ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ ਦਲ, ਦੁਹਾਂ ਨੂੰ ਜ਼ਿੰਦਾ ਰੱਖਣ ਦੇ ਹਮਾਇਤੀ ਹਨ
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਬਸ਼ਰਤੇ ਕਿ ਇਹ ਦੋਵੇਂ ਪਾਰਟੀਆਂ ‘ਅੰਦੋਲਨ’ ਦੇ ਰੂਪ ’ਚ ਕਾਇਮ ਰਹਿਣਾ ਚਾਹੁਣ, ਨਾ ਕਿ ਪ੍ਰਾਈਵੇਟ ਲਿਮਿਟਿਡ ਕੰਪਨੀਆਂ ਵਜੋਂ
ਅੰਗਰੇਜ਼ੀ ਰਾਜ ਤੋਂ ਪਹਿਲਾਂ, ਹਿੰਦੁਸਤਾਨ ਵਿਚ ‘ਅੰਦੋਲਨ’ ਨਾਂ ਦੀ ਚੀਜ਼ ਕਦੇ ਵੀ ਨਹੀਂ ਸੀ ਵੇਖੀ ਗਈ। ਹਾਕਮ ਜ਼ਿਆਦਤੀ ਕਰਦੇ ਸਨ ਤੇ ਲੋਕ ਚੁੱਪ ਕਰ ਕੇ ਸਹਿ ਲੈਂਦੇ ਸਨ ਪਰ ਅੰਦੋਲਨ ਦੇ ਰਾਹ ਕਦੇ ਨਹੀਂ ਸਨ ਪੈਂਦੇ। ਹਾਕਮ ਦਾ ਵਿਰੋਧ ਕਰਨਾ ਹੀ ‘ਪਾਪ’ ਸਮਝਿਆ ਜਾਂਦਾ ਸੀ ਇਸ ਦੇਸ਼ ਵਿਚ ਤੇ ਬਾਗ਼ੀ ਦੀ ਸਜ਼ਾ ਮੌਤ ਤੋਂ ਘੱਟ ਨਹੀਂ ਸੀ ਹੁੰਦੀ। ਕੋਈ ਕੋਈ ਇਕੱਲਾ ਵਿਅਕਤੀ ਜ਼ਰੂਰ ਉਠਦਾ ਰਹਿੰਦਾ ਸੀ ਜੋ ਹਾਕਮਾਂ ਦੇ ਜ਼ੁਲਮ ਤੋਂ ਲੋਕਾਂ ਨੂੰ ਬਚਾਣਾ ਵੀ ਚਾਹੁੰਦਾ ਸੀ ਪਰ ਮੁੱਖ ਉਦੇਸ਼ ਉਸ ਦਾ ਵੀ ਇਹੀ ਹੁੰਦਾ ਸੀ ਕਿ ਬਦਨਾਮ ਹੋ ਚੁੱਕੇ ਹਾਕਮ ਦੀ ਥਾਂ ਆਪ ਹਾਕਮ ਬਣ ਜਾਏ। ਸੋ ਹਾਕਮ ਨੂੰ ਚੁਨੌਤੀ ਦੇਣ ਲਈ ਕ੍ਰਿਪਾਨ ਦਾ ਸਹਾਰਾ ਹੀ ਲਿਆ ਜਾਂਦਾ ਸੀ, ਅੰਦੋਲਨ ਦਾ ਨਹੀਂ।
ਕ੍ਰਿਪਾਨ ਦੇ ਸਹਾਰੇ ਲੜੀਆਂ ਗਈਆਂ ਲੜਾਈਆਂ ਵਿਚ ਵੀ ਮੌਤ ਵਲੋਂ ਬੇਪ੍ਰਵਾਹ ਕੁੱਝ ਲੋਕਾਂ ਦਾ ਸਾਥ ਲੈਣਾ ਪੈਂਦਾ ਸੀ ਪਰ ਉਹ ਕਿਸੇ ਸਿਧਾਂਤ ਨੂੰ ਸਮਝ ਕੇ, ਮੈਦਾਨ ਵਿਚ ਨਹੀਂ ਸਨ ਨਿਤਰਦੇ ਬਲਕਿ ਜ਼ਿਆਦਾਤਰ ਲੋਕ, ਲੁਟ-ਮਾਰ ਕਰਨ ਦੇ ਇਰਾਦੇ ਨਾਲ ਹੀ ਹਾਕਮ ਵਿਰੋਧੀ ਲੜਾਈ ਵਿਚ ਸ਼ਾਮਲ ਹੁੰਦੇ ਸਨ ਜਾਂ ਘਰ ਭੁੱਖੇ ਮਰਨ ਨਾਲੋਂ ‘ਤਨਖ਼ਾਹ’ ਦੇ ਲਾਲਚ ਵਿਚ ਕ੍ਰਿਪਾਨ ਚੁਕ ਕੇ ਬਾਗ਼ੀਆਂ ਨਾਲ ਰਲ ਜਾਂਦੇ ਸਨ। ਜਦੋਂ ਤੰਗੀ ਦੀ ਹਾਲਤ ਵਿਚ ‘ਤਨਖ਼ਾਹ’ ਨਹੀਂ ਸੀ ਮਿਲਦੀ ਤਾਂ ‘ਇਨਕਲਾਬੀ’ ਲੜਾਕੇ, ਬਗ਼ਾਵਤ ਕਰ ਦੇਂਦੇ ਸਨ ਤੇ ਦੂਜੀ ਧਿਰ ਵਿਚ ਸ਼ਾਮਲ ਹੋ ਕੇ ਉਸ ਲਈ ਲੜਨਾ ਸ਼ੁਰੂ ਕਰ ਦੇਂਦੇ ਸਨ। ਇਹ ਹਿੰਦੁਸਤਾਨ ਦੇ ਰਾਜਿਆਂ ਤੇ ਬਾਗ਼ੀਆਂ ਵਿਚਕਾਰ ਲੜਾਈਆਂ ਦੌਰਾਨ ਆਮ ਹੁੰਦਾ ਰਿਹਾ ਹੈ। ਮਤਲਬ ਤਲਵਾਰ ਲੈ ਕੇ ਲੜਨ ਵਾਲੇ ਸਾਰੇ ਸਤਿਆਗ੍ਰਹੀ (ਸੱਚ ਲਈ ਲੜਨ ਵਾਲੇ) ਤੇ ‘ਅੰਦੋਲਨਕਾਰੀ’ ਨਹੀਂ ਸਨ ਹੁੰਦੇ ਸਗੋਂ ਪੈਸੇ ਅਤੇ ਲਾਲਚ ਖ਼ਾਤਰ ਲੜਾਈ ਦੌਰਾਨ ਦੂਜੇ ਪਾਸੇ ਜਾ ਰਲਦੇ ਸਨ ਤੇ ਉਸ ਕੋਲੋਂ ਪੈਸੇ ਲੈ ਕੇ ਪਹਿਲੇ ਸਾਥੀਆਂ ਨੂੰ ਮਾਰਨ ਲੱਗ ਜਾਂਦੇ ਸਨ।
Congress
ਪਰ ਸਾਰੀ ਗੱਲ ਨੂੰ ਸਮਝ ਕੇ, ਸਰਕਾਰ ਦੀਆਂ ਜ਼ਿਆਦਤੀਆਂ ਵਿਰੁਧ ‘ਅੰਦੋਲਨ ਕਰਨ ਵਾਲੇ ਆਮ ਲੋਕ, ਪਹਿਲੀ ਵਾਰ ਅੰਗਰੇਜ਼ੀ ਰਾਜ ਵਿਚ ਹੀ ਵੇਖਣ ਨੂੰ ਮਿਲੇ ਕਿਉਂਕਿ ‘ਅੰਦੋਲਨ’ ਸ਼ਬਦ ਹੀ ਅੰਗਰੇਜ਼ ਲੋਕ ਇਥੇ ਲਿਆਏ ਸਨ ਤੇ ਅੰਗਰੇਜ਼ੀ ਸਾਹਿਤ, ਅਖ਼ਬਾਰਾਂ ਤੇ ਰਸਾਲੇ ਪੜ੍ਹਨ ਮਗਰੋਂ ਹੀ ਭਾਰਤੀਆਂ ਨੂੰ ਪਤਾ ਲੱਗਾ ਕਿ ਪੁਰ-ਅਮਨ ਅੰਦੋਲਨ ਕਰਨਾ ਲੋਕਾਂ ਦੇ ਅਧਿਕਾਰਾਂ ਵਿਚ ਸ਼ਾਮਲ ਹੈ। ਅੰਦੋਲਨਾਂ ਨੂੰ ਨਾਕਾਮ ਕਰਨ ਲਈ ਸਰਕਾਰਾਂ ਜਦ ਜ਼ਿਆਦਾ ਸਖ਼ਤੀ ਕਰਨ ਲੱਗ ਜਾਣ ਤਾਂ ਲੋੜ ਤੋਂ ਵੱਧ ਸ਼ਖਤੀ ਕਰਨ ਵਾਲੇ ਅਫ਼ਸਰਾਂ/ਹਾਕਮਾਂ ਤੋਂ ਗੱਦੀ ਖੋਹ ਲੈਣ ਦਾ ਅਧਿਕਾਰ ਵੀ ਜਨਤਾ ਕੋਲ ਹੁੰਦਾ ਹੈ, ਇਸ ਗੱਲ ਦਾ ਵੀ ਅੰਗਰੇਜ਼ੀ ਰਾਜ ਵਿਚ ਹੀ ਸਾਡੇ ਲੋਕਾਂ ਨੂੰ ਪਤਾ ਲੱਗਾ।
shiromani akali dal
ਇਸੇ ਲਈ ਕਾਂਗਰਸ ਤੇ ਅਕਾਲੀ ਦਲ, ਅੰਗਰੇਜ਼ੀ ਰਾਜ ਸਮੇਂ ਪੈਦਾ ਹੋਈਆਂ ਦੋਵੇਂ ਇਤਿਹਾਸਕ ਪਾਰਟੀਆਂ ਵੀ, ਪਾਰਟੀਆਂ ਨਾਲੋਂ ਜ਼ਿਆਦਾ ‘ਅੰਦੋਲਨ’ ਸਨ ਜਿਨ੍ਹਾਂ ਵਿਚ ਲੋਕਾਂ ਨੇ ਜੀਅ ਜਾਨ ਨਾਲ ਭਾਗ ਲਿਆ ਤੇ ਕ੍ਰਿਪਾਨ, ਬੰਬ ਤੇ ਬੰਦੂਕ ਰਾਹੀਂ ਆਜ਼ਾਦੀ ਲੈਣੀ ਚਾਹੁਣ ਵਾਲਿਆਂ ਨੂੰ ਪਿੱਛੇ ਸੁਟ ਕੇ, ਅਪਣੀ ਆਗੂ ਵਾਲੀ ਪੁਜ਼ੀਸ਼ਨ ਕਾਇਮ ਰੱਖੀ। ਕਾਂਗਰਸ ਨੂੰ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਕਾਮਰੇਡਾਂ ਤੇ ਹੋਰਨਾਂ ਗਰਮ ਧਿਰਾਂ ਦਾ ਜ਼ਬਰਦਸਤ ਸਾਹਮਣਾ ਕਰਨਾ ਪਿਆ ਪਰ ਲੋਕ-ਕਚਹਿਰੀ ਵਿਚ ਕਾਂਗਰਸ ਨੇ ਸੱਭ ਨੂੰ ਹਰਾ ਦਿਤਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਮਹੰਤਾਂ ਨੂੰ ਹਰਾ ਕੇ ਪਹਿਲਾਂ ਗੁਰਦਵਾਰਾ ਅੰਦੋਲਨ ਜਿੱਤਿਆ ਤੇ ਫਿਰ ਕਾਂਗਰਸ ਨਾਲ ਰਲ ਕੇ, ਆਜ਼ਾਦੀ ਅੰਦੋਲਨ ਵਿਚ ਸੱਭ ਤੋਂ ਅੱਗੇ ਹੀ ਰਿਹਾ। ਇਸ ਨੂੰ ਵੀ ਕਾਮਰੇਡਾਂ, ਗ਼ਦਰੀਆਂ ਤੇ ਹੋਰ ਕਈ ਧਿਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਲੋਕ-ਅੰਦੋਲਨ ’ਚੋਂ ਜਨਮੀ ਇਹ ਪਾਰਟੀ ਕਿਸੇ ਵਲੋਂ ਨਾ ਹਰਾਈ ਜਾ ਸਕੀ।
Sikhs
ਆਜ਼ਾਦੀ ਮਗਰੋਂ ਕਾਂਗਰਸ ਦਾ ‘ਅੰਦੋਲਨ’ ਵਾਲਾ ਰੂਪ ਮੱਧਮ ਪੈਣਾ ਸ਼ੁਰੂ ਹੋ ਗਿਆ ਜਦ ਅੰਗਰੇਜ਼ ਦੇ ਚਾਪਲੂਸ, ਸਮਗਲਰ, ਬਲੈਕੀਏ ਤੇ ਸ਼ਾਹੂਕਾਰ ਲੋਕ ਇਸ ਦੇ ਮੁਖ ਹਮਾਇਤੀ ਬਣ ਗਏ ਤੇ ਇਸ ਪਾਰਟੀ ਨੂੰ ਇਕ ਪ੍ਰਵਾਰ ਦੀ ਜਾਗੀਰ ਬਣਾਈ ਰਖਣਾ ਉਨ੍ਹਾਂ ਸੱਭ ਨੇ ਅਪਣਾ ਟੀਚਾ ਮਿਥ ਲਿਆ। ਜਦ ਪ੍ਰਤਾਪ ਸਿੰਘ ਕੈਰੋਂ ਨੇ ਅਪਣੇ ਨਿਜੀ ਲੋਭ ਲਾਲਚ ਖ਼ਾਤਰ ਅਕਾਲੀ ਲੀਡਰਸ਼ਿਪ ਨੂੰ, ਫੁੱਟ ਦਾ ਸ਼ਿਕਾਰ ਬਣਾ ਦਿਤਾ ਤਾਂ ਇਹ ਪਾਰਟੀ ਵੀ ‘ਪੰਥਕ ਅੰਦੋਲਨ’ ਤੋਂ ਹੱਟ ਕੇ ਕਾਂਗਰਸ ਵਾਲੇ ਰਾਹ ਹੀ ਪੈ ਗਈ ਤੇ ਇਕ ਪ੍ਰਵਾਰ ਦਾ ਕਬਜ਼ਾ ਬਣਾਈ ਰੱਖਣ ਤੋਂ ਲੈ ਕੇ ਰਾਤੋ-ਰਾਤ ਅਮੀਰ ਬਣ ਜਾਣ ਦੀ ਦੌੜ ਸ਼ੁਰੂ ਹੋ ਗਈ ਤੇ ਪੰਜਾਬ ਦੇ ਹਿਤ ਬਿਲਕੁਲ ਹੀ ਵਿਸਾਰ ਦਿਤੇ ਗਏ। ਅੱਜ ਇਹ ਵੀ ਕਾਂਗਰਸ ਵਾਂਗ ਹੀ, ਇਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਚੁਕੀ ਹੈ ਤੇ ‘ਅੰਦੋਲਨ’ ਵਾਲਾ ਇਸ ਦਾ ਸਰੂਪ ਹੀ ਖ਼ਤਮ ਹੋ ਗਿਆ ਹੈ।
Congress
ਉਮਰ ਦੇ ਜਿਸ ਪੜਾਅ ’ਤੇ ਮੈਂ ਪੁੱਜ ਚੁੱਕਾ ਹਾਂ, ਉਥੇ ਮੈਂ ਕੇਵਲ ਬੇਲਾਗ ਹੋ ਕੇ ਹੀ ਨਿਰਪੱਖ ਰਾਏ ਦੇਣਾ ਚਾਹਾਂਗਾ ਤੇ ਉਹ ਇਹੀ ਹੈ ਕਿ ਹਿੰਦੁਸਤਾਨ ਨੂੰ ਕਾਂਗਰਸ ਦੀ ਅੱਜ ਵੀ ਸਖ਼ਤ ਲੋੜ ਹੈ ਕਿਉਂਕਿ ਉਸ ਤੋਂ ਬਿਨਾਂ ਹਿੰਦੁਸਤਾਨ ਦੀ ਰਾਜਨੀਤੀ ਉਸ ਖਾਈ ਵਿਚ ਧਸਦੀ ਨਜ਼ਰ ਆ ਰਹੀ ਹੈ ਜਿਸ ਨੂੰ ‘ਫ਼ਿਰਕਾਪ੍ਰਸਤੀ ਦੀ ਖਾਈ’ ਕਿਹਾ ਜਾਂਦਾ ਹੈ ਤੇ ਜਿਸ ਦਾ ਭਿਆਨਕ ਨਜ਼ਾਰਾ ਅਸੀ ਬੁਧ ਧਰਮ ਨੂੰ ਬੜੇ ਬੇਤਰਸ ਢੰਗ ਨਾਲ ਹਿੰਦੁਸਤਾਨ ਵਿਚੋਂ ਖ਼ਤਮ ਕਰ ਦੇਣ ਵੇਲੇ ਵੇਖਿਆ ਸੀ। (ਕੇਜਰੀਵਾਲ ਦੀ ‘ਆਪ’ ਪਾਰਟੀ ਨੂੰ ਪਹਿਲੀ ਵਾਰ ਮੌਕਾ ਮਿਲਿਆ ਹੈ ਤੇ ਇਸ ਦੀ ਕਾਰਗੁਜ਼ਾਰੀ ਵੇਖ ਕੇ 5 ਸਾਲ ਮਗਰੋਂ ਹੀ ਇਸ ਪਾਰਟੀ ਬਾਰੇ ਸਹੀ ਨਿਰਣਾ ਦਿਤਾ ਜਾ ਸਕੇਗਾ) ਪਰ ਜੇ ਕਾਂਗਰਸ ਨੇ ਅਪਣੇ ਆਪ ਨੂੰ ਨਾ ਸੁਧਾਰਿਆ ਤਾਂ ‘ਆਪ’ ਪਾਰਟੀ ਉਸ ਦੀ ਥਾਂ ਲੈਣ ਦੀਆਂ ਪੂਰੀਆਂ ਤਿਆਰੀਆਂ ਕਰ ਹੀ ਰਹੀ ਹੈ...।
Aam Aadmi Party Punjab
ਕਾਂਗਰਸ ਨੇ ਵੀ ਕਈ ਵਾਰ ਫ਼ਿਰਕੂਵਾਦ ਦਾ ਰਾਹ ਅਪਣਾਇਆ (ਜਿਵੇਂ 1984 ਵਿਚ ਸਿੱਖਾਂ ਪ੍ਰਤੀ) ਪਰ ਇਹ ਵੋਟਾਂ ਵਿਚ ਹਾਰ ਤੋਂ ਬਚਣ ਲਈ ਉਸ ਵਲੋਂ ਅਪਣੇ ਇਕ ਗ਼ਲਤ ਲੀਡਰ ਦੇ ਗੁਨਾਹ ਵਰਗੇ ਗ਼ਲਤ ਫ਼ੈਸਲੇ ਨੂੰ ਗ਼ਲਤ ਕਹਿਣ ਵਿਚ ਨਾਕਾਮ ਰਹਿਣ ਦਾ ਨਤੀਜਾ ਸੀ ਜਿਸ ਦੀ ਸਜ਼ਾ ਉਸ ਨੂੰ ਅੱਜ ਤਕ ਮਿਲ ਰਹੀ ਹੈ। ਪਰ ਇਹ ਗੁਨਾਹ ਕਾਂਗਰਸ ਦੀ ਵਿਚਾਰਧਾਰਾ ਦਾ ਭਾਗ ਨਹੀਂ ਸੀ। ਇਸੇ ਤਰ੍ਹਾਂ ਬੇਸ਼ੱਕ ਬਾਦਲਾਂ ਨੇ ਪਾਰਟੀ ਦਾ ਪੰਥਕ ਸਰੂਪ ਖ਼ਤਮ ਕਰ ਦਿਤਾ ਹੈ (ਤੇ ਇਹ ਕੋਈ ਛੋਟਾ ਗੁਨਾਹ ਵੀ ਨਹੀਂ) ਪਰ ਅੱਜ ਵੀ ਅਕਾਲੀ ਦਲ ਤੋਂ ਬਿਨਾਂ ਪੰਜਾਬ ਦੀ ਅਸਲ ਪੀੜ ਨੂੰ ਹਿੰਦੁਸਤਾਨ ਅਤੇ ਦੁਨੀਆਂ ਦੇ ਲੋਕਾਂ ਤਕ ਪਹੁੰਚਾਉਣ ਵਾਲਾ ਹੋਰ ਕੋਈ ਨਹੀਂ ਦਿਸਦਾ। ਇਸ ਵੇਲੇ ਤਾਂ ਹਾਲਤ ਬਹੁਤ ਮਾੜੀ ਹੋ ਗਈ ਹੈ। ਸਿੱਖਾਂ ਦੀ ਗੱਲ ਸੁਣਨ ਵਾਲਾ ਹੀ ਕੋਈ ਨਹੀਂ ਰਹਿ ਗਿਆ, ਕੋਈ ਕਾਰਵਾਈ ਤਾਂ ਕਿਸੇ ਨੇ ਕੀ ਕਰਨੀ ਹੈ।
Shiromani Akali Dal
ਐਸੀ ਹਾਲਤ ਵਿਚ ਸਿੱਖਾਂ ਦਾ ਸਿਰ ਉੱਚਾ ਰੱਖਣ ਵਾਲੇ ਅਕਾਲੀ ਦਲ ਦੀ ਵੀ ਬਹੁਤ ਲੋੜ ਮਹਿਸੂਸ ਕੀਤੀ ਜਾਣ ਲੱਗੀ ਹੈ -- ਪਰ ਸ਼ਰਤ ਉਹੀ ਕਾਂਗਰਸ ਵਾਲੀ ਹੀ ਹੈ ਕਿ ਇਕ ਪ੍ਰਵਾਰ ਦੀ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਈ ਰੱਖਣ ਦੀ ਬਜਾਏ ਕਾਂਗਰਸ ਨੂੰ ਜਿਥੇ ‘ਸੈਕੁਲਰ ਹਿੰਦੁਸਤਾਨ ਅੰਦੋਲਨ’ ਦੀ ਝੰਡਾ ਬਰਦਾਰ ਬਣ ਜਾਣਾ ਚਾਹੀਦਾ ਹੈ, ਉਥੇ ਅਕਾਲੀ ਦਲ ਨੂੰ ਵੀ ‘ਪੰਥਕ ਅੰਦੋਲਨ’ ਦਾ ਝੰਡਾ ਬਰਦਾਰ ਬਣਾ ਦਿਤਾ ਜਾਏ ਤੇ ਇਕ ਪ੍ਰਵਾਰ ਦਾ ਕਬਜ਼ਾ ਸਦਾ ਲਈ ਖ਼ਤਮ ਕਰ ਦਿਤਾ ਜਾਏ। ਦੋਹਾਂ ਪਾਰਟੀਆਂ ਉਤੇ ਕਾਬਜ਼ ਲੀਡਰਾਂ ਨੂੰ ਮੇਰੇ ਨਿਰਣੇ ਦਾ ਪਹਿਲਾ ਹਿੱਸਾ ਤਾਂ ਪਸੰਦ ਆ ਜਾਏਗਾ ਪਰ ਦੂਜਾ ਭਾਗ ਮਿਰਚਾਂ ਵੀ ਬਹੁਤ ਲਗਾਏਗਾ। ਪਰ ਜਦ ਮੈਂ ਬੇਲਾਗ ਤੇ ਨਿਰਪੱਖ ਹੋ ਕੇ ਗੱਲ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਖ਼ੁਸ਼ ਹੁੰਦਾ ਹੈ ਤੇ ਕੌਣ ਨਾਰਾਜ਼। ਮੈਨੂੰ ਸੱਚ ਲਿਖਣਾ ਹੀ ਪਿਆਰਾ ਲਗਦਾ ਹੈ ਤੇ ‘ਸਾਂਚ ਕੋ ਆਂਚ ਨਹੀਂ’ ਅਨੁਸਾਰ, ਸੱਚ ਪਿਆਰਾ ਇਸ ਲਈ ਹੈ ਕਿਉਂਕਿ ਇਹ ਤੁਹਾਨੂੰ ਕਦੇ ਵੀ ਝੂਠਾ ਨਹੀਂ ਪੈਣ ਦੇਂਦਾ।