ਉਂਜ ਤਾਂ ਸਾਰਾ ਸਿੱਖ ਇਤਿਹਾਸ ਹੀ ਲਹੂ ਨਾਲ ਲਥਪਥ ਹੈ ਪਰ ਪਿਛਲੇ ਲਗਭਗ 300 ਸਾਲਾਂ ਦੌਰਾਨ ਜਿਹੜੇ ਕਹਿਰ ਸਿੱਖਾਂ ਉਤੇ ਇਕ ਕੌਮ ਦੇ ਰੂਪ ਵਿਚ ਢਾਹੇ ਗਏ ਹਨ, ਉਨ੍ਹਾਂ ਵਿਚ ਸਾਕਾ ਸਰਹਿੰਦ, ਸਾਕਾ ਚਮਕੌਰ ਸਾਹਿਬ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਤੇ ਸਾਕਾ ਨੀਲਾ ਤਾਰਾ ਮੁੱਖ ਤੌਰ ਤੇ ਸ਼ਾਮਲ ਹਨ।ਸਾਕਾ ਚਮਕੌਰ ਸਾਹਿਬ ਦੀ ਲੜੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 21 ਦਸੰਬਰ, 1704 ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕੀਤਾ ਤਾਂ ਉਸ ਸਮੇਂ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ, ਗੁਰੂ ਕੇ ਮਹਿਲ ਅਤੇ ਕਾਫ਼ੀ ਗਿਣਤੀ ਵਿਚ ਸਿੰਘ ਉਨ੍ਹਾਂ ਨਾਲ ਸਨ। ਜਦੋਂ ਇਹ ਕਾਫ਼ਲਾ ਸਰਸਾ ਨਦੀ ਪਾਰ ਕਰਨ ਲਗਿਆ ਤਾਂ ਪਿੱਛਾ ਕਰ ਰਹੀਆਂ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਵਹੀਰ ਤੇ ਇਕ ਭਰਵਾਂ ਹੱਲਾ ਬੋਲ ਦਿਤਾ। ਇਹ ਇਕ ਠੰਢੀ ਅਤੇ ਮੀਂਹ ਵਾਲੀ ਰਾਤ ਸੀ। ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਘਮਸਾਨ ਦਾ ਯੁੱਧ ਹੋਇਆ। ਇਸੇ ਦੌਰਾਨ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਵਹੀਰ ਨਾਲੋਂ ਵਿਛੜ ਜਾਂਦੇ ਹਨ। ਗੁਰੂ ਸਾਹਿਬ, ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਬਾਕੀ ਸਿੰਘ ਚਮਕੌਰ ਸਾਹਿਬ ਵਲ (ਬਰਾਸਤਾ ਰੋਪੜ ਤੇ ਬੂਰ ਮਾਜਰਾ) ਅਪਣਾ ਸਫ਼ਰ ਜਾਰੀ ਰਖਦੇ ਹਨ।ਜਦੋਂ ਇਹ ਕਾਫ਼ਲਾ ਚਮਕੌਰ ਦੀ ਜੂਹ ਅੰਦਰ ਦਾਖ਼ਲ ਹੁੰਦਾ ਹੈ ਤਾਂ ਉਸ ਸਮੇਂ ਦੋਵੇਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤੋਂ ਇਲਾਵਾ ਗੁਰੂ ਸਾਹਿਬ ਨਾਲ ਸਿਰਫ਼ 40 ਸਿੰਘ ਸਨ।ਪਿੱਛਾ ਕਰ ਰਿਹਾ ਟਿੱਡੀ ਦਲ ਮੁਗ਼ਲ ਫੌਜ ਨੇ ਆਉਂਦੇ ਹੀ ਗੜ੍ਹੀ ਨੂੰ ਘੇਰ ਲਿਆ। ਇਸ ਤਰ੍ਹਾਂ ਚਮਕੌਰ ਦੀ ਧਰਤੀ ਤੇ ਦੁਨੀਆਂ ਦੇ ਇਤਿਹਾਸ ਦੀ ਇਕ ਬੇਜੋੜ ਅਤੇ ਅਸਾਵੀਂ ਜੰਗ ਲੜੀ ਜਾਣ ਲਈ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਗਿਆ। ਇਸ ਅਸਾਵੀਂ ਜੰਗ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ 'ਜ਼ਫ਼ਰਨਾਮਾ' ਵਿਚ ਲਿਖਦੇ ਹਨ:-