ਔਖੇ ਵੇਲੇ ਜਿਨ੍ਹਾਂ ਸਾਡਾ ਉਤਸ਼ਾਹ ਬਣਾਈ ਰੱਖਿਆ ਮਹਾਨ ਸਾਇੰਸਦਾਨ ਡਾ. ਕਪਾਨੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਨੇ ਸਪੋਕਸਮੈਨ ਨੂੰ ਹਰ ਮਹੀਨੇ 10 ਹਜ਼ਾਰ ਡਾਲਰ ਦੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਪਰ ਅਸੀ ਪ੍ਰਵਾਨ ਨਾ ਕਰ ਸਕੇ ਕਿਉਂਕਿ...

Dr narinder singh kapani

 

ਪਹਿਲੀ ਵਾਰ ਜਦ ਮੈਂ ਅਮਰੀਕਾ ਗਿਆ (ਉਦੋਂ ਅਜੇ ਅਖ਼ਬਾਰ ਨਹੀਂ ਸੀ ਨਿਕਲੀ, ਕੇਵਲ ਸਪੋਕਸਮੈਨ ਮੈਗਜ਼ੀਨ ਹੀ ਛਪਦਾ ਸੀ) ਤਾਂ ਅਮਰੀਕਾ ਵਿਚ ਮੇਰਾ ਇਕ ਵੀ ਵਾਕਫ਼ਕਾਰ ਨਹੀਂ ਸੀ ਜਿਸ ਨੂੰ ਮੈਂ ਪਹਿਲਾਂ ਕਦੇ ਮਿਲਿਆ ਹੋਵਾਂ। ਬੜਾ ਡਰ ਲਗਦਾ ਸੀ ਕਿ ਉਥੇ ਜਾ ਕੇ ਪਤਾ ਨਹੀਂ ਕੋਈ ਮਿਲੇ ਵੀ ਜਾਂ ਨਾ ਤੇ....। ਮੈਂ ਕੇਵਲ ਅਪਣਾ ਰਜਿਸਟਰ ਚੁਕਿਆ ਤੇ ਉਨ੍ਹਾਂ ਸਾਰੇ ਪਾਠਕਾਂ ਨੂੰ ਚਿੱਠੀਆਂ ਲਿਖ ਦਿਤੀਆਂ ਜੋ ਡਾਕ ਰਾਹੀਂ ਅਮਰੀਕਾ ਵਿਚ ਪਰਚਾ ਮੰਗਵਾਉਂਦੇ ਸਨ ਕਿ ‘‘ਅਗਲੇ ਮਹੀਨੇ ਮੈਂ ਅਮਰੀਕਾ ਆ ਰਿਹਾ ਹਾਂ, ਆਪ ਨਾਲ ਮੁਲਾਕਾਤ ਹੋ ਸਕੀ ਤਾਂ ਬੜੀ ਖ਼ੁਸ਼ੀ ਹੋਵੇਗੀ।’’  ਮੇਰੇ ਕੋਲ ਇਕ ਦੋ ਨੂੰ ਛੱਡ ਕੇ, ਕਿਸੇ ਪਾਠਕ ਦਾ ਟੈਲੀਫ਼ੋਨ ਨੰਬਰ ਵੀ ਨਹੀਂ ਸੀ। 
ਪਰ ਅਮਰੀਕਾ ਪਹੁੰਚਦਿਆਂ ਹੀ ਮੈਨੂੰ ਲੱਗਾ ਕਿ ਅਮਰੀਕਾ ਦਾ ਹਰ ਸਿੱਖ ਮੈਨੂੰ ਜਾਣਦਾ ਹੈ ਤੇ ਮਿਲਣਾ ਵੀ ਚਾਹੁੰਦਾ ਹੈ। ਕਾਰਨ? ਮੇਰੀਆਂ ਲਿਖਤਾਂ ਪੜ੍ਹਨ ਮਗਰੋਂ ਉਨ੍ਹਾਂ ਨੂੰ ਲਗਦਾ ਸੀ ਕਿ ਮੈਂ ਕੋਈ 8 ਫ਼ੁਟ ਉੱਚਾ ਲੰਮਾ ‘ਟਾਰਜ਼ਨ’ ਹਾਂ ਜੋ ਸਰਕਾਰਾਂ ਤੇ ਪੁਜਾਰੀਆਂ ਨੂੰ ਇਕੋ ਸਮੇਂ, ਖ਼ਾਲੀ ਹੱਥ ਹੋ ਕੇ ਵੀ, ਵੰਗਰਾਨ ਦੀ ਤਾਕਤ ਰਖਦਾ ਹੈ। ਹਰ ਥਾਂ ਇਹ ਗੱਲ ਉਨ੍ਹਾਂ ਨੂੰ ਮੇਰੇ ਬਾਰੇ ਕਹਿੰਦਿਆਂ ਵੀ ਮੈਂ ਸੁਣਿਆ।

ਸੋ ਮੈਨੂੰ ਥਾਂ ਥਾਂ ਤੋਂ ਸੱਦੇ ਮਿਲਣ ਲੱਗ ਪਏ ਕਿ ਮੈਂ ਉਨ੍ਹਾਂ ਕੋਲ ਇਕ ਦਿਨ ਲਈ ਜ਼ਰੂਰ ਆਵਾਂ। ਮੈਂ ਬਹੁਤ ਜ਼ਿਆਦਾ ਅਮੀਰ ਸਿੱਖਾਂ ਨੂੰ ਜਾਣ ਬੁੱਝ ਕੇ ਮਿਲਣ ਤੋਂ ਇਨਕਾਰ ਕਰ ਦੇੇਂਦਾ ਸੀ ਕਿਉਂਕਿ ਮੈਂ ਜਾਣ ਚੁੱਕਾ ਸੀ ਕਿ ਅਮੀਰ ਸਿੱਖ ਸਿਰਫ਼ ਅਪਣੀ ਟੌਹਰ ਵਿਖਾਣ ਲਈ ਸਾਨੂੰ ਬੁਲਾਉਂਦੇ ਸਨ ਵਰਨਾ ਉਨ੍ਹਾਂ ਨੂੰ ਸਿੱਖੀ ਜਾਂ ਇਸ ਦੇ ਪ੍ਰਚਾਰ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ। ਪਰ ਜੇ ਕਿਸੇ ਵਿਦਵਾਨ ਜਾਂ ਸਚਮੁਚ ਦਾ ਚੰਗਾ ਕੰਮ ਕਰਨ ਵਾਲੇ ਕਿਸੇ ਸੱਜਣ ਦਾ ਜ਼ਿਕਰ ਮੇਰੇ ਸਾਹਮਣੇ ਹੁੰਦਾ ਤਾਂ ਮੈਂ ਭੱਜ ਕੇ ਉਸ ਨੂੰ ਮਿਲਣ ਚਲਾ ਜਾਂਦਾ। 

ਇਕ ਅਜਿਹਾ ਬੰਦਾ ਜਿਸ ਨੂੰ ਮੈਂ ਆਪ ਮਿਲਣਾ ਚਾਹੁੰਦਾ ਸੀ, ਉਹ ਸੀ ਦੁਨੀਆਂ ਦਾ ਪਹਿਲਾ ਸਿੱਖ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਜਿਸ ਦੀ ਵਿਗਿਆਨਕ ਖੋਜ ਸਦਕਾ ਇਕ ਵਾਰ ਉਸ ਦਾ ਨਾਂ ਨੋਬਲ ਪ੍ਰਾਈਜ਼ ਦੇਣ ਲਈ ਵੀ ਚੁਣ ਲਿਆ ਗਿਆ ਸੀ ਪਰ ਆਖ਼ਰੀ ਮੌਕੇ ਇਕ ਦੂਜਾ ਸਾਇੰਸਦਾਨ ਨੋਬਲ ਪ੍ਰਾਈਜ਼ ਅਪਣੇ ਨਾਂ ਕਰਾਉਣ ਵਿਚ ਸਫ਼ਲ ਹੋ ਗਿਆ। ਅੰਤਰ ਰਾਸ਼ਟਰੀ ਪੱਧਰ ਉਤੇ ਵੀ ਇਹੋ ਜਹੀ ਹੇਰਾਫੇਰੀ ਹੁੰਦੀ ਹੀ ਰਹਿੰਦੀ ਹੈ।  ਨਰਿੰਦਰ ਸਿੰਘ ਕਪਾਨੀ ਨੂੰ ਸਾਇੰਸ ਦੀ ਦੁਨੀਆਂ ਵਿਚ ‘ਲੇਜ਼ਰ ਆਪਟਿਕਸ’ ਦਾ ਪਿਤਾਮਾ ਕਿਹਾ ਜਾਂਦਾ ਹੈ। ਅੱਜ ਇੰਟਰਨੈੱਟ ਰਾਹੀਂ ਤੇਜ਼ ਰਫ਼ਤਾਰ ਦਸਤਾਵੇਜ਼ ਤੇ ਫ਼ਿਲਮਾਂ ਭੇਜ ਕੇ ਜੋ ਅਨੰਦ ਅਸੀ ਲੈ ਰਹੇ ਹਾਂ, ਇਹ ਡਾ. ਕਪਾਨੀ ਦੀ ਖੋਜ ਸਦਕਾ ਹੀ ਸੰਭਵ ਹੋਇਆ ਹੈ। ਅੱਜ ਡਾਕਟਰ ਲੋਕ ‘ਐਂਡੋਸਕੋਪੀ’ ਰਾਹੀਂ ਸਾਡੇ ਸ੍ਰੀਰ ਦੇ ਅੰਦਰ ਦੀ ਜਿਹੜੀ ਜਾਂਚ ਕਰ ਲੈਂਦੇ ਹਨ, ਉਹ ਵੀ ਡਾ. ਕਪਾਨੀ ਦੀ ਖੋਜ ਸਦਕਾ ਹੀ ਸੰਭਵ ਹੋਇਆ ਹੈ। ਮੈਨੂੰ ਇਹ ਵੀ ਪਤਾ ਸੀ ਕਿ ਡਾ. ਕਪਾਨੀ ਸਿੱਖ ਧਰਮ ਵਿਚ ਬੜੇ ਪੱਕੇ ਸਨ ਤੇ ਅਮਰੀਕੀ ਯੂਨੀਵਰਸਟੀਆਂ ਵਿਚ ਸਿੱਖੀ ਦੀਆਂ ਚੇਅਰਾਂ ਕਾਇਮ ਕਰ ਕੇ, ਸਿੱਖੀ ਦਾ ਵੱਡਾ ਪ੍ਰਚਾਰ ਵੀ ਕਰ ਰਹੇ ਸਨ। ਮੈਂ ਡਾ. ਕਪਾਨੀ ਨੂੰ ਇਕ ਵਾਰ ਜ਼ਰੂਰ ਮਿਲਣਾ ਚਾਹੁੰਦਾ ਸੀ ਪਰ ਮੈਨੂੰ ਕੋਈ ਵੀ ਅਜਿਹਾ ਬੰਦਾ ਨਾ ਮਿਲ ਸਕਿਆ ਜੋ ਡਾ. ਕਪਾਨੀ ਨਾਲ ਮੈਨੂੰ ਮਿਲਵਾ ਸਕੇ ਜਾਂ ਮਿਲਣ ਦਾ ਅਤਾ ਪਤਾ ਜਾਣਦਾ ਹੋਵੇ।

 ਮੈਂ ਅਮਰੀਕੀ ਯਾਤਰਾ ਪੂਰੀ ਕਰ ਕੇ ਇੰਗਲੈਂਡ ਵਾਪਸ ਆ ਗਿਆ। ਇਕ ਦਿਨ ਅਚਾਨਕ ਮੇਰਾ ਫ਼ੋਨ ਖੜਕਿਆ ਤਾਂ ਦੂਜੇ ਪਾਸਿਉਂ ਸੰਸਾਰ ਪ੍ਰਸਿੱਧ ਵਿਗਿਆਨੀ ਆਪ ਬੋਲ ਰਿਹਾ ਸੀ, ‘‘ਸ. ਜੋਗਿੰਦਰ ਸਿੰਘ ਜੀ, ਮੈਂ ਨਰਿੰਦਰ ਸਿੰਘ ਕਪਾਨੀ ਹਾਂ, ਤੁਹਾਨੂੰ ਮਿਲਣ ਲਈ ਖਾਸ ਤੌਰ ਉਤੇ ਅਮਰੀਕਾ ਤੋਂ ਇੰਗਲੈਂਡ ਆਇਆ ਹਾਂ ਕਿਉਂਕਿ ਜਿਸ ਦਿਨ ਮੈਨੂੰ ਤੁਹਾਡੇ ਅਮਰੀਕਾ ਆਉਣ ਦਾ ਪਤਾ ਲੱਗਾ, ਉਸ ਦਿਨ ਤੁਸੀ ਅਮਰੀਕਾ ਤੋਂ ਜਾ ਚੁੱਕੇ ਸੀ। ਫਿਰ ਮੈਂ ਕਈ ਥਾਵਾਂ ਤੋਂ ਪਤਾ ਕਰਵਾ ਕੇ ਤੁਹਾਡਾ ਇੰਗਲੈਂਡ ਦਾ ਪਤਾ ਤੇ ਫ਼ੋਨ ਨੰਬਰ ਲਭਿਆ।’’

ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਸੀ ਕਿ ਸੰਸਾਰ ਦਾ ਬਹੁਤ ਵੱਡਾ ਸਾਇੰਸਦਾਨ ਮੈਨੂੰ ਮਿਲਣਾ ਚਾਹੁੰਦਾ ਸੀ ਜਦਕਿ ਮੈਂ ਤਾਂ ਇਕ ਮਾਸਕ ਪਰਚੇ ਦਾ ਹੀ ਐਡੀਟਰ ਸੀ ਤੇ ਡਾ. ਕਪਾਨੀ ਨੂੰ ਕਦੇ ਨਹੀਂ ਸੀ ਮਿਲਿਆ, ਨਾ ਕਦੇ ਉਨ੍ਹਾਂ ਨਾਲ ਫ਼ੋਨ ਉਤੇ ਹੀ ਕੋਈ ਗੱਲ ਹੋਈ ਸੀ। 
ਫਿਰ ਆਪ ਹੀ ਬੋਲੇ, ‘‘ਕੀ ਅਸੀ ਅੱਜ ਮਿਲ ਸਕਦੇ ਹਾਂ?’’
ਮੈਂ ਝੱਟ ਹਾਂ ਕਹਿ ਦਿਤੀ ਤਾਂ ਬੋਲੇ, ‘‘ਮੇਰੇ ਫ਼ਲੈਟ ਤੇ ਆ ਸਕਦੇ ਹੋ? ’’
ਮੈਂ ਦਸਿਆ ਕਿ ਮੈਨੂੰ ਇੰਗਲੈਂਡ ਬਾਰੇ ਬਹੁਤਾ ਕੁੱਝ ਨਹੀਂ ਪਤਾ....
ਬੋਲੇ, ‘‘ਤੁਸੀ ਅਪਣੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਉ। ਮੇਰੇ ਸ਼ਹਿਰ ਦਾ ਨਾਂ ਦਸ ਕੇ, (ਉਹ ਨਾਂ ਹੁਣ ਮੈਨੂੰ ਯਾਦ ਨਹੀਂ ਆ ਰਿਹਾ) ਟਿਕਟ ਖਿੜਕੀ ਤੋਂ ਟਿਕਟ ਲੈ ਲਉ ਤੇ ਗੱਡੀ ਵਿਚ ਬੈਠਣ ਮਗਰੋਂ ਕਿਤੇ ਨਹੀਂ ਉਤਰਨਾ, ਸਿੱਧਾ ਮੇਰੇ ਸ਼ਹਿਰ ਦੇ ਸਟੇਸ਼ਨ ਤੇ ਗੱਡੀ ਵਿਚੋਂ ਉਤਰ ਕੇ ਬਾਹਰ ਖੜੀ ਕੋਈ ਟੈਕਸੀ ਲੈ ਕੇ ਉਸ ਨੂੰ ਕਹਿਣਾ ਹੈ ਕਿ 10 ਪਿ੍ਰੰਸ  ਸਟਰੀਟ ਤੇ ਉਤਾਰ ਦੇਵੇ। ਕੇਵਲ ਤਿੰਨ ਪੌਂਡ ਲੱਗਣਗੇ।’’

ਮੈਂ ਪਿ੍ਰੰਸ ਸਟਰੀਟ ਪਹੁੰਚ ਕੇ ਘੰਟੀ ਵਜਾਈ। ਡਾ. ਕਪਾਨੀ ਆਪ ਹੀ ਸਾਹਮਣੇ ਖੜੇ ਸਨ। ਅੰਦਰ ਲੈ ਗਏ। ਸਪੋਕਸਮੈਨ ਬਾਰੇ ਕੁੱਝ ਜਾਣਕਾਰੀ ਲੈਣ ਮਗਰੋਂ, ਮੈਨੂੰ ਰਸੋਈ ਵਿਚ ਲੈ ਗਏ। ਆਪ ਸਾਰਾ ਖਾਣਾ ਤਿਆਰ ਕੀਤਾ ਤੇ ਪਲੇਟਾਂ ਵਿਚ ਪਾ ਕੇ ਵਾਪਸ ਬੈਠਕ ਵਿਚ ਆ ਕੇ ਅਸੀ ਦੁਹਾਂ ਨੇ ਖਾਧਾ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਇੰਗਲੈਂਡ ਵਿਚ ਇਹ ਫ਼ਲੈਟ ਇਸ ਲਈ ਲੈ ਰਖਿਆ ਹੈ ਕਿ ਜਦੋਂ ਕਦੇ ਇਕਾਂਤਵਾਸ ਹੋ ਕੇ ਕੰਮ ਕਰਨਾ ਹੋਵੇ ਤਾਂ ਅਮਰੀਕਾ ਤੋਂ ਇਥੇ ਆ ਕੇ ਦੋ ਚਾਰ ਦਿਨ ਇਕਾਂਤ ਵਿਚ ਬੈਠ ਕੇ ਕੰਮ ਮੁਕਾ ਲਵਾਂ।’’
ਕੁੱਝ ਏਧਰ ਔਧਰ ਦੀਆਂ ਗੱਲਾਂ ਕਰਨ ਮਗਰੋਂ ਬੋਲੇ, ‘‘ਤੁਹਾਡੀ ਐਡੀਟਰੀ ਹੇਠ ਸਪੋਕਸਮੈਨ, ਦੁਨੀਆਂ ਭਰ ਦੇ ਸਿੱਖਾਂ ਦਾ ਚਹੇਤਾ ਪਰਚਾ ਬਣ ਗਿਆ ਹੈ। ਇਹ ਰੁਤਬਾ ਪਹਿਲਾਂ ਕਿਸੇ ਸਿੱਖ ਪਰਚੇ ਨੂੰ ਨਹੀਂ ਸੀ ਮਿਲ ਸਕਿਆ। ਮੈਂ ਵੀ ਤੁਹਾਡਾ ਜ਼ਬਰਦਸਤ ਪ੍ਰਸ਼ੰਸਕ ਹਾਂ। ਜੇ ਮੈਨੂੰ ਦੱਸ ਸਕੋ ਤਾਂ ਮੈਂ ਜਾਣਨਾ ਚਾਹਾਂਗਾ, ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ?
ਮੈਂ ਕਿਹਾ, ‘‘ਮੈਂ ਇਸ ਨੂੰ ਰੋਜ਼ਾਨਾ ਅਖ਼ਬਾਰ ਬਣਾਉਣਾ ਚਾਹੁੰਦਾ  ਹਾਂ।’’
ਕੁੱਝ ਸੋਚ ਕੇ ਬੋਲੇ, ‘‘ਤੁਸੀ ਅਜੇ ਨੌਜੁਆਨ ਹੋ। ਕਾਹਲੀ ਨਾ ਕਰੋ। ਵਕਤ ਦੀ ਸਰਕਾਰ ਵੀ ਤੁਹਾਡੇ ਖ਼ਿਲਾਫ਼ ਹੈ ਤੇ ਪੁਜਾਰੀ ਵਰਗ ਵੀ ਤੁਹਾਡਾ ਜਾਨੀ ਦੁਸ਼ਮਣ ਹੈ। ਏਧਰੋਂ ਵਿਹਲੇ ਹੋ ਕੇ ਅਖ਼ਬਾਰ ਕੱਢੋ ਤਾਂ ਸਾਰੀ ਤਾਕਤ ਅਖ਼ਬਾਰ ਉਤੇ ਲਗਾ ਸਕੋਗੇ। ਹਾਲੇ ਕੁੱਝ ਸਾਲ ਹੋਰ, ਮੈਗਜ਼ੀਨ ਨੂੰ ਹੀ ਸੰਸਾਰ ਦੇ ਵੱਡੇ ਅੰਗਰੇਜ਼ੀ ਰਸਾਲਿਆਂ ਵਰਗਾ ਬਣਾਉ। ਤੁਸੀ ਬਣਾ ਸਕਦੇ ਹੋ। ਪੈਸੇ ਦਾ ਪ੍ਰਬੰਧ ਹੋ ਜਾਏਗਾ। ਬਾਕੀ ਜਿਵੇਂ ਤੁਸੀ ਠੀਕ ਸਮਝੋ।’’
ਟੈਕਸੀ ਆ ਗਈ ਤੇ ਮੈਂ ਵਾਪਸ ਅਪਣੇ ਟਿਕਾਣੇ ਤੇ ਪੁਜ ਗਿਆ। ਹਰ ਥਾਂ ਜਿਥੇ ਮੈਨੂੰ ਬੁਲਾਇਆ ਜਾਂਦਾ ਸੀ, 500 ਪੌਂਡ ਜਾਂ ਡਾਲਰ ਤਾਂ ਜ਼ਰੂਰ ਦੇ ਹੀ ਦੇੇਂਦੇ ਸਨ ਪਰ ਇਥੋਂ ਖ਼ਾਲੀ ਹੱਥ ਹੀ ਪਰਤਿਆ। 

ਮੈਂ ਵਾਪਸ ਭਾਰਤ ਆ ਗਿਆ। ਸ. ਨਰਿੰਦਰ ਸਿੰਘ ਕਪਾਨੀ ਨੇ ਮੇਰੇ ਬਾਰੇ ਕੁੱਝ ਹੋਰ ਲੋਕਾਂ ਤੋਂ ਵੀ ਜਾਣਕਾਰੀ ਮੰਗੀ। ਖ਼ਾਸ ਤੌਰ ਉਤੇ ਰੀਟਾਇਰਡ ਸਿੱਖ ਅਫ਼ਸਰਾਂ ਦੀ ਜਥੇਬੰਦੀ ਇੰਸਟੀਚੂਟ ਆਫ਼ ਸਿੱਖ ਸਟੱਡੀਜ਼ ਮੋਹਾਲੀ ਦੇ ਪੁੁਰਾਣੇ ਜਾਣਕਾਰਾਂ ਨਾਲ ਲੰਮੀ ਗੱਲਬਾਤ ਕਰਨ ਮਗਰੋਂ ਉਨ੍ਹਾਂ ਨੇ ਐਲਾਨ ਕਰ ਦਿਤਾ ਕਿ ਉਹ ਹਰ ਮਹੀਨੇ 10 ਹਜ਼ਾਰ ਡਾਲਰ ਸਪੋਕਸਮੈਨ ਨੂੰ ਦਿਆ ਕਰਨਗੇ ਤਾਕਿ ਸਪੋਕਸਮੈਨ ਮੈਗਜ਼ੀਨ ਨੂੰ ਸ਼ਕਲੋਂ ਸੂਰਤੋਂ ਸੰਸਾਰ ਦੇ ਬੇਹਤਰੀਨ ਪਰਚਿਆਂ ਵਰਗਾ ਬਣਾ ਦਿਤਾ ਜਾਏ ਤੇ ਫਿਰ ਅਗਲਾ ਪ੍ਰੋਗਰਾਮ ਉਲੀਕਿਆ ਜਾਏ। ਇਥੋਂ ਤਕ ਤਾਂ ਠੀਕ ਸੀ ਪਰ ਅਗਲੀ ਗੱਲ ਨੇ ਮੈਨੂੰ ਪ੍ਰੇਸ਼ਾਨ ਕਰ ਦਿਤਾ ਕਿ ਪੈਸਾ ਇੰਸਟੀਚੂਟ ਆਫ਼ ਸਿੱਖ ਸਟਡੀਜ਼ ਦੀ ਮਾਰਫ਼ਤ ਭੇਜਿਆ ਜਾਂਦਾ ਰਹੇਗਾ ਤੇ ਇੰਸਟੀਚੂਟ ਦੀ ਨਿਗਰਾਨੀ ਹੇਠ ਹੀ ਮਾਸਕ ਸਪੋਕਸਮੈਨ ਨੂੰ ਅਮਰੀਕੀ ਰਸਾਲਿਆਂ ਵਰਗਾ ਰਸਾਲਾ ਬਣਾਇਆ ਜਾਵੇਗਾ। 
ਮੈਂ ਸਮਝ ਗਿਆ ਕਿ ਇੰਸਟੀਚੂਟ ਇਸ ਬਹਾਨੇ ਪਰਚੇ ਨੂੰ ਅਪਣੇ ਕਾਬੂ ਹੇਠ ਕਰਨਾ ਚਾਹੁੰਦੀ  ਹੈ ਤੇ ਮੇਰੇ ਉਤੇ ਕਾਠੀ ਪਾਈ ਰੱਖਣ ਲਈ ਡਾ. ਕਪਾਨੀ ਨਾਲ ਅਪਣੀ ਨੇੜਤਾ ਨੂੰ ਵਰਤ ਰਹੀ ਹੈ। ਹਰ ਮਹੀਨੇ 10 ਹਜ਼ਾਰ ਡਾਲਰ ਬਹੁਤ ਵੱਡੀ ਰਕਮ ਸੀ ਉਸ ਵੇਲੇ ਪਰ ਜਦ ਇੰਸਟੀਚੂਟ ਵਲੋਂ ਮੈਨੂੰ ਵਧਾਈਆਂ ਦਿਤੀਆਂ ਗਈਆਂ ਤਾਂ ਮੈਂ ਝੱਟ ਪਰਚੇ ਵਿਚ ਇਕ ਨੋਟ ਦੇ ਦਿਤਾ ਕਿ, ‘‘ਕਪਾਨੀ ਸਾਹਿਬ ਦਾ ਧਨਵਾਦ ਪਰ ਜੋ ਕੋਈ ਵੀ ਸਾਡੀ ਮਦਦ ਕਰਨਾ ਚਾਹੁੰਦਾ ਹੈ,  ਸਿੱਧੀ ਗੱਲ ਸਾਡੇ ਨਾਲ ਕਰੇ ਕਿਉਂਕਿ ਅਸੀ ਕਿਸੇ ਵਿਚੋਲੇ ਰਾਹੀਂ ਕੋਈ ਮਦਦ ਨਹੀਂ ਲੈਂਦੇ।’’

ਪ੍ਰਤੱਖ ਹੈ ਕਿ ਇੰਸਟੀਚੂਟ ਵਾਲੇ ਤਾਂ ਔਖੇ ਹੋ ਹੀ ਗਏ ਤੇ ਉਨ੍ਹਾਂ ਨੇ ਕਪਾਨੀ ਸਾਹਿਬ ਨੂੰ ਵੀ ਪਤਾ ਨਹੀਂ ਕੀ ਕੁੱਝ ਆਖਿਆ ਕਿ ਕਪਾਨੀ ਸਾਹਿਬ ਵੀ ਮੇਰੀ ਇਸ ‘ਕੌੌੜੀ ਗੱਲ’ ਤੋਂ ਨਾਰਾਜ਼ ਹੋ ਗਏ ਤੇ ਉਸ ਤੋਂ ਬਾਅਦ ਸਾਡਾ ਰਾਬਤਾ ਹਮੇਸ਼ਾ ਲਈ ਟੁਟ ਗਿਆ। ਮੇਰੀ ਸਮੱਸਿਆ ਇਹ ਸੀ ਕਿ ਮੈਂ ਇਕ ਵਖਰੇ ਕਿਸਮ ਦੀ 100 ਫ਼ੀ ਸਦੀ ਆਜ਼ਾਦ ਪੱਤਰਕਾਰੀ ਦੇ ਕੇ ਹੀ ਸਫ਼ਲ ਹੋਇਆ ਸੀ ਪਰ ਕਈ ਲੋਕ ਸਨ ਜੋ ਵੱਡਾ ਪੈਸਾ ਵਿਖਾ ਕੇ ਪਰਚੇ/ਅਖ਼ਬਾਰ ਦੀਆਂ ਕੀਤੀਆਂ ਉਤੇ ਆਪ ਕਾਬਜ਼ ਹੋਣਾ ਚਾਹੁੰਦੇ ਸਨ। ਮੈਂ ਪੈਸਾ ਕੁਰਬਾਨ ਕਰ ਦਿਤਾ ਪਰ ‘ਸਪੋਕਸਮੈਨ’ ਦੀਆਂ ਆਜ਼ਾਦ ਨੀਤੀਆਂ ਦੀ ਲਗਾਮ ਕਿਸੇ ਹੋਰ ਦੇ ਹੱਥ ਫੜਾਉਣ ਲਈ ਕਦੇ ਤਿਆਰ ਨਾ ਹੋਇਆ। ਮੈਨੂੰ ਬੜਿਆਂ ਨੇ ਮਗਰੋਂ ਦਸਿਆ ਕਿ ਜੇ ਮੈਂ ਇੰਸਟੀਚੂਟ ਨੂੰ ਨਰਾਜ਼ ਨਾ ਕਰਦਾ ਤਾਂ ਕਪਾਨੀ ਸਾਹਿਬ ਰੋਜ਼ਾਨਾ ਅਖ਼ਬਾਰ ਲਈ ਲੋੜੀਂਦਾ ਸਾਰਾ ਪੈਸਾ ਅਪਣੇ ਕੋਲੋਂ ਦੇਣ ਦੀ ਤਿਆਰੀ ਕਰ ਬੈਠੇ ਸਨ। ਮੈਨੂੰ ਉਸ ਦਾ ਕੋਈ ਅਫ਼ਸੋਸ ਨਹੀਂ। ‘ਉੱਚਾ ਦਰ ਬਾਬੇ ਨਾਨਕ ਦਾ’ ਬਾਰੇ ਵੀ ਮੇਰੀ ਉਹੀ ਨੀਤੀ ਹੈ। ਅਮੀਰ ਲੋਕ ਮੈਨੂੰ ਪੈਸਾ ਵਿਖਾ ਕੇ ਇਸ ਵਿਚ ਅਪਣੀ ਮਨਮਰਜ਼ੀ ਘਸੋੜਨਾ ਚਾਹੁੰਦੇ ਹਨ। ਮੈਂ ਸਾਫ਼ ਨਾਂਹ ਕਰ ਦੇਂਦਾ ਹਾਂ। ਉਹ ਨਾਰਾਜ਼ ਹੋ ਜਾਂਦੇ ਹਨ ਪਰ ਮੈਂ ਕੀ ਕਰ ਸਕਦਾ ਹਾਂ? ਪੂਰੀ ਤਰ੍ਹਾਂ ਨਿਸ਼ਕਾਮ ਭਾਵਨਾ ਨਾਲ ਜਿਸ ਆਦਰਸ਼ ਨੂੰ ਸਮਰਪਿਤ ਹੋ ਕੇ ਮੈਂ ਅਖ਼ਬਾਰ ਤੇ ‘ਉੱਚਾ ਦਰ’ ਦਾ ਸੁਪਨਾ ਲੋਕਾਂ ਨੂੰ ਵਿਖਾਇਆ ਸੀ, ਉਸ ਨਾਲ ਹਰ ਛੇੜਛਾੜ ਨੂੰ ਰੋਕਣਾ ਤਾਂ ਮੇਰਾ ਧਰਮ ਹੈ, ਪੈਸੇ ਵੇਖ ਕੇ ਇਸ ਧਰਮ ਨੂੰ ਕਿਵੇਂ ਛੱਡ ਦਿਆਂ?

ਪਰ ਮੇਰੇ ਦਿਲ ਵਿਚ ਸੰਸਾਰ ਦੇ ਪਹਿਲੇ ਵੱਡੇ ਸਿੱਖ ਸਾਇੰਸਦਾਨ ਡਾ. ਕਪਾਨੀ ਲਈ ਕਦਰ ਸਦਾ ਬਣੀ ਰਹੇਗੀ। ਉਹ ਸਚਮੁਚ ਬਹੁਤ ਮਹਾਨ ਮਨੁੱਖ ਤੇ ਮਹਾਨ ਸਾਇੰਸਦਾਨ ਸਨ ਤੇ ਇਹ ਗੱਲ ਮੈਂ ਕਦੇ ਨਹੀਂ ਭੁਲਾ ਸਕਾਂਗਾ ਕਿ ਉਨ੍ਹਾਂ ਨੇ ਮੇਰੇ ਕੰਮ ਨੂੰ ਵੀ ਸੱਚੇ ਦਿਲੋਂ ਸਰਾਹਿਆ ਸੀ। ਮੈਨੂੰ ਇਸ ਗੱਲ ਦਾ ਸਦਾ ਮਾਣ ਰਹੇਗਾ। ਪਿਛੇ ਜਹੇ ਉਹ ਸਵਰਗਵਾਸ ਹੋ ਗਏ ਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਰਣੋ ਉਪਰਾਂਤ ਪਦਮ ਵਿਭੂਸ਼ਨ ਦੇ ਕੇ ਸਨਮਾਨਿਆ ਹੈ। ਸੰਨ 1999 ਵਿਚ ‘ਫ਼ਾਰਚੂਨ’ ਮੈਗਜ਼ੀਨ ਨੇ ਉਨ੍ਹਾਂ 5 ਅਣਗੌਲੀਆਂ ਸ਼ਖ਼ਸੀਅਤਾਂ ਦੀ ਪ੍ਰੋਫ਼ਾਈਲ ਪ੍ਰਕਾਸ਼ਤ ਕੀਤੀ ਸੀ ਜਿਨ੍ਹਾਂ ਨੇ ਵੀਹਵੀਂ ਸਦੀ ਵਿਚ ਲੋਕਾਂ ਦੀ ਜ਼ਿੰਦਗੀ ਨੂੰ ਬੇਹੱਦ ਪ੍ਰਭਾਵਤ ਕੀਤਾ ਸੀ। ਡਾ. ਕਪਾਨੀ ਵੀ ਉਨ੍ਹ੍ਹਾਂ ਪੰਜਾਂ ਵਿਚੋਂ ਇਕ ਸਨ। ਉਨ੍ਹਾਂ ਨੂੰ ਨੋਬਲ ਇਨਾਮ ਲਈ ਵੀ ਚੁਣ ਲਿਆ ਗਿਆ ਸੀ ਪਰ ਆਖ਼ਰੀ ਵੇਲੇ ਕੋਈ ਦੂਜਾ, ਉਨ੍ਹਾਂ ਨੂੰ ਠਿੱਬੀ ਮਾਰ ਗਿਆ। 

(ਰੋਜ਼ਾਨਾ ਸਪੋਕਸਮੈਨ ਦੇ 13 ਜੂਨ, 2021 ਦੇ ਪਰਚੇ ਵਿਚੋਂ)