ਯੋਗੀ ਆਦਿਤਿਆਨਾਥ ਦਾ ਵੱਸ ਚਲੇ ਤਾਂ ਹਰੀ ਭਰੀ ਕਾਇਨਾਤ ਤੇ ਆਕਾਸ਼ ਦਾ ਰੰਗ ਵੀ ਭਗਵਾਂ ਕਰ ਦੇਣ!!

ਵਿਚਾਰ, ਸੰਪਾਦਕੀ

ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਦੀਆਂ ਸਰਕਾਰੀ ਇਮਾਰਤਾਂ ਨੂੰ ਭਗਵੇਂ ਰੰਗ ਵਿਚ ਰੰਗਣ ਦਾ ਕੰਮ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਦੀ ਸੋਚ ਉਨ੍ਹਾਂ ਨੂੰ ਇਹੀ ਪ੍ਰੇਰਦੀ ਹੈ ਕਿ ਇਕ ਰੰਗ ਵਿਚ ਰੰਗੇ ਜਾਣ ਨਾਲ ਭਾਰਤ ਦੀ ਸੋਚ ਅਤੇ ਹੋਣੀ ਵੀ ਬਦਲ ਜਾਏਗੀ। ਇਸੇ ਕਰ ਕੇ ਜਦੋਂ ਤੋਂ ਉਹ ਮੁੱਖ ਮੰਤਰੀ ਬਣੇ ਹਨ, ਉਹ ਅਪਣੇ ਆਸਪਾਸ ਹਰ ਚੀਜ਼ ਉਤੇ ਅਪਣੀ ਛਵੀ ਵਾਲਾ ਰੰਗ ਲਾਉਣ ਵਿਚ ਰੁਝੇ ਰਹਿੰਦੇ ਹਨ। ਉਨ੍ਹਾਂ ਦੇ ਤੌਲੀਏ ਵੀ ਇਸੇ ਰੰਗ ਨਾਲ ਮੇਲ ਖਾਂਦੇ ਹਨ। ਉਹ ਭਾਵੇਂ ਇਸ ਰੰਗ ਨੂੰ ਜਿੱਤ ਦਾ ਰੰਗ ਮੰਨਦੇ ਹੋਣਗੇ ਪਰ ਜਿੱਤ ਕਿਸ ਉਤੇ? ਤਾਕਤ ਦਾ ਪ੍ਰਦਰਸ਼ਨ ਹੈ ਜਾਂ ਸੋਚ ਉਤੇ ਫ਼ਤਹਿ ਹੈ?ਜੇ ਸੋਚ ਉਤੇ ਫ਼ਤਹਿ ਬਾਹਰੀ ਦਿੱਖ ਨਾਲ ਹੁੰਦੀ ਹੋਵੇ ਤਾਂ ਰੱਬ ਅਪਣੀ ਕੁਦਰਤ ਨੂੰ ਹਰੇ ਰੰਗ ਵਿਚ ਲਪੇਟ ਗਿਆ ਸੀ ਪਰ ਦੁਨੀਆਂ ਉਤੇ ਇਸ ਰੰਗ ਦਾ ਅਸਰ ਹੀ ਕੋਈ ਨਹੀਂ ਪਿਆ। 

ਦੀਵਾਲੀ ਅਜੇ ਲੰਘੀ ਹੀ ਹੈ ਅਤੇ ਵਿਆਹਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਤੋਹਫ਼ਿਆਂ ਵਿਚ ਪਿਆਰ ਘੱਟ ਪਰ ਵਿਖਾਵੇ ਉਤੇ ਜ਼ਿਆਦਾ ਜ਼ੋਰ ਸੀ। ਵਿਆਹ ਦੇ ਸੱਦਾ ਪੱਤਰ ਨਾਲ ਦਿਤੀ ਜਾਂਦੀ ਰਸਮੀ ਮਿਠਾਈ ਨੂੰ ਸੁੰਘੋ ਤਾਂ ਸਿਰਫ਼ ਵਿਖਾਵੇ ਉਤੇ ਹੀ ਜ਼ੋਰ ਦਿਤਾ ਗਿਆ ਹੁੰਦਾ ਹੈ। ਵੱਡੇ ਵੱਡੇ ਡੱਬਿਆਂ ਵਿਚ ਕਾਗ਼ਜ਼ ਭਰ ਕੇ ਦਾਣੇ ਕੁ ਜਿੰਨੀ ਮਿਠਾਈ ਰੱਖੀ ਹੁੰਦੀ ਹੈ ਜਦਕਿ ਪਹਿਲਾਂ ਸ਼ਗਨਾਂ ਦੀ ਮਿਠਾਈ ਵਿਆਹ ਵਾਲੇ ਘਰ ਵਿਚ ਬਣਦੀ ਸੀ ਅਤੇ ਕਿਸੇ ਲਿਫ਼ਾਫ਼ੇ ਵਿਚ ਪਾ ਕੇ ਜਾਂ ਟੋਕਰੀ ਭਰ ਕੇ ਵਰਤਾਈ ਜਾਂਦੀ ਸੀ। ਸ਼ੱਕਰ ਦੇ ਗੁੜ ਪਾਰੇ, ਮੱਠੀਆਂ, ਸੇਵੀਆਂ ਵਿਚ ਵਿਆਹ ਵਾਲੇ ਘਰ ਦੀ ਖ਼ੁਸ਼ੀ ਅਤੇ ਪਿਆਰ ਝਲਕਦੇ ਸਨ।ਪਰ ਅੱਜ ਸਿਰਫ਼ ਅਤੇ ਸਿਰਫ਼ ਵਿਖਾਵੇ ਅਤੇ ਬਾਹਰੀ ਚਮਕ ਦਮਕ ਤੋਂ ਬਿਨਾਂ ਹੋਰ ਕਿਸੇ ਗੱਲ ਵਲ ਧਿਆਨ ਹੀ ਨਹੀਂ ਜਾਂਦਾ। ਹਿੰਦੂ ਧਰਮ ਦੀਆਂ ਬੁਨਿਆਦਾਂ ਕੰਧਾਂ ਦੇ ਰੰਗ ਨਾਲ ਨਹੀਂ ਜੁੜੀਆਂ ਹੋਈਆਂ ਅਤੇ ਨਾ ਹੀ ਕਿਸੇ ਦੇ ਇਕ ਸਫ਼ਲ ਵਿਆਹ ਦੀ ਬੁਨਿਆਦ ਜ਼ਬਰਦਸਤੀ ਦੀਆਂ ਰਸਮਾਂ ਦੀ ਅਦਾਇਗੀ ਨਾਲ ਜੁੜੀ ਹੋਈ ਹੈ।  -ਨਿਮਰਤ ਕੌਰ