'ਉੱਚਾ ਦਰ' ਦੇ ਮੈਂਬਰ ਸਾਹਿਬਾਨ! 8 ਸਾਲਾਂ ਵਿਚ ਕਦੇ ਪੁਛਿਆ ਵੀ ਜੇ ਕਿ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

‘‘ਕਿਥੇ ਪਹੁੰਚਿਐ ‘ਉੱਚਾ ਦਰ ਬਾਬੇ ਦਾ’ ਤੇ ਇਸ ਨੂੰ ਛੇਤੀ ਚਾਲੂ ਕਰਨ ਲਈ ਅਸੀ ਕੀ ਮਦਦ ਕਰੀਏ?’’

Ucha Dar Babe Nanak Da

 

20 ਸਾਲ ਪਹਿਲਾਂ ਮੈਂ ਅਮਰੀਕਾ ਗਿਆ ਤਾਂ ਨਿਮਰਤ ਮੇਰੇ ਨਾਲ ਸੀ। ਅਸੀ ਯੂਨੀਵਰਸਲ ਸਟੁਡੀਊ, ਮਿੱਕੀ ਮਾਊਸ ਤੇ ਹਾਲੋਕਾਸਟ ਮਿਊਜ਼ੀਅਮ ਵਰਗੇ ਕਈ ਅਜੂਬੇ ਵੇਖੇ ਤਾਂ ਨਿਮਰਤ ਬਹੁਤ ਪ੍ਰਭਾਵਤ ਹੋ ਗਈ ਤੇ ਮੈਨੂੰ ਕਹਿਣ ਲੱਗੀ, ‘‘ਪਾਪਾ ਨਵੀਂ ਪੀੜ੍ਹੀ ਨੂੰ ਵਿਖਾਣ ਵਾਲੀਆਂ ਸਾਡੇ ਕੋਲ ਤਾਂ ਇਨ੍ਹਾਂ ਨਾਲੋਂ ਜ਼ਿਆਦਾ ਚੰਗੀਆਂ ਚੀਜ਼ਾਂ ਨੇ ਜੋ ਸਾਰੀ ਦੁਨੀਆਂ ਨੂੰ ਪਸੰਦ ਵੀ ਆ ਸਕਦੀਆਂ ਨੇ ਪਰ ਸਿੱਖੀ ਦੇ ਚੰਗੇ ਪੱਖ ਤੁਸੀ ਇਸ ਤਰ੍ਹਾਂ ਕਿਉਂ ਨਹੀਂ ਵਿਖਾਂਦੇ? ਗੁਰਦਵਾਰੇ ਹੁਣ ਨਵੀਂ ਪੀੜ੍ਹੀ ਨੂੰ ਕੜਾਹ ਪ੍ਰਸ਼ਾਦ, ਲੰਗਰ, ਮਿਥਿਹਾਸ, ਅੰਧ ਵਿਸ਼ਵਾਸ ਤੇ ਨਵੇਂ ਕਰਮ ਕਾਂਡਾਂ ਤੋਂ ਬਿਨਾਂ ਕੁੱਝ ਨਹੀਂ ਦੇ ਸਕਦੇ। ਸਿੱਖੀ ਵਰਗੇ ਮਾਡਰਨ ਫ਼ਲਸਫ਼ੇ ਨੂੰ ਇਨ੍ਹਾਂ ਢੰਗ ਤਰੀਕਿਆਂ ਰਾਹੀਂ ਹੀ ਦੁਨੀਆਂ ਦੇ ਲੋਕਾਂ ਤਕ ਪਹੁੰਚਾਇਆ ਜਾ ਸਕਦੈ।’’

 

 

ਗੱਲਾਂ ਸਾਰੀਆਂ ਠੀਕ ਸਨ ਪਰ ਉਨ੍ਹਾਂ ਨੇ ਅਰਬਾਂ ਰੁਪਏ ਲਾ ਕੇ ਉਹ ਚੀਜ਼ਾਂ ਬਣਾਈਆਂ ਸਨ ਜਿਨ੍ਹਾਂ ਦਾ ਅਨੰਦ ਲੈਣ ਲਈ, ਦੁਨੀਆਂ ਭਰ ਤੋਂ ਲੋਕ ਉਥੇ ਜਾਂਦੇ ਨੇ। ਮੈਂ ਛੋਟਾ ਜਿਹਾ ਜਵਾਬ ਦਿਤਾ, ‘‘ਸਾਡੇ ਕੋਲ ਪੈਸੇ ਕਿਥੇ ਨੇ?’’ 5-10 ਮਿੰਟ ਦੀ ਚਰਚਾ ਮਗਰੋਂ ਨਿਮਰਤ ਨੇ ਅਪਣਾ ਫ਼ੈਸਲਾ ਸੁਣਾ ਦਿਤਾ, ‘‘ਪਾਪਾ ਇਹ ਕੰਮ ਤੁਸੀ ਹੀ ਕਰ ਸਕਦੇ ਹੋ, ਹੋਰ ਕਿਸੇ ਸਿੱਖ ਨੇ ਨਹੀਂ ਕਰਨਾ। ਪਰ ਜੇ ਨਹੀਂ ਕਰੋਗੇ ਤਾਂ ਬਾਬੇ ਨਾਨਕ ਦੇ ਨਵੇਂ ਯੁਗ ਦੇ ਧਰਮ ਨੂੰ ਪੁਜਾਰੀ ਤੇ ਸਿਆਸਤਦਾਨ, ਪੁਰਾਤਨ ਤੇ ਰੂੜੀਵਾਦੀ ਫ਼ਲਸਫ਼ਿਆਂ ਤੇ ਧਰਮਾਂ ਵਾਲੀ ਸ਼ਕਲ ਦੇ ਕੇ ਹੀ ਰਹਿਣਗੇ।’’ ਅਪਣੀ ਹੀ ਬੇਟੀ ਦੀ ਸਿਆਣਪ ਤੇ ਦੂਰ ਦ੍ਰਿਸ਼ਟੀ ਦੇ ਦਰਸ਼ਨ ਮੈਂ ਪਹਿਲੀ ਵਾਰ ਕੀਤੇ ਸਨ। ਮੈਂ ਉਥੋਂ ਦੇ ਮਿਊਜ਼ੀਅਮਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਸੱਭ ਤੋਂ ਵੱਧ ਸਹਿਯੋਗ ਮੈਨੂੰ ਹਾਲੋਕਾਸਟ ਮਿਊਜ਼ੀਅਮ ਤੇ ਯੂਨੀਵਰਸਲ ਸਟੁਡੀਉ ਦੇ ਪ੍ਰਬੰਧਕਾਂ ਕੋਲੋਂ ਮਿਲਿਆ। ਉਨ੍ਹਾਂ ਮੇਰੇ ਕੰਮ ਕਾਰ, ਮੇਰੇ ਤਜਰਬੇ ਤੇ ਮੇਰੀ ਆਰਥਕ ਹਾਲਤ ਬਾਰੇ ਸੱਭ ਕੁੱਝ ਪੁਛ ਲਿਆ। 

 

 

ਯੂਨੀਵਰਸਲ ਸਟੁਡੀਉ ਦੇ ਤਿੰਨ ਚਾਰ ਪ੍ਰਬੰਧਕ ਇਕੱਠੇ ਹੀ ਬੈਠੇ ਹੋਏ ਸਨ। ਕਹਿਣ ਲੱਗੇ, ‘‘ਤੁਹਾਡੇ ਕੋਲ ਏਨੇ ਪੈਸੇ ਅਤੇ ਸਾਧਨ ਨਹੀਂ ਕਿ ਤੁਸੀ ਇਕੱਲਿਆਂ ਹੀ ਇਕ ਵੱਡਾ ਸਿੱਖ ਮਿਊਜ਼ੀਅਮ ਉਸਾਰ ਸਕੋ। ਦੂਜੇ ਦੋ ਤਰੀਕੇ ਹਨ ਕਿ ਤੁਸੀ ਸਰਕਾਰ ਕੋਲੋਂ ਮਦਦ ਪ੍ਰਾਪਤ ਕਰੋ ਜਾਂ ਫਿਰ ਕਿਸੇ ਅਮੀਰ ਸਿੱਖ ਨੂੰ ਪ੍ਰੇਰ ਕੇ ਉਸ ਕੋਲੋਂ ਪੈਸਾ ਲਗਵਾਉ।’’ ਮੈਂ ਕਿਹਾ,‘‘ ਮੈਂ ਜਿਸ ਸਮਾਜ ਵਿਚ ਰਹਿੰਦਾ ਹਾਂ, ਉਥੇ ਜਿਹੋ ਜਿਹਾ ਅਦਾਰਾ ਮੈਂ ਉਸਾਰਨਾ ਚਾਹੁੰਦਾ ਹਾਂ, ਉਸ ਲਈ ਨਾ ਸਰਕਾਰ ਮੇਰੀ ਮਦਦ ਕਰੇਗੀ, ਨਾ ਕੋਈ ਅਮੀਰ ਸਿੱਖ ਹੀ ਅੱਗੇ ਆਏਗਾ। ਮੈਂ ਇਕ ਮੈਗਜ਼ੀਨ ਦਾ ਐਡੀਟਰ ਹਾਂ ਤੇ ਮੇਰੇ ਪਾਠਕ ਤਾਂ ਕੁੱਝ ਹੱਦ ਤਕ ਮੇਰੀ ਮਦਦ ਕਰ ਸਕਦੇ ਹਨ ਪਰ ਹੋਰ ਕਿਸੇ ਪ੍ਰਬੰਧ ਬਾਰੇ ਮੈਂ ਸੋਚ ਵੀ ਨਹੀਂ ਸਕਦਾ।’’ਯੂਨੀਵਰਸਲ ਸਟੁਡੀਉ ਦੇ ਜਨਰਲ ਮੈਨੇਜਰ (ਮੈਨੂੰ ਨਾਂ ਯਾਦ ਨਹੀਂ ਰਿਹਾ) ਝੱਟ ਬੋਲੇ, ‘‘ਕੀ ਤੁਹਾਡੇ ਪ੍ਰਾਜੈਕਟਰ ਦੇ 10 ਹਜ਼ਾਰ ਮੈਂਬਰ ਤੁਹਾਡੇ ਪਾਠਕਾਂ ਵਿਚੋਂ ਬਣ ਜਾਣਗੇ?’’ ਮੈਂ ਪੂਰੇ ਹੌਸਲੇ ਨਾਲ ਕਿਹਾ, ‘‘ਹਾਂ, ਮੇਰੇ ਪਾਠਕਾਂ ਵਿਚੋਂ 10 ਹਜ਼ਾਰ ਮੈਂਬਰ ਤਾਂ ਆਰਾਮ ਨਾਲ ਬਣ ਜਾਣਗੇ।’’

ਉਹ ਬੋਲੇ, ‘‘ਜੇ ਤੁਹਾਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਤਾਂ ਤੁਸੀ ਜ਼ਰੂਰ ਸਫ਼ਲ ਹੋਵੋਗੇ ਤੇ 100 ਸਾਲ ਵੀ ਤੁਹਾਡੇ ਅਜੂਬੇ ਨੂੰ ਕੋਈ ਮੁਸ਼ਕਲ ਨਹੀਂ ਆਏਗੀ। ਵੈਸੇ ਮੈਂਬਰ ਬਣਾ ਕੇ ਧਾਰਮਕ ਪ੍ਰਾਜੈਕਟ ਚਾਲੂ ਕਰਨਾ ਜ਼ਿਆਦਾ ਚੰਗਾ ਤਰੀਕਾ ਹੈ ਕਿਉਂਕਿ ਜਿਹੜੇ ਲੋਕ ਤੁਹਾਡੇ ਮੈਂਬਰ ਬਣ ਜਾਣਗੇ, ਉਹ ਹਰ ਦੁੱਖ ਸੁੱਖ ਵੇਲੇ ਤੁਹਾਡੇ ਨਾਲ ਖੜੇ ਹੋ ਜਾਇਆ ਕਰਨਗੇ ਤੇ ਤੁਹਾਡੇ ਅਜੂਬੇ ਦੀ ਹਰ ਮੁਸ਼ਕਲ ਦੂਰ ਕਰਨ ਨੂੰ ਅਪਣਾ ਫ਼ਰਜ਼ ਸਮਝ ਕੇ ਕੰਮ ਕਰਨਗੇ। ਤੁਸੀ ਬਸ ਮੈਂਬਰਾਂ ਲਈ ਕੁੱਝ ਵਿਸ਼ੇਸ਼ ਰਿਆਇਤਾਂ ਤੇ ਅਧਿਕਾਰ ਰਾਖਵੇਂ ਕਰ ਦਿਉ। ਇਸ ਨਾਲ ਤੁਹਾਡੇ ਮੈਂਬਰ, ਤੁਹਾਡੇ ਪ੍ਰਾਜੈਕਟ ਨੂੰ ਅਪਣਾ ਸਮਝਣ ਲੱਗ ਪੈਣਗੇ ਤੇ ਔਖੇ ਵੇਲੇ ਤੁਹਾਡੀ ਇਕ ਆਵਾਜ਼ ਸੁਣ ਕੇ ਹੀ, ਮਦਦ ਕਰਨ ਲਈ ਭੱਜੇ ਆਇਆ ਕਰਨਗੇ।’’ ਮੈਂ ਉਨ੍ਹਾਂ ਦੇ ਸਾਰੇ ਸੁਝਾਅ ਬੜੇ ਧਿਆਨ ਨਾਲ ਨੋਟ ਕਰ ਲਏ ਤੇ ਵਾਪਸ ਆ ਕੇ ਸਪੋਕਸਮੈਨ (ਮਾਸਕ) ਵਿਚ ਲਿਖਿਆ ਵੀ ਤੇ ਦਿਲਚਸਪੀ ਰੱਖਣ ਵਾਲੇ ਪਾਠਕਾਂ ਦੀ ਹਰ ਮਹੀਨੇ ਚੰਡੀਗੜ੍ਹ ਅਪਣੇ ਘਰ ਵਿਚ ਮੀਟਿੰਗ ਵੀ ਰਖਣੀ ਸ਼ੁਰੂ ਕਰ ਦਿਤੀ। ਪੰਜਾਬ ਦੇ ਕੋਨੇ ਕੋਨੇ ਵਿਚੋਂ ਹੀ ਨਹੀਂ, ਕਸ਼ਮੀਰ, ਹਰਿਆਣਾ, ਹਿਮਾਚਲ, ਦਿੱਲੀ ਤੇ ਯੂ.ਪੀ. ਤੋਂ ਵੀ ਪਾਠਕ ਆਉਂਦੇ ਤੇ ਖੁਲ੍ਹ ਕੇ ਵਿਚਾਰਾਂ ਹੁੰਦੀਆਂ। ਦੋ ਸਾਲ ਇਹ ਵਿਚਾਰ ਚਰਚਾ ਚਲਦੀ ਰਹੀ। ਅਖ਼ੀਰ ਰਾਮਲੀਲਾ ਗਰਾਊਂਡ ਚੰਡੀਗੜ੍ਹ ਸੈਕਟਰ 17  ਵਿਚ ਵੱਡੀ ਕਾਨਫ਼ਰੰਸ ਰੱਖੀ ਗਈ ਜਿਥੇ 25-30 ਹਜ਼ਾਰ ਪਾਠਕ ਆਏ ਤੇ ਮਤਾ ਪਾਸ ਕਰ ਦਿਤਾ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਨਾਂ ਵਾਲਾ ਆਧੁਨਿਕ ਢੰਗ ਦਾ ਸਿੱਖ ਮਿਊਜ਼ੀਅਮ ਕਾਇਮ ਕਰਨ ਲਈ ਕਦਮ ਚੁਕਣੇ ਸ਼ੁਰੂ ਕਰ ਦਿਉ।

ਜ਼ਮੀਨ ਖ਼ਰੀਦ ਲਈ। ਪਾਠਕਾਂ ਨੂੰ ਸੱਦਾ ਦਿਤਾ ਕਿ ਆਉ ਜ਼ਮੀਨ ਵੇਖ ਲਉ ਤੇ ਉਸਾਰੀ ਦਾ ਅਗਲਾ ਪ੍ਰੋਗਰਾਮ ਉਲੀਕ ਲਉ। ਅਖ਼ਬਾਰ ਵਿਚ ਛੋਟਾ ਜਿਹਾ ਨੋਟ ਲਿਖਣ ਤੇ ਹੀ 50 ਹਜ਼ਾਰ ਪਾਠਕ ਰੜੇ ਮੈਦਾਨ ਵਿਚ ਇਕੱਠੇ ਹੋ ਗਏ। ਸੱਭ ਨੇ ਹੱਥ ਖੜੇ ਕਰ ਕੇ ਤੇ ਜੈਕਾਰੇ ਛੱਡ ਕੇ ਐਲਾਨ ਕੀਤਾ ਕਿ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾਏਗੀ ਤੇ ਸਾਰਾ ਪੈਸਾ ਪਾਠਕ ਦੇਣਗੇ। ਮੈਂ ਸਟੇਜ ਤੇ ਆ ਕੇ ਕਿਹਾ, ‘‘ਸਾਰਾ ਨਾ ਦੇਣਾ, ਅੱਧਾ ਸਪੋਕਸਮੈਨ ਦੇ ਦੇਵੇਗਾ ਪਰ ਅੱਧਾ ਦੇਣ ਵਿਚ ਦੇਰੀ ਨਾ ਕਰਨਾ।’’
ਉਸ ਤੋਂ ਬਾਅਦ ਦੀ ਕਹਾਣੀ ਸੱਭ ਨੂੰ ਪਤਾ ਹੀ ਹੈ। ਅਸੀ ਅਪੀਲਾਂ ਕਰਨ  ਡਹਿ ਪਏ ਤੇ ਹਰ ਅਪੀਲ ਦੇ ਜਵਾਬ ਵਿਚ 5, 10, 15 ਪਾਠਕ ਮੈਂਬਰ ਬਣ ਜਾਂਦੇ। ਸਾਡੇ ਦਿਲ ਟੁਟ ਗਏ। ਇਕੱਠਾ ਪੈਸਾ ਮਿਲ ਜਾਵੇ ਤਾਂ ਕਈ ਵੱਡੇ ਕੰਮ ਬਣ ਜਾਂਦੇ ਹਨ ਪਰ ਟੁਟ ਟੁਟ ਕੇ ਆਏ ਪੈਸੇ ਵਿਚ ਬਰਕਤ ਹੀ ਕੋਈ ਨਹੀਂ ਹੁੰਦੀ। ਸੋ ਸਪੋਕਸਮੈਨ ਨੇ ਕਰਜ਼ਾ ਚੁਕਣਾ ਸ਼ੁਰੂ ਕੀਤਾ। ਬੈਂਕਾਂ ਤੋਂ ਵੀ ਲਿਆ ਤੇ ਪਾਠਕਾਂ ਤੋਂ ਵੀ। ਸੋਚਿਆ, ਹੁਣ ਤਾਂ ਹੱਥ ਖੜੇ ਕਰ ਕੇ ਸਾਰਾ ਪੈਸਾ ਦੇਣ ਦੇ ਐਲਾਨ ਕਰਨ ਵਾਲਿਆਂ ਦੇ ਵੀ ਦਿਲ ਖੁਲ੍ਹ ਜਾਣਗੇ ਪਰ 8 ਸਾਲਾਂ ਵਿਚ ਹੁਣ ਤਕ 3000 ਪਾਠਕ ਹੀ ਮੈਂਬਰ ਬਣੇ ਹਨ।

ਮੈਂਬਰ ਬਣਨ ਵਾਲਿਆਂ ਨੂੰ ਵਾਰ ਵਾਰ ਰਿਆਇਤਾਂ ਦਿਤੀਆਂ ਪਰ......। ਜਿਹੜੇ ਮੈਂਬਰ ਬਣੇ ਵੀ ਹਨ, ਉਨ੍ਹਾਂ ਨੇ ਕਦੇ ਨਹੀਂ ਪੁਛਿਆ ਕਿ ‘ਉੱਚਾ ਦਰ’ ਦਾ ਕੀ ਹਾਲ ਹੈ ਤੇ ਇਸ ਨੂੰ ਮੁਕੰਮਲ ਕਰਨ ਜਾਂ ਚਾਲੂ ਕਰਨ ਵਿਚ ਅਸੀ ਵੀ ਕੋਈ ਮਦਦ ਕਰੀਏ?’ ਨਹੀਂ, ਜਿਹੜੇ ਫ਼ੋਨ ਜਾਂ ਪੱਤਰ ਆਉਂਦੇ ਹਨ, ਉਨ੍ਹਾਂ ਵਿਚ ਇਹੀ ਪੁਛਿਆ ਹੁੰਦੈ, ‘‘ਸਾਨੂੰ ਮੈਂਬਰ ਵਜੋਂ ਜਿਹੜੇ ਲਾਭ ਮਿਲਣੇ ਸਨ, ਉਹ ਕਦੋਂ ਮਿਲਣਗੇ?’’ ਚਾਲੂ ਹੋਏ ਬਿਨਾਂ ਲਾਭ ਕਿਥੋਂ ਮਿਲਣ? ਅਮਰੀਕਨਾਂ ਨੇ ਜਿਹੜਾ ਮੈਨੂੰ ਦਸਿਆ ਸੀ ਕਿ ਮੈਂਬਰ ਬਣ ਕੇ, ਪਾਠਕ ਇਸ ਨੂੰ ਅਪਣਾ ਹੀ ਸਮਝਣ ਲੱਗ ਪੈਣਗੇ ਤੇ ਹਰ ਔਖ ਸੌਖ ਵੇਲੇ ਇਕ ਆਵਾਜ਼ ਸੁਣ ਕੇ ਮਦਦ ਦੇਣ ਲਈ, ਦੌੜੇ ਆਉਣਗੇ, ਉਹ ਤਾਂ ਹੋਇਆ ਕੁੱਝ ਨਹੀਂ। ਸ਼ਾਇਦ ਉਹ ਅਪਣੇ ਅਮਰੀਕਨ ਲੋਕਾਂ ਦੀ ਗੱਲ ਕਰ ਰਹੇ ਸਨ। ਇਥੇ ਹਿੰਦੁਸਤਾਨ ਵਿਚ ਤਾਂ ਗੱਲ ਹੀ ਵਖਰੀ ਹੈ। ਸਿੱਖਾਂ ਦੀ ਤਾਂ ਬਿਲਕੁਲ ਹੀ ਵਖਰੀ ਹੈ। ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਹਨ, ‘‘ਤੁਸੀ ਸਿੱਖਾਂ ਦੀਆਂ ਉਠੀਆਂ ਬਾਹਵਾਂ ਵੇਖ ਕੇ ਗ਼ਲਤੀ ਕਰ ਲਈ। ਇਹ ਨਹੀਂ ਚੰਗੇ ਕੰਮਾਂ ਲਈ ਪੈਸੇ ਦੇਂਦੇ। ਬਰਬਾਦ ਕਰਨ ਲਈ ਇਨ੍ਹਾਂ ਕੋਲ ਬਹੁਤ ਪੈਸਾ ਹੈ ਪਰ ਕੌਮ ਦਾ ਭਵਿੱਖ ਚੰਗਾ ਬਣਾਉਣ ਲਈ ਇਨ੍ਹਾਂ ਕੋਲ ਕੁੱਝ ਨਹੀਂ ਹੁੰਦਾ।

ਇਹਦੇ ਨਾਲੋਂ ਜੈਨੀਆਂ ਦੀ ਯਾਦਗਾਰ ਬਣਾਉਣ ਦਾ ਐਲਾਨ ਕਰ ਦੇਂਦੇ ਤਾਂ ਉਨ੍ਹਾਂ ਤੁਹਾਨੂੰ ਸੋਨੇ ਨਾਲ ਤੋਲ ਵੀ ਦੇਣਾ ਸੀ ਤੇ ਮੂੰਹ ਮੰਗਿਆ ਪੈਸਾ ਵੀ ਦੇ ਦੇਣਾ ਸੀ।’’ ਪਰ ਅਸੀ ਤਾਂ ਬਾਬੇ ਨਾਨਕ ਨੂੰ ਦਿਤਾ ਬਚਨ ਪੂਰਾ ਕਰ ਰਹੇ ਹਾਂ। ਕੋਈ ਦੇਵੇ ਨਾ ਦੇਵੇ, ਮੈਂ ਤੇ ਮੇਰਾ ਪ੍ਰਵਾਰ ਤਾਂ ਆਖ਼ਰੀ ਸਾਹ ਤਕ ਡਟਣ ਦਾ ਪ੍ਰਣ ਲੈ ਕੇ ਨਿਕਲੇ ਸੀ। ਹਾਂ ਦੁੱਖ ਬੜਾ ਹੁੰਦਾ ਹੈ ਜਦੋਂ ਹੱਥ ਖੜੇ ਕਰ ਕੇ, ‘‘ਮਕਾਨ ਵੇਚ ਦਿਆਂਗੇ, ਫ਼ਿਕਰ ਨਾ ਕਰੋ, ਪੈਸੇ ਦੀ ਕਮੀ ਨਹੀਂ ਆਉਣ ਦਿਆਂਗੇ’’ ਕਹਿਣ ਵਾਲਿਆਂ ਨੂੰ ਕੁੱਝ ਮਦਦ ਦੇਣ ਲਈ ਕਹਿੰਦਾ ਹਾਂ ਤਾਂ ਅੱਗੋਂ ਇੰਜ ਮੂੰਹ ਬਣਾ ਲੈਂਦੇ ਹਨ ਜਿਵੇਂ ਮੈਂ ਕੋਈ ਵੱਡੀ ਗਾਲ ਕੱਢ ਦਿਤੀ ਹੋਵੇ। ਅਖ਼ੀਰ ਇਸੇ ਨਤੀਜੇ ਤੇ ਪੁਜਦਾ ਹਾਂ ਕਿ ਗ਼ਰੀਬਾਂ ਨੂੰ ਛੱਡ ਕੇ ਨਾ ਕਿਸੇ ਨੂੰ ਬਾਬੇ ਨਾਨਕ ਵਿਚ ਦਿਲਸਚਪੀ ਹੈ, ਨਾ ਉੱਚਾ ਦਰ ਵਿਚ। ਜ਼ੋਰ ਪਾਵਾਂ ਤਾਂ ਬੇਦਾਵਾ ਲਿਖ ਕੇ ਦੇ ਜਾਂਦੇ ਹਨ। ਚਾਲੂ ਹੋਵੇ ਨਾ ਹੋਵੇ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਨੂੰ ਅਪਣੀ ਧਨ ਦੌਲਤ, ਅਪਣੀ ਅਮੀਰੀ ਤੇ ਅਪਣੀ ਮਸ਼ਹੂਰੀ ਨਾਲ ਹੀ ਮਤਲਬ ਹੁੰਦਾ ਹੈ, ਭਾਵੇਂ ਕਿਤਿਉਂ ਵੀ ਮਿਲ ਜਾਏ। ਫਿਰ ਵੀ ਕੁੱਝ ਗੱਲਾਂ ਜ਼ਰੂਰ ਕਰਨੀਆਂ ਹਨ ਪਰ ਅਗਲੀ ਵਾਰ।              (ਚਲਦਾ)                                                                

                                                                                                                                           ਜੋਗਿੰਦਰ ਸਿੰਘ