ਸਰਸਵਤੀ ਦਰਿਆ ਲੱਭਣ ਲਈ ਫ਼ਜ਼ੂਲ ਖ਼ਰਚੀ?

ਵਿਚਾਰ, ਸੰਪਾਦਕੀ

ਹਰਿਆਣਾ ਵਿਚ ਸਰਸਵਤੀ ਨਦੀ ਨੂੰ ਮੁੜ ਤੋਂ ਇਤਿਹਾਸ ਦੇ ਪੰਨਿਆਂ ਵਿਚੋਂ ਕੱਢ ਕੇ ਸਰਕਾਰੀ ਤਾਕਤ ਨਾਲ ਜੀਵਤ ਕੀਤਾ ਜਾ ਰਿਹਾ ਹੈ। ਸਰਸਵਤੀ ਦੀ ਹੋਂਦ ਵੇਦਾਂ ਵਿਚ ਦੱਸੀ ਗਈ ਸੀ ਅਤੇ ਭਾਜਪਾ ਨੇ ਉਸ ਨੂੰ ਅਸਲੀਅਤ ਬਣਾਉਣ ਵਿਚ ਅਰਬਾਂ ਰੁਪਏ ਲਗਾ ਦਿਤੇ। ਹੁਣ ਵਿਗਿਆਨਕ ਸੋਚ ਆਖਦੀ ਹੈ ਕਿ ਉਹ ਪੈਸਾ ਯਮੁਨਾ ਦੀ ਸਫ਼ਾਈ ਵਿਚ ਲਾਉਣਾ ਬਿਹਤਰ ਹੁੰਦਾ ਤਾਕਿ ਅੱਜ ਦਾ ਕੁਦਰਤੀ ਖ਼ਜ਼ਾਨਾ ਬਚਾਇਆ ਜਾ ਸਕਦਾ। ਪਰ ਵਿਸ਼ਵਾਸ ਤੇ ਧਰਮ ਨੂੰ ਹਥਿਆਰ ਬਣਾ ਕੇ ਸਿਆਸਤ ਕਰਨ ਵਾਲੇ ਤਰਕ ਨਾਲ ਨਹੀਂ ਸੋਚਦੇ ਅਤੇ ਅੰਧਵਿਸ਼ਵਾਸੀ ਬਣ ਜਾਂਦੇ ਹਨ।ਉਹ ਇਹ ਵੀ ਨਹੀਂ ਸੋਚਦੇ ਕਿ ਇਸ ਨਾਲ ਕਿੰਨੇ ਹੀ ਵਿਵਾਦ ਸ਼ੁਰੂ ਹੋ ਸਕਦੇ ਹਨ ਕਿਉਂਕਿ ਹਰ ਧਰਮ ਅਪਣੇ ਗ੍ਰੰਥ ਨੂੰ ਹੀ ਸੱਚ ਮੰਨਦਾ ਹੈ ਅਤੇ ਉਸੇ ਨੂੰ ਵਿਗਿਆਨ ਦੀ ਬੁਨਿਆਦ ਬਣਾਉਣਾ ਚਾਹੇਗਾ। ਫਿਰ ਕਿਹੜਾ ਵਿਗਿਆਨ ਸੱਚਾ ਹੋਵੇਗਾ? ਉਹੀ ਜੋ ਤੱਥਾਂ ਅਤੇ ਪੜਚੋਲ ਦੀ ਪ੍ਰੀਖਿਆ

 ਵਿਚੋਂ ਪਾਸ ਹੋਵੇਗਾ। ਭਾਰਤੀ ਸਿਖਿਆ ਬੋਰਡਾਂ ਦੀਆਂ ਕਿਤਾਬਾਂ ਵਿਚ ਅਸੀ ਅਪਣੀ ਸੋਚ ਮੁਤਾਬਕ ਤਬਦੀਲੀਆਂ ਲਿਆ ਕੇ ਅਪਣੀ ਹੀ ਆਉਣ ਵਾਲੀ ਪੀੜ੍ਹੀ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਕਿਤਾਬਾਂ ਅੰਧ-ਵਿਸ਼ਵਾਸ ਨਹੀਂ, ਤਰਕ ਅਤੇ ਵਿਗਿਆਨ ਦੀ ਕਸੌਟੀ ਉਤੇ ਖਰੇ ਉਤਰਨ ਵਾਲੇ ਜੀਵਨ ਲਈ ਤਿਆਰ ਕਰਦੀਆਂ ਹਨ। ਉਹ ਬੁਨਿਆਦਾਂ ਬਣਾਉਂਦੀਆਂ ਹਨ ਜੋ ਮਨੁੱਖੀ ਜੀਵਨ ਨੂੰ ਸੌਖਾ ਬਣਾਉਣ ਦੇ ਤਰੀਕੇ ਦਸਦੀਆਂ ਹਨ। ਰੱਬ ਦੀ ਬਣਾਈ ਕਾਇਨਾਤ ਨੂੰ ਸਮਝਣਾ ਮਨੁੱਖੀ ਸੋਚ ਤੋਂ ਬਾਹਰ ਹੈ ਅਤੇ ਰਹੇਗਾ। ਰੱਬ ਦੀ ਹੋਂਦ ਬਾਰੇ ਵਿਸ਼ਵਾਸ, ਧਰਮ ਦੀ ਸਿਖਿਆ ਦਾ ਵਿਸ਼ਾ ਹੈ। ਜੇ ਸਿਖਿਆ ਮੰਤਰੀ ਤਰਕ ਤੇ ਵਿਸ਼ਵਾਸ, ਵਿਗਿਆਨ ਤੇ ਧਰਮ ਦੇ ਫ਼ਰਕ ਨੂੰ ਸਮਝ ਜਾਣ ਤਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਚੰਗਾ ਹੋਵੇਗਾ। ਸਿਖਿਆ ਮੰਤਰੀ ਨੂੰ ਫਿਰ ਵੀ ਸ਼ੱਕ ਹੈ ਤਾਂ ਉਹ ਖੋਜ ਕਰਵਾਉਣ ਜਾਂ ਕਰਨ ਤੇ ਜਦ ਉਨ੍ਹਾਂ ਦੇ 'ਸੱਚ' ਸਹੀ ਸਾਬਤ ਹੋ ਜਾਣ, ਫਿਰ ਉਨ੍ਹਾਂ ਨੂੰ ਦੁਨੀਆਂ ਅੱਗੇ ਪੇਸ਼ ਕਰਨ। ਸੱਤਾ ਦੀ ਤਾਕਤ ਦੇ ਸਿਰ ਤੇ ਸਿਖਿਆ ਦੇ ਮਿਆਰਾਂ ਨਾਲ ਖਿਲਵਾੜ ਕਰਨ ਦੀ ਆਜ਼ਾਦੀ ਨਹੀਂ ਹੋਣੀ ਚਾਹੀਦੀ।  -ਨਿਮਰਤ ਕੌਰ