ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 23ਵਾਂ ਪੁਸਤਕ ਮੇਲਾ ਲੱਗਾ ਹੋਇਆ ਸੀ। ਹਰ ਵਰ੍ਹੇ ਦੀ ਤਰ੍ਹਾਂ ਮੈਨੂੰ ਵੀ ਪੁਸਤਕ ਪ੍ਰੇਮ ਇਸ ਮੇਲੇ ਵਿਚ ਲੈ ਗਿਆ। ਵੱਖ-ਵੱਖ ਮੁਲਕਾਂ ਦੇ ਸਟਾਲਾਂ ਤੋਂ ਛੁੱਟ ਸਾਡੇ ਮਹਾਨ ਭਾਰਤ ਦੇਸ਼ ਦੇ ਸਟਾਲਾਂ ਤੋਂ ਵੀ ਪੁਸਤਕ ਪ੍ਰੇਮੀ ਪੁਸਤਕਾਂ ਖ਼ਰੀਦ ਰਹੇ ਸਨ। ਕਈ-ਕਈ ਨੰਬਰਾਂ ਅਤੇ ਦੂਰ-ਨੇੜੇ ਦੀਆਂ ਐਨਕਾਂ ਲਾ ਕੇ ਪੰਜਾਬ ਦੇ ਪੰਜਾਬੀ ਸਟਾਲ ਦੀ ਭਾਲ ਕੀਤੀ ਗਈ, ਪਰ ਪੱਲੇ ਪਈ ਨਿਰਾਸ਼ਾ।ਖ਼ੈਰ, ਪੁਸਤਕ ਮੇਲੇ ਵਿਚ ਕਈ ਡੇਰੇਦਾਰਾਂ ਨੇ ਵੀ ਡੇਰੇ ਜਮਾਏ ਹੋਏ ਸਨ। ਹਰ ਡੇਰੇ ਤੇ ਨੌਜਵਾਨ ਬੀਬੀਆਂ ਆਏ-ਗਏ ਨੂੰ ਆਪੋ-ਅਪਣੇ 'ਮਹਾਰਾਜ ਜੀ', 'ਬਾਪੂ ਜੀ', 'ਪਿਤਾ ਜੀ', 'ਗੁਰੂ ਜੀ', 'ਸਵਾਮੀ ਜੀ', 'ਮਾਲਕ' ਆਦਿ ਦੇ ਵਿਚਾਰਾਂ ਤੋਂ ਜਾਣੂ ਕਰਵਾ ਰਹੀਆਂ ਸਨ। ਵਿਸ਼ੇਸ਼ ਇਹ ਕਿ ਸੱਭੇ ਮੁਫ਼ਤੋ-ਮੁਫ਼ਤ ਸੀ.ਡੀ., ਸਬੰਧਤ ਪੁਸਤਕਾਂ ਵੀ ਵੰਡ ਰਹੀਆਂ ਸਨ। ਡੇਰੇਦਾਰਾਂ ਦੇ ਸਟਾਲਾਂ ਵਿਚੋਂ ਇਕ ਸੀ ਸੁਰਖ਼ੀਆਂ 'ਚ ਆਏ ਅੱਜ ਦੇ ਬਲਾਤਕਾਰੀ ਸੌਦਾ ਸਾਧ ਦਾ ਸਟਾਲ। ਬੀਬੀਆਂ ਨੇ ਸਾਧ ਦੀ ਆਦਮ ਕੱਦ ਅਤੇ ਇਕ ਵਿਸ਼ੇਸ਼ ਕਿਸਮ ਦੇ ਮੋਟਰਸਾਈਕਲ ਉਤੇ ਸਵਾਰ, ਵਿਸ਼ੇਸ਼ ਕਿਸਮ ਦੀ ਵਰਦੀ ਪਾਈ ਸਾਧ ਦੀ ਤਸਵੀਰ ਸ਼ੀਸ਼ੇ ਦੀ ਅਲਮਾਰੀ ਵਿਚ ਪ੍ਰਦਰਸ਼ਿਤ ਕੀਤੀ ਹੋਈ ਸੀ। ਹਾਲਾਂਕਿ ਮੈਨੂੰ ਪਤਾ ਸੀ ਕਿ ਇਹ ਢੋਂਗੀ ਸਾਧ ਹੈ, ਫਿਰ ਵੀ ਪੁਛਿਆ ਗਿਆ, ''ਕਾਲੀਆਂ ਐਨਕਾਂ, ਖਿੱਲਰੇ ਵਾਲ, ਸੋਨੇ ਵਿਚ ਮੜ੍ਹਿਆ ਚੋਲੇ ਵਾਲਾ ਇਹ ਮੋਟਰਸਾਈਕਲ ਸਵਾਰ ਕੌਣ ਹੈ?'' ਪੰਜ-ਸੱਤ ਬੀਬੀਆਂ ਇਕ ਸੁਰ ਬੋਲੀਆਂ, ''ਸਾਡੇ ਮਾਲਕ, ਸਾਡੇ ਸਵਾਮੀ! ਸੱਚੇ ਸੌਦੇ ਵਾਲੇ ਗੁਰੂ ਮਹਾਰਾਜ ਜੀ। ਕੌਤਕ ਰੱਚ ਰਹੇ ਹਨ।''