ਸਿੱਖ ਇਤਿਹਾਸ ਦੀ ਪਹਿਲੀ ਸੈਨਾਪਤੀ ਸੀ ਮਾਈ ਭਾਗੋ

ਵਿਚਾਰ, ਸੰਪਾਦਕੀ

ਜਦੋਂ ਵੀ ਕਿਸੇ ਸਮਾਗਮ ਸਮੇਂ ਅਰਦਾਸ ਵਿਚ ਸ਼ਾਮਲ ਹੋਈਏ ਤਾਂ ਇਹ ਆਵਾਜ਼ ਕੰਨਾਂ 'ਚ  ਪੈਂਦੀ ਹੈ 'ਜਿਨ੍ਹਾਂ ਮਾਈਆਂ ਬੀਬੀਆਂ ਨੇ ਸਵਾ ਸਵਾ ਮਣ ਪੀਸਣੇ ਪੀਸੇ, ਬੱਚਿਆਂ ਦੇ ਟੁਕੜੇ ਝੋਲੀਆਂ ਵਿਚ ਪੁਆਏ, ਸਿੱਖੀ  ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਸੀਅ ਨਹੀਂ ਕੀਤੀ' ਆਦਿ ਤਾਂ ਇਨ੍ਹਾਂ ਜੁਝਾਰੂ ਸ਼ਬਦਾਂ ਦੇ ਪਿਛੋਕੜ ਵਿਚ ਕਿਤੇ ਨਾ ਕਿਤੇ ਅਛੋਪਲੇ ਹੀ ਉਸ ਸ਼ੇਰਨੀ ਮਾਈ ਭਾਗੋ ਦਾ ਚਿਹਰਾ ਵੀ ਉਭਰ ਕੇ ਅੱਖਾਂ ਸਾਹਮਣੇ ਆ ਜਾਂਦਾ ਹੈ ਜਿਸ ਨੇ ਸਿੱਖ ਇਤਿਹਾਸ ਵਿਚ ਖਿਦਰਾਣੇ ਦੀ ਢਾਬ ਤੇ ਮੁਗ਼ਲਾਂ ਵਿਰੁਧ ਲੜੀ ਗਈ ਲੜਾਈ ਵਿਚ ਨਾ ਕੇਵਲ ਅਹਿਮ ਭੂਮਿਕਾ ਹੀ ਨਿਭਾਈ ਸਗੋਂ ਆਨੰਦਪੁਰ ਦੇ ਕਿਲ੍ਹੇ ਤੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਸਿੰਘ ਸੂਰਮਿਆਂ ਨੂੰ ਪ੍ਰੇਰ ਕੇ ਮੁੜ ਇਸ ਜੰਗ ਵਿਚ ਸ਼ਾਮਲ ਕਰਵਾਇਆ।  ਜੰਗ ਜਿੱਤਣ ਪਿਛੋਂ ਗੁਰੂ ਗੋਬਿੰਦ ਸਿੰਘ ਨੇ ਇਥੇ ਹੀ ਸਖ਼ਤ ਜ਼ਖ਼ਮੀ ਭਾਈ ਮਹਾਂ ਸਿੰਘ ਦਾ ਸਿਰ ਅਪਣੀ ਗੋਦੀ ਵਿਚ ਰੱਖ ਕੇ ਉਹ ਬੇਦਾਵਾ ਪਾੜ ਕੇ ਮੁੜ ਟੁੱਟੀ ਗੰਢ ਦਿਤੀ ਸੀ।  ਇਹ ਉਹੀ ਸਮਾਂ ਸੀ ਜਦ ਦਸਮ ਪਿਤਾ ਨੇ ਕਿਹਾ ਸੀ ਇਹ ਸਥਾਨ ਮੁਕਤਿਆਂ ਦਾ ਸ਼ਹੀਦਗੰਜ ਹੈ ਅਤੇ ਇਥੋਂ ਹੀ ਮੁਕਤਸਰ ਦਾ ਨਾਂ ਪਿਆ ਸੀ। ਪਰ ਇਸ ਸ਼ੇਰਨੀ ਮਾਈ ਭਾਗੋ ਦਾ ਸਿੱਖ ਇਤਿਹਾਸ ਵਿਚ ਬਹੁਤ ਘੱਟ ਜ਼ਿਕਰ ਆਉਂਦਾ ਹੈ। ਹੈਰਾਨੀ ਹੈ ਕਿ ਨਾ ਤਾਂ ਇਸ ਪਾਸੇ ਕਿਸੇ ਸਿੱਖ ਇਤਿਹਾਸਕਾਰ ਨੇ ਹੀ ਧਿਆਨ ਦਿਤਾ ਅਤੇ ਨਾ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਰਗੀ ਸਿੱਖਾਂ ਦੀ ਅਹਿਮ ਜਥੇਬੰਦੀ ਨੇ।  ਕਿਸੇ ਹੋਰ ਯੂਨੀਵਰਸਟੀ ਜਾਂ ਸਿੱਖ ਸੰਸਥਾ ਨੇ ਵੀ ਇਸ ਪੱਖ ਨੂੰ ਹੁਣ ਤਕ ਅਣਗੌਲਿਆਂ ਕਰੀ ਰਖਿਆ ਹੈ।ਤਾਂ ਵੀ ਚੰਡੀਗੜ੍ਹ ਨੇੜੇ ਪੰਚਕੂਲਾ ਵਸਦੇ ਗੁਰਬਖਸ਼ ਸਿੰਘ ਸੈਣੀ ਨੇ ਇਸ ਪਾਸੇ ਬੜੀ ਗੰਭੀਰਤਾ ਨਾਲ ਕਦਮ ਚੁਕਿਆ ਹੈ। ਉਹ ਹਾਲਾਂਕਿ ਇਤਿਹਾਸਕ ਖੋਜ ਨਾਲ ਤਾਂ ਨਹੀਂ ਜੁੜੇ ਪਰ ਕਿਸੇ ਦੇ ਕਹਿਣ ਤੇ ਹੀ ਉਨ੍ਹਾਂ ਨੇ ਇਹ ਬੀੜਾ ਜ਼ਰੂਰ ਚੁੱਕ ਲਿਆ। ਉਸੇ ਦੇ ਨਤੀਜੇ ਵਜੋਂ ਹਥਲੀ ਪੁਸਤਕ 'ਸੰਤ ਸੈਨਾਪਤੀ ਸ਼ੇਰਨੀ ਮਾਈ ਭਾਗੋ' ਸਿੱਖ ਇਤਿਹਾਸ ਵਿਚ ਦਰਜ ਹੋਈ ਹੈ। ਗੁਰਬਖਸ਼ ਸਿੰਘ ਸੈਣੀ ਅਸਲ ਵਿਚ ਕਵੀ ਹਨ, ਕਹਾਣੀਕਾਰ ਹਨ, ਪੱਤਰਕਾਰ ਹਨ ਅਤੇ ਸੰਪਾਦਕ ਵੀ। ਕਵੀ ਦਰਬਾਰਾਂ ਅਤੇ ਗਸ਼ੋਟੀਆਂ ਵਿਚ ਹਾਜ਼ਰੀ ਭਰਦੇ ਹਨ। ਉਹ ਹੁਣ ਤਕ ਪੰਜਾਬੀ ਸਾਹਿਤ ਦੀ ਝੋਲੀ ਵਿਚ 9 ਪੁਸਤਕਾਂ ਪਾ ਚੁੱਕੇ ਹਨ। ਇਨ੍ਹਾਂ ਵਿਚੋਂ ਛੇ ਤਾਂ ਕਾਵਿ ਸੰਗ੍ਰਹਿ ਹਨ ਅਤੇ ਦੋ ਕਹਾਣੀ ਸੰਗ੍ਰਹਿ। ਇਕ ਪੁਸਤਕ ਸਿੱਖ ਇਤਿਹਾਸ ਨਾਲ ਸਬੰਧਤ ਹੈ। ਹਥਲੀ ਉਨ੍ਹਾਂ ਦੀ ਦਸਵੀਂ ਪੁਸਤਕ ਹੈ। ਇਸ ਨੂੰ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵਾਲਿਆਂ ਨੇ ਬੜੀ ਰੀਝ ਨਾਲ ਛਾਪਿਆ ਹੈ। ਗੁਰਬਖਸ਼ ਸਿੰਘ ਸੈਣੀ ਹੁਣ ਧਾਰਮਕ ਸਾਹਿਤ ਵਲ ਰੁਚਿਤ ਨਜ਼ਰ ਆ ਰਹੇ ਹਨ ਅਤੇ ਇਨ੍ਹੀਂ ਦਿਨੀਂ ਕੁੱਝ ਹੋਰ ਸਮੱਗਰੀ ਵੀ ਇਕੱਠੀ ਕਰਨ ਵਿਚ ਰੁੱਝੇ ਹੋਏ ਹਨ। ਉਂਜ ਇਸ ਵੇਲੇ ਉਹ ਅਪਣੀ ਇਕ ਵੈੱਬਸਾਈਟ ਚਲਾ ਰਹੇ ਹਨ।ਇਸ ਪੁਸਤਕ ਦਾ ਗਹੁ ਨਾਲ ਅਧਿਐਨ ਕਰਨ ਪਿਛੋਂ ਭਲੀਭਾਂਤ ਸਪੱਸ਼ਟ ਹੁੰਦਾ ਹੈ ਕਿ ਗੁਰਬਖਸ਼ ਸਿੰਘ ਸੈਣੀ ਨੇ ਇਸ ਨੂੰ ਰਚਣ ਲਈ  ਇਕ ਵੱਡੀ ਵੰਗਾਰ ਸਮਝ ਕੇ ਹੱਥ ਪਾਇਆ ਸੀ, ਇਸ ਲਈ ਸਖ਼ਤ ਮਿਹਨਤ ਵੀ ਕਰਨੀ ਪਈ ਹੈ। ਮਾਈ ਭਾਗੋ ਦੇ ਪੇਕੇ ਪਿੰਡ ਦੇ ਕਈ ਗੇੜੇ ਮਾਰਨੇ ਪਏ ਹਨ। ਉਨ੍ਹਾਂ ਨੂੰ ਇਧਰੋਂ-ਉਧਰੋਂ ਅਤੇ ਕੁੱਝ ਹੋਰ ਸਰੋਤਾਂ ਤੋਂ ਜਿੰਨੀ ਕੁ ਜਾਣਕਾਰੀ ਮਿਲੀ ਹੈ ਉਸ ਦੀ ਉਨ੍ਹਾਂ ਨੇ ਬੜੀ ਸਕਾਰਥੀ ਵਰਤੋਂ ਕੀਤੀ ਹੈ। ਪੁਸਤਕ ਵਿਚ ਮਾਈ ਭਾਗੋ ਨਾਲ ਸਬੰਧਤ ਕੁੱਝ ਤਸਵੀਰਾਂ ਛਾਪ ਕੇ ਵੀ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ ਸਗੋਂ ਪੁਸਤਕ ਨੂੰ ਵੀ ਖ਼ੂਬਸੂਰਤੀ ਬਖ਼ਸ਼ੀ ਹੈ।ਪੁਸਤਕ ਵਿਚਲੇ ਤੱਥਾਂ ਮੁਤਾਬਕ ਸੰਖੇਪ ਵਿਚ ਮਾਈ ਭਾਗੋ ਦਾ ਪਿੰਡ ਅੰਮ੍ਰਿਤਸਰ ਨੇੜੇ ਝਬਾਲ ਹੈ ਅਤੇ ਇਹ ਸਥਾਨ ਹੁਣ ਤਰਨਤਾਰਨ ਵਿਚ ਪੈਂਦਾ ਹੈ। ਇਥੇ ਮਾਈ ਭਾਗੋ ਦਾ ਬਾਅਦ ਵਿਚ ਇਕ ਗੁਰਦਵਾਰਾ ਵੀ ਬਣਿਆ ਹੋਇਆ ਹੈ। ਉਸ ਦੇ ਪੁਰਖਿਆਂ ਦੇ ਘਰ ਹੁਣ ਖੰਡਰਾਂ ਦਾ ਰੂਪ ਧਾਰਨ ਕਰ ਗਏ ਹਨ। ਸਿੱਖੀ ਦੀ ਗੁੜ੍ਹਤੀ ਉਸ ਨੂੰ ਵਿਰਾਸਤ ਵਿਚੋਂ ਹੀ ਮਿਲੀ ਕਿਉਂਕਿ ਉਸ ਦਾ ਸਾਰਾ ਪ੍ਰਵਾਰ ਸਿੱਖੀ ਜੀਵਨ ਵਿਚ ਰੰਗਿਆ ਹੋਇਆ ਸੀ। ਬਚਪਨ ਤੋਂ ਹੀ ਉਸ ਨੂੰ ਸਿੱਖੀ ਦੀ ਐਸੀ ਲਗਨ ਲੱਗ ਗਈ ਕਿ ਇਕ ਤਾਂ ਉਸ ਨੇ ਮਰਦਾਵਾਂ ਭੇਸ ਗ੍ਰਹਿਣ ਕਰ ਲਿਆ ਸੀ ਅਤੇ ਦੂਜਾ ਨਾ ਕੇਵਲ ਮਾਰਸ਼ਲ ਆਰਟ ਸਗੋਂ ਘੋੜਾ ਅਤੇ ਤਲਵਾਰ ਚਲਾਉਣ ਵਿਚ ਬੜੀ ਦਿਲਚਸਪੀ ਰਖਦੀ ਸੀ। ਛੇਤੀ ਹੀ ਉਹ ਇਨ੍ਹਾਂ ਜੰਗੀ ਹੁਨਰਾਂ ਵਿਚ ਬੜੀ ਮਾਹਰ ਹੋ ਗਈ ਸੀ। ਸਪੱਸ਼ਟ ਹੈ ਕਿ ਇਹ ਸਮਾਂ ਵੀ ਬੜੀ ਉਥਲ-ਪੁਥਲ ਦਾ ਸੀ। ਉਸ ਨੇ ਘੱਟੋ-ਘੱਟ ਚਾਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੋਏ ਸਨ। ਇਨ੍ਹਾਂ ਵਿਚ ਗੁਰੂ ਹਰਗੋਬਿੰਦ, ਗੁਰੂ ਹਰਰਾਇ, ਗੁਰੂ ਤੇਗ਼ ਬਹਾਦੁਰ ਅਤੇ ਗੁਰੂ ਗੋਬਿੰਦ ਸਿੰਘ ਜੀ ਸ਼ਾਮਲ ਹਨ। ਇਸ ਵੇਲੇ ਗੁਰੂ ਗੋਬਿੰਦ ਸਿੰਘ  ਦੇ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਿਰਜਣਾ ਲਈ ਸਿੱਖ ਸੰਗਤਾਂ ਦਾ ਇਕ ਵੱਡਾ ਇਕੱਠ ਕੀਤਾ ਸੀ ਤਾਂ ਮਾਈ ਭਾਗੋ ਉਥੇ ਵੀ ਹਾਜ਼ਰ ਸੀ। ਸਵਾ ਛੇ ਫੁੱਟ ਕੱਦ ਵਾਲੀ ਅਤੇ ਤਲਵਾਰਬਾਜ਼ੀ ਅਤੇ ਘੋੜਸਵਾਰੀ ਵਿਚ ਬੜੀ ਫ਼ੁਰਤੀਲੀ ਮਾਈ ਭਾਗੋ ਐਸੀ ਸਿੰਘਣੀ ਸੀ ਜਿਸ ਨੇ ਖਿਦਰਾਣੇ ਦੀ ਢਾਬ ਵਾਲੀ ਜੰਗ ਵਿਚ ਮੁਗ਼ਲ ਫ਼ੌਜਾਂ ਦੇ ਛੱਕੇ ਛੁਡਾ ਦਿਤੇ ਸਨ। ਉਹ ਵਿਆਹੀ ਹੋਈ ਸੀ ਅਤੇ ਉਸ ਦੇ ਪਤੀ ਨਿਧਾਨ ਸਿੰਘ ਵੀ ਬਾਕਾਇਦਾ ਉਨ੍ਹਾਂ 40 ਸਿੰਘਾਂ ਵਿਚ ਸ਼ਾਮਲ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ। ਇਸ ਜੰਗ ਤੋਂ ਪਿਛੋਂ ਬਿਨਾਂ ਸ਼ੱਕ ਦਸਮ ਪਿਤਾ ਕੁੱਝ ਸਮੇਂ ਪਿਛੋਂ ਨਾਂਦੇੜ (ਮਹਾਰਾਸ਼ਟਰ) ਚਲੇ ਗਏ ਪਰ ਮਾਈ ਭਾਗੋ ਨੇ ਸਾਰੀ ਉਮਰ ਸਿੱਖੀ ਸੇਵਾ ਵਿਚ ਹੀ ਗੁਜ਼ਾਰਿਆ। ਹੈਰਾਨੀ ਹੈ ਕਿ ਕਿਉਂ ਨਹੀਂ ਇਹੋ ਜਿਹੀਆਂ ਸਿੱਖ ਵੀਰਾਂਗਣਾਂ ਦੀ ਵੀਰ ਗਾਥਾ ਨੂੰ ਸਕੂਲੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਤਾਕਿ ਉਹ ਅਪਣੇ ਸ਼ਾਨਾਂਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ।ਗੁਰਬਖਸ਼ ਸਿੰਘ ਸੈਣੀ ਨੇ ਇਸ ਪੁਸਤਕ ਦਾ ਅਰੰਭ ਗੁਰੂ ਤੇਗ਼ ਬਹਾਦੁਰ ਦੀ ਸ਼ਹਾਦਤ ਤੋਂ ਕੀਤਾ ਹੈ ਅਤੇ ਉਸ ਪਿਛੋਂ ਗੁਰੂ ਗੋਬਿੰਦ ਸਿੰਘ ਦੇ ਆਨੰਦਪੁਰ ਸਾਹਿਬ ਵਿਚ ਆ ਵੱਸਣ ਅਤੇ ਮੁਗ਼ਲ ਹਕੂਮਤ ਦੀ ਜੜ੍ਹ ਪੁੱਟਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਨਾਲ ਅੱਗੇ ਤੋਰਿਆ ਹੈ। ਇਸੇ ਵਿਚ ਹੀ ਆਨੰਦਪੁਰ ਦੇ ਕਿਲ੍ਹੇ ਵਿਚੋਂ 40 ਸਿੰਘਾਂ ਦੇ ਬੇਦਾਵਾ ਲਿਖ ਕੇ ਘਰਾਂ ਨੂੰ ਪਰਤ ਜਾਣ ਨਾਲ ਮਾਈ ਭਾਗੋ ਦਾ ਕਿਰਦਾਰ ਵਖਰੇ ਰੂਪ ਵਿਚ ਉਭਰਦਾ ਹੈ। ਉਹ ਨਾ ਕੇਵਲ ਇਨ੍ਹਾਂ ਸਿੱਖਾਂ ਨੂੰ ਲਾਹਨਤਾਂ, ਫ਼ਿਟਕਾਰਾਂ ਪਾਉਂਦੀ ਹੈ ਸਗੋਂ ਉਨ੍ਹਾਂ ਨੂੰ ਮੁੜ ਮੁਗ਼ਲ ਜਰਵਾਣਿਆਂ ਵਿਰੁਧ ਗੁਰੂ ਸਾਹਿਬ ਵਲੋਂ ਲੜੀ ਜਾ ਰਹੀ ਲੜਾਈ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੀ ਹੈ ਅਤੇ ਖ਼ੁਦ ਉਨ੍ਹਾਂ ਦੀ ਅਗਵਾਈ ਵੀ ਕਰਦੀ ਹੈ। ਇਹ ਮਾਈ ਭਾਗੋ ਦੀ ਜੰਗੀ ਕਲਾ ਦਾ ਇਕ ਨਮੂਨਾ ਸੀ ਕਿ ਉਸ ਨੇ ਗੁਰੂ ਜੀ ਦਾ ਪਿੱਛਾ ਕਰਦੀਆਂ ਮੁਗ਼ਲ ਫ਼ੌਜਾਂ ਨੂੰ ਖਿਦਰਾਣੇ ਦੀ ਢਾਬ ਤੋਂ ਪਹਿਲਾਂ ਹੀ ਰੋਕ ਕੇ ਤ੍ਰਿਹਾਇਆਂ ਲੜਨ ਲਈ ਮਜਬੂਰ ਕੀਤਾ ਸੀ। ਉਸ ਢਾਬ ਤੋਂ ਨਾ ਮੁਗ਼ਲ ਫ਼ੌਜਾਂ ਅਤੇ ਨਾ ਉਨ੍ਹਾਂ ਦੇ ਘੋੜਿਆਂ ਨੂੰ ਹੀ ਪਾਣੀ ਨਸੀਬ ਹੋਇਆ ਸੀ।ਲਖਕ ਨੇ ਕਿਉਂਕਿ ਮਾਈ ਭਾਗੋ ਬਾਰੇ ਖੋਜ ਦਾ ਕੰਮ ਸ਼ਿੱਦਤ ਨਾਲ ਅਰੰਭਿਆ ਸੀ ਇਸ ਲਈ ਉਸ ਨੇ ਉਸ ਬਾਰੇ ਪੁਸਤਕ ਵਿਚ ਜੋ ਵੀ ਅਤੇ ਜਿੰਨੀ ਵੀ ਜਾਣਕਾਰੀ ਦਿਤੀ ਹੈ ਉਹ ਬੜੀ ਪ੍ਰਭਾਵਸ਼ਾਲੀ ਹੈ। ਫਿਰ ਉਨ੍ਹਾਂ ਦੀ ਸ਼ੈਲੀ ਵੀ ਬੜੀ ਸਰਲ ਅਤੇ ਸਪੱਸ਼ਟ ਹੈ। ਇਸ ਲਈ ਇਹ ਸਾਰੀ ਲਿਖਤ ਬੜੀ ਪ੍ਰਭਾਵਤ ਕਰਦੀ ਹੈ। ਉਂਜ ਉਨ੍ਹਾਂ ਨੇ ਇਹ ਖੋਜ ਪੁਸਤਕ ਲਿਖ ਕੇ ਸਿੱਖ ਇਤਿਹਾਸਕਾਰਾਂ ਅਤੇ ਸ਼੍ਰੋਮਣੀ ਕਮੇਟੀ ਵਰਗੇ ਸਿੱਖ ਅਦਾਰਿਆਂ ਨੂੰ ਹਲੂਣਦਿਆਂ ਉਨ੍ਹਾਂ ਲਈ ਰਾਹ ਪੱਧਰਾ ਕੀਤਾ ਹੈ ਕਿ ਉਹ ਮਾਈ ਭਾਗੋ ਬਾਰੇ ਹੋਰ ਖੋਜ ਕਰਵਾਉਣ ਤਾਕਿ ਉਨ੍ਹਾਂ ਦੀ ਸਿੱਖੀ ਅਤੇ ਸਿੱਖ ਧਰਮ ਲਈ ਨਿਭਾਈ ਗਈ ਭੂਮਿਕਾ ਵਧੇਰੇ ਕਾਰਗਰ ਢੰਗ ਨਾਲ ਉਜਾਗਰ ਹੋ ਸਕੇ।