗੁਰਦਵਾਰੇ ਤੋਂ ਆਇਆ ਹੈ ਪਰ ਇਹ ਤਾਂ ਸਾਫ਼ ਹੈ ਕਿ ਇਹ ਸੰਗਤ ਦਾ ਅਪਣੇ ਗੁਰੂ ਵਾਸਤੇ ਪਿਆਰ ਹੈ ਜਿਸ ਨੂੰ ਗੁਰੂਘਰ ਦੇ ਬੇਕਦਰੇ ਅਤੇ ਪੱਥਰ-ਦਿਲ ਸੇਵਾਦਾਰਾਂ ਨੇ ਕੂੜੇ ਦੇ ਪੈਕਟਾਂ ਵਿਚ ਪਾ ਕੇ ਨਸ਼ਟ ਕਰਨ ਲਈ ਸੁਟ ਦਿਤਾ ਸੀ। ਸੋਹਣੇ ਤੇ ਨਵੇਂ, ਮਹਿੰਗੇ ਰੁਮਾਲੇ ਕੂੜੇ ਵਿਚ ਪਏ ਵੇਖ ਕੇ ਹਰ ਸੱਚੇ ਸਿੱਖ ਦਾ ਦਿਲ ਦੁਖਿਆ ਹੋਵੇਗਾ ਕਿਉਂਕਿ ਜਿਹੜੇ ਸਿੱਖ ਰੁਮਾਲੇ ਭੇਂਟ ਕਰਦੇ ਹਨ, ਉਹ ਉਸ ਨੂੰ ਅਪਣੇ ਜਿਊਂਦੇ ਗੁਰੂ ਗ੍ਰੰਥ ਸਾਹਿਬ ਵਾਸਤੇ ਪੁਸ਼ਾਕੇ ਵਜੋਂ ਭੇਂਟ ਕਰਦੇ ਹਨ। ਗੁਰੂਘਰ ਦੇ ਸੇਵਾਦਾਰਾਂ ਦੇ ਰਵਈਏ ਨੂੰ ਵੇਖ ਕੇ ਪੀੜ ਤਾਂ ਹੁੰਦੀ ਹੈ ਪਰ ਕੀ ਗੁਨਾਹਗਾਰ ਸਿਰਫ਼ ਉਹੀ ਲੋਕ ਹਨ ਜਾਂ ਉਹ ਸੰਗਤ ਹੈ ਜੋ ਅਪਣੇ ਗੁਰੂ ਦੇ ਸ਼ਬਦਾਂ ਨੂੰ ਸਮਝੇ ਬਗ਼ੈਰ ਰੁਮਾਲਿਆਂ ਦੇ ਚੜ੍ਹਾਵੇ ਚੜ੍ਹਾਈ ਚਲੀ ਆਉਂਦੀ ਹੈ?
ਜਦੋਂ ਵੀ ਸਿੱਖ ਫ਼ਲਸਫ਼ੇ ਦੀ ਵਡਿਆਈ ਦੀ ਗੱਲ ਸ਼ੁਰੂ ਹੁੰਦੀ ਹੈ ਤਾਂ ਪਹਿਲੀ ਵਡਿਆਈ ਇਹੀ ਦੱਸੀ ਜਾਂਦੀ ਹੈ ਕਿ ਇਹ ਸਿੱਧੀ ਸਾਦੀ ਪੰਜਾਬੀ ਵਿਚ ਲਿਖਿਆ ਗਿਆ ਸੀ ਤਾਕਿ ਆਮ ਜਨਤਾ ਬਾਣੀ ਨੂੰ ਆਪ ਸਮਝ ਸਕੇ ਅਤੇ ਇਸ ਉਤੇ ਅਮਲ ਕਰ ਸਕੇ। ਪੁਜਾਰੀਵਾਦ ਉਤੇ ਨਿਰਭਰਤਾ ਨੂੰ ਹਟਾਉਂਦੇ ਹੋਏ ਬਾਬਾ ਨਾਨਕ ਨੇ ਇਸ ਫ਼ਲਸਫ਼ੇ ਨਾਲ ਇਨਸਾਨ ਅਤੇ ਰੱਬ ਦੇ ਰਿਸ਼ਤੇ ਵਿਚੋਂ ਹਰ ਦੂਜੀ ਚੀਜ਼ ਨੂੰ ਹਟਾ ਦਿਤਾ ਸੀ। ਬਾਣੀ ਨੂੰ ਸਮਝਣ ਵਾਲਾ ਹਰ ਇਨਸਾਨ ਰੱਬ ਨਾਲ ਆਪ ਗੱਲਬਾਤ ਕਰ ਸਕਦਾ ਹੈ ਅਤੇ ਉਸ ਦੀ ਰਹਿਮਤ ਨੂੰ ਅਪਣੇ ਕਣ ਕਣ ਵਿਚ ਰਚੀ ਹੋਈ ਵੇਖਦਾ ਹੈ। ਪਰ ਬਾਣੀ ਨੂੰ ਸਮਝਣ ਦੀ ਬਜਾਏ ਉਸ ਦੀ ਸਾਦੀ ਭਾਸ਼ਾ ਨੂੰ ਅਪਣੇ ਤੋਂ ਦੂਰ ਕਰ ਕੇ, ਜੇ ਸੰਗਤ ਆਪ ਹੀ ਉਨ੍ਹਾਂ ਪ੍ਰਥਾਵਾਂ ਨੂੰ ਹੁੰਗਾਰਾ ਭਰਨ ਲੱਗ ਜਾਏ ਜਿਹੜੀਆਂ ਮਨੁੱਖ ਅਤੇ ਰੱਬ ਵਿਚਕਾਰ ਦੂਰੀਆਂ ਪੈਦਾ ਕਰਨ ਵਾਲੀਆਂ ਹੋਣ ਤਾਂ ਕੀ ਕਸੂਰਵਾਰ ਸਿਰਫ਼ ਗੁਰੂਘਰਾਂ ਦੇ ਸੇਵਾਦਾਰ ਹੀ ਹਨ? ਹਾਂ, ਗੁਰੂਘਰਾਂ ਦੇ ਸੇਵਾਦਾਰ ਕਸੂਰਵਾਰ ਹਨ ਪਰ ਸਾਡੇ ਤੋਂ ਘੱਟ। ਉਹ ਅਸਲ ਵਿਚ ਸੇਵਾਦਾਰ ਨਹੀਂ ਹਨ, ਬਲਕਿ ਛੋਟੀ ਮੋਟੀ ਚੋਰੀ ਕਰ ਕੇ 'ਉਪਰ ਦੀ ਕਮਾਈ' ਕਰਨ ਵਾਲੇ ਕਰਮਚਾਰੀ ਹਨ ਜੋ ਸੰਗਤ ਦੀ ਅਗਿਆਨਤਾ ਦਾ ਫ਼ਾਇਦਾ ਉਠਾ ਕੇ ਅਪਣੀ ਕਾਲੀ ਕਮਾਈ ਦਾ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਦਾ ਕਸੂਰ ਓਨਾ ਹੀ ਹੈ ਜਿੰਨਾ ਕਿਸੇ ਵਪਾਰੀ ਦਾ ਹੁੰਦਾ ਹੈ ਜੋ ਤੁਹਾਨੂੰ ਕੋਈ ਸਾਮਾਨ ਵੇਚਦਾ ਹੈ ਅਤੇ ਨਾਲ ਆਖਦਾ ਹੈ ਕਿ ਇਹ ਸਾਮਾਨ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ। ਕਸੂਰ ਸੰਗਤ ਦਾ ਹੈ ਜਿਸ ਨੇ ਅਪਣੇ ਗੁਰੂ ਦੇ ਪਿਆਰ ਨੂੰ ਸਮਾਨ ਬਣਨ ਦੀ ਇਜਾਜ਼ਤ ਦੇ ਦਿਤੀ।