28 ਤਰੀਕ ਦੇ ਪੰਜਾਬ ਅਸੈਂਬਲੀ ਸੈਸ਼ਨ ਮਗਰੋਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਕਾਲੀਆਂ, ਉਨ੍ਹਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸਪੋਕਸਮੈਨ ਨਾਲ ਕੀਤੇ ਇਤਿਹਾਸਕ ਧੱਕੇ ਅਤੇ ਅਨਿਆਂ ਦਾ ਪਸ਼ਚਾਤਾਪ ਜ਼ਰੂਰ ਕਰਨਾ ਚਾਹੀਦੈ ਨਹੀਂ.............

Captain Amarinder Singh during Punjab Assembly session

ਅਕਾਲੀਆਂ, ਉਨ੍ਹਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸਪੋਕਸਮੈਨ ਨਾਲ ਕੀਤੇ ਇਤਿਹਾਸਕ ਧੱਕੇ ਅਤੇ ਅਨਿਆਂ ਦਾ ਪਸ਼ਚਾਤਾਪ ਜ਼ਰੂਰ ਕਰਨਾ ਚਾਹੀਦੈ ਨਹੀਂ ਤਾਂ ਰੱਬ ਤਾਂ ਨਿਆਂ ਕਰੇਗਾ ਹੀ...

28 ਦੇ ਅਸੈਂਬਲੀ ਸੈਸ਼ਨ ਵਿਚ ਅਕਾਲੀ ਲੀਡਰਾਂ, ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਬਾਰੇ ਉਹੀ ਕੁੱਝ ਕਿਹਾ ਗਿਆ ਜੋ ਇਨ੍ਹਾਂ ਨੇ 13-14 ਸਾਲ ਪਹਿਲਾਂ ਸਪੋਕਸਮੈਨ ਵਿਰੁਧ ਕਹਿ ਕੇ, ਧਰਮ ਅਤੇ ਕਾਨੂੰਨ ਦਾ ਡੰਡਾ ਸਪੋਕਸਮੈਨ ਦੇ ਸਿਰ ਵਿਚ ਦੇ ਮਾਰਿਆ ਸੀ। ਇਹ ਕਹਿੰਦੇ ਹਨ ਕਿ ਅਸੈਂਬਲੀ ਵਿਚ ਇਨ੍ਹਾਂ ਬਾਰੇ ਜੋ ਕਿਹਾ ਗਿਆ ਹੈ, ਉਹ ਸੱਚ ਨਹੀਂ। ਫਿਰ ਇਨ੍ਹਾਂ ਤੇ ਇਨ੍ਹਾਂ ਦੇ ਸਾਥੀਆਂ ਨੇ 13-14 ਸਾਲ ਪਹਿਲਾਂ ਸਪੋਕਸਮੈਨ ਵਿਰੁਧ ਜੋ ਕੁੱਝ ਕਿਹਾ ਸੀ, ਉਸ ਨੂੰ ਠੀਕ ਕਿਵੇਂ ਕਹਿੰਦੇ ਹਨ?  (ਹੇਠਾਂ ਵੇਖੋ) ਅਪਣੇ ਬਾਰੇ ਗੱਲ ਕਰਨੀ ਤਾਂ ਹੀ ਜਚੇਗੀ ਜੇ ਪਹਿਲਾਂ ਅਪਣੇ ਵਲੋਂ ਕੀਤੇ ਬਜਰ ਪਾਪ ਦਾ ਪਸ਼ਚਾਤਾਪ ਕਰਨ ਲਈ ਵੀ ਤਿਆਰ ਹੋਣ।

ਅਕਾਲ ਤਖ਼ਤ ਦੇ ਜਥੇਦਾਰ ਨੇ ਤਾਂ ਆਪ ਫ਼ੋਨ ਕਰ ਕੇ ਮੈਨੂੰ ਕਹਿ ਦਿਤਾ ਸੀ ਕਿ ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਐਲਾਨ ਕਰਦਾ ਹਾਂ ਕਿ ਤੁਸੀ ਭੁੱਲ ਕੋਈ ਨਹੀਂ ਸੀ ਕੀਤੀ ਅਤੇ ਵੇਦਾਂਤੀ ਨੇ ਕਿੜ ਕੱਢਣ ਲਈ ਤੁਹਾਡੇ ਵਿਰੁਧ ਕਾਰਵਾਈ ਕੀਤੀ ਸੀ।'' ਇਸੇ ਗ਼ਲਤ ਕਾਰਵਾਈ ਦੀ ਬਿਨਾਅ ਤੇ ਤੁਸੀ 10 ਸਾਲਾਂ ਵਿਚ ਸਪੋਕਸਮੈਨ ਦੇ 150 ਕਰੋੜ ਦੇ ਇਸ਼ਤਿਹਾਰ ਵੀ ਮਾਰੇ ਤੇ ਦਰਜਨ ਭਰ ਕੇਸ ਵੀ ਅਦਾਲਤਾਂ ਵਿਚ ਪਾਏ ਤੇ ਸਪੋਕਸਮੈਨ ਦੇ ਪ੍ਰਬੰਧਕਾਂ/ਸੇਵਕਾਂ ਦਾ ਜੀਵਨ 10 ਸਾਲ ਤਕ ਨਰਕ ਬਣਾਈ ਰਖਿਆ।

ਪੰਜਾਬ ਭਰ ਵਿਚ ਸਾਡੇ 7 ਦਫ਼ਤਰ ਵੀ ਤਬਾਹ ਕਰਵਾਏ ਤੇ ਕਿਸੇ ਇਕ ਵੀ ਦੋਸ਼ੀ ਨੂੰ ਖਰੋਚ ਤਕ ਨਾ ਆਉਣ ਦਿਤੀ। ਮੋਹਾਲੀ ਵਿਚ ਮੁੱਖ ਦਫ਼ਤਰ ਉਤੇ ਵੀ ਪੁਲਿਸ ਕੋਲੋਂ ਹਮਲਾ ਕਰਵਾਇਆ ਗਿਆ। ਇਨ੍ਹਾਂ ਸੱਭ ਗੱਲਾਂ ਦਾ ਪਸ਼ਚਾਤਾਪ ਕਰਨਾ ਬਣਦਾ ਹੈ ਕਿ ਨਹੀਂ? ਤੁਸੀ ਜੋ ਸਪੋਕਸਮੈਨ ਨਾਲ ਕੀਤਾ, ਉਸ ਨੂੰ 28 ਦੇ ਅਸੈਬਲੀ ਸੈਸ਼ਨ ਵਿਚ ਕਹੀਆਂ ਗਈਆਂ ਗੱਲਾਂ ਨਾਲ ਮੇਲ ਕੇ ਤਾਂ ਵੇਖ ਲਉ। ਸ਼ਾਇਦ ਤੁਹਾਨੂੰ ਰੱਬ ਦੇ ਨਿਆਂ ਦੀ ਝਲਕ ਇਸ ਵਿਚੋਂ ਨਜ਼ਰ ਆ ਜਾਵੇ:

295-ਏ ਦੇ ਝੂਠੇ ਮਾਮਲੇ : ਮੇਰੇ ਉਤੇ 295-ਏ ਦਾ ਮੁਕੱਦਮਾ ਇਹ ਕਹਿ ਕੇ ਦਰਜ ਕੀਤਾ ਗਿਆ ਕਿ ਅਖ਼ਬਾਰ ਦੇ ਸੰਪਾਦਕੀ ਵਿਚ ਗੁਰੂ ਗ੍ਰੰਥ ਸਾਹਿਬ ਬਾਰੇ ਕੁੱਝ ਅਪਮਾਨਜਨਕ ਟਿਪਣੀ ਕੀਤੀ ਗਈ ਸੀ। ਮੈਂ ਕਿਹਾ ਇਹ ਖ਼ਾਲਸ ਝੂਠ ਹੈ। ਮੈਂ ਬੜਾ ਕਲਪਿਆ ਕਿ ਇਹੋ ਜਹੀ ਗੱਲ ਮੈਂ ਤਾਂ ਕਦੀ ਸੋਚ ਵੀ ਨਹੀਂ ਸਕਦਾ ਜਿਸ ਦਾ ਇਲਜ਼ਾਮ ਮੇਰੇ ਉਤੇ ਥੋਪਿਆ ਗਿਆ ਹੈ। ਹੁਣ ਪੰਜਾਬ ਅਸੈਂਬਲੀ ਵਿਚ ਮੇਰੇ ਉਤੇ ਦੋਸ਼ ਲਾਉਣ ਵਾਲਿਆਂ ਬਾਰੇ ਸਰਬ-ਸੰਮਤੀ ਨਾਲ ਆਵਾਜ਼ ਉਠੀ ਕਿ ਇਨ੍ਹਾਂ ਉਤੇ 295-ਏ ਦਾ ਮੁਕੱਦਮਾ ਦਰਜ ਕੀਤਾ ਜਾਏ ਕਿਉਂਕਿ ਇਹ ਗੁਬਾਣੀ ਦੀ ਬੇਅਦਬੀ ਲਈ ਜ਼ਿੰਮੇਵਾਰ ਹਨ। ਕੀ ਇਸ ਨੂੰ ਰੱਬ ਦਾ ਨਿਆਂ ਕਹਿਣਾ ਗ਼ਲਤ ਹੋਵੇਗਾ?

ਕਤਲ ਦੀ ਧਮਕੀ : 29 ਮਾਰਚ, 2006 ਨੂੰ ਤੇਜਾ ਸਿੰਘ ਸੁਮੰਦਰੀ ਹਾਲ ਦੀ ਵੱਡੀ ਮੀਟਿੰਗ ਵਿਚ ਵੇਦਾਂਤੀ ਨੇ ਕਿਹਾ ਕਿ ਜਿਹੜਾ ਕੰਡਾ ਪੈਰ ਨੂੰ ਚੁੱਭਣ ਲੱਗ ਜਾਏ, ਉਸ ਨੂੰ ਜੁੱਤੀ ਨਾਲ ਫੇਹ ਦਿਤਾ ਜਾਣਾ ਚਾਹੀਦੈ ਅਰਥਾਤ ਮਾਰ ਦੇਣਾ ਚਾਹੀਦੈ। 'ਹਿੰਦੁਸਤਾਨ ਟਾਈਮਜ਼' ਨੇ ਐਡੀਟੋਰੀਅਲ ਲਿਖ ਕੇ ਇਸ ਦੀ ਨਿਖੇਧੀ ਕੀਤੀ ਸੀ।
¸ਹੁਣ ਪੰਜਾਬ ਅਸੈਂਬਲੀ ਵਿਚ ਸਰਬ-ਸੰਮਤੀ ਨਾਲ ਮੰਗ ਕੀਤੀ ਗਈ ਹੈ ਕਿ ਵੇਦਾਂਤੀ ਦੇ ਮਾਲਕਾਂ ਉਤੇ 302 (ਕਤਲ) ਦਾ ਮੁਕੱਦਮਾ ਵੀ ਚਲਾਇਆ ਜਾਏ। ਜੇ ਇਹ ਰੱਬ ਦੇ ਇਨਸਾਫ਼ ਦਾ ਸੁਨੇਹਾ ਨਹੀਂ ਤਾਂ ਹੋਰ ਕੀ ਹੈ?

ਪੰਥ ਵਿਰੋਧੀ ਹੋਣ ਦਾ ਝੂਠਾ ਪ੍ਰਚਾਰ : ਗੁਰਦਵਾਰਾ ਸਟੇਜਾਂ ਤੋਂ ਮੇਰੇ ਵਿਰੁਧ ਧੂਆਂਧਾਰ ਪ੍ਰਚਾਰ ਕਈ ਸਾਲ ਲਗਾਤਾਰ ਕੀਤਾ ਜਾਂਦਾ ਰਿਹਾ ਕਿ ਮੈਂ ਅਕਾਲ ਤਖ਼ਤ ਦਾ ਭਗੌੜਾ ਹਾਂ, ਪੰਥ ਦਾ ਦੁਸ਼ਮਣ ਹਾਂ ਤੇ ਮੇਰੇ ਨਾਲ ਕਿਸੇ ਨੂੰ ਕੋਈ ਸਬੰਧ ਨਹੀਂ ਰਖਣਾ ਚਾਹੀਦਾ।¸ਲੋਕਾਂ ਨੇ ਇਨ੍ਹਾਂ ਦੀ ਗੱਲ ਤਾਂ ਨਾ ਮੰਨੀ ਪਰ ਹੁਣ ਪੰਜਾਬ ਅਸੈਂਬਲੀ ਵਿਚ ਇਹ ਆਵਾਜ਼ ਜ਼ਰੂਰ ਗੂੰਜੀ ਕਿ ਅਕਾਲ ਤਖ਼ਤ ਦੇ ਪੁਜਾਰੀ, ਸੇਵਾਦਾਰੀ ਕਰਦੇ ਕਰਦੇ ਕਰੋੜਾਂ ਤੇ ਅਰਬਾਂ ਦੀਆਂ ਜਾਇਦਾਦਾਂ ਦੇ ਮਾਲਕ ਬਣ ਗਏ ਹਨ ਤੇ ਉਨ੍ਹਾਂ ਦੇ ਬੱਚੇ ਫ਼ਲਾਣੀਆਂ ਫ਼ਲਾਣੀਆਂ ਕਰੋੜਾਂ ਵਿਚ ਮਿਲਦੀਆਂ ਕਾਰਾਂ ਦੇ ਮਾਲਕ ਬਣ ਗਏ ਹਨ

ਅਤੇ ਇਨ੍ਹਾਂ ਦੇ ਮਾਲਕਾਂ ਅਰਥਾਤ ਬਾਦਲਾਂ ਬਾਰੇ ਇਹ ਕਿਹਾ ਗਿਆ ਕਿ ਪੰਜਾਬ ਅਤੇ ਸਿੱਖਾਂ ਦਾ ਜਿੰਨਾ ਨੁਕਸਾਨ ਇਨ੍ਹਾਂ ਨੇ ਕੀਤਾ ਹੈ, ਸਿੱਖ ਇਤਿਹਾਸ ਵਿਚ ਕਿਸੇ ਹੋਰ ਨੇ ਕਦੇ ਨਹੀਂ ਕੀਤਾ ਹੋਣਾ। ਇਥੋਂ ਤਕ ਵੀ ਕਿਹਾ ਗਿਆ ਕਿ ਅਬਦਾਲੀ, ਦੁਰਾਨੀ ਤੇ ਹੋਰ ਹਮਲਾਵਰਾਂ ਨੇ ਵੀ ਪੰਜਾਬ ਦਾ ਏਨਾ ਨੁਕਸਾਨ ਨਹੀਂ ਕੀਤਾ ਹੋਣਾ ਜਿੰਨਾ ਇਨ੍ਹਾਂ ਨੇ ਕੀਤਾ ਹੈ। ਮੇਰੇ ਉਤੇ ਗੁਰਦਵਾਰਾ ਸਟੇਜਾਂ ਉਤੋਂ ਲਗਾਤਾਰ ਕਈ ਸਾਲ ਝੂਠਾ ਪ੍ਰਚਾਰ ਕਰਨ ਵਾਲਿਆਂ ਬਾਰੇ ਪੰਜਾਬ ਅਸੈਂਬਲੀ ਦਾ ਫ਼ਤਵਾ ਸੁਣ ਕੇ ਦਿਲ ਨੂੰ ਠੰਢ ਜ਼ਰੂਰ ਪਈ ਤੇ ਮਹਿਸੂਸ ਹੋਇਆ ਕਿ ਰੱਬ ਅਪਣਾ ਇਨਸਾਫ਼ ਚੁਪ ਰਹਿ ਕੇ ਕਰਦਾ ਹੈ ਪਰ ਕਰਦਾ ਜ਼ਰੂਰ ਹੈ।

ਮੇਰਾ ਤੇ ਸਪੋਕਸਮੈਨ ਦਾ ਬਾਈਕਾਟ :  ਮੇਰੇ ਬਾਰੇ ਤੇ ਰੋਜ਼ਾਨਾ ਸਪੋਕਸਮੈਨ ਬਾਰੇ 'ਹੁਕਮਨਾਮਾ' ਜਾਰੀ ਕੀਤਾ ਗਿਆ ਕਿ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ, ਕੋਈ ਮੇਰੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਤੇ ਨਾ ਕੋਈ ਹੋਰ ਸਹਿਯੋਗ ਦੇਵੇ।¸ਰੋਜ਼ਾਨਾ ਸਪੋਕਸਮੈਨ 14 ਸਾਲ ਤੋਂ ਆਪ ਹੀ ਮੋਹਰੀ ਅਖ਼ਬਾਰ ਬਣ ਕੇ ਧੁੰਮਾਂ ਨਹੀਂ ਪਾ ਰਿਹਾ ਸਗੋਂ (ਪੈਸਿਆਂ ਦੀ ਘਾਟ ਦੇ ਬਾਵਜੂਦ) 100-ਕਰੋੜੀ 'ਉੱਚਾ ਦਰ ਬਾਬੇ ਨਾਨਕ ਦਾ' ਵਰਗਾ ਵੱਡਾ ਅਜੂਬਾ ਉਸਾਰਨ ਵਾਲਾ ਵੀ ਇਹ ਪੰਜਾਬ ਦਾ ਪਹਿਲਾ ਅਖ਼ਬਾਰ ਬਣ ਕੇ ਉਭਰਿਆ ਹੈ।

ਪੰਜਾਬ ਦੇ ਕਿਸੇ ਹੋਰ ਅਖ਼ਬਾਰ ਨੇ ਮਨੁੱਖਤਾ ਨੂੰ ਏਨਾ ਵੱਡਾ ਤੋਹਫ਼ਾ ਦੇਣ ਦੀ ਸੋਚੀ ਵੀ ਨਹੀਂ ਭਾਵੇਂ ਆਪ ਉਹ ਕਰੋੜਪਤੀ ਹੀ ਨਹੀਂ, ਅਰਬਪਤੀ ਵੀ ਬਣ ਗਏ ਹਨ। ਪੰਜਾਬ ਅਸੈਂਬਲੀ ਨੇ ਮੇਰਾ 'ਬਾਈਕਾਟ' ਕਰਨ ਵਾਲਿਆਂ ਦਾ 'ਬਾਈਕਾਟ' ਕਰਨ ਦਾ ਵੀ ਸੱਦਾ ਦਿਤਾ ਹੈ।

ਮੇਰਾ ਬੁਰਾ ਚਾਹੁਣ ਵਾਲਿਆਂ ਬਾਰੇ ਵੀ ਮੈਂ ਆਪ ਕਦੇ ਬੁਰਾ ਨਹੀਂ ਸੋਚਿਆ, ਨਾ ਕਦੇ ਉਨ੍ਹਾਂ ਨੂੰ ਤਕਲੀਫ਼ ਵਿਚ ਵੇਖ ਕੇ ਖ਼ੁਸ਼ ਹੀ ਹੋਇਆ ਹਾਂ ਪਰ ਮੇਰੇ ਅਤੇ ਮੇਰੇ ਪ੍ਰਵਾਰ ਦੇ 10-12 ਸਾਲ ਨਰਕ ਵਰਗੇ ਬਣਾਉਣ ਵਾਲਿਆਂ ਵਿਰੁਧ ਰੱਬ ਦੇ ਇਨਸਾਫ਼ ਨੂੰ ਵੇਖ ਕੇ ਆਨੰਦਿਤ ਹੋਣਾ ਤੇ ਉਸ ਰੱਬ ਦਾ ਧਨਵਾਦ ਕਰਨਾ ਬਿਲਕੁਲ ਇਕ ਕੁਦਰਤੀ ਅਮਲ ਹੈ। ਮੈਂ ਦੇਵਤਾ ਨਹੀਂ, ਆਮ ਇਨਸਾਨ ਹਾਂ ਤੇ ਆਮ ਇਨਸਾਨ ਨੂੰ ਇਸ ਰੱਬੀ ਇਨਸਾਫ਼ ਤੋਂ ਖ਼ੁਸ਼ੀ ਮਿਲਦੀ ਹੀ ਮਿਲਦੀ ਹੈ। ਮੈਨੂੰ ਵੀ ਮਿਲੀ ਹੈ ਤੇ ਮੈਨੂੰ ਯਕੀਨ ਹੈ, ਸਾਰੇ ਇਨਸਾਫ਼ ਪਸੰਦ ਲੋਕਾਂ ਨੂੰ ਤੇ ਸਪੋਕਸਮੈਨ ਦੇ ਪਾਠਕਾਂ ਨੂੰ ਵੀ ਜ਼ਰੂਰ ਮਿਲੀ ਹੋਵੇਗੀ।

'ਸੰਤਾਂ (ਭਲੇ ਤੇ ਫਿਰਦੋਸ਼ ਲੋਕਾਂ) ਨਾਲ ਵੈਰ ਕਮਾਂਵਦੇ, ਦੁਸ਼ਟਾਂ ਨਾਲ ਮੋਹ ਪਿਆਰ' ਕਰਨ ਵਾਲੇ ਲੀਡਰਾਂ, ਜਥੇਦਾਰਾਂ ਤੇ ਪੁਜਾਰੀਆਂ ਨੂੰ ਪੰਜਾਬ ਅਸੈਂਬਲੀ ਦੇ ਸਮੂਹ ਮੈਂਬਰਾਂ ਦੇ ਸਰਟੀਫ਼ੀਕੇਟ ਸ਼ੀਸ਼ੇ ਵਿਚ ਮੜ੍ਹਾ ਕੇ, ਦੀਵਾਰਾਂ ਤੇ ਟੰਗ ਲੈਣੇ ਚਾਹੀਦੇ ਹਨ ਤੇ ਗ਼ਲਤੀਆਂ ਨੂੰ ਸੁਧਾਰ ਲੈਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਜਾਂ ਫਿਰ ਜੇ ਉਹ ਰੱਬ ਦੀ ਮਾਰ ਪੈਣ ਦੀ ਹੀ ਉਡੀਕ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਮਰਜ਼ੀ!