ਮੇਰੀ ਜ਼ਿੰਦਗੀ ਦੇ ਸੱਭ ਤੋਂ ਔਖੇ 10 ਸਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਹੁੰ ਖਾਣੀ ਸੌਖੀ ਹੁੰਦੀ ਹੈ ਪਰ ਉਸ ਦੇ ਇਕ ਇਕ ਲਫ਼ਜ਼ ਤੇ ਖਰਾ ਉਤਰਨਾ ਬੜਾ ਔਖਾ ਹੁੰਦਾ ਹੈ। ਖਰਾ ਉਤਰਨ ਲਈ ਤੁਹਾਨੂੰ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ।

The hardest 10 years of my life

ਔਖੇ ਦਿਨ ਵੇਖਣੇ, ਕੁਦਰਤ ਨੇ ਬਚਪਨ ਤੋਂ ਹੀ ਮੇਰੇ ਭਾਗਾਂ ਵਿਚ ਲਿਖ ਦਿਤੇ ਸਨ ਸ਼ਾਇਦ। ਜਦ ਮੈਂ ਦੋ ਸਾਲ ਦਾ ਸੀ ਤਾਂ ਬੱਚਿਆਂ ਨੂੰ ਲੱਗਣ ਵਾਲੀ ਇਕ ਐਸੀ ਬੀਮਾਰੀ ਚਿੰਬੜ ਗਈ ਕਿ ਡਾਕਟਰਾਂ ਨੇ ਕਹਿ ਦਿਤਾ, ‘‘ਬਚਣ ਦੀ ਕੋਈ ਉਮੀਦ ਨਹੀਂ।’’ ਪਰ ਫਿਰ ਜਿਵੇਂ ਕੋਈ ਚਮਤਕਾਰ ਹੋ ਗਿਆ। ਇਕ ਮੁਸਲਮਾਨ ਫ਼ਕੀਰ ਨੇ ਮੇਰਾ ਤਾਲੂ ਦਬਿਆ ਤੇ ਮੈਂ ਇਕ ਦਿਨ ਵਿਚ ਹੀ ਠੀਕ ਹੋ ਗਿਆ। 6 ਸਾਲ ਦਾ ਹੋਇਆ ਤਾਂ ਦੇਸ਼ ਵੰਡਿਆ ਗਿਆ ਤੇ ਮੈਨੂੰ ਅਤੇ ਮੇਰੇ ਪ੍ਰਵਾਰ ਨੂੰ ਵਰ੍ਹਦੀਆਂ ਗੋਲੀਆਂ ਦੀ ਛਾਵੇਂ, ਲਾਸ਼ਾਂ ਉਤੋਂ ਟੱਪ-ਟੱਪ ਕੇ ਅੱਜ ਦੇ ਹਿੰਦੁਸਤਾਨ ਵਿਚ ਆਉਣਾ ਪਿਆ। ਖ਼ਾਲੀ ਹੱਥ ਆਏ ਸੀ। ਇਸ ਲਈ ਬਚਪਨ ਵਿਚ ਡਾਢੀ ਗ਼ਰੀਬੀ ਵੀ ਵੇਖੀ ਪਰ ਮਾਂ ਬਹੁਤ ਸਿਆਣੀ ਸੀ, ਉਹਨੇ ਉਸ ਵੇਲੇ ਵੀ, ਬੱਚਿਆਂ ਦੀ ਪੜ੍ਹਾਈ ਵੀ ਨਾ ਰੁਕਣ ਦਿਤੀ ਤੇ ਵਿੱਤੋਂ ਬਾਹਰ ਜਾ ਕੇ, ਹਰ ਸੁੱਖ ਦੇਣ ਦੀ ਕੋਸ਼ਿਸ਼ ਕੀਤੀ ਤਾਕਿ ਦੂਜਿਆਂ ਵਲ ਵੇਖ ਕੇ, ਸਾਡੇ ਅੰਦਰ ਹੀਣ-ਭਾਵਨਾ ਨਾ ਪੈਦਾ ਹੋਵੇ। 

ਮਾਂ ਨੇ ਮੇਰੀਆਂ ਆਦਤਾਂ ਅਜਿਹੀਆਂ ਪਕਾ ਦਿਤੀਆਂ ਕਿ ਨਾ ਮੈਂ ਅਪਣੇ ਲਈ ਮੰਗ ਕੇ ਕਿਸੇ ਕੋਲੋਂ ਕੋਈ ਪੈਸਾ ਲਿਆ, ਨਾ ਕੋਈ ਗ਼ਲਤ ਪੈਸਾ ਹੀ ਅਪਣੇ ਘਰ ਵਿਚ ਵੜਨ ਦਿਤਾ ਤੇ ਨਾ ਸੱਚ ਬੋਲਣਾ ਹੀ ਕਦੇ ਛਡਿਆ। ਜਿਸ ਸਮਾਜ ਵਿਚ ਮੈਂ ਵਿਚਰਿਆ, ਉਥੇ ਚਮਚਾਗੀਰਾਂ ਤੇ ਝੂਠਿਆਂ ਦਾ ਹੀ ਬੋਲਬਾਲਾ ਹੁੰਦਾ ਸੀ। ਸੱਚ ਬੋਲਣ ਵਾਲੇ ਨੂੰ ਉਥੇ ਸੱਭ ਤੋਂ ਮਾੜਾ ਆਦਮੀ ਸਮਝਿਆ ਜਾਂਦਾ ਸੀ। ਨਤੀਜਾ ਇਹ ਕਿ 50 ਸਾਲ ਪੱਤਰਕਾਰੀ ਵਿਚ ਬਹੁਤ ਚਰਚਿਤ ਪਰਚੇ ਕੱਢਣ ਮਗਰੋਂ ਵੀ ਮੈਂ ਅਪਣਾ ਘਰ ਨਹੀਂ ਬਣਾ ਸਕਿਆ ਤੇ ਦੋਹਾਂ ਬੇਟੀਆਂ ਦੀ ਸ਼ਾਦੀ ਮੈਂ ਅਤਿ ਦੀ ਸਾਦਗੀ ਨਾਲ ਕੀਤੀ (ਕੋਈ ਕਾਰਡ ਨਾ ਵੰਡੇ, ਕੋਈ ਬੈਂਡ ਨਾ ਵਜਾਏ, ਕੋਈ ਲਾਈਟਾਂ ਨਾ ਕੀਤੀਆਂ, ਬਸ ਗੁਰਦਵਾਰੇ ਜਾ ਕੇ ਲਾਵਾਂ ਕਰਵਾ ਦਿਤੀਆਂ ਤੇ ਆਏ ਗਏ ਨੂੰ ਰੋਟੀ ਛਕਾ ਦਿਤੀ) ਜਜ਼ਬਾਤੀ ਸ਼ੁਰੂ ਤੋਂ ਹੀ ਬੜਾ ਸੀ। ਕਿਸੇ ਦਾ ਦੁਖ ਵੇਖ ਦੇ ਰੋਣ ਲੱਗ ਜਾਂਦਾ ਸੀ।

84 ਦੇ ਘਲੂਘਾਰਿਆਂ ਨੇ ਮੈਨੂੰ ਹਿਲਾ ਕੇ ਰੱਖ ਦਿਤਾ ਤੇ 43 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈ ਗਿਆ। ਪੀ.ਜੀ.ਆਈ. ਦੇ ਡਾਕਟਰਾਂ ਨੇ ਜਵਾਬ ਦੇ ਦਿਤਾ ਕਿਉਂਕਿ ਹਸਪਤਾਲ ਪਹੁੰਚਣ ਵਿਚ ਦੇਰੀ ਹੋ ਗਈ ਸੀ। ਫਿਰ ਮੇਰੀਆਂ ਅੱਖਾਂ ਭਰ ਆਈਆਂ ਤੇ ਹਸਪਤਾਲ ਦੇ ਆਈ.ਸੀ.ਯੂ. ਵਿਚ ਜਦ ਚਾਰ ਡਾਕਟਰ, ਮਾਯੂਸ ਹੋ ਕੇ, ਮੇਰੀ ਮੌਤ ਦਾ ਇੰਤਜ਼ਾਰ ਕਰ ਰਹੇ ਸਨ, ਮੈਂ ਰੱਬ ਨੂੰ ਏਨਾ ਹੀ ਕਿਹਾ, ‘‘ਬਸ ਖੇਡ ਖ਼ਤਮ? ਪਰ ਮੈਂ ਤਾਂ ਬੜਾ ਕੁੱਝ ਕਰਨ ਦੀ ਸੋਚੀ ਹੋਈ ਸੀ। ਕੋਈ ਗ਼ਲਤੀ ਹੋ ਗਈ ਮੇਰੇ ਕੋਲੋਂ?’’ ਅਚਾਨਕ ਡਾਕਟਰਾਂ ਦੀ ਆਵਾਜ਼ ਆਈ, ‘‘ਵੇਖੋ ਵੇਖੋ, ਮਾਨੀਟਰ ਵਿਚ ਇਕਦੰਮ ਤਬਦੀਲੀ ਆਉਣ ਲੱਗ ਪਈ ਏ। ਇਹ ਤਾਂ ਕੋਈ ਚਮਤਕਾਰ ਹੀ ਲਗਦੈ...।’’ 

ਡਾਕਟਰ ਕਈ ਦਿਨ ਮੇਰੇ ਕੋਲੋਂ ਪੁਛਦੇ ਰਹੇ, ‘‘ਇਹ ਕਿਵੇਂ ਹੋ ਗਿਆ ਸਰਦਾਰ ਸਾਹਬ? ਅਸੀ ਤਾਂ ਕੁੱਝ ਵੀ ਨਹੀਂ ਸੀ ਕੀਤਾ ਤੇ ਉਮੀਦ ਲਾਹ ਛੱਡੀ ਸੀ।’’ ਮੈਂ ਕੀ ਜਵਾਬ ਦੇਂਦਾ? ਚੁੱਪ ਰਿਹਾ। ਮੈਂ ਸਹੁੰ ਖਾਧੀ ਕਿ ਅੱਜ ਤੋਂ ਜੋ ਵੀ ਕਮਾਵਾਂਗਾ, ਉਹ ਗ਼ਰੀਬਾਂ ਤੇ ਲੋੜਵੰਦਾਂ ਲਈ ‘ਉੱਚਾ ਦਰ ਬਾਬੇ ਨਾਨਕ ਦਾ’ ਵਰਗਾ ਇਕ ਅਦਾਰਾ ਬਣਾਉਣ ਲਈ ਤੇ ਇਕ ਅਖ਼ਬਾਰ ਸ਼ੁਰੂ ਕਰਨ ਲਈ ਹੀ ਵਰਤਾਂਗਾ ਤੇ ਅਪਣੀ ਇਕ ਪੈਸੇ ਦੀ ਵੀ ਕੋਈ ਜ਼ਮੀਨ ਜਾਇਦਾਦ ਉਦੋਂ ਤਕ ਨਹੀਂ ਬਣਾਵਾਂਗਾ ਜਦ ਤਕ ਇਹ ਦੋ ਚੀਜ਼ਾਂ ਤਿਆਰ ਕਰ ਕੇ ਉਨ੍ਹਾਂ ਨੂੰ ਪੱਕੇ ਪੈਰੀਂ ਨਹੀਂ ਕਰ ਦੇਂਦਾ। ਸਹੁੰ ਖਾਣੀ ਸੌਖੀ ਹੁੰਦੀ ਹੈ ਪਰ ਉਸ ਦੇ ਇਕ ਇਕ ਲਫ਼ਜ਼ ਤੇ ਖਰਾ ਉਤਰਨਾ ਬੜਾ ਔਖਾ ਹੁੰਦਾ ਹੈ। ਖਰਾ ਉਤਰਨ ਲਈ ਤੁਹਾਨੂੰ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ।

ਦਿਲ ਡੋਲਣ ਵੀ ਲਗਦਾ ਹੈ ਤੇ ਸਾਥੀ ਵੀ ਸਲਾਹਾਂ ਦੇਣ ਲਗਦੇ ਹਨ ਕਿ ਅਪਣਾ ਤੇ ਪ੍ਰਵਾਰ ਦਾ ਭਲਾ ਸੋਚਣਾ ਵੀ ਤਾਂ ਤੇਰੀ ਹੀ ਜ਼ਿੰਮੇਵਾਰੀ ਹੈ। ਮੈਂ ਹਰ ਵੇਲੇ ਅਰਦਾਸ ਕਰਦਾ ਰਹਿੰਦਾ, ‘‘ਸੱਚੇ ਮਾਲਕਾ, ਮੈਨੂੰ ਡੋਲਣ ਨਾ ਦਈਂ, ਮਾਰ ਭਾਵੇਂ ਲਈਂ।’’ ਵੱਡਾ ਸੰਘਰਸ਼ ਕੀਤਾ। ਮੈਨੂੰ ਫ਼ੇਲ੍ਹ ਕਰਨ ਲਈ ਸਰਕਾਰਾਂ, ਪੁਜਾਰੀ ਤੇ ਹੋਰ ਲੋਕ ਡਾਂਗਾਂ ਸੋਟੇ ਲੈ ਕੇ ਖੜੇ ਹੋ ਗਏ। ਕਈ ਵਾਰ ਲਗਦਾ ਸੀ, ਖ਼ਾਲੀ ਹੱਥ ਹੋਣ ਕਰ ਕੇ, ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਾਂਗਾ, ਹਾਰ ਜਾਵਾਂਗਾ। ਚਿੰਤਾ ਤਾਂ ਹਰ ਵੇਲੇ ਲੱਗੀ ਹੀ ਰਹਿੰਦੀ ਸੀ। ਦੋ ਵਾਰ ਦਿਲ ਦੀ ਬਾਈਪਾਸ ਸਰਜਰੀ ਵੀ ਕਰਵਾਉਣੀ ਪਈ। ਡਾਢੇ ਸੰਘਰਸ਼ ਵਿਚੋਂ ਲੰਘਣਾ ਪਿਆ। 

ਪਰ ਇਸ ਸਾਰੇ ਸੰਘਰਸ਼ ਦੌਰਾਨ ਮੈਨੂੰ ਉਹ ਤਕਲੀਫ਼ ਕਦੇ ਨਾ ਹੋਈ ਜੋ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਪ੍ਰਾਜੈਕਟ ਸ਼ੁਰੂ ਕਰ ਕਰਨ ਮਗਰੋਂ ਰੋਜ਼ ਦੀ ਸਿਰਦਰਦੀ ਬਣ ਗਈ। ਵੱਡੇ ਇਕੱਠਾਂ ਵਿਚ ਪਾਠਕਾਂ ਨੇ ਦੋ-ਦੋ ਹੱਥ ਖੜੇ ਕਰ ਕੇ ਯਕੀਨ ਦਿਵਾਇਆ ਕਿ ਪੂਰਾ ਪੈਸਾ ਉਹ ਦੇਣਗੇ, ਮੈਂ ਅਖ਼ਬਾਰ ਵਲ ਹੀ ਧਿਆਨ ਦਿਆਂ। ਪਰ ਜ਼ਮੀਨ ਲੈਣ ਮਗਰੋਂ ਜਦੋਂ ਉਸਾਰੀ ਸ਼ੁਰੂ ਕੀਤੀ ਤਾਂ ਮਦਦ ਦੇਣ ਤਾਂ ਕਿਸ ਨੇ ਆਉਣਾ ਸੀ, ਮੈਂਬਰਸ਼ਿਪ ਲੈਣ ਲਈ ਵੀ ਕੋਈ ਅੱਗੇ ਨਾ ਆਵੇ। ਅਪੀਲਾਂ ਤੇ ਅਪੀਲਾਂ ਕਰਦੇ ਰਹੇ ਪਰ ਸਾਲ ਵਿਚ ਇਕ ਕਰੋੜ ਵੀ ਕਦੇ ਨਾ ਬਣਦਾ। ਅਖ਼ੀਰ ਸੋਚਿਆ ਕਿ ਵਿਆਜ ਉਤੇ ਉਧਾਰਾ ਪੈਸਾ ਫੜ ਕੇ ਕੰਮ ਤਾਂ ਸ਼ੁਰੂ ਕਰੀਏ। ਵਿਆਜ ਤੇ ਪੈਸਾ ਦੇਣ ਲਈ ਪਾਠਕ ਤਿਆਰ ਹੋ ਗਏ। ਵਿਆਜੀ ਪੈਸਾ ਤਾਂ ਮਿਲ ਗਿਆ (ਬੈਂਕਾਂ ਦੇ ਕਰਜ਼ੇ ਸਮੇਤ) ਪਰ ਸਰਕਾਰੀ ਅੜਚਣਾਂ, ਦੁਸ਼ਮਣਾਂ ਵਲੋਂ ਸ਼ੁਰੂ ਕਰਵਾਈਆਂ ਝੂਠੀਆਂ ਪੜਤਾਲਾਂ ਨੇ ਦੋ ਤਿੰਨ ਸਾਲ ਕੰਮ ਸ਼ੁਰੂ ਹੀ ਨਾ ਹੋਣ ਦਿਤਾ ਤੇ ਉਸਾਰੀ ਸ਼ੁਰੂ ਹੀ ਹੋਈ ਸੀ ਕਿ ਵਿਆਜ ਤੇ ਪੈਸਾ ਦੇਣ ਵਾਲਿਆਂ ਨੇ ਪੈਸਾ ਮੰਗਣਾ ਸ਼ੁਰੂ ਕਰ ਦਿਤਾ। 

ਬੜੇ ਤਰਲੇ ਮਾਰੇ, ਬੜਾ ਸਮਝਾਇਆ ਕਿ ‘ਉੱਚਾ ਦਰ’ ਬਣਾਉਣ ਲਈ ਅਸੀ ਸਾਰੇ ਜੁੜੇ ਸੀ। ਇਹਨੂੰ ਬਣ ਤਾਂ ਲੈਣ ਦਿਉ। ਦੁਨੀਆਂ ਵਿਚ ਜਦੋਂ ਵੀ ਕੋਈ ਕੌਮੀ ਜਾਇਦਾਦ ਬਣਾਈ ਜਾਂਦੀ ਹੈ ਤਾਂ ਪੈਸਾ ਲਾਉਣ ਵਾਲੇ, ਉਸ ਦੇ ਮੁੰਕਮਲ ਹੋਣ ਤਕ ਪੈਸਾ ਨਹੀਂ ਮੰਗਦੇ ਤੇ ਜੇ ਕੋਈ ਔਕੜ ਆ ਜਾਏ ਤਾਂ ਹੋਰ ਮਦਦ ਵੀ ਦੇਂਦੇ ਹਨ ਤਾਕਿ ਕੌਮੀ ਜਾਇਦਾਦ ਅੱਧ ਵਿਚਕਾਰ ਹੀ ਨਾ ਰੁਕ ਜਾਏ। ਪਰ ਸਰਦਾਰ ਤਾਂ ਬਾਣੀਆਂ ਨਾਲੋਂ ਵੀ ਮਾੜੇ ਸਾਬਤ ਹੁੰਦੇ ਵੇਖੇ। ਸਿੱਖ ਤਾਂ ਸਾਫ਼ ਜਵਾਬ ਦੇ ਦੇਂਦੇ, ‘‘ਮੈਨੂੰ ਨਹੀਂ ਜੀ ਕੋਈ ਮਤਲਬ ‘ਉੱਚਾ ਦਰ’ ਨਾਲ। ਮੈਨੂੰ ਤਾਂ ਜੋ ਤੁਸੀ ਲਿਖਤੀ ਵਾਅਦਾ ਕੀਤਾ ਸੀ, ਉਸ ਮੁਤਾਬਕ ਵਿਆਜ ਤੇ ਅਸਲ ਦੋਵੇਂ ਹੁਣੇ ਚਾਹੀਦੇ ਹਨ।’’ 50 ਕਰੋੜ ਵਾਪਸ ਕੀਤਾ। ਅਖ਼ਬਾਰ ਦਾ ਸਾਰਾ ਪੈਸਾ ਏਧਰ ਝੋਕ ਦਿਤਾ। ਅਖ਼ਬਾਰ ਕਮਜ਼ੋਰ ਪੈ ਗਈ। ਫਿਰ ‘ਉੱਚਾ ਦਰ’ ਦੀ ਉਸਾਰੀ ਦੁਬਾਰਾ ਚਾਲੂ ਕਰਨ ਲਈ ਹੋਰ ਵਿਆਜੀ ਕਰਜ਼ਾ ਚੁਕਦੇ ਰਹੇ ਪਰ ਜਿਹੜੇ ਕਹਿੰਦੇ ਸੀ, ‘‘ਉੱਚਾ ਦਰ ਲਈ ਜਾਨ ਵੀ ਹਾਜ਼ਰ ਹੈ, ਪੈਸੇ ਦੀ ਤੁਸੀ ਚਿੰਤਾ ਨਾ ਕਰੋ, ਉਹ ਸਾਡੀ ਜ਼ਿੰਮੇਵਾਰੀ,’’-- ਉਹ ਸਾਰੇ ਇਕ-ਇਕ ਕਰ ਕੇ ਮੈਨੂੰ ਮਿਲਣੋਂ ਵੀ ਹੱਟ ਗਏ। ਟੈਲੀਫ਼ੋਨ ਚੁਕਣੇ ਵੀ ਬੰਦ ਕਰ ਦਿਤੇ।

ਮੈਨੂੰ ਯਕੀਨ ਹੋ ਗਿਆ ਕਿ ਸਿੱਖਾਂ ਅੰਦਰ ਮਾਇਆ ਦੀ ਕੁਰਬਾਨੀ ਬਿਲਕੁਲ ਨਾ ਹੋਇਆਂ ਵਰਗੀ ਹੈ। ਇਸ ਲਈ ਇਹ ਕੌਮ ਕੋਈ ਵੱਡੀ ਪ੍ਰਾਪਤੀ ਨਹੀਂ ਕਰ ਸਕਦੀ। ਹੁਣ ਤਕ ਵੀ ਕੋਈ ਨਹੀਂ ਕੀਤੀ। ਖ਼ਾਲਸਾ ਸਕੂਲ ਕਾਲਜ ਸ਼ੁਰੂ ਤਾਂ ਕੀਤੇ ਪਰ ਬਹੁਤੇ ਬੰਦ ਵਰਗੇ ਹੀ ਚੱਲ ਰਹੇ ਹਨ। ਗੁਰਦਵਾਰੇ ਜ਼ਰੂਰ ਚੱਲ ਰਹੇ ਹਨ ਕਿਉਂਕਿ ਗੁਰੂ ਦੀ ‘ਗੋਲਕ’ ਬਹੁਤੇ ਪ੍ਰਬੰਧਕਾਂ ਲਈ ਰੁਜ਼ਗਾਰ ਦਾ ਸਾਧਨ ਬਣ ਜਾਂਦੀ ਹੈ।  ਇਸੇ ਲਈ ਇਨ੍ਹਾਂ 10 ਸਾਲਾਂ ਦੇ ਸਮੇਂ ਨੂੰ ਮੈਂ ਜ਼ਿੰਦਗੀ ਦਾ ਸੱਭ ਤੋਂ ਔਖਾ ਸਮਾਂ ਸਮਝਦਾ ਹਾਂ। ਕੰਮ ਵੱਡੇ ਸ਼ੁਰੂ ਕਰ ਦਿਤੇ ਤੇ ਭਾਵੇਂ ਸਿੱਖਾਂ (ਪਾਠਕਾਂ) ਦੀ ਪ੍ਰਵਾਨਗੀ ਲੈਣ ਮਗਰੋਂ ਸ਼ੁਰੂ ਕੀਤੇ ਪਰ ਅੱਜ ਜਦ ਉੱਚਾ ਦਰ ਤਿਆਰ ਹੋ ਚੁੱਕਾ ਹੈ ਤਾਂ ਉਸ ਵਿਚ ਪਾਠਕਾਂ ਦੀ ਅਸਲ (ਨਿਸ਼ਕਾਮ) ਸੇਵਾ, ਪੰਜ ਫ਼ੀ ਸਦੀ ਤੋਂ ਵੱਧ ਨਹੀਂ ਬਣਦੀ। ਬਾਕੀ ਸਾਰਾ ਭਾਰ ਰੋਜ਼ਾਨਾ ਸਪੋਕਸਮੈਨ ਤੇ ਇਸ ਦੇ ਸੇਵਕਾਂ ਨੂੰ ਇਕੱਲਿਆਂ ਹੀ ਚੁਕਣਾ ਪਿਆ। 

ਅਖ਼ੀਰ ਤੇ ਆ ਕੇ ਨਵੀਆਂ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਲਈ 5 ਕਰੋੜ ਦੀ ਲੋੜ ਪੈ ਗਈ। ਮੈਂ ਸੋਚਿਆ, ਉੱਚਾ ਦਰ ਤਿਆਰ ਹੋ ਚੁੱਕਾ ਵੇਖਣ ਮਗਰੋਂ, ਏਨੇ ਕੁ ਦਾ ਪ੍ਰਬੰਧ ਤਾਂ ਪਾਠਕ ਕੁੱਝ ਦਿਨਾਂ ਵਿਚ ਹੀ ਕਰ ਦੇਣਗੇ। ਨਹੀਂ, ਇਕ ਡੇਢ ਕਰੋੜ ਬੜੀ ਮੁਸ਼ਕਲ ਨਾਲ ਦਿਤੇ (ਬਹੁਤੇ 12 ਫ਼ੀ ਸਦੀ ਵਿਆਜ ਤੇ)। ਹੁਣ ਪਹਿਲੀ ਦਸੰਬਰ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਕਰ ਦਿਤਾ ਗਿਆ ਹੈ, ਤਾਂ ਵੀ ਸਾਡੇ ਕੋਲ ਦੋ ਕੁ ਕਰੋੜ ਦੀ ਕਮੀ ਹੈ। ਕਿਸ ਨੂੰ ਅਪੀਲ ਕਰਾਂ? ਸੱਭ ਨੇ ਕੰਨ ਬੰਦ ਕਰ ਲਏ ਹੋਏ ਹਨ। ਕੋਈ ਨਹੀਂ ਦਿਸਦਾ ਜਿਹੜਾ ਆਖੇ, ਬਣ ਚੁੱਕੇ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਸ਼ੁਰੂ ਕਰਨ ਲਈ ਬਾਕੀ ਦਾ ਥੋੜਾ ਜਿਹਾ ਭਾਰ ਮੈਂ ਅਪਣੇ ਮੋਢਿਆਂ ਤੇ ਲੈਂਦਾ ਹਾਂ ਕਿਉਂਕਿ ਉੱਚਾ ਦਰ ਤੁਹਾਡੀ ਜਾਇਦਾਦ ਨਹੀਂ, ਤੁਸੀ ਸਾਰੀ ਕੌਮ ਅਤੇ ਸਾਰੀ ਮਾਨਵਤਾ ਲਈ ਉਸਾਰੀ ਹੈ। ਸੌ ਸਵਾ ਸੌ ਗ਼ਰੀਬ ਪਾਠਕਾਂ ਦਾ ਦਰਦ ਹੀ ਚਿੱਠੀਆਂ ਵਿਚ ਪੜ੍ਹਨ ਨੂੰ ਮਿਲਦਾ ਹੈ। ਬਾਕੀ ਸੱਭ ਚੁੱਪ ਹਨ। ਉਹ ਵੀ ਚੁੱਪ ਹਨ, ਜੋ ਵੱਡੀਆਂ-ਵੱਡੀਆਂ ਗੱਲਾਂ ਕਰਿਆ ਕਰਦੇ ਸਨ। 

ਚਲੋ ਵਾਹਿਗੁਰੂ ਨੇ ਲਾਜ ਰੱਖ ਲਈ ਹੈ ਤੇ ਕੰਮ ਨੇਪਰੇ ਚੜ੍ਹ ਹੀ ਗਿਆ ਹੈ। ਸਰਕਾਰੀ ਪ੍ਰਵਾਨਗੀ ਲਈ ਦੋ ਕੁ ਕਰੋੜ ਦੀ ਲੋੜ ਬਾਕੀ ਹੈ। ਰੱਬ ਕੋਈ ਢੋਅ ਢੁਕਾ ਹੀ ਦੇਵੇਗਾ। ਜਿਹੜੇ ਪਾਠਕ ਅਜੇ ਇਸ ਦੇ ਮੈਂਬਰ ਨਹੀਂ ਬਣੇ, ਉਹੀ ਮੈਂਬਰਸ਼ਿਪ ਲੈ ਕੇ, ਕਮੀ ਪੂਰੀ ਕਰ ਸਕਦੇ ਹਨ। ਉਨ੍ਹਾਂ ਲਈ ਚੰਦਿਆਂ ਵਿਚ 30 ਅਗੱਸਤ ਤਕ ਆਖ਼ਰੀ ਵਾਰ ਵਿਸ਼ੇਸ਼ ਰਿਆਇਤ ਦਿਤੀ ਗਈ ਹੈ। ਜਿਹੜੇ ਪਾਠਕ ਰਿਆਇਤ ਦਾ ਫ਼ਾਇਦਾ ਆਖ਼ਰੀ ਵਾਰ ਲੈਣਾ ਚਾਹੁਣ, ਜ਼ਰੂਰ ਲੈ ਲੈਣ। ਇਸ ਮਗਰੋਂ ਕਦੇ ਰਿਆਇਤ ਨਹੀਂ ਮਿਲੇਗੀ।  ਅਖ਼ਬਾਰ ਤੋਂ ਬਾਅਦ ‘ਉੱਚਾ ਦਰ’ ਉਸਾਰਦਿਆਂ ਜ਼ਿੰਦਗੀ ਦੇ ਸੱਭ ਤੋਂ ਔਖੇ ਦਿਨ ਵੇਖਣ ਮਗਰੋਂ ਪਹਿਲੀ ਦਸੰਬਰ ਨੂੰ ‘ਉੱਚਾ ਦਰ’ ਪੇਸ਼ ਕਰ ਰਹੇ ਹਾਂ ਪਰ ਲਿਖ ਕੇ ਰੱਖ ਜਾਵਾਂਗਾ ਕਿ ਸਿੱਖਾਂ ਦੇ ਜੈਕਾਰਿਆਂ ਤੇ ਵਾਅਦਿਆਂ ਉਤੇ ਇਤਬਾਰ ਕਰ ਕੇ ਕਦੇ ਕੋਈ ਵੱਡਾ ਕੰਮ ਕੌਮ ਲਈ ਕਰਨ ਦੀ ਨਾ ਸੋਚੇ। ਇਨ੍ਹਾਂ ਨਾਲੋਂ ਤਾਂ ਕਿਸੇ ਬਾਣੀਏ ਦੇ ਲਫ਼ਜ਼ਾਂ ਉਤੇ ਇਤਬਾਰ ਕਰਨਾ ਜ਼ਿਆਦਾ ਚੰਗਾ ਹੁੰਦੈ। ਮੈਂ ਇਕ ਬਾਣੀਏ ਤੋਂ ਉਧਾਰ ਲੈ ਕੇ ਵੇਖਿਆ ਵੀ ਸੀ।

ਸਮੇਂ ਸਿਰ ਵਾਪਸ ਨਾ ਕਰ ਸਕਿਆ। ਸਾਰੀ ਸਚਾਈ ਉਹਦੇ ਸਾਹਮਣੇ ਰੱਖੀ। ਉਹਨੇ ਕਿਹਾ, ‘‘ਫ਼ਿਕਰ ਨਾ ਕਰੋ, ਐਹ ਲਉ ਇਕ ਲੱਖ ਹੋਰ ਲੈ ਲਉ। ਕਿਸੇ ਲਿਖਤ ਪੜ੍ਹਤ ਦੀ ਲੋੜ ਨਹੀਂ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ। ਕੰਮ ਠੀਕ ਕਰ ਲਉ। ਮੇਰੇ ਬਾਪ ਨੇ ਗੱਦੀ ਮੈਨੂੰ ਦੇਣ ਸਮੇਂ ਕਿਹਾ ਸੀ, ਪੈਸਾ ਵਾਪਸ ਲੈਣ ਲਗਿਆਂ, ਬਾਂਹ ਮਰੋੜ ਕੇ ਲਏਂਗਾ ਤਾਂ ਉਹ ਤੇਰੀ ਮਦਦ ਨੂੰ ਵੀ ਭੁੱਲ ਜਾਏਗਾ ਪਰ ਜੇ ਬੰਦਾ ਠੀਕ ਹੈ ਤਾਂ ਔਖੇ ਵੇਲੇ ਉਸ ਦੀ ਹੋਰ ਮਦਦ ਕਰ ਕੇ, ਉਸ ਨੂੰ ਹਮੇਸ਼ਾ ਲਈ ਅਪਣਾ ਮਿੱਤਰ ਬਣਾ ਲਏਂਗਾ ਤੇ ਪੈਸਾ ਵੀ ਦੁਗਣਾ ਹੋ ਕੇ ਵਾਪਸ ਮਿਲ ਜਾਏਗਾ ਕਿਉਂਕਿ ਤੂੰ ਔਖੇ ਵੇਲੇ ਉਸ ਦੀ ਬਾਂਹ ਫੜੀ ਸੀ।’’ ਪੈਸੇ ਵਾਪਸ ਮੰਗਣ ਲਗਿਆਂ ਕਿਸੇ ਸਿੱਖ ਨੇ ਇਹੋ ਜਹੇ ਸ਼ਬਦ ਕਦੇ ਨਹੀਂ ਵਰਤੇ। ਡਰ ਲਗਦਾ ਹੈ, ਮੇਰੇ ਚਲੇ ਜਾਣ ਬਾਅਦ ਜੇ ‘ਉੱਚਾ ਦਰ’ ਨੂੰ ਕੋਈ ਮੁਸ਼ਕਲ ਆ ਗਈ ਤਾਂ ਕੋਈ ਸਿੱਖ ਇਸ ਦੀ ਮਦਦ ਲਈ ਬਹੁੜੇਗਾ ਜਾਂ ਸਾਰੇ ਘਰ ਬੈਠੇ ਤਮਾਸ਼ਾ ਹੀ ਵੇਖਦੇ ਰਹਿਣਗੇ?

ਇਸ ਨੂੰ ਬਣਾਉਣ ਵੇਲੇ ਕੋਸ਼ਿਸ਼ ਇਹੀ ਕੀਤੀ ਹੈ ਕਿ ਇਸ ਨੂੰ ਕਦੇ ਕੋਈ ਔਕੜ ਆਵੇ ਹੀ ਨਾ ਤੇ ਇਹ ਅਪਣੇ ਅੰਦਰੋਂ ਹੀ ਹਰ ਮੁਸੀਬਤ ਦਾ ਹੱਲ ਲੱਭ ਲਵੇ ਪਰ ਜਿਨ੍ਹਾਂ ਸਿੱਖਾਂ ਲਈ ਮੈਂ ਇਹ ਸਾਰਾ ਜੀਵਨ (ਅਪਣਾ ਵੀ ਤੇ ਜਗਜੀਤ ਦਾ ਵੀ) ਰੋਲਿਆ, ਉਨ੍ਹਾਂ ਦੀ ਬੇਰੁਖ਼ੀ ਤੇ ਪੈਸੇ ਦੇ ਪਿਆਰ ਨੂੰ ਵੇਖ ਕੇ ਦੁਖੀ ਜ਼ਰੂਰ ਹਾਂ ਤੇ ਹਰ ਇਕ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਪਣੇ ਕੋਲ ਪੈਸਾ ਹੈ ਜੇ ਤਾਂ ਜੋ ਮਰਜ਼ੀ ਕਰ ਵਿਖਾਉ ਪਰ ਸਿੱਖਾਂ ਦੇ ਵਾਅਦਿਆਂ ਤੇ ਵਿਸ਼ਵਾਸ ਕਰ ਕੇ ਅਪਣੇ ਆਪ ਨੂੰ ਨਾ ਫਸਾਇਉ। ਇਥੇ ਏਨਾ ਜ਼ਰੂਰ ਕਹਾਂਗਾ ਕਿ ਸਾਰੇ ਪਾਠਕ ਇਕੋ ਜਹੇ ਨਹੀਂ ਸਨ। ਬੜੇ ਅਜਿਹੇ ਵੀ ਨਿਕਲੇ ਜਿਨ੍ਹਾਂ ਸਾਰੇ ਪੈਸੇ ਵੀ ਦਾਨ ਕਰ ਦਿਤੇ ਤੇ ਵਿਆਜ ਵੀ ਨਾ ਲਿਆ। ਹੋਰ ਪਾਠਕਾਂ ਨੇ ਲਿਖ ਕੇ ਦੇ ਦਿਤਾ ਕਿ ‘ਉੱਚਾ ਦਰ’ ਬਣਨ ਤਕ ਨਾ ਅਸਲ ਲਵਾਂਗੇ, ਨਾ ਸੂਦ ਤੇ ਇਨ੍ਹਾਂ ਸਾਰਿਆਂ ਦੇ ਅਸੀ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੇ। - ਜੋਗਿੰਦਰ ਸਿੰਘ