ਤਿੰਨ ਤਲਾਕ ਦੇ ਰੌਲੇ ਗੌਲੇ ਵਿਚ ਔਰਤ ਦੇ ਅਧਿਕਾਰਾਂ ਦੀ ਅਸਲ ਗੱਲ ਹੀ ਭੁਲਾ ਦਿਤੀ ਜਾਂਦੀ ਹੈ!!!

ਵਿਚਾਰ, ਸੰਪਾਦਕੀ

ਤਲਾਕ ਤਲਾਕ ਤਲਾਕ!!! ਇਨ੍ਹਾਂ ਸ਼ਬਦਾਂ ਬਾਰੇ ਵਿਵਾਦ ਖ਼ਤਮ ਹੋਣ ਨੂੰ ਹੀ ਨਹੀਂ ਆ ਰਿਹਾ | ਹੁਣ ਅਲੀਗੜ੍ਹ ਮੁਸਲਿਮ 'ਵਰਸਟੀ ਦੇ ਇਕ ਪ੍ਰੋਫ਼ੈਸਰ ਨੇ ਅਪਣੀ ਪਤਨੀ ਨੂੰ ਵਟਸਐਪ ਰਾਹੀਂ ਤਲਾਕ ਦੇ ਦਿਤਾ ਹੈ | ਤਿੰਨ ਤਲਾਕ ਦੀ ਪ੍ਰਥਾ ਇਸਲਾਮਿਕ ਪ੍ਰਥਾ ਨਹੀਂ ਹੈ | ਇਸ ਉਤੇ ਮੁਸਲਮਾਨ ਦੇਸ਼ਾਂ ਵਿਚ ਵੀ ਪਾਬੰਦੀ ਲਾ ਦਿਤੀ ਗਈ ਹੈ | ਸੱਚ ਜਾਣੋਂ, ਹੁਣ ਇਹ ਭਾਰਤੀ ਮਰਦਾਂ ਦਾ ਮਸਲਾ ਬਣ ਚੁੱਕਾ ਹੈ | ਭਾਰਤੀ ਮੁਸਲਮਾਨ ਮਰਦਾਂ ਵਲੋਂ, ਇਸ ਪੁਰਾਤਨ ਪ੍ਰਥਾ ਨਾਲ ਜੁੜੇ ਰਹਿਣ ਦੀ ਜ਼ਿੱਦ, ਭਾਰਤੀ ਸਮਾਜ ਦੀ ਮਾਨਸਿਕਤਾ ਦੀ ਪ੍ਰਤੀਕ ਹੈ ਜੋ ਔਰਤਾਂ ਨੂੰ ਉਨ੍ਹਾਂ ਦੇ ਹੱਕ ਦੇਣਾ ਪਸੰਦ ਹੀ ਨਹੀਂ ਕਰਦੀ |
ਜਿਥੋਂ ਤਕ ਤਲਾਕ ਦੀ ਗੱਲ ਹੈ, ਭਾਰਤੀ ਮਰਦ, ਔਰਤ ਨੂੰ ਉਸ ਦਾ ਹੱਕ ਦੇਣ ਦੀ ਗੱਲ ਸੋਚ ਹੀ ਨਹੀਂ ਸਕਦਾ | ਇਕ ਪ੍ਰੋਫ਼ੈਸਰ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਜਦੋਂ ਅਪਣੀ ਪਤਨੀ ਨੂੰ ਬੇਘਰ ਕਰਨ ਦੀ ਸੋਚ ਮਨ ਵਿਚ ਪਾਲਦਾ ਹੈ ਤਾਂ ਧਰਮ ਤੋਂ ਪਹਿਲਾਂ ਅਪਣੇ ਸਮਾਜ ਵਿਚ ਬਣੀ ਸੋਚ ਅਤੇ ਸਿਖਿਆ ਦੇ ਮਿਆਰ ਬਾਰੇ ਸਵਾਲ ਖੜੇ ਕੀਤੇ ਜਾਣੇ ਚਾਹੀਦੇ ਹਨ |
ਜੇ ਅੱਜ ਘਰੇਲੂ ਝਗੜਿਆਂ ਨੂੰ ਨਿਪਟਾਉਣ ਵਾਲੀਆਂ ਖ਼ਾਸ ਅਦਾਲਤਾਂ ਦਾ ਸਰਵੇਖਣ ਕਰਵਾਇਆ ਜਾਵੇ ਤਾਂ ਕਿਹੜੇ ਧਰਮ ਦੀ ਔਰਤ ਕਹੇਗੀ ਕਿ ਉਸ ਨੂੰ ਅਪਣੀ ਜ਼ਿੰਦਗੀ ਵਿਚ ਪੂਰੀ ਕਦਰ ਮਿਲ ਰਹੀ ਹੈ? ਬੇਟੀ ਦੀ ਪੜ੍ਹਾਈ ਉਤੇ ਜ਼ੋਰ ਨਹੀਂ ਦਿਤਾ ਜਾਂਦਾ | ਅਪਣੇ ਪੈਰਾਂ ਉਤੇ ਖੜੇ ਹੋਣ ਦੀ ਸਿਖਿਆ ਦੇਣ ਦੀ ਬਜਾਏ, ਉਸ ਨੂੰ ਅਪਣੇ ਵਿਆਹ ਤੋਂ ਬਾਅਦ ਘਰ ਦੀਆਂ ਚਾਰ ਦੀਵਾਰਾਂ ਨੂੰ ਸਵਰਗ ਬਣਾਉਣ ਦੀ ਸਿਖਿਆ ਦਿਤੀ ਜਾਂਦੀ ਹੈ | ਪਰ ਜੇ ਇਸ ਪ੍ਰੋਫ਼ੈਸਰ ਵਾਂਗ, ਕਿਸੇ ਮਰਦ ਦਾ ਅਪਣੀ ਪਤਨੀ ਤੋਂ ਦਿਲ ਭਰ ਜਾਂਦਾ ਹੈ ਤਾਂ ਔਰਤ ਨੂੰ ਘਰ ਤੋਂ ਬਾਹਰ ਕੱਢ ਦਿਤਾ ਜਾਂਦਾ ਹੈ |ਖ਼ਾਮੀ ਸਾਡੀ ਸਮਾਜਕ ਸੋਚ ਵਿਚ ਹੈ ਜੋ ਗ੍ਰਹਿਸਥ ਧਰਮ ਦਾ ਪਾਲਣ ਕਰਨ ਵਾਲੀ ਔਰਤ ਨੂੰ, ਪ੍ਰਵਾਰ ਵਾਸਤੇ ਉਸ ਦੇ ਕੀਤੇ ਕੰਮਾਂ ਦੀ ਕਦਰ ਨਹੀਂ ਪਾਉਾਦੀ | ਕਹਿਣ ਨੂੰ ਤਾਂ ਸੁਪਰੀਮ ਕੋਰਟ ਨੇ ਫ਼ੈਸਲਾ ਦੇ ਦਿਤਾ ਹੈ ਕਿ ਔਰਤ ਨੂੰ ਵਿਆਹ ਟੁੱਟਣ ਤੋਂ ਬਾਅਦ ਉਸੇ ਤਰ੍ਹਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ ਪਰ ਅਸਲੀਅਤ ਵਿਚ ਇਹ ਨਹੀਂ ਹੋ ਰਿਹਾ | ਕਿਤੇ ਅਦਾਲਤਾਂ ਵਿਚ ਕੇਸ ਲਟਕਣ ਲੱਗ ਜਾਂਦੇ ਹਨ ਅਤੇ ਕਿਤੇ ਮਰਦ ਸਮਾਜ, ਕਦੇ ਥਾਣੇ ਵਿਚ, ਕਦੇ ਵਕੀਲਾਂ ਦੇ ਰੂਪ ਵਿਚ ਅਤੇ ਕਦੇ ਪ੍ਰਵਾਰ ਦੇ ਰੂਪ ਵਿਚ ਔਕੜਾਂ ਖੜੀਆਂ ਕਰਦਾ ਮਿਲਦਾ ਹੈ |ਜੇ ਮੁੱਦੇ ਦੀ ਗੱਲ ਕਰੀਏ ਤਾਂ ਤਿੰਨ ਤਲਾਕ ਦੇ ਮਸਲੇ ਵਿਚ ਹੀ ਨਹੀਂ ਬਲਕਿ ਹਰ ਤਲਾਕ ਦੇ ਮਾਮਲੇ ਵਿਚ ਅਦਾਲਤਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਕਾਨੂੰਨ ਦੀ ਦੁਰਵਰਤੋਂ ਨਾ ਹੋ ਸਕੇ ਤਾਕਿ ਸੱਚੇ ਮਰਦਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਉਤੇ ਜਾਅਲੀ ਕੇਸ ਵੀ ਨਾ ਪੈ ਸਕਣ ਪਰ ਸਚਮੁਚ ਦੀ ਸਤਾਈ ਹੋਈ ਔਰਤ ਨੂੰ ਸਮਾਜ ਦੀ ਪੁਰਾਤਨ ਸੋਚਣੀ ਉਤੇ ਕੁਰਬਾਨ ਵੀ ਨਾ ਹੋਣਾ ਪਵੇ | ਜਦੋਂ ਵਿਆਹ ਦੇ ਬੰਧਨ ਵਿਚ ਬੰੱਝੇ ਦੋ ਇਨਸਾਨ ਇਕੱਠੇ ਹੋ ਕੇ ਪ੍ਰਵਾਰ ਚਲਾਉਣ ਦਾ ਵਾਅਦਾ ਕਰਦੇ ਹਨ ਤਾਂ ਹਾਰ ਜਾਣ ਤੇ ਇਕ-ਦੂਜੇ ਦੇ ਦੁਸ਼ਮਣ ਨਹੀਂ ਬਣਨਾ ਚਾਹੁੰਦੇ | ਤਲਾਕ ਨੂੰ ਔਰਤਾਂ ਦੇ ਮਨੁੱਖੀ ਅਧਿਕਾਰਾਂ ਨੂੰ ਦਰੜਨ ਦਾ ਸਾਧਨ ਨਹੀਂ ਬਣਾਉਣਾ ਚਾਹੀਦਾ  -ਨਿਮਰਤ ਕੌਰ