Nijji Dairy De Panne: ਪੰਜਾਬੀ ਸੂਬੇ ਵਿਚ ਹੀ ਪੰਜਾਬੀ ਭਾਸ਼ਾ ਦਾ ਬਹੁਤ ਬੁਰਾ ਹਾਲ! (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

Nijji Dairy De Panne: ਪੰਜਾਬੀ ਪ੍ਰਤੀ ਸੰਜੀਦਾ ਨਹੀਂ ਹਨ, ਮਾਪੇ, ਅਧਿਆਪਕ ਅਤੇ ਵਿਦਿਆਰਥੀ

photo

ਪਿਛਲੀ ਕਿਸਤ ਵਿਚ ਮੈਂ ਦਸ ਰਿਹਾ ਸੀ ਕਿ ਪੰਜਾਬ ਵਿਚ ਇਸ ਸਮੇਂ ਪੰਜਾਬੀ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ ਤੇ ਮਿਆਰੀ, ਸ਼ੁਧ ਪੰਜਾਬੀ ਲਿਖਣ ਵਾਲਾ ਬੰਦਾ ਢੂੰਡਣ ਲਈ ਦੂਰ ਦੂਰ ਤਕ ਨਜ਼ਰ ਮਾਰਨੀ ਪੈਂਦੀ ਹੈ। ਮੈਂ ਕਿਹਾ ਸੀ ਕਿ ਅਸੀਂ ਗੱਲ ਅਪਣੇ ਘਰ ਤੋਂ ਸ਼ੁਰੂ ਕਰਾਂਗੇ। 2005 ਵਿਚ ‘ਰੋਜ਼ਾਨਾ ਸਪੋਕਸਮੈਨ’ ਲਈ ਸਟਾਫ਼ ਰੱਖਣ ਸਮੇਂ ਜਦ ਕੋਈ ਇਹ ਦਸਦਾ ਕਿ ਉਸ ਨੇ ਪੰਜਾਬੀ ਵਿਚ ਐਮ.ਏ. ਕੀਤੀ ਹੋਈ ਹੈ ਜਾਂ ਪੰਜਾਬੀ ਵਿਚ ਪੀ.ਐਚ.ਡੀ. ਕਰ ਰਿਹਾ ਹੈ ਤਾਂ ਅਸੀ ਹੋਰ ਕੁੱਝ ਪੁੱਛੇ ਬਗ਼ੈਰ, ਉਸ ਨੂੰ ਝੱਟ ਰੱਖ ਲੈਂਦੇ ਕਿਉਂਕਿ ਅਸੀ ਸੋਚਦੇ ਸੀ ਕਿ ਇਹ ਬੰਦਾ ਉਸ ਤਰ੍ਹਾਂ ਦੀ ਮਿਆਰੀ ਪੰਜਾਬੀ ਦੇ ਸਕੇਗਾ ਜਿਸ ਤਰ੍ਹਾਂ ਦੀ ਮੈਂ ਦੇਣਾ ਚਾਹੁੰਦਾ ਹਾਂ। ਪਰ ਛੇਤੀ ਹੀ ਮੈਨੂੰ ਪਤਾ ਲੱਗ ਗਿਆ ਕਿ ਐਮ.ਏ. ਪੰਜਾਬੀ ਕਰਨ ਵਾਲਿਆਂ ਦਾ ਵੀ ਹਾਲ ਚੰਗਾ ਨਹੀਂ ਸੀ ਤੇ ਕਈ ਘੱਟ ਪੜ੍ਹੇ ਵੀ, ਪੰਜਾਬੀ ਉਨ੍ਹਾਂ ਨਾਲੋਂ ਚੰਗੀ ਲਿਖ ਲੈਂਦੇ ਸਨ।

ਇਕ ਦਿਨ ਜਦ ਮੈਂ ਦਫ਼ਤਰ ਵਿਚ ਇਕ ਸਬ ਐਡੀਟਰ ਦਾ ਤਿਆਰ ਕੀਤਾ ਪੰਨਾ ਵੇਖ ਰਿਹਾ ਸੀ ਤਾਂ ਇਕ ਖ਼ਬਰ ਦੀ ਇਬਾਰਤ ਪੜ੍ਹ ਕੇ ਮੈਨੂੰ ਸਮਝ ਹੀ ਨਾ ਆਈ ਕਿ ਉਹ ਕਹਿਣਾ ਕੀ ਚਾਹੁੰਦਾ ਹੈ। ਖ਼ਬਰ ਦਾ ਅੱਧਾ ਹਿੱਸਾ ਭੂਤ ਕਾਲ ਵਿਚ ਸੀ ਤੇ ਅੱਧਾ ਭਵਿੱਖ ਕਾਲ ਵਿਚ। ਮੈਂ ਉਸ ਸਬ-ਐਡੀਟਰ ਨੂੰ ਬੁਲਾਇਆ ਤੇ ਉਹਨੂੰ ਪੁਛਿਆ ਕਿ ਉਹ ਇਸ ਵਾਕ ਰਾਹੀਂ ਕੀ ਕਹਿਣਾ ਚਾਹੁੰਦਾ ਹੈ? ਉਹ ਅੰਮ੍ਰਿਤਧਾਰੀ ਸਰਦਾਰ ਸੀ। ਮੈਂ ਸੋਚਿਆ, ਇਹਨੇ ਪੰਜਾਬੀ ਸਤਵੀਂ ਅਠਵੀਂ ਤਕ ਹੀ ਪੜ੍ਹੀ ਹੋਵੇਗੀ। ਪਰ ਉਹਨੇ ਦਸਿਆ ਕਿ ਉਸ ਨੇ ਤਾਂ ਪੰਜਾਬੀ ਵਿਚ ਐਮ.ਏ. ਕੀਤੀ ਹੋਈ ਹੈ ਤੇ ਪੰਜਾਬੀ ਵਿਚ ਹੀ ਪੀ.ਐਚ.ਡੀ. ਵੀ ਕਰ ਰਿਹਾ ਹੈ। ਬੜੀ ਹੈਰਾਨੀ ਹੋਈ ਇਹ ਜਾਣ ਕੇ। ਮੈਂ ਉਸ ਨੂੰ ਕਿਹਾ ਕਿ ਹੁਣ ਇਸ ਫ਼ਿਕਰੇ ਨੂੰ ਠੀਕ ਕਰ ਕੇ ਲਿਖ ਦੇਵੇ। ਉਹ ਪੈੱਨ ਨੂੰ ਉਂਗਲੀਆਂ ਵਿਚ ਹੀ ਘੁਮਾਈ ਜਾਵੇ ਪਰ ਲਿਖਣ ਦੀ ਹਿੰਮਤ ਨਾ ਕਰੇ। ਮੈਂ ਉਸ ਨੂੰ ਹੌਸਲਾ ਦਿਤਾ ਕਿ ਸਾਰੇ ਫ਼ਿਕਰੇ ਨੂੰ ਜਾਂ ਤਾਂ ਭੂਤਕਾਲੀ ਬਣਾ ਦੇਵੇ ਜਾਂ ਵਰਤਮਾਨ-ਕਾਲੀ। ਦੋ ਮਿੰਟ ਬੀਤ ਗਏ। ਕਹਿਣ ਲੱਗਾ,‘‘ਵਾਕ ਦੀ ਬਣਤਰ ਹੈ ਤਾਂ ਗ਼ਲਤ ਪਰ ਮੈਂ ਇਸ ਨੂੰ ਠੀਕ ਨਹੀਂ ਕਰ ਸਕਦਾ।’’

ਇਕ ਐਮ.ਏ. ਪਾਸ ਤੇ ਪੀ.ਐਚ.ਡੀ. ਕਰ ਰਹੇ ਬੰਦੇ ਕੋਲੋਂ ਇਹ ਜਵਾਬ ਸੁਣ ਕੇ ਮੈਨੂੰ ਲੱਗਾ ਜਿਵੇਂ ਧਰਤੀ ਘੁੰਮ ਰਹੀ ਹੈ। ਮੈਂ ਸਾਰਿਆਂ ਨੂੰ ਸਕੂਲ ਮਾਸਟਰ ਵਾਂਗ ਪੜ੍ਹਾਉਣਾ ਸ਼ੁਰੂ ਕਰ ਦਿਤਾ।ਮੈਂ ਉਨ੍ਹਾਂ ਨੂੰ ਪੁਛਿਆ, ‘‘ਇਹ ਖੁਲ੍ਹਾ ਊੜਾ (ਓ) ਕਿਥੇ ਤੇ ਕਿਉਂ ਵਰਤਿਆ ਜਾਣਾ ਜਾਇਜ਼ ਹੈ? ਪੰਜਾਬੀ ਦੀ ਪੈਂਤੀ ਅਖਰੀ ਵਿਚ ਤਾਂ ਇਹ ਹੈ ਨਹੀਂ।’’ ਕਹਿਣ ਲੱਗੇ, ‘‘ਜਿਥੇ ‘ਅੋ’ ਆਵਾਜ਼ ਕਢਣੀ ਹੋਵੇ।’’ ਮੈਂ ਕਿਹਾ ਕਿ ਘਿਉ, ਪਿਉ, ਘੇਰਾਉ ਸੱਭ ਵਿਚ ‘ਅੋ’ ਆਵਾਜ਼ ਹੀ ਨਿਕਲਦੀ ਹੈ ਪਰ ਉਥੇ ਤਾਂ ਖੁਲ੍ਹਾ ਊੜਾ ਨਹੀਂ ਵਰਤਿਆ ਜਾਂਦਾ।

ਐਮ.ਏ. ਅਤੇ ਪੀ.ਐਚ.ਡੀ. ਕਰ ਰਹੇ ਸਬ ਐਡੀਟਰ ਸਾਹਬ ਵੀ ਹੱਥ ਖੜੇ ਕਰ ਗਏ ਕਿ ਉਨ੍ਹਾਂ ਨੂੰ ਨਹੀਂ ਪਤਾ ਤੇ ਉਹ ਅੰਦਾਜ਼ੇ ਨਾਲ ਹੀ ‘ਅੋ’ ਆਵਾਜ਼ ਕੱਢਣ ਲਈ ਕਦੇ ਬੰਦ ਊੜੇ ਥੱਲੇ ਔਂਕੜ ਪਾ ਲੈਂਦੇ ਹਨ ਤੇ ਕਦੇ ਖੁਲ੍ਹਾ ਊੜਾ ਵਰਤ ਲੈਂਦੇ ਹਨ। ਮੈਂ ਉੁਨ੍ਹਾਂ ਨੂੰ ਸਮਝਾਇਆ ਕਿ ਪੰਜਾਬੀ ਭਾਸ਼ਾ ਦਾ ਇਹ ਇਕ ਵਿਲੱਖਣ ਗੁਣ ਹੈ ਕਿ ਇਸ ਦੀ ਪੈਂਤੀ ਅੱਖਰੀ ਵਿਚ ਸਾਰੀਆਂ ਆਵਾਜ਼ਾਂ ਜੋ ਮਨੁੱਖ ਕੱਢ ਸਕਦਾ ਹੈ, ਉਨ੍ਹਾਂ ਲਈ ਅੱਖਰ ਮੌਜੂਦ ਹਨ ਪਰ ਨਾਲ ਹੀ ‘ਐਮਰਜੈਂਸੀ’ ਦਾ ਵੀ ਪੂਰਾ ਧਿਆਨ ਰਖਿਆ ਗਿਆ ਹੈ। ਜਿਥੇ ਊੜੇ ਥੱਲੇ ਔਂਕੜ ਪਾ ਦੇਣ ਨਾਲ ਇਕ ਦੂਜੀ ਆਵਾਜ਼ ਨਿਕਲੇ ਜੋ ਉਸ, ਉਚ, ਉਪ’ ਵਾਲੀ ਆਵਾਜ਼ ਹੋਵੇ ਪਰ ਅਸੀ ‘ਅੋ’ ਆਵਾਜ਼ ਕਢਣੀ ਚਾਹੀਏ ਤਾਂ ਕੇਵਲ ਤੇ ਕੇਵਲ ਐਮਰਜੈਂਸੀ ਵਜੋਂ ਖੁਲ੍ਹੇ ਊੜੇ ਨਾਲ ‘ਅੋ’ ਆਵਾਜ਼ ਕੱਢ ਲੈਂਦੇ ਹਾਂ। ਪਰ ਖੁਲ੍ਹਾ ਊੜਾ ਕੇਵਲ ‘ਐਮਰਜੈਂਸੀ’ ਦਾ ਟੈਸਟ ਪਾਸ ਕਰ ਕੇ ਹੀ ਵਰਤ ਸਕਦੇ ਹਾਂ, ਹਰ ਥਾਂ ਨਹੀਂ।ਐਮ.ਏ. ਪਾਸ ਵੀ ਕਹਿਣ ਲੱਗੇ, ‘‘ਸਾਨੂੰ ਤਾਂ ਯੂਨੀਵਰਸਿਟੀ ਪੱਧਰ ਤਕ ਵੀ ਕਦੇ ਕਿਸੇ ਨੇ ਇਹ ਨਹੀਂ ਦਸਿਆ। ਪਰ ਜੋ ਤੁਸੀਂ ਦਸ ਰਹੇ ਹੋ, ਤਰਕ ਦੀ ਕਸੌਟੀ ਤੇ ਖਰਾ ਲਗਦਾ ਹੈ।’’

ਅੱੱਧਕ

ਦੂਜੀ ਵੱਡੀ ਸਮੱਸਿਆ ਅੱਧਕ ਦੀ ਸੀ। ਜਿਥੇ ਲੋੜ ਹੁੰਦੀ ਹੈ, ਉਥੇ ਲਾਉਂਦੇ ਨਹੀਂ ਸਨ ਤੇ ਜਿਥੇ ਲੋੜ ਨਹੀਂ ਹੁੰਦੀ, ਉਥੇ ਲਗਾ ਦਿੰਦੇ ਸਨ। ਮੈਂ ਉੁਨ੍ਹਾਂ ਨੂੰ ਸੌਖੇ ਤਰੀਕੇ ਨਾਲ ਸਮਝਾਇਆ ਕਿ ਅੱਧਕ ਕੋਈ ਔਰਤ ਦੇ ਮੂੰਹ ’ਤੇ ਲਗਾਈ ਜਾਣ ਵਾਲੀ ਨੱਥ, ਬਿੰਦੀ ਨਹੀਂ ਕਿ ਜਿਸ ਅੱਖਰ ਉਤੇ ਮਰਜ਼ੀ ਲਾ ਦਿਉ। ਹਿੰਦੀ ਵਿਚ ਜਿਹੜੇ ਸ਼ਬਦਾਂ ਵਿਚ ‘ਅੱਧਾ  ਅੱਖਰ’ ਲਾਇਆ ਜਾਂਦਾ ਹੈ, ਪੰਜਾਬੀ ਵਿਚ ਉੁਨ੍ਹਾਂ ਸ਼ਬਦਾਂ ਉਤੇ ਹੀ ‘ਅੱਧਕ’ ਲਗਾ ਕੇ ਅੱਧੇ ਅੱਖਰ ਵਾਲਾ ਕੰਮ ਲੈ ਲਿਆ ਜਾਂਦਾ ਹੈ। ‘ਅੱਧਕ’ ਤੇ ‘ਅੱਧੇ ਅੱਖਰ’ ਵਿਚ ਕੋਈ ਫ਼ਰਕ ਨਹੀਂ। ਪਰ ਜਿਥੇ ਅੱਖਰ  ਦੀ ਲੋੜ ਨਾ ਹੋਵੇ, ਉਥੇ ਵੀ ਅੱਧਕ ਲਗਾ ਦਿਤਾ ਜਾਵੇ ਤਾਂ ਉਚਾਰਣ ‘ਗਵਾਰੂ’ ਬਣ ਜਾਂਦਾ ਹੈ। ਜਿਹੜੀ ਭਾਸ਼ਾ ਵਿਚ ਉਚਾਰਣ ਦਾ ਨਿਰਣਾ, ਅੱਖਰਾਂ ਦੇ ਹਿੱਜੇ ਕਰ ਸਕਦੇ ਹੋਣ, ਉਸ ਭਾਸ਼ਾ ਵਿਚ ਵਿਆਕਰਣ ਦਾ ਬਹੁਤ ਧਿਆਨ ਰਖਣਾ ਪੈਂਦਾ ਹੈ ਨਹੀਂ ਤਾਂ ਪੰਜਾਬੀ ਵਰਗੀ ਮਿੱਠੀ ਭਾਸ਼ਾ ਦਾ ਉਚਾਰਣ ਵੀ ਗਵਾਰੂ ਰੂਪ ਧਾਰਨ ਕਰ ਜਾਂਦਾ ਹੈ। ਸਾਡੇ ਪੰਜਾਬੀ ਸਮਾਜ ਵਿਚ ਤਾਂ ਅੱਜ ਵਿਆਕਰਣ ਨੂੰ ਵਾਧੂ ਚੀਜ਼ ਹੀ ਸਮਝਿਆ ਜਾਂਦਾ ਹੈ। ਨਤੀਜਾ ਇਹ ਕਿ ਜਿਨ੍ਹਾਂ ਨੇ ਵਿਆਕਰਣ ਨਹੀਂ ਪੜ੍ਹੀ ਹੁੰਦੀ, ਉਨ੍ਹਾਂ ਨੂੰ ਜਿੰਨਾ ਮਰਜ਼ੀ ਸਮਝਾ ਲਉ, ਉਹ ਗ਼ਲਤ ਬੋਲਣ ਅਤੇ ਗ਼ਲਤ ਲਿਖਣ ਨੂੰ ਹੀ ਅਪਣਾ ਗੁਣ ਸਮਝਣ ਲਗਦੇ ਹਨ।

ਮੈਨੂੰ ਕੁੱਝ ਪਾਠਕਾਂ ਦੀਆਂ ਚਿੱਠੀਆਂ ਆਈਆਂ ਕਿ ਏਨੇ ਮਿਆਰੀ ਅਖ਼ਬਾਰ ਵਿਚ ਗ਼ਲਤ ਪੰਜਾਬੀ ਚੰਗੀ ਨਹੀਂ ਲਗਦੀ। ਮੈਂ ਉੁਨ੍ਹਾਂ ਨੂੰ ਬੁਲਾ ਲਿਆ ਤੇ ਕਿਹਾ ਕਿ ਉਹ ਸਾਡੇ ਸਟਾਫ਼ ਦੀ ‘ਕਮੀ’ ਦੂਰ ਕਰਨ ਵਿਚ ਮੇਰੀ ਮਦਦ ਕਰਨ। ਪਰ ਜਦ ਉਨ੍ਹਾਂ ਕੋਲੋਂ ਇਕ ਇਕ ਪੰਨਾ ਲਿਖਵਾਇਆ ਤਾਂ ਇਕ ਇਕ ਪੰਨੇ ਉਤੇ ਪੰਜਾਹ ਪੰਜਾਹ ਗ਼ਲਤੀਆਂ ਨਿਕਲੀਆਂ। ਉਸ ਮਗਰੋਂ ਜਿਹੜੀ ਵੀ ਅਜਿਹੀ ਚਿੱਠੀ ਆਉਂਦੀ ਜਿਸ ਵਿਚ ਸਾਡੀਆਂ ‘ਗ਼ਲਤੀਆਂ’ ਦਾ ਜ਼ਿਕਰ ਹੁੰਦਾ, ਮੈਂ ਉੁਨ੍ਹਾਂ ਚਿੱਠੀਆਂ ਤੇ ਉਨ੍ਹਾਂ ਨਾਲ ਆਈਆਂ ਰਚਨਾਵਾਂ ਨੂੰ ਖ਼ਾਸ ਤੌਰ ’ਤੇ ਇਕ ਪਾਸੇ ਰੱਖ ਲੈਂਦਾ ਤੇ ਵਿਹਲੇ ਸਮੇਂ ਪੜ੍ਹਦਾ। ਸਾਡੀਆਂ ਕਥਿਤ ‘ਗ਼ਲਤੀਆਂ’ ਵਲ ਉਂਗਲ ਕਰਨ ਵਾਲਿਆਂ ਦੀਆਂ ਅਪਣੀਆਂ ਲਿਖਤਾਂ ਸਚਮੁਚ ਦੀਆਂ ਗ਼ਲਤੀਆਂ ਨਾਲ ਭਰੀਆਂ ਹੋਈਆਂ ਹੁੰਦੀਆਂ ਸਨ।

ਮੈਂ ਸਮਝ ਗਿਆ ਕਿ ਗ਼ਲਤ ਬੋਲਣਾ ਤੇ ਗ਼ਲਤ ਲਿਖਣਾ ਸਾਡਾ ‘ਰਾਸ਼ਟਰੀ ਅਧਿਕਾਰ’ ਬਣ ਚੁਕਾ  ਹੈ ਪਰ ਨਾਲ ਹੀ ਇਹ ਵੀ ਸੱਚ ਹੈ ਕਿ ਅਸੀ ਅਪਣੀਆਂ ਗ਼ਲਤੀਆਂ ਵਲ ਨਹੀਂ ਵੇਖ ਸਕਦੇ, ਦੂਜਿਆਂ ਦੀਆਂ ਹੀ ਵੇਖ ਸਕਦੇ ਹਾਂ। ‘ਟਾਈਮਜ਼ ਆਫ਼ ਇੰਡੀਆ’ ਦੇ ਸੰਪਾਦਕ ਸਾਹਿਬ ਮੇਰੇ ਕੋਲ ਆਏ ਤਾਂ ਉੁਨ੍ਹਾਂ ਮੈਨੂੰ ਦਸਿਆ ਕਿ ਅੰਗਰੇਜ਼ੀ ਵਿਚ ਵੀ ਹਾਲਤ ਵਖਰੀ ਨਹੀਂ ਹੈ ਤੇ ਐਡੀਟਰ ਨੂੰ ਰਾਤ ਇਕ ਵਜੇ ਤਕ ਅੰਗਰੇਜ਼ੀ ਦੇ ਪਰੂਫ਼ ਪੜ੍ਹਨੇ ਪੈਂਦੇ ਹਨ ਕਿਉਂਕਿ ਹੇਠਾਂ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ। ਮੈਨੂੰ ਥੋੜਾ ਹੌਸਲਾ ਹੋਇਆ ਕਿ ਅੱਧੀ ਅੱਧੀ ਰਾਤ ਤਕ ਹੇਠਲਿਆਂ ਦੀ ਪੰਜਾਬੀ ਠੀਕ ਕਰਨ ਦੇ ਯਤਨ ਕਰਨ ਵਾਲਾ ਮੈਂ ਇਕੋ ਇਕ ਐਡੀਟਰ ਨਹੀਂ ਹਾਂ ਸਗੋਂ ਅੰਗਰੇਜ਼ੀ ਅਖ਼ਬਾਰਾਂ ਦੇ ਐਡੀਟਰ ਵੀ ਇਸੇ ਚੱਕੀ ਦੇ ਪੁੜਾਂ ਵਿਚ ਹੀ ਪਿਸਦੇ ਹੋਏ ਮਹਿਸੂਸ ਕਰਦੇ ਹਨ। ਰਾਤ ਵੇਲੇ ਸਾਰੀ ਅਖ਼ਬਾਰ ਪੜ੍ਹ ਕੇ ਗ਼ਲਤੀਆਂ ਠੀਕ ਕਰਨੀਆਂ ਸੰਭਵ ਨਹੀਂ ਹੁੰਦੀਆਂ ਕਿਉਂਕਿ ਮਸ਼ੀਨਾਂ ਵਾਲੇ ਕਾਹਲੇ ਪੈ ਰਹੇ ਹੁੰਦੇ ਹਨ ਤੇ ਦੌੜ ਭੱਜ ਮਚੀ ਹੋਈ ਹੁੰਦੀ ਹੈ। 10 ਪ੍ਰਤੀਸ਼ਤ ਮੈਟਰ ਵਲ ਹੀ ਨਜ਼ਰ ਮਾਰੀ ਜਾ ਸਕਦੀ ਹੈ।

ਡੇਢ ਸਾਲ ਦੀ ਮਿਹਨਤ ਦਾ ਵੀ ਜਦੋਂ ਕੋਈ ਖ਼ਾਤਰ ਖ਼ਾਹ ਨਤੀਜਾ ਨਾ ਨਿਕਲਿਆ ਤਾਂ ਇਕ ਦਿਨ ਮੈਂ ਪੰਜ-ਛੇ ਚੋਣਵੇਂ ਸਬ-ਐਡੀਟਰਾਂ ਨੂੰ ਅਪਣੇ ਦਫ਼ਤਰ ਬੁਲਾਇਆ ਤੇ ਪੁਛਿਆ, ‘‘ਮੈਨੂੰ ਸਮਝਾਉ, ਜਿਹੜੀਆਂ ਗ਼ਲਤੀਆਂ ਤੁਸੀ ਡੇਢ ਸਾਲ ਪਹਿਲਾਂ ਕਰਦੇ ਸੀ, ਉਹੀ ਅੱਜ ਵੀ ਕਰੀ ਜਾ ਰਹੇ ਹੋ। ਤੁਹਾਡੇ ’ਤੇ ਕੋਈ ਅਸਰ ਕਿਉਂ ਨਹੀਂ ਹੋ ਰਿਹਾ?’’ ਉਹ ਚੁੱਪ ਬੈਠੇ ਰਹੇ ਤੇ ਕੋਈ ਕੁੱਝ ਨਾ ਬੋਲਿਆ। ਮੈਨੂੰ ਅਚਾਨਕ ਇਕ ਖ਼ਿਆਲ ਆਇਆ ਤੇ ਮੈਂ ਪੁਛ ਲਿਆ, ‘‘ਸੱਚ ਸੱਚ ਦੱਸੋ, ਸਕੂਲ ਵਿਚ ਪੰਜਾਬੀ ਦੇ ਪੀਰੀਅਡ ਵਿਚ ਤੁਸੀ ਕਦੇ ਕਲਾਸ ਵਿਚ ਬੈਠਦੇ ਵੀ ਸੀ?’’

ਉਹ ਹੱਸ ਪਏ ਤੇ ਬੋਲੇ, ‘‘ਸੱਚ ਇਹੀ ਹੈ ਜੀ ਕਿ ਸਕੂਲ ਤੇ ਕਾਲਜ, ਦੋਵੇਂ ਥਾਂ, ਪਿੰਡਾਂ ਵਿਚ ਪੰਜਾਬੀ ਦੇ ਪੀਰੀਅਡ ਨੂੰ ਛੁੱਟੀ ਦਾ ਪੀਰੀਅਡ ਹੀ ਸਮਝਿਆ ਜਾਂਦੈ। ਮਾਸਟਰ, ਪ੍ਰੋਫ਼ੈਸਰ ਹੀ ਅਕਸਰ ਗ਼ੈਰ-ਹਾਜ਼ਰ ਹੁੰਦੇ ਨੇ ਤੇ ਉਹ ਆ ਜਾਣ ਤਾਂ ਮੁੰਡੇ ਗ਼ੈਰ ਹਾਜ਼ਰ ਹੋ ਜਾਂਦੇ ਨੇ। ਪਿੰਡਾਂ ਵਿਚ ਸ਼ਾਇਦ ਹੀ ਕੋਈ ਮੁੰਡਾ ਕਲਾਸ ਰੂਮ ਵਿਚ ਪੰਜਾਬੀ ਪੜ੍ਹ ਕੇ ਪਾਸ ਹੋਇਆ ਹੋਵੇਗਾ। ਗਰਾਮਰ ਗਰੂਮਰ (ਵਿਆਕਰਣ) ਦੀ ਨਾ ਕਦੇ ਕੋਈ ਗੱਲ ਹੁੰਦੀ ਸੀ, ਨਾ ਸਾਨੂੰ ਇਸ ਦਾ ਕੁੱਝ ਪਤਾ ਹੀ ਹੈ।’’

ਜਦੋਂ ਕਿਸੇ ਭਾਸ਼ਾ ਦੀ ਪੜ੍ਹਾਈ ਸਬੰਧੀ ਏਨੀ ਅਣਗਹਿਲੀ ਵਰਤੀ ਜਾਏ ਤਾਂ ਜਿਥੇ ਉਹ ਭਾਸ਼ਾ ‘ਗ਼ਰੀਬ’ ਹੋ ਜਾਂਦੀ ਹੈ, ਉਥੇ ਉਸ ਭਾਸ਼ਾ ਦੇ ਜਾਏ ਵੀ ‘ਨਾਲਾਇਕ’ ਬਣ ਕੇ ਰਹਿ ਜਾਂਦੇ ਹਨ। ਅਪਣੀ ਭਾਸ਼ਾ ਵਿਚ ਨਾਲਾਇਕ ਬੱਚਾ ਕਿਸੇ ਵੀ ਖੇਤਰ ਵਿਚ ਕਾਮਯਾਬ ਨਹੀਂ ਹੋ ਸਕਦਾ ਪਰ ਅਪਣੀ ਮੁਢਲੀ ਭਾਸ਼ਾ ਵਿਚ ਨਿਪੁੰਨ ਬੱਚਾ ਕਿਸੇ ਖੇਤਰ ਵਿਚ ਵੀ ਮਾਰ ਨਹੀਂ ਖਾ ਸਕਦਾ। ਅਪਣੀ ਭਾਸ਼ਾ ਦੀ ਸਹੀ ਜਾਣਕਾਰੀ ਰੱਖਣ ਵਾਲੇ, ਅੰਗਰੇਜ਼ੀ ਵਿਚ ਵੀ ਬੜੀ ਜਲਦੀ ਨਿਪੁੰਨ ਹੋ ਜਾਂਦੇ ਹਨ। ਪੰਜਾਬੀ ਵਿਚ ਹੀ ਕਮਜ਼ੋਰ ਬੱਚੇ ਤਿਆਰ ਕਰ ਕੇ, ਅਸੀ ਪੰਜਾਬ ਨੂੰ ‘ਨਾਲਾਇਕਾਂ ਦਾ ਸੂੁਬਾ’ ਬਣਾ ਰਹੇ ਹਾਂ ਤੇ ਵੱਡੀਆਂ ਕੰਪਨੀਆਂ ਵਾਲੇ ਪੰਜਾਬ ਦੇ ਦੇਹਾਤੀ ਬੱਚਿਆਂ ਨੂੰ ਨੌਕਰੀਆਂ ਦੇਣ ਤੋਂ, ਪਹਿਲੀ ਨਜ਼ਰੇ ਹੀ ਨਾਂਹ ਕਰ ਦੇਂਦੀਆਂ ਹਨ।

ਉਹ ਪੰਜਾਬੀ ਵਿਚ ਨਿਪੁੰਨ ਸ਼ਹਿਰੀ ਮੁੰਡਿਆਂ ਨੂੰ ਤਾਂ ਨੌਕਰੀ ਵਿਚ ਲੈ ਲੈਂਦੀਆਂ ਹਨ ਪਰ ਪਿੰਡਾਂ ਵਿਚ ਪੜਿ੍ਹਆਂ ਨੂੰ ਨਹੀਂ। ਸਾਨੂੰ ਇਸ ਬਾਰੇ ਚਿੰਤਾ ਹੋਣੀ ਚਾਹੀਦੀ ਹੈ ਪਰ ਅਸੀ ਬਿਲਕੁਲ ਵੀ ਚਿੰਤਾ ਨਹੀਂ ਕਰ ਰਹੇ। ਕੇਵਲ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਠੀਕ ਕਰਨ ਨਾਲ ਹੀ ਹਾਲਾਤ ਠੀਕ ਹੋ ਸਕਣ ਤਾਂ ਕਿਉਂ ਨਾ ਇਸ ‘ਹਿੰਗ ਲਗੇ ਨਾ ਫਟਕੜੀ, ਰੰਗ ਵੀ ਚੋਖਾ ਆਏ’ ਕਿਸਮ ਦੇ ਨੁਸਖ਼ੇ ਦੀ ਵਰਤੋਂ ਕੀਤੀ ਜਾਏ? ਕੋਈ ਵਾਧੂ ਖ਼ਰਚਾ ਨਹੀਂ ਕਰਨਾ, ਕੋਈ ਨਵਾਂ ਸਕੂਲ ਨਹੀਂ ਖੋਲ੍ਹਣਾ... ਬਸ ਗੰਭੀਰ ਹੋ ਕੇ ਫ਼ੈਸਲਾ ਕਰਨਾ ਹੈ ਕਿ ਪੰਜਾਬ ਦੇ ਹਰ ਬੱਚੇ ਨੂੰ ਪੰਜਾਬੀ ਭਾਸ਼ਾ ਦੀ ਮਿਆਰੀ ਸਿਖਿਆ ਦੇਣੀ ਹੈ ਤੇ ਇਸ ਭਾਸ਼ਾ ਵਿਚ ਨਿਪੁੰਨ ਬਣਾ ਦੇਣਾ ਹੈ। ਕਿਵੇਂ ਇਹ ਹੋ ਸਕਦਾ ਹੈ ਤੇ ਟੀਚੇ ਕੀ ਹੋਣੇ ਚਾਹੀਦੇ ਹਨ, ਇਸ ਬਾਰੇ ਅਗਲੇ ਹਫ਼ਤੇ ਗੱਲ ਕਰਾਂਗੇ।

(ਚਲਦਾ)

(15 ਮਾਰਚ, 2015 ਦੇ ਪਰਚੇ ਵਿਚੋਂ)