ਨਾਨਕ ਸ਼ਤਾਬਦੀ ਨੂੰ ਅਕਾਲੀ-ਬੀ.ਜੇ.ਪੀ. ਨੇ ਸਿਆਸੀ ਮਜ਼ਾਕ ਬਣਾ ਕੇ ਰੱਖ ਦਿਤਾ ਹੈ!¸ ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਕਲ ਮੈਂ ਲਿਖਿਆ ਸੀ ਕਿ ਸ਼ਤਾਬਦੀ ਸਮਾਰੋਹ, ਸਿਆਸੀ ਲੋਕਾਂ ਦੇ ਹੱਥ ਚੜ੍ਹ ਜਾਣ ਕਰ ਕੇ ਇਹ ਧਾਰਮਕ ਸਮਾਰੋਹ ਨਹੀਂ ਰਹੇ....

Akali-BJP

ਕਲ ਮੈਂ ਲਿਖਿਆ ਸੀ ਕਿ ਸ਼ਤਾਬਦੀ ਸਮਾਰੋਹ, ਸਿਆਸੀ ਲੋਕਾਂ ਦੇ ਹੱਥ ਚੜ੍ਹ ਜਾਣ ਕਰ ਕੇ ਇਹ ਧਾਰਮਕ ਸਮਾਰੋਹ ਨਹੀਂ ਰਹੇ ਬਲਕਿ ਸਿਆਸਤਦਾਨਾਂ ਦੀ ਸ਼ਤਾਬਦੀ, ਸਿਆਸਤਦਾਨਾਂ ਵਾਸਤੇ ਸ਼ਤਾਬਦੀ ਤੇ ਸਿਆਸਤਦਾਨਾਂ ਦੀ ਹੰਕਾਰ ਸ਼ਤਾਬਦੀ ਵਾਲੇ ਸਮਾਰੋਹ ਬਣ ਕੇ ਰਹਿ ਗਏ ਹਨ। ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੇਰੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਹੈ ਕਿ ਬੀ.ਜੇ.ਪੀ. ਦੀ ਮਦਦ ਨਾਲ ਅਕਾਲੀਆਂ ਨੇ ਸਾਰੇ ਸ਼ਤਾਬਦੀ ਪ੍ਰੋਗਰਾਮਾਂ ਨੂੰ ਇਕ ਸਿਆਸੀ ਮਜ਼ਾਕ ਬਣਾ ਕੇ ਰੱਖ ਦਿਤਾ ਹੈ। ਹਰ ਦੂਜੇ ਚੌਥੇ ਦਿਨ ਉਹ ਦਿੱਲੀ ਜਾ ਕੇ ਮੰਗ ਇਹੀ ਰਖਦੇ ਹਨ ਕਿ ਉਨ੍ਹਾਂ ਦੇ ਵਿਰੋਧੀਆਂ (ਕਾਂਗਰਸ, ਪੰਜਾਬ ਸਰਕਾਰ) ਨੂੰ ਨੀਵਾਂ ਵਿਖਾਉਣ ਲਈ 'ਕੁੱਝ ਕਰੋ ਹਜ਼ੂਰ ਮਾਈ ਬਾਪ'।

-ਸੱਭ ਤੋਂ ਪਹਿਲਾਂ ਉਨ੍ਹਾਂ ਨੇ ਕੇਂਦਰ ਨੂੰ ਕਹਿ ਕੇ ਪੰਜਾਬ ਦੇ 14 ਵਜ਼ੀਰਾਂ ਤੇ ਅਫ਼ਸਰਾਂ ਦੇ 31-ਮੈਂਬਰੀ ਡੈਲੀਗੇਸ਼ਨ, ਜਿਸ ਨੇ ਪਾਕਿਸਤਾਨ ਵਿਚ ਜਾ ਕੇ ਅਖੰਡ ਪਾਠ ਸ਼ੁਰੂ ਕਰਵਾਉਣਾ ਸੀ, ਉਨ੍ਹਾਂ ਦੇ ਵੀਜ਼ੇ ਹੀ ਰੁਕਵਾ ਲਏ। ਜੇ ਏਨੇ ਵਜ਼ੀਰ ਤੇ ਅਫ਼ਸਰ ਏਧਰੋਂ ਜਾ ਕੇ ਅਖੰਡ ਪਾਠ ਸ਼ੁਰੂ ਕਰਵਾਉਂਦੇ ਤਾਂ ਪਾਕਿਸਤਾਨ, ਭਾਰਤ ਸਮੇਤ ਦੁਨੀਆਂ ਵਿਚ ਇਸ ਪ੍ਰੋਗਰਾਮ ਨੂੰ ਪਬਲਿਸਟੀ ਮਿਲਣੀ ਸੀ ਭਾਵੇਂ ਕੁਦਰਤੀ ਤੌਰ ਤੇ ਅਕਾਲੀਆਂ ਨੂੰ ਹਰਾਉਣ ਵਾਲਿਆਂ ਦੇ ਨਾਂ ਵੀ ਮੀਡੀਆ ਵਿਚ ਆਉਣੇ ਸਨ। ਸੋ ਉਨ੍ਹਾਂ ਨੇ ਕੇਂਦਰ ਨੂੰ ਕਹਿ ਕੇ ਵਜ਼ੀਰਾਂ ਦੇ ਵੀਜ਼ੇ ਹੀ ਰੱਦ ਕਰਵਾ ਦਿਤੇ। ਇਹ ਬਾਬੇ ਨਾਨਕ ਦੀ 'ਸੇਵਾ' ਹੈ ਜਾਂ ...? ਮੈਂ ਸਪੱਸ਼ਟ ਕਰ ਦਿਆਂ, ਜੇ ਕਾਂਗਰਸ ਵਾਲੇ ਇਸੇ ਢੰਗ ਨਾਲ ਅਕਾਲੀਆਂ ਨੂੰ ਕੰਮ ਕਰਨੋਂ ਰੋਕਦੇ ਤਾਂ ਮੈਂ ਉਨ੍ਹਾਂ ਦੀ ਵੀ ਡਟ ਕੇ ਵਿਰੋਧਤਾ ਕਰਦਾ। ਆਪ ਕੰਮ ਕਰੋ ਪਰ ਹਾਕਮਾਂ ਦੀ ਮਦਦ ਨਾਲ ਦੂਜਿਆਂ ਨੂੰ ਕੰਮ ਕਰਨੋਂ ਰੋਕਣਾ ਮੈਨੂੰ ਕਦੇ ਵੀ ਠੀਕ ਨਹੀਂ ਲੱਗਾ।

- ਦੂਜਾ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਾਢੇ 500 ਹਸਤੀਆਂ ਦਾ ਜੱਥਾ ਪਾਕਿਸਤਾਨ ਜਾਣਾ ਹੈ। ਅਕਾਲੀ, ਦਿੱਲੀ ਵਿਚ ਹੱਦੋਂ ਵੱਧ ਜ਼ੋਰ ਲਾ ਰਹੇ ਹਨ ਕਿ ਜੱਥੇ ਦਾ ਆਗੂ ਅਮਰਿੰਦਰ ਸਿੰਘ ਜਾਂ ਕੋਈ ਸਿੱਖ ਨਾ ਹੋਵੇ ਸਗੋਂ ਬੀ.ਜੇ.ਪੀ. ਦੇ ਕਿਸੇ ਆਗੂ ਨੂੰ ਬਣਾ ਦਿਤਾ ਜਾਏ ਭਾਵੇਂ ਉਹ ਕੱਟੜ ਹਿੰਦੂਵਾਦੀ ਹੀ ਕਿਉਂ ਨਾ ਹੋਵੇ। ਕੇਂਦਰ ਦੇ ਅਫ਼ਸਰ ਕਹਿਣ ਲੱਗ ਪਏ ਹਨ ਕਿ ਕੇਂਦਰ ਨੇ ਲਾਂਘਾ ਬਣਾਉਣ ਉਤੇ 538 ਕਰੋੜ ਰੁਪਏ ਖ਼ਰਚੇ ਹਨ, ਇਸ ਲਈ ਜੱਥੇ ਦੀ ਅਗਵਾਈ ਕੌਣ ਕਰੇ, ਇਸ ਦਾ ਫ਼ੈਸਲਾ ਕੇਂਦਰ ਕਰੇਗਾ। ਇਹ ਦਲੀਲ ਅਕਾਲੀਆਂ ਨੇ ਕੇਂਦਰ ਨੂੰ ਸੁਝਾਈ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਨੇ ਡੇਰਾ ਬਾਬਾ ਨਾਨਕ ਨੂੰ ਸੁੰਦਰ ਬਣਾਉਣ ਉਤੇ 200 ਕਰੋੜ ਖ਼ਰਚੇ ਹਨ ਤੇ 500 ਕਰੋੜ ਸ਼ਤਾਬਦੀ ਨਾਲ ਸਬੰਧਤ ਸਮਾਰੋਹਾਂ ਤੇ। ਫਿਰ ਪੰਜਾਬ ਸਰਕਾਰ ਨੂੰ ਕਿਉਂ ਨਾ ਇਹ ਹੱਕ ਹੋਵੇ ਕਿ ਇਹ ਪਹਿਲਾ ਜੱਥਾ ਮੁੱਖ ਮੰਤਰੀ ਦੀ ਅਗਵਾਈ ਵਿਚ ਭੇਜੇ?

ਅਕਾਲੀਆਂ ਦੀ ਭਾਜਪਾ ਨਾਲ ਭਾਈਵਾਲੀ ਹੈ। ਉਹ ਕੇਂਦਰ ਤੋਂ ਹਰ ਗੱਲ ਮਨਵਾ ਸਕਦੇ ਹਨ ਤਾਂ ਗੁਰਦਵਾਰਾ ਗਿਆਨ ਗੋਦੜੀ, ਚੰਡੀਗੜ੍ਹ ਅਤੇ ਪਾਣੀਆਂ ਦੀ ਮੰਗ ਲਈ ਕੇਂਦਰ ਨੂੰ ਕਿਉਂ ਨਹੀਂ ਰਾਜ਼ੀ ਕਰ ਲੈਂਦੇ? ਇਹ ਮੰਗਾਂ ਮਨਵਾ ਲੈਣ ਤਾਂ ਬਾਕੀ ਦੀਆਂ ਠਿੱਬੀਆਂ ਲਾਉਣ ਤੇ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਦੀਆਂ ਮੰਗਾਂ ਕੇਂਦਰ ਅੱਗੇ ਰੱਖਣ ਦੀ ਲੋੜ ਹੀ ਨਹੀਂ ਰਹੇਗੀ ਤੇ ਉਂਜ ਹੀ ਉਨ੍ਹਾਂ ਦੀ ਬੱਲੇ ਬੱਲੇ ਹੋਣ ਲੱਗ ਪਵੇਗੀ। ਦੂਜੇ ਦੀ 'ਮੁੱਛ ਨੀਵੀਂ' ਕਰਨ ਨਾਲੋਂ ਅਪਣੀ ਮੁੱਛ ਉੱਚੀ ਕਰਨੀ ਆਉਣੀ ਚਾਹੀਦੀ ਹੈ ਅਕਾਲੀਆਂ ਨੂੰ। ਪਰ ਅਸਲ ਮਸਲਾ ਇਹ ਹੈ ਕਿ ਉਨ੍ਹਾਂ ਨੂੰ ਨਾ ਬਾਬੇ ਨਾਨਕ ਵਿਚ ਕੋਈ ਦਿਲਚਸਪੀ ਹੈ, ਨਾ ਪੰਜਾਬ ਦੀ ਰਾਜਧਾਨੀ ਵਿਚ ਤੇ ਨਾ ਪੰਜਾਬ ਦੇ ਪਾਣੀਆਂ ਵਿਚ ਹੀ। ਉਨ੍ਹਾਂ ਦੀ ਚਿੰਤਾ 'ਸਈਆਂ ਭਏ ਕੋਤਵਾਲ' ਦੀ ਮਦਦ ਨਾਲ ਵਿਰੋਧੀਆਂ ਦੀ ਮੁੱਛ ਇਕ ਦਿਨ ਲਈ ਵੀ ਉੱਚੀ ਹੋਣੋਂ ਰੋਕਣਾ ਹੈ¸ਸ਼ਤਾਬਦੀ ਸ਼ਤੂਬਦੀ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ।  (ਚਲਦਾ)

ਸ. ਜੋਗਿੰਦਰ ਸਿੰਘ