ਰਾਜ ਨਹੀਂ ਸੇਵਾ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਏਹੁ ਹਮਾਰਾ ਜੀਵਣਾ ਤੂ ਸਾਹਿਬ ਸੱਚੇ ਵੇਖ

Photo

ਅਕਾਲੀਆਂ ਨੇ ਪੰਜਾਬੀ ਸੂਬਾ ਇਹ ਸੋਚ ਕੇ ਲਿਆ ਸੀ ਕਿ ਸਿੱਖ ਬਹੁਗਿਣਤੀ ਦਾ ਸੂਬਾ ਹੋਣ ਕਰ ਕੇ ਇਥੇ ਸਦਾ ਲਈ ਅਕਾਲੀ ਰਾਜ ਬਣਿਆ ਰਹਿ ਸਕੇਗਾ। ਪਰ 'ਰਾਜ' ਆ ਜਾਣ ਤੇ ਇਸ ਨੂੰ ਚਲਾਇਆ ਇਸ ਤਰ੍ਹਾਂ ਕਿ ਇਹ 'ਅਕਾਲੀਆਂ ਦਾ ਰਾਜ' ਬਣਨ ਦੀ ਬਜਾਏ 'ਬੀ.ਜੇ.ਪੀ. ਦੀ ਸੇਵਾ' ਬਣ ਕੇ ਰਹਿ ਗਿਆ।

ਬੀ.ਜੇ.ਪੀ. ਸਾਰੇ ਹੀ ਅਕਾਲੀ ਧੜਿਆਂ ਨੂੰ ਥਾਪੜਾ ਦੇ ਰਹੀ ਹੈ ਤਾਕਿ ਇਨ੍ਹਾਂ ਦੀਆਂ ਵੋਟਾਂ 10:10:10 ਦੀਆਂ ਤਿੰਨ ਢੇਰੀਆਂ ਵਿਚ ਵੰਡੀਆਂ ਜਾ ਕੇ ਬੇ-ਅਸਰ ਹੋ ਜਾਣ ਤੇ ਕਾਂਗਰਸ ਦੀ ਕਮਜ਼ੋਰ ਹਾਲਤ ਦਾ ਲਾਭ ਲੈ ਕੇ, ਪੰਜਾਬ ਦੇ ਹਿੰਦੂ ਵੋਟਰਾਂ ਨੂੰ ਬੀ.ਜੇ.ਪੀ. ਦੇ ਖ਼ੇਮੇ ਵਿਚ ਇਕੱਠਿਆਂ ਕਰ ਕੇ ਪੰਜਾਬ ਵਿਚ ਭਾਜਪਾ ਸਰਕਾਰ ਬਣਾ ਲਈ ਜਾਏ। ਰਾਜ ਕਰਨ ਦੀ ਬਜਾਏ, ਇਹੀ 'ਸੇਵਾ' ਬਾਦਲ ਪ੍ਰਵਾਰ ਬੀ.ਜੇ.ਪੀ. ਦੀ ਕਰਦਾ ਆ ਰਿਹਾ ਹੈ।

ਸੋ ਬੜੀ ਡੂੰਘੀ ਨੀਤੀ ਵਰਤ ਕੇ, ਉਨ੍ਹਾਂ ਨੇ ਅਕਾਲੀਆਂ ਨੂੰ ਪਹਿਲਾਂ ਹਰਿਆਣੇ ਅਤੇ ਦਿੱਲੀ ਵਿਚ ਜ਼ੀਰੋ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਤੇ ਹੁਣ ਪੰਜਾਬ ਵਿਚ ਉਸ ਪਾਰਟੀ ਦਾ ਰਾਜ ਕਾਇਮ ਕਰਨ ਵਿਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ ਜੋ ਪੰਜਾਬੀ ਸੂਬਾ ਬਣਨੋਂ ਰੋਕਣ ਲਈ ਮਰਨ ਵਰਤ ਰਖਦੀ ਰਹੀ ਸੀ ਤੇ ਇਸ ਦੀ ਕੱਟੜ ਵਿਰੋਧੀ ਸੀ।

ਇਸ ਦਾ ਸਿਹਰਾ ਬਾਦਲ ਪ੍ਰਵਾਰ ਦੇ ਸਿਰ ਹੀ ਬੱਝੇਗਾ ਕਿਉਂਕਿ ਉਨ੍ਹਾਂ ਰਾਜ ਤਾਂ ਕੀਤਾ ਹੀ ਨਾ (ਉਨ੍ਹਾਂ ਦੇ ਅਪਣੇ ਆਖੇ ਅਨੁਸਾਰ) ਪਰ ਬੀ.ਜੇ.ਪੀ. ਦੀ 'ਸੇਵਾ' ਤੋੜ ਤਕ ਕਰ ਕੇ ਵਿਖਾ ਦਿਤੀ ਹੈ¸ਉਸ ਤਰ੍ਹਾਂ ਹੀ ਜਿਸ ਤਰ੍ਹਾਂ ਸਿੱਖ ਰਾਜ ਦੇ ਅੰਦਰ ਬੈਠੇ ਇਸ ਦੇ 'ਸ਼ੁਭਚਿੰਤਕਾਂ' ਨੇ, ਮਹਾਰਾਜਾ ਰਣਜੀਤ ਸਿੰਘ ਮਗਰੋਂ, ਆਪ ਤਾਂ ਰਾਜ ਕੀਤਾ ਨਾ ਪਰ 'ਅੰਗਰੇਜ਼ਾਂ ਦੀ ਸੇਵਾ' ਕਰ ਕੇ ਉਨ੍ਹਾਂ ਨੂੰ ਪੰਜਾਬ ਦੇ ਮਾਲਕ ਬਣਾ ਦਿਤਾ¸ਉਸ ਪੰਜਾਬ ਦੇ ਮਾਲਕ ਜਿਸ ਵਲ ਰਣਜੀਤ ਸਿੰਘ ਦੇ ਹੁੰਦਿਆਂ, ਉਹ ਅੱਖ ਚੁਕ ਕੇ ਵੀ ਨਹੀਂ ਸਨ ਵੇਖ ਸਕਦੇ।