ਅਕਾਲੀ ਲੀਡਰਾਂ ਦੀ ਮਿਸ਼ਨਰੀ ਕਾਲਜਾਂ ਵਿਚ ਮਹੀਨੇ ਮਹੀਨੇ ਦੀ ਕਲਾਸ ਨਹੀਂ ਲਗਣੀ ਚਾਹੀਦੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਵੈਸੇ ਤਾਂ ਅੱਜ ਦੇ ਪੜ੍ਹੇ ਲਿਖੇ ਅਕਾਲੀ ਲੀਡਰਾਂ ਦੀ ਅਪਣੇ ਧਰਮ ਬਾਰੇ ਅਗਿਆਨਤਾ ਦੇ ਕਿੱਸੇ, ਮਹਿਫ਼ਲਾਂ ਵਿਚ ਰੋਜ਼ ਹੀ ਠਹਾਕੇ ਮਾਰ ਕੇ ਸੁਣਾਏ ਜਾਂਦੇ ਹਨ ਪਰ .....

File Photo

ਵੈਸੇ ਤਾਂ ਅੱਜ ਦੇ ਪੜ੍ਹੇ ਲਿਖੇ ਅਕਾਲੀ ਲੀਡਰਾਂ ਦੀ ਅਪਣੇ ਧਰਮ ਬਾਰੇ ਅਗਿਆਨਤਾ ਦੇ ਕਿੱਸੇ, ਮਹਿਫ਼ਲਾਂ ਵਿਚ ਰੋਜ਼ ਹੀ ਠਹਾਕੇ ਮਾਰ ਕੇ ਸੁਣਾਏ ਜਾਂਦੇ ਹਨ ਪਰ ਕੁੱਝ ਤਾਜ਼ਾ ਘਟਨਾਵਾਂ ਨੇ ਤਾਂ ਉਨ੍ਹਾਂ ਦੀ ਅਗਿਆਨਤਾ ਨੂੰ, ਹੱਦੋਂ ਪਾਰ ਟਪਦਿਆਂ ਵੀ ਵੇਖ ਲਿਆ ਹੈ ਦੁਨੀਆਂ ਨੇ। ਮਿਸਾਲ ਦੇ ਤੌਰ ਤੇ: ਅਕਾਲੀ ਦਲ ਬਾਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਅਪਣੇ ਆਕਾਵਾਂ ਅਰਥਾਤ ਬਾਦਲਾਂ ਦੀ ਸਿਫ਼ਤ ਵਿਚ ਕਸੀਦੇ ਪੜ੍ਹਦਿਆਂ ਇਤਿਹਾਸ ਨੂੰ ਮਿਥਿਹਾਸ ਤੋਂ ਵੀ ਜ਼ਿਆਦਾ ਵੱਡੀ ਗੱਪ ਸ਼ੱਪ ਦਾ ਰੂਪ ਦੇ ਦਿਤਾ ਤੇ ਇਹ ਫ਼ਰਮਾ ਦਿਤਾ ਕਿ ''ਸੁਖਬੀਰ ਸਿੰਘ ਬਾਦਲ ਦੀ ਸਤਵੀਂ ਪੀੜ੍ਹੀ ਦੇ ਪੜਨਾਨੇ ਬਾਬੇ ਫ਼ਤਿਹ ਸਿੰਘ ਨੇ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਵਢਿਆ ਸੀ!''

ਸ. ਭੂੰਦੜ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਗੱਲ ਉਹ ਖ਼ੁਦ ਨਹੀਂ ਕਹਿ ਰਹੇ, ਇਹ ਗੱਲ ਇਤਿਹਾਸ ਕਹਿ ਰਿਹਾ ਹੈ। ਕਿਹੜਾ ਇਤਿਹਾਸ? ਇਤਿਹਾਸ ਤਾਂ ਇਹ ਕਹਿੰਦਾ ਹੈ ਕਿ ਬਾਬਾ ਬੰਦਾ ਸਿੰਘ ਨੂੰ ਤਾਂ ਤੁਰਕ ਫ਼ੌਜਾਂ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਹਕੂਮਤ ਨੇ ਦਿੱਲੀ ਵਿਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਸੀ। ਸਿਆਸਤਦਾਨ ਗ਼ਲਤ ਗੱਲ ਕਹਿ ਜਾਣ ਤਾਂ ਉਨ੍ਹਾਂ ਕੋਲ ਬਚਾਅ ਦੇ ਤਿੰਨ ਹਥਿਆਰ ਹੁੰਦੇ ਹਨ: (1) ਕਹਿ ਦੇਣਗੇ ਕਿ ਮੈਂ ਤਾਂ ਅਜਿਹਾ ਕਿਹਾ ਹੀ ਨਹੀਂ ਸੀ ਜਾਂ (2) ਮੇਰੇ ਕਥਨਾਂ ਦਾ ਗ਼ਲਤ ਮਤਲਬ ਕਢਿਆ ਗਿਆ ਜਾਂ (3) ਜ਼ਬਾਨ ਫਿਸਲ ਗਈ ਸੀ।

ਭੂੰਦੜ ਸਾਹਿਬ ਦੀ 41 ਸਕਿੰਟਾਂ ਦੀ ਵੀਡੀਉ, ਉਨ੍ਹਾਂ ਨੂੰ ਕਿਸੇ ਵੀ ਬਹਾਨੇ ਦਾ ਲਾਭ ਲੈਣ ਦੀ ਆਗਿਆ ਨਹੀਂ ਦੇਂਦੀ। ਪਰ ਚੱਲੋ, ਪ੍ਰਧਾਨ ਜੀ ਤਾਂ ਖ਼ੁਸ਼ ਹੋ ਗਏ। ਇਤਿਹਾਸ ਦਾ ਕੀ ਏ, ਇਹ ਤਾਂ ਆਉਣੀ ਜਾਣੀ ਚੀਜ਼ ਹੈ, ਇਤਿਹਾਸ ਨੂੰ ਤਾਂ ਸਾਰੇ ਹੀ ਮਰੋੜਦੇ ਰਹਿੰਦੇ ਨੇ। ਬਸ ਪ੍ਰਧਾਨ ਜੀ ਖ਼ੁਸ਼ ਰਹਿਣੇ ਚਾਹੀਦੇ ਨੇ। ਬੰਦਾ ਸਿੰਘ ਬਹਾਦਰ ਨੂੰ ਤੁਰਕ ਫ਼ੌਜਾਂ ਨੇ ਫੜ ਕੇ ਮਾਰਿਆ ਸੀ ਜਾਂ ਪਿੰਡ ਚੱਕ ਫ਼ਤਿਹ ਸਿੰਘ ਵਾਲੇ ਦੇ ਕਿਸੇ ਵਾਸੀ ਨੇ ਮਾਰਿਆ ਜਾਂ ਉਨ੍ਹਾਂ ਕਿਸੇ ਹੋਰ ਨੂੰ ਮਾਰਿਆ, ਇਨ੍ਹਾਂ ਗੱਲਾਂ ਬਾਰੇ ਮਗ਼ਜ਼ ਖਪਾਈ ਦੀ ਉਦੋਂ ਤਕ ਕੋਈ ਲੋੜ ਨਹੀਂ ਜਦ ਤਕ ਪ੍ਰਧਾਨ ਜੀ ਖ਼ੁਸ਼ ਨੇ!!

ਇਤਿਹਾਸ ਦਾ ਭੜਥਾ ਬਣਾਉਣ ਵਾਲਾ ਅਗਲਾ ਤੀਰ ਖ਼ੁਦ ਪ੍ਰਧਾਨ ਸਾਹਿਬ ਨੇ ਹੀ ਛੱਡ ਦਿਤਾ ਜਦ ਅਖ਼ਬਾਰੀ ਖ਼ਬਰਾਂ ਅਨੁਸਾਰ, ਸੁਖਬੀਰ ਸਿੰਘ ਬਾਦਲ ਨੇ ਫ਼ੁਰਮਾਇਆ ਕਿ ਸਾਡੇ ਗੁਰੂ ਏਨੇ ਵਿਸ਼ਾਲ ਹਿਰਦੇ ਵਾਲੇ ਸਨ ਕਿ ਦਰਬਾਰ ਸਾਹਿਬ ਦਾ ਨੀਂਹ ਪੱਥਰ ਉਨ੍ਹਾਂ ਨੇ ਇਕ ਮੁਸਲਮਾਨ ਸਾਈਂ ਮੀਆਂ ਮੀਰ ਕੋਲੋਂ ਰਖਵਾ ਲਿਆ ਜਦਕਿ ਉਹ ਚਾਹੁੰਦੇ ਤਾਂ ਕਿਸੇ ਅੰਮ੍ਰਿਤਧਾਰੀ ਸਿੱਖ ਮਹਾਂਪੁਰਸ਼ ਕੋਲੋਂ ਵੀ ਰਖਵਾ ਸਕਦੇ ਸਨ! ਸ਼ਾਬਾਸ਼ੇ!

ਕੀ ਗੁਰੂ ਅਰਜਨ ਦੇਵ ਜੀ ਵੇਲੇ ਕੋਈ ਅੰਮ੍ਰਿਤਧਾਰੀ ਸਿੱਖ ਹੁੰਦਾ ਵੀ ਸੀ? 'ਅੰਮ੍ਰਿਤ' ਜਾਂ ਖੰਡੇ ਦੀ ਪਾਹੁਲ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕਰ ਕੇ ਖ਼ਾਲਸੇ ਨੂੰ ਦਿਤੇ ਸਨ!! ਸੱਚੀ ਗੱਲ ਇਹ ਹੈ ਕਿ ਅੱਜ ਦੇ ਅਕਾਲੀ ਆਗੂਆਂ ਨੇ ਨਾ ਗੁਰਬਾਣੀ ਕਦੇ ਪੜ੍ਹੀ ਹੈ, ਨਾ ਸਿੱਖ ਇਤਿਹਾਸ ਹੀ। ਉਹ ਕੇਵਲ ਸੱਤਾ-ਪ੍ਰਾਪਤੀ ਲਈ ਖੇਡੀਆਂ ਜਾ ਸਕਣ ਵਾਲੀਆਂ ਚਾਲਾਂ ਹੀ ਪੜ੍ਹਦੇ ਰਹਿੰਦੇ ਹਨ ਤੇ ਉਨ੍ਹਾਂ ਤੋਂ ਅੱਗੇ ਉਹ ਕੁੱਝ ਨਹੀਂ ਜਾਣਦੇ। ਜੇ ਜਾਣਦੇ ਹਨ ਤਾਂ ਕੇਵਲ ਇਹ ਕਿ ਸਿੱਖਾਂ 'ਚੋਂ ਜਿਹੜਾ ਕੋਈ ਉਨ੍ਹਾਂ ਦੀ ਆਲੋਚਨਾ ਕਰ ਬੈਠੇ, ਉਸ ਨੂੰ 'ਸਿਧਿਆਂ' ਕਿਵੇਂ ਕਰਨਾ ਹੈ।

ਪਾਠਕਾਂ ਨੂੰ ਯਾਦ ਹੋਵੇਗਾ, ਇਕ ਆਈ.ਏ.ਐਸ. ਅਫ਼ਸਰ ਦੇ ਕਹਿਣ ਤੇ, ਮੈਂ ਵੀ ਹਰ ਰੋਜ਼ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਧਰਮ ਅਤੇ ਇਤਿਹਾਸ ਬਾਰੇ ਇਕ ਘੰਟਾ ਲੈਕਚਰ ਦਿਆ ਕਰਦਾ ਸੀ ਪਰ ਦੋ ਮਹੀਨੇ ਮਗਰੋਂ ਮੈਂ ਮਹਿਸੂਸ ਕੀਤਾ ਕਿ ਬਾਦਲ ਸਾਹਿਬ ਨੇ ਮੇਰਾ ਬੋਲਿਆ ਇਕ ਵੀ ਫ਼ਿਕਰਾ ਯਾਦ ਨਹੀਂ ਸੀ ਰਖਿਆ ਤੇ ਉਨ੍ਹਾਂ ਨੂੰ ਧਰਮ ਤੇ ਇਤਿਹਾਸ ਬਾਰੇ ਲੈਕਚਰ ਦਈ ਜਾਣਾ ਅਪਣਾ ਸਮਾਂ ਖ਼ਰਾਬ ਕਰਨ ਵਾਲੀ ਹੀ ਗੱਲ ਸੀ। ਸੋ ਮੈਂ ਬਹਾਨਾ ਬਣਾ ਕੇ ਹੱਥ ਜੋੜ ਦਿਤੇ ਕਿ ਕਲ ਤੋਂ ਮੈਂ ਨਹੀਂ ਆ ਸਕਿਆ ਕਰਾਂਗਾ।

ਬਾਦਲ ਸਾਹਿਬ ਦੇ ਜਾਨਸ਼ੀਨਾਂ ਦਾ ਹਾਲ ਕੀ ਹੈ, ਉਪਰ ਤੁਸੀ ਵੇਖ ਹੀ ਲਿਆ ਹੈ। ਜਿਨ੍ਹਾਂ ਦਾ ਨਹੀਂ ਵੇਖਿਆ, ਉਨ੍ਹਾਂ ਦਾ ਉਸ ਤੋਂ ਵੀ ਬੁਰਾ ਹਾਲ ਵੇਖੋਗੇ।
ਮੈਨੂੰ ਯਾਦ ਹੈ, ਭਲੇ ਦਿਨਾਂ ਵਿਚ ਸਾਰੇ ਅਕਾਲੀ ਲੀਡਰ, ਸਾਲ ਵਿਚ ਇਕ ਹਫ਼ਤਾ ਪਾਉਂਟਾ ਸਾਹਿਬ ਵਿਖੇ ਜਪ ਤਪ ਸਮਾਗਮ ਕਰਿਆ ਕਰਦੇ ਸਨ ਤੇ 7 ਦਿਨਾਂ ਵਿਚ ਵਿਦਵਾਨਾਂ ਨੂੰ ਬੁਲਾ ਕੇ ਧਰਮ ਅਤੇ ਸਿੱਖ ਇਤਿਹਾਸ ਬਾਰੇ ਪੂਰਾ ਗਿਆਨ ਪ੍ਰਾਪਤ ਕਰ ਲਿਆ ਕਰਦੇ ਸਨ। ਫਿਰ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਵੀ ਗੁਰਮਤਿ ਕੈਂਪ ਲਾਉਣੇ ਸ਼ੁਰੂ ਕਰ ਦਿਤੇ। ਉਨ੍ਹਾਂ ਕੈਂਪਾਂ ਵਿਚੋਂ ਹੀ ਬੜੇ ਮੰਨੇ-ਪ੍ਰਮੰਨੇ ਵਿਦਵਾਨ ਪੈਦਾ ਹੋਏ।

ਅੱਜ ਦੇ ਅਕਾਲੀਆਂ ਨੇ ਵੀ ਕਦੇ ਅਜਿਹਾ ਕਰਨ ਦੀ ਗੱਲ ਸੋਚੀ ਹੈ? ਨਹੀਂ, ਉਹ ਸ਼ਿਮਲੇ ਦੇ ਪੰਜ-ਤਾਰਾ ਹੋਟਲ ਵਿਚ ਇਕੱਤਰ ਹੋ ਕੇ, ਹੱਡੀ ਕਬਾਬ ਛੱਕ ਕੇ ਤੇ ਸ਼ੁਗਲ ਮੇਲਾ ਕਰ ਕੇ ਹੀ ਵਾਪਸ ਆ ਜਾਂਦੇ ਹਨ। ਫਿਰ ਇਹ ਲੋਕ ਧਰਮ ਅਤੇ ਸਿੱਖ ਇਤਿਹਾਸ ਦੇ ਜਾਣਕਾਰ ਕਿਵੇਂ ਬਣ ਜਾਣਗੇ? ਕਦੇ ਵੀ ਨਹੀਂ ਬਣ ਸਕਣਗੇ ਤੇ ਸਟੇਜਾਂ ਤੋਂ ਕਹਿੰਦੇ ਰਹਿਣਗੇ ਕਿ 'ਸਾਨੂੰ ਤਾਂ ਜੀ ਧਰਮ ਤੇ ਇਤਿਹਾਸ ਬਾਰੇ ਬਾਹਲਾ ਕੁੱਝ ਪਤਾ ਨਹੀਂ ਜੀ।'

ਅਗਲੀ ਪੀੜ੍ਹੀ ਉਤੇ ਕੀ ਅਸਰ ਪਏਗਾ ਤੇ ਹੁਣ ਵੀ ਕੀ ਪੈ ਰਿਹਾ ਹੈ? ਸਿਆਸਤ ਨੇ ਗੁਰਦਵਾਰਿਆਂ ਉਤੇ ਕਾਬਜ਼ ਹੋ ਕੇ, ਧਰਮ ਨੂੰ ਪਹਿਲਾਂ ਹੀ ਖ਼ਤਮ ਕਰ ਲਿਆ ਹੋਇਆ ਹੈ। ਜਾਂ ਤਾਂ ਇਨ੍ਹਾਂ ਲੀਡਰਾਂ ਨੂੰ ਧਰਮ ਤੇ ਇਤਿਹਾਸ ਦੀਆਂ ਕਲਾਸਾਂ ਵਿਚ ਬੈਠਣ ਲਈ ਮਜਬੂਰ ਕਰੋ ਜਾਂ ਉਦੋਂ ਤਕ ਇਨ੍ਹਾਂ ਨੂੰ ਪੰਥਕ ਜਥੇਬੰਦੀਆਂ ਤੇ ਧਾਰਮਕ ਸੰਸਥਾਵਾਂ ਦੀ ਪ੍ਰਧਾਨਗੀ, ਸਕੱਤਰੀ ਦੇ ਅਯੋਗ ਬਣਾ ਦਿਉ ਜਦ ਤਕ ਇਹ ਅਜਿਹਾ ਕਹਿਣ ਲਈ ਤਿਆਰ ਨਹੀਂ ਹੋ ਜਾਂਦੇ ਕਿ ''ਅਸੀ ਉਚੇਚੇ ਯਤਨ ਕਰ ਕੇ ਧਰਮ ਬਾਰੇ ਤੇ ਸਿੱਖ ਇਤਿਹਾਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲਈ ਹੈ ਤੇ ਕਿਸੇ ਨਾਲ ਵੀ ਇਨ੍ਹਾਂ ਵਿਸ਼ਿਆਂ ਬਾਰੇ ਚਰਚਾ ਕਰਨ ਲਈ ਤਿਆਰ ਹਾਂ।''

ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਰਸਤੇ ਵਿਚੋਂ ਨੱਚਾਰਾਂ ਦੇ ਬੁਤ ਹਟਾ ਲਏ ਗਏ ਹਨ। 2018 ਵਿਚ ਮੈਂ ਅਚਾਨਕ ਹੀ ਉਥੇ ਜਾ ਕੇ ਜਦ ਇਹ ਬੁੱਤ ਵੇਖੇ ਤਾਂ ਇਨ੍ਹਾਂ ਨੂੰ ਵੇਖ ਕੇ ਮੈਨੂੰ ਬੜਾ ਧੱਕਾ ਲੱਗਾ। ਦਰਬਾਰ ਸਾਹਿਬ ਦੇ 'ਜਥੇਦਾਰਾਂ' ਤੇ ਹੋਰ ਧਰਮੀ ਬਾਬਲਾਂ ਨੇ ਤੇ ਅੰਮ੍ਰਿਤਸਰ ਦੇ 'ਪੰਥਕਾਂ' ਨੇ ਕਈ ਵਾਰ ਇਹ ਬੁੱਤ ਵੇਖੇ ਹੋਣਗੇ, ਉਨ੍ਹਾਂ ਨੂੰ ਬੁਰੇ ਕਿਉਂ ਨਹੀਂ ਸਨ ਲੱਗੇ? ਕੀ ਸੁੰਦਰੀਕਰਨ ਦਾ ਮਤਲਬ ਧਰਮ ਦੇ ਆਸ਼ੇ ਤੋਂ ਭਟਕਾ ਕੇ, ਦਰਬਾਰ ਸਾਹਿਬ ਜਾਣ ਵਾਲਿਆਂ ਨੂੰ ਨਾਚ ਗਾਣੇ ਵਲ ਆਕਰਸ਼ਿਤ ਕਰਨਾ ਹੁੰਦਾ ਹੈ? ਮੈਂ ਤਾਂ ਇਕ ਮਿੰਟ ਲਈ ਵੀ ਇਸ ਉਪੱਦਰ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਿਆ।

ਅੰਮ੍ਰਿਤਸਰ ਦੇ 'ਪੰਥਕਾਂ' ਨੇ ਸਾਲਾਂ ਬੱਧੀ, ਇਸ ਵਿਗਾੜ ਨੂੰ ਵੇਖ ਕੇ ਵੀ ਚੁੱਪ ਕਿਉਂ ਵੱਟੀ ਰੱਖੀ? ਸਪੋਕਸਮੈਨ ਵਿਚ ਸਾਡੇ ਵਲੋਂ ਜ਼ੋਰਦਾਰ ਆਵਾਜ਼ ਚੁੱਕੇ ਜਾਣ ਦਾ ਵੀ ਅੰਬਰਸਰੀਆਂ ਉਤੇ ਕੋਈ ਅਸਰ ਨਾ ਹੋਇਆ। ਫਿਰ ਹੁਣ ਅਚਾਨਕ ਕਿਹੜੀ ਗੱਲ ਨਾਲ ਉਹ ਇਕਦਮ ਭੜਕ ਉਠੇ? ਮੇਰੀ ਸਮਝ ਵਿਚ ਤਾਂ ਕੁੱਝ ਨਹੀਂ ਆਇਆ। ਕੀ ਅੰਬਰਸਰੀਏ ਧਰਮ ਵਿਚ ਸਚਮੁਚ ਬਾਦਲਾਂ ਵਾਂਗ ਹੀ ਫਾਡੀ ਹੋ ਗਏ ਹਨ ਤੇ ਉਨ੍ਹਾਂ ਨੂੰ ਧਰਮ-ਵਿਰੋਧੀ ਕਾਰਵਾਈਆਂ ਦੀ 3-4 ਸਾਲ ਤਕ ਸਮਝ ਹੀ ਨਹੀਂ ਆਉਂਦੀ?

ਜਿਹੜੀ 'ਅਕਾਲੀ ਸਰਕਾਰ' ਨੇ ਇਹ ਬੁਤ ਲਗਵਾਏ ਸਨ, ਉਸ ਦੇ ਆਗੂ ਤਾਂ ਸਟੇਜ ਤੇ ਖੜੇ ਹੋ ਕੇ ਕਹਿ ਦੇਂਦੇ ਹਨ ਕਿ ''ਸਾਨੂੰ ਤਾਂ ਧਰਮ ਦੀ ਬਾਹਲੀ ਸਮਝ ਨਹੀਂ ਜੇ'' (ਸਮਝ ਹੁੰਦੀ ਤਾਂ ਇਹ ਬੁਤ ਦਰਬਾਰ ਸਾਹਿਬ ਦੇ ਰਸਤੇ ਵਿਚ ਹੀ ਕਿਉਂ ਖੜੇ ਕਰਦੇ?) ਪਰ ਕੀ ਸਾਰੇ ਅੰਬਰਸਰੀਏ 'ਪੰਥਕਾਂ' ਦਾ ਵੀ ਇਹੀ ਹਾਲ ਹੋ ਗਿਆ ਹੈ? ਬਹੁਤ ਮਾੜੀ ਗੱਲ ਹੈ। ਸਿੱਖੀ ਦੇ ਕੇਂਦਰ ਵਿਚ ਵਸਦੇ ਲੋਕਾਂ ਦਾ ਇਹ ਹਾਲ ਹੈ ਤਾਂ ਦੂਰ ਬੈਠਿਆਂ ਦਾ ਕੀ ਹਾਲ ਹੋਵੇਗਾ?

ਪਰ ਦੂਰ ਬੈਠੇ ਸਗੋਂ ਛੇਤੀ ਜਾਗ ਪੈਂਦੇ ਹਨ। ਅੰਗਰੇਜ਼ੀ ਦਾ ਮੁਹਾਵਰਾ ਤੁਸੀ ਵੀ ਸੁਣਿਆ ਹੋਵੇਗਾ¸Nearer the Church, farther from God ਅਰਥਾਤ ਜਿੰਨੇ ਧਰਮ ਅਸਥਾਨ ਦੇ ਨੇੜੇ ਹੋਵੋਗੇ, ਓਨੇ ਹੀ ਰੱਬ ਤੋਂ ਦੂਰ ਹੋ ਜਾਉਗੇ। ਸਿੱਖਾਂ ਬਾਰੇ ਤਾਂ ਇਹ ਗੱਲ ਬਿਲਕੁਲ ਠੀਕ ਲਗਦੀ ਹੈ। ਮੈਨੂੰ ਬੜੇ ਗੁਰਮੁਖ ਅਤੇ ਵਿਦਵਾਨ ਕਿਸਮ ਦੇ ਸਿੱਖਾਂ ਨੇ ਕਿਹਾ ਹੈ ਕਿ ਉਹ ਘਰ ਵਿਚ ਬਾਣੀ ਪੜ੍ਹ-ਸੁਣ ਲੈਂਦੇ ਹਨ ਪਰ ਗੁਰਦਵਾਰੇ ਨਹੀਂ ਜਾਂਦੇ ਕਿਉਂਕਿ ਗੁਰਦਵਾਰੇ ਵਿਚ ਜੋ ਕੁੱਝ ਵੇਖਣ ਸੁਣਨ ਨੂੰ ਅਜਕਲ ਮਿਲ ਰਿਹਾ ਹੈ, ਉਸ ਨਾਲ ਮਨ ਸਗੋਂ ਕਲਪਣ ਲੱਗ ਜਾਂਦਾ ਹੈ। ...

ਚਲੋ ਬਾਕੀ ਗੱਲ ਫਿਰ ਕਦੇ ਸਹੀ, ਇਸ ਵੇਲੇ ਮੈਨੂੰ ਕੋਈ ਅੰਬਰਸਰੀਆ ਹੀ ਇਹ ਗਿਆਨ ਦੇ ਦੇਵੇ ਕਿ ਅੰਬਰਸਰੀਆਂ ਨੂੰ ਦਰਬਾਰ ਸਾਹਿਬ ਦੇ ਰਸਤੇ ਵਿਚ ਪ੍ਰਤੱਖ ਉਪੱਦਰ ਜਾਂ ਵਿਗਾੜ ਵੇਖ ਕੇ 3-4 ਸਾਲ ਗੁੱਸਾ ਕਿਉਂ ਨਾ ਆਇਆ ਤੇ ਏਨੇ ਸਮੇਂ ਬਾਅਦ ਅਚਾਨਕ ਗੁੱਸਾ ਕਿਉਂ ਆ ਗਿਆ? ਮੈਂ ਤਾਂ ਪਹਿਲੀ ਨਜ਼ਰੇ ਹੀ ਚਾਰ ਗੱਲਾਂ ਦਾ ਗੁੱਸਾ ਕੀਤਾ ਸੀ¸ਭੰਗੜੇ, ਗਿਧੇ ਦੇ ਬੁਤ, ਪਲਾਜ਼ੇ ਅੰਦਰ ਦਰਬਾਰ ਸਾਹਿਬ ਦੇ ਮਾਡਲ, ਸਾਧ ਦੀ ਸਮਾਧ ਨੂੰ ਲਿਸ਼ਕਾ ਪੁਸ਼ਕਾ ਕੇ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਅੱਗੇ ਉਘਾੜਨਾ ਤੇ ਸ਼ਨੀ ਮੰਦਰ ਦਾ ਦਰਬਾਰ ਸਾਹਿਬ ਦੇ ਬਰਾਬਰ ਵਕਾਰ ਬਣਾ ਦੇਣਾ। ਅੰਬਰਸਰੀਆਂ ਨੂੰ ਬਾਕੀ ਗੱਲਾਂ ਬਾਰੇ ਗੁੱਸਾ ਕਦੋਂ ਆਏਗਾ?