ਸ੍ਰੀਦੇਵੀ ਦੀ ਮੌਤ ਤੇ ਭਾਰਤੀ ਮੀਡੀਆ

ਵਿਚਾਰ, ਸੰਪਾਦਕੀ

ਸ੍ਰੀਦੇਵੀ ਦੇ ਸਸਕਾਰ ਤੋਂ ਬਾਅਦ ਬੋਨੀ ਕਪੂਰ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੇ ਪ੍ਰਵਾਰ ਨੂੰ ਇਸ ਸਦਮੇ ਨਾਲ ਨਜਿੱਠਣ ਵਾਸਤੇ ਏਕਾਂਤ ਵਿਚ ਰਹਿਣ ਦਿਤਾ ਜਾਵੇ। ਉਨ੍ਹਾਂ ਦੀ ਚਿੱਠੀ ਵਿਚ ਉਨ੍ਹਾਂ ਅਹਿਸਾਸਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਦਾ ਵਾਹ ਹਰ ਮਨੁੱਖ ਨਾਲ ਪੈਂਦਾ ਹੈ ਕਿਉਂਕਿ ਮੌਤ ਹਰ ਕਿਸੇ ਲਈ ਇਕ ਅਟੱਲ ਸੱਚਾਈ ਹੈ। ਪਰ ਸ੍ਰੀਦੇਵੀ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਟੀ.ਵੀ. ਅਤੇ ਸੋਸ਼ਲ ਮੀਡੀਆ ਨੇ ਇਸ ਨੂੰ ਨੌਟੰਕੀ ਬਣਾ ਕੇ ਉਸ ਤੋਂ ਮੁਨਾਫ਼ਾ ਕਮਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਨਾਲ ਉਨ੍ਹਾਂ ਦੇ ਪ੍ਰਵਾਰ ਦੀ ਬਦਨਾਮੀ ਨਹੀਂ ਬਲਕਿ ਦੁਨੀਆਂ ਭਰ ਵਿਚ ਭਾਰਤੀ ਮੀਡੀਆ ਦੀ ਬਦਨਾਮੀ ਹੋਈ। ਦੁਬਈ ਦੇ ਸੱਭ ਤੋਂ ਮਿਆਰੀ ਮੀਡੀਆ ਅਲ ਜਜ਼ੀਰਾ ਨੇ ਭਾਰਤੀ ਮੀਡੀਆ ਨੂੰ ਜਾਂਚ ਪੂਰੀ ਹੋਣ ਦੀ ਉਡੀਕ ਕਰਨ ਦੀ ਸਲਾਹ ਦੇਂਦਿਆਂ ਕਿਹਾ ਕਿ ਉਹ ਚੁੱਲੂ ਭਰ ਪਾਣੀ ਵਿਚ ਡੁੱਬ ਮਰਨ ਕਿਉਂਕਿ ਭਾਰਤੀ ਮੀਡੀਆ ਨੇ ਅਪਣਾ ਜ਼ਮੀਰ ਤਾਂ ਚੁੱਲੂ ਭਰ ਪਾਣੀ ਵਿਚ ਡੋਬ ਹੀ ਦਿਤਾ ਹੈ। ਸ੍ਰੀਦੇਵੀ ਦੀ ਮੌਤ ਦੀ ਜਾਂਚ ਖ਼ਤਮ ਹੋਣ ਤਕ ਕਤਲ ਦੀਆਂ ਕਈ ਕਹਾਣੀਆਂ, ਸ੍ਰੀਦੇਵੀ ਅਤੇ ਬੋਨੀ ਕਪੂਰ ਦੇ ਰਿਸ਼ਤਿਆਂ ਵਿਚ ਤਣਾਅ, ਸ੍ਰੀਦੇਵੀ ਵਲੋਂ ਛੱਡੀ ਗਈ ਆਖ਼ਰੀ ਚਿੱਠੀ ਦੀਆਂ ਮਨਘੜਤ ਕਹਾਣੀਆਂ ਬਣਾਉਣ ਵਾਲੇ ਅਪਣੇ ਆਪ ਨੂੰ ਪੱਤਰਕਾਰ ਅਖਵਾਉਂਦੇ ਹਨ।