ਔਖੇ ਵੇਲੇ ਜਿਨ੍ਹਾਂ ਹਸਤੀਆਂ ਨੇ ਸਾਡੇ ਹੌਂਸਲੇ ਡਿੱਗਣ ਨਾ ਦਿੱਤੇ, ਜਸਟਿਸ ਕੁਲਦੀਪ ਸਿੰਘ, ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

17 ਸਾਲ ਪਹਿਲਾਂ ਜਦ ਅਸੀ ਰੋਜ਼ਾਨਾ ਸਪੋਕਸਮੈਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਤਾਂ ...

In difficult times, the persons who helped our Justice Kuldeep Singh

 

17 ਸਾਲ ਪਹਿਲਾਂ ਜਦ ਅਸੀ ਰੋਜ਼ਾਨਾ ਸਪੋਕਸਮੈਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਤਾਂ ਕੀ ਸਾਡੇ ਕੋਲ ਏਨੇ ਸਾਧਨ ਸਨ ਵੀ ਕਿ ਅਸੀ ਦਾਅਵੇ ਨਾਲ ਆਖ ਸਕਦੇ ਕਿ ਉਨ੍ਹਾਂ ਸਾਧਨਾਂ ਦੇ ਸਹਾਰੇ ਇਹ ਅਖ਼ਬਾਰ ਦੋ-ਤਿੰਨ ਸਾਲ ਲਈ ਵੀ ਚਾਲੂ ਰਖਿਆ ਜਾ ਸਕਦਾ ਸੀ? ਨਹੀਂ, ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਪੱਲੇ ਕੇਵਲ ਛੇ ਮਹੀਨੇ ਦੀਆਂ ਸੁੱਕੀਆਂ ਰੋਟੀਆਂ ਸਨ ਜਿਨ੍ਹਾਂ ਨੂੰ ਪੋਣੇ ਵਿਚ ਬੰਨ੍ਹ, ਅਸੀ ਸੜਦੇ ਲੂੰਹਦੇ ਮਾਰੂਥਲਾਂ ਵਲ ਨਿਕਲ ਪਏ ਸੀ। ਅੱਜਕਲ ਅਖ਼ਬਾਰਾਂ ਕਢਣਾ ਕਿਸੇ ਹਾਈਂ ਮਾਈਂ ਦਾ ਕੰਮ ਨਹੀਂ, ਕੇਵਲ ਅਰਬਪਤੀ ਲੋਕ ਹੀ ਕੱਢ ਸਕਦੇ ਹਨ। ਸਾਡੇ ਕੋਲ ਕੁਲ ਕਿੰਨੇ ਪੈਸੇ ਸਨ, ਇਸ ਦਾ ਪਤਾ ਹਰ ਕਿਸੇ ਨੂੰ ਸੀ।

ਸਾਡੇ ਦਫ਼ਤਰ ਵਿਚ ਵੀ, ਸਾਡੇ ਸ਼ਕਤੀਸ਼ਾਲੀ ਵਿਰੋਧੀਆਂ ਨੇ ਅਪਣੇ ਬੰਦੇ ਰਖਵਾਏ ਹੋਏ ਸਨ ਜੋ ਸਾਡੀ ਰੋਜ਼ ਦੀ ਡਾਇਰੀ, ਸਰਕਾਰ ਤਕ ਪਹੁੰਚਾ ਦੇਂਦੇ ਸਨ। ਕਈ ਵਾਰ ਡਾਢੀ ਨਿਰਾਸ਼ਾ ਵਿਚ ਵੀ ਘਿਰ ਜਾਂਦੇ ਸੀ ਪਰ ਜਸਟਿਸ ਕੁਲਦੀਪ ਸਿੰਘ ਵਰਗਾ ਕੋਈ ਸੱਜਣ ਪੁਰਸ਼ ਅਚਾਨਕ ਸਾਹਮਣੇ ਆ ਕੇ ਸਾਡਾ ਹੌਸਲਾ ਮਾਊਂਟ ਐਵਰੈਸਟ ਦੀ ਚੋਟੀ ਤੋਂ ਵੀ ਉੱਚਾ ਕਰ ਜਾਂਦਾ ਸੀ। ਲਉ ਗੱਲ ਜਸਟਿਸ ਕੁਲਦੀਪ ਸਿੰਘ ਤੋਂ ਹੀ ਸ਼ੁਰੂ ਕਰਦਾ ਹਾਂ। 

ਮੈਂ ਸੈਕਟਰ 11 ਵਿਚੋਂ ਲੰਘ ਰਿਹਾ ਸੀ ਕਿ ਅਪਣੇ ਸਾਬਕਾ ਗਵਾਂਢੀ, ਸੁਪ੍ਰੀਮ ਕੋਰਟ ਦੇ ਜੱਜ ਰਹਿ ਚੁੱਕੇ ਜਸਟਿਸ ਕੁਲਦੀਪ ਸਿੰਘ ਦਾ ਘਰ ਸਾਹਮਣੇ ਵੇਖ ਕੇ ਮੈਂ ਗੱਡੀ ਗਲੀ ਵਿਚ ਮੋੜ ਲਈ। ਜਸਟਿਸ ਕੁਲਦੀਪ ਸਿੰਘ, ਹਮੇਸ਼ਾ ਵਾਂਗ ਬੜੇ ਤਪਾਕ ਨਾਲ ਮਿਲੇ। ਹੱਸ ਕੇ ਕਹਿਣ ਲੱਗੇ, ‘‘ਬਈ ਤੁਸੀ ਤਾਂ ਕਮਾਲ ਕਰੀ ਜਾ ਰਹੇ ਓ।... ਵੈਸੇ ਸਪੋਕਸਮੈਨ ਦਾ ਹਾਲ ਚਾਲ ਕੀ ਏ?’’ 

ਮੈਂ ਕਿਹਾ, ‘‘ਜੱਜ ਸਾਹਿਬ, ਗ਼ਰੀਬਾਂ ਵਲੋਂ ਸ਼ੁਰੂ ਕੀਤੇ ਗ਼ਰੀਬ ਅਖ਼ਬਾਰ ਦਾ ਹਾਲ ਚਾਲ ਕੀ ਹੋਣੈ। ਕਮਾਲ ਇਸ ਵਿਚਾਰੇ ਨੇ ਕੀ ਕਰਨੀ ਏ, ਬਸ ਖ਼ਰਚਾ ਪੂਰਾ ਹੋ ਜਾਏ ਤਾਂ ਖ਼ੁਸ਼ ਹੋ ਜਾਂਦੇ ਹਾਂ।’’ 

ਜੱਜ ਸਾਹਿਬ ਬੋਲੇ, ‘‘ਵੇਖੋ ਸ. ਜੋਗਿੰਦਰ ਸਿੰਘ, ਤੁਸੀ ਹਲੀਮੀ ਵਜੋਂ ਅਪਣੇ ਆਪ ਨੂੰ ਭਾਵੇਂ ਛੋਟਾ ਕਰ ਕੇ ਦੱਸੋ ਪਰ ਮੈਂ 5-6 ਦੇਸ਼ਾਂ ਦਾ ਦੌਰਾ ਕਰ ਕੇ ਆਇਆ ਹਾਂ ਤੇ ਇਕ ਗੱਲ ਮੈਂ ਕਹਿ ਸਕਦਾ ਹਾਂ ਕਿ ਦਿਨ ਦੇ 24 ਘੰਟਿਆਂ ਵਿਚ ਕੋਈ ਇਕ ਕੋਈ ਇਕ ਮਿੰਟ ਵੀ ਅਜਿਹਾ ਨਹੀਂ ਹੁੰਦਾ ਜਦੋਂ ਦੁਨੀਆਂ ਵਿਚ ਕਿਧਰੇ ਨਾ ਕਿਧਰੇ, ਤੁਹਾਡੇ ਸਪੋਕਸਮੈਨ ਬਾਰੇ ਚਰਚਾ ਨਹੀਂ ਹੋ ਰਹੀ ਹੁੰਦੀ - ਇਹ ਗੱਲ ਕੋਈ ਮਹੱਤਵ ਨਹੀਂ ਰਖਦੀ ਕਿ ਚਰਚਾ ਵਿਚ ਤੁਹਾਡੇ ਹੱਕ ਵਿਚ ਵੀ ਲੋਕ ਬੋਲਦੇ ਨੇ ਤੇ ਤੁਹਾਡੇ ਵਿਰੁਧ ਵੀ। ਮੈਂ ਨਹੀਂ ਸਮਝਦਾ ਕਿ ਕਿਸੇ ਹੋਰ ਪੰਜਾਬੀ ਅਖ਼ਬਾਰ ਨੇ, ਇਸ ਤੋਂ ਪਹਿਲਾਂ ਇਹ ਰੁਤਬਾ ਪ੍ਰਾਪਤ ਕੀਤਾ ਹੋਵੇ ਤੇ ਤੁਸੀਂ ਕਹਿ ਰਹੇ ਹੋ ਕਿ ਇਹ ਗ਼ਰੀਬ ਜਿਹਾ ਅਖ਼ਬਾਰ ਹੈ! ਬਹੁਤ ਵੱਡਾ ਕੰਮ ਕਰ ਰਹੇ ਹੋ ਤੁਸੀ।’’

ਚਲੋ ਕਹਿੰਦੇ ਰਹਿਣ ਮੈਨੂੰ ‘ਪਾਗਲ’, ‘ਦਿਨੇ ਸੁਪਨੇ ਵੇਖਣ ਵਾਲਾ’ ਤੇ ‘ਵੱਡਿਆਂ ਦੀਆਂ ਰੀਸਾਂ ਕਰਨ ਵਾਲਾ’ ਜਾਂ ਕੱਢ ਲੈਣ ਹਰ ਉਹ ਗਾਲ੍ਹ ਜੋ ਉਨ੍ਹਾਂ ਨੂੰ ਚੰਗੀ ਲਗਦੀ ਹੋਵੇ ਪਰ ਸਿਆਣੇ ਲੋਕ ਵੀ ਥੋੜੇ ਤਾਂ ਨਹੀਂ ਜੋ ਮੇਰੇ ਥੋੜੇ ਨੂੰ ਬਹੁਤਾ ਜਾਣ ਕੇ ਵੀ ਪ੍ਰਵਾਨ ਕਰ ਰਹੇ ਨੇ।
ਇਸ ਸੱਭ ਕੁੱਝ ਦੇ ਪਿੱਛੇ ਵੱਡਾ ਹੱਥ ਵਾਹਿਗੁਰੂ ਤੋਂ ਬਾਅਦ ਸਾਡੇ ਪਾਠਕਾਂ ਦਾ ਹੈ ਜਿਨ੍ਹਾਂ ਨੇ ਸਪੋਕਸਮੈਨ ਦੇ ਮੋਢੇ ਨਾਲ ਮੋਢਾ ਜੋੜ ਕੇ, ਇਸ ਨੂੰ ਇਥੇ ਤਕ ਪਹੁੰਚਾਇਆ ਹੈ। ਇਹ ਮੋਢੇ ਜਦ ਤਕ ਜੁੜੇ ਰਹਿਣਗੇ, ਚਮਤਕਾਰ ਹੁੰਦੇ ਰਹਿਣਗੇ। ਮੇਰੇ ਦਿਲ ਵਿਚ ਕਈ ਖ਼ਿਆਲ ਆਉਂਦੇ ਰਹਿੰਦੇ ਨੇ ਕਿ ਫ਼ਲਾਣੀ ਚੀਜ਼ ਵੀ ਨਾਲ ਹੀ ਉਸਾਰ ਦਿਤੀ ਜਾਵੇ ਤਾਂ ਕੌਮ ਨੂੰ ਜਾਂ ਮਨੁੱਖਤਾ ਨੂੰ ਕਿੰਨਾ ਲਾਭ ਹੋ ਸਕਦਾ ਹੈ। ਇਹ ਸੁਪਨੇ ਕਦੇ ਬੰਦ ਨਹੀਂ ਹੋਣੇ।

ਇਹ ਨਿਰਾ ਪੁਰਾ ਇਕ ਚਮਤਕਾਰ ਹੀ ਸੀ ਕਿ ਜਦੋਂ ਵੀ ਅਸੀ ਸਮਝਦੇ ਸੀ ਕਿ ਇਸ ਵਾਰ ਅਸੀ ਅਖ਼ਬਾਰ ਨੂੰ ਬਚਾ ਨਹੀਂ ਸਕਾਂਗੇ (ਅਜਿਹਾ ਕਈ ਵਾਰ ਹੋਇਆ) ਤਾਂ ਪਤਾ ਨਹੀਂ ਕਿਵੇਂ ਤੇ ਕਿਥੋਂ ਕੋਈ ਗ਼ੈਬੀ ਤਾਕਤ, ਕਿਸੇ ਸਿਧੜੇ ਜਹੇ ਗ਼ਰੀਬ ਬੰਦੇ ਨੂੰ ਭੇਜ ਕੇ ਸਾਡੀ ਵਕਤੀ ਲੋੜ ਉਸ ਕੋਲੋਂ ਪੂਰੀ ਕਰਵਾ ਦਿੰਦੀ। ਉਸ ਗ਼ੈਬੀ ਸ਼ਕਤੀ ਨੇ ਸਾਨੂੰ ਵਾਧੂ ਇਕ ਪੈਸਾ ਵੀ ਕਦੇ ਨਹੀਂ ਦਿਤਾ ਪਰ ਕੰਮ ਵੀ ਕੋਈ ਨਹੀਂ ਰੁਕਣ ਦਿਤਾ। ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਵੀ ਉਹੀ ਹਾਲ ਹੈ।
ਅੱਜ 10ਵੇਂ ਸਾਲ ਦੇ ਪਹਿਲੇ ਦਿਨ ਬੜੀਆਂ ਗੱਲਾਂ ਯਾਦ ਆ ਰਹੀਆਂ ਹਨ ਜੋ ਯਾਦ ਕਰਵਾਉਂਦੀਆਂ ਹਨ ਕਿ ਇਨ੍ਹਾਂ 10 ਸਾਲਾਂ ਦੀ ਯਾਤਰਾ ਕਿੰਨੀ ਦੁਸ਼ਵਾਰੀਆਂ ਭਰੀ ਸੀ ਜਿਸ ਵਿਚ ਹਮਦਰਦ ਘੱਟ ਮਿਲਦੇ ਸਨ ਤੇ ਮੈਨੂੰ ‘ਪਾਗ਼ਲ’, ‘ਵੱਡੇ ਲੋਕਾਂ ਦੀ ਰੀਸ ਕਰ ਕੇ ਗੋਡੇ ਤੁੜਵਾ ਬੈਠੇਗਾ’, ‘‘ਐਨਾ ਵੱਡਾ ਕੰਮ ਸ਼ੁਰੂ ਕਰਨ ਵੇਲੇ ਪਹਿਲਾਂ ਅਪਣੇ ਆਪ ਵਲ ਤਾਂ ਵੇਖ ਲੈਂਦਾ ਕਿ ਤੂੰ ਹੈ ਕੀ ਏਂ’, ‘ਇਕ ਮਕਾਨ ਤੇ ਅਪਣਾ ਬਣਾ ਨਹੀਂ ਸਕਿਆ ਤੇ ਅਰਬਾਂਪਤੀ ਬਣਨ ਦੇ ਖ਼ਾਬ ਲੈਣ ਲੱਗ ਪਿਐ’ ਕਹਿਣ ਵਾਲੇ ਜ਼ਿਆਦਾ ਮਿਲਦੇ।

ਇਸ ਸਿਲਸਿਲੇ ਵਿਚ ਲੁਧਿਆਣੇ ਦੇ ਮਿਸ਼ਨਰੀ ਕਾਲਜ ਦੇ ਸਵਰਗਵਾਸੀ ਪ੍ਰਿੰਸੀਪਲ ਸਾਹਿਬ, ਕੰਵਰ ਮਹਿੰਦਰ ਪ੍ਰਤਾਪ ਸਿੰਘ ਦੀ ਯਾਦ ਆਉਂਦੀ ਹੈ ਜੋ ਮੇਰੇ ਉਨ੍ਹਾਂ ਪੰਜ ਸਾਥੀਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਰਲ ਕੇ ਵਰਲਡ ਸਿੱਖ ਕਨਵੈਨਸ਼ਨ 2003 ਬੁਲਾਈ ਸੀ। ਕਈ ਤਾਂ ਮੇਰਾ ਸਾਥ ‘ਹੁਕਮਨਾਮੇ’ ਮਗਰੋਂ ਹੀ ਛੱਡ ਗਏ ਸਨ ਪਰ ਪ੍ਰਿੰਸੀਪਲ ਸਾਹਿਬ ਆਖ਼ਰੀ ਪਲ ਤਕ ਮੇਰੇ ਸੱਚੇ ਹਮਦਰਦ ਬਣੇ ਰਹੇ। ਉਨ੍ਹਾਂ ਦਾ ਜ਼ਿਕਰ ਇਹ ਦੱਸਣ ਲਈ ਕਰ ਰਿਹਾ ਹਾਂ ਕਿ ਮੇਰੇ ਨਾਲੋਂ ਵੀ ਜ਼ਿਆਦਾ, ਮੇਰੇ ਪਾਠਕ ਤੇ ਹਮਦਰਦ ਫ਼ਿਕਰਮੰਦ ਸਨ ਕਿ ਏਨੀ ਸ਼ਾਨਦਾਰ ਪ੍ਰਾਪਤੀ ਕਿਤੇ ਹੱਥੋਂ ਨਾ ਨਿਕਲ ਜਾਏ, ਇਸ ਲਈ ਪਾਪੀਆਂ ਨਾਲ ਸਮਝੌਤਾ ਵੀ ਕਰਨਾ ਪੈ ਜਾਏ ਤਾਂ ਕਰ ਲੈਣਾ ਚਾਹੀਦੈ ਪਰ ਇਹ ਵਧੀਆ ਅਖ਼ਬਾਰ ਬੰਦ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਇਕ ਵਾਰ ਬੰਦ ਹੋ ਗਿਆ ਤਾਂ ਫਿਰ ਸੌ ਸਾਲ ਕਿਸੇ ਨੇ ਕੱਢਣ ਦੀ ਹਿੰਮਤ ਨਹੀਂ ਕਰਨੀ। ਇਕ ਦਿਨ ਮੈਨੂੰ ਕਹਿਣ ਲੱਗੇ, ‘‘ਮੇਰਾ ਖ਼ਿਆਲ ਏ, ਤੁਸੀ ਅਕਾਲ ਤਖ਼ਤ ਦੇ ਪੁਜਾਰੀਆਂ ਕੋਲ ਦੋ ਮਿੰਟ ਲਈ ਜਾ ਹੀ ਆਉ।’’

ਮੈਂ ਕਿਹਾ, ‘‘ਇਹ ਤੁਸੀ ਕਹਿ ਰਹੇ ਓ ਪ੍ਰਿੰਸੀਪਲ ਸਾਹਿਬ?’’

ਕਹਿਣ ਲੱਗੇ, ‘‘ਉਥੇ ਜਾਣਾ ਹੈ ਤਾਂ ਗ਼ਲਤ ਪਰ ਬੜੀ ਮੁਸ਼ਕਲ ਨਾਲ ‘ਸਪੋਕਸਮੈਨ’ ਹੋਂਦ ਵਿਚ ਆ ਸਕਿਐ। ਇਹੋ ਜਿਹਾ ਅਖ਼ਬਾਰ ਬੰਦ ਹੋ ਗਿਆ ਤਾਂ ਸੌ ਸਾਲ ਫਿਰ ਕਿਸੇ ਨੇ ਨਹੀਂ ਕੱਢ ਸਕਣਾ। ਤੁਸੀ ਬੜਾ ਵਧੀਆ ਮੁਕਾਬਲਾ ਕਰੀ ਜਾ ਰਹੇ ਓ ਪਰ ਮੇਰੇ ਦਿਲ ਨੂੰ ਹਰ ਵੇਲੇ ਧੁੜਕੂ ਲੱਗਾ ਰਹਿੰਦੈ, ਸਿੱਖਾਂ ਦੇ ਇਸ ਬੇਮਿਸਾਲ ਅਖ਼ਬਾਰ ਨੂੰ ਕੁੱਝ ਹੋ ਨਾ ਜਾਏ। ਸੋ ਕੋਈ ਹਰਜ ਨਹੀਂ ਜੇ ਨੀਤੀ ਵਜੋਂ ਤੁਸੀ ਉਨ੍ਹਾਂ ਦੀ ਹਉਮੈ ਨੂੰ ਵੀ ਪੱਠੇ ਪਾ ਆਉ ਤੇ ਅਪਣਾ ਅਸੂਲ ਵੀ ਨਾ ਛੱਡੋ। ਵਾਪਸ ਆ ਕੇ ਪਾਠਕਾਂ ਨੂੰ ਸਮਝਾ ਸਕਦੇ ਹੋ ਕਿ ਅਖ਼ਬਾਰ ਨੂੰ ਬਚਾਣ ਲਈ ਇਹ ਰਾਹ ਫੜਨਾ ਪਿਆ ਪਰ ਤੁਸੀ ਪਹਿਲਾਂ ਵਾਂਗ, ਪੁਜਾਰੀਵਾਦ ਨੂੰ ਮਾਨਤਾ ਦੇਣ ਤੋਂ ਇਨਕਾਰੀ ਹੋਏ ਰਹੋਗੇ ਤੇ ਸਿਧਾਂਤ ਨੂੰ ਨਹੀਂ ਛੱਡੋਗੇ। ਅਖ਼ਬਾਰ ਨੂੰ ਪਿਆਰ ਕਰਨ ਵਾਲੇ ਪਾਠਕ, ਤੁਹਾਡੀ ਮਜਬੂਰੀ ਨੂੰ ਸਮਝ ਜਾਣਗੇ।’’

ਮੈਂ ਹੱਸ ਕੇ ਕਿਹਾ, ‘‘ਇਹੀ ਸਿਆਣਪਾਂ ਤਾਂ ਮੈਨੂੰ ਮੇਰੀ ਮਾਂ ਨੇ ਮੈਨੂੰ ਸਿਖਾਈਆਂ ਨਹੀਂ ਸਨ। ਪਰ ਤੁਸੀ ਫ਼ਿਕਰ ਨਾ ਕਰੋ, ਅਖ਼ਬਾਰ ਦੀ ਇਨਸ਼ੋਰੈਂਸ ਮੈਂ ਬਾਬੇ ਨਾਨਕ ਕੋਲੋਂ ਕਰਵਾ ਲਈ ਏ ਤੇ ਹੁਣ ਇਹ ਚਿੰਤਾ ਬਾਬੇ ਨਾਨਕ ਦੀ ਹੈ, ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਪਰ ਜੇ ਅਖ਼ਬਾਰ ਬੰਦ ਵੀ ਹੋ ਜਾਂਦੈ ਤਾਂ ਹੋਣ ਦਿਉ, ਸਾਡੀ ਡਿਊਟੀ, ਸਿਧਾਂਤ ਉਤੇ ਪਹਿਰਾ ਦੇਣ ਦੀ ਲੱਗੀ ਸੀ ਤੇ ਸਾਨੂੰ ਉਸ ਜ਼ਿੰਮੇਵਾਰੀ ਵਲ ਹੀ ਧਿਆਨ ਟਿਕਾਈ ਰਖਣਾ ਚਾਹੀਦੈ।’’