ਗੁਰੂ ਦੇ ਨਾਂ ਤੇ ਸ਼੍ਰੋਮਣੀ ਕਮੇਟੀ ਵਲੋਂ ਗੁਰਮੁਖੀ ਦਿਵਸ ਮਨਾਉਣਾ ਪੰਜਾਬੀ ਦੇ ਭਲੇ ਵਿਚ ਹੋਵੇਗਾ ਜਾਂ...?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਅੱਜ ਵੀ ਸੰਸਾਰ ਦੀ ਕੁਲ ਵਸੋਂ ਦੀ 13 ਫ਼ੀ ਸਦੀ ਦੱਸੀ ਜਾਂਦੀ ਹੈ ਪਰ ਗੁਰਮੁਖੀ ਲਿਪੀ ਤੋਂ ਜਾਣੂ ਕਿੰਨੇ ਕੁ ਪੰਜਾਬੀ ਹਨ .....

Punjabi Language

 

ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਅੱਜ ਵੀ ਸੰਸਾਰ ਦੀ ਕੁਲ ਵਸੋਂ ਦੀ 13 ਫ਼ੀ ਸਦੀ ਦੱਸੀ ਜਾਂਦੀ ਹੈ ਪਰ ਗੁਰਮੁਖੀ ਲਿਪੀ ਤੋਂ ਜਾਣੂ ਕਿੰਨੇ ਕੁ ਪੰਜਾਬੀ ਹਨ ਜਾਂ ਕਿੰਨੇ ਪੰਜਾਬੀ ਹਨ ਜੋ ਪੰਜਾਬੀ ਕਿਤਾਬ, ਅਖ਼ਬਾਰ ਜਾਂ ਰਸਾਲਾ ਪੜ੍ਹ ਸਕਦੇ ਹਨ? ਸਿੱਖਾਂ ਦੀ ਅਗਲੀ ਪਨੀਰੀ ਜੋ ਪੰਜਾਬ ਤੋਂ ਬਾਹਰ ਰਹਿੰਦੀ ਹੈ, ਉਹ ਵੀ ਗੁਰਮੁਖੀ ਤੋਂ ਅਣਜਾਣ ਬਣਦੀ ਜਾ ਰਹੀ ਹੈ। ਸਪੋਕਸਮੈਨ ਦੇ ਜਾਂ  ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਫ਼ਤਰ ਵਿਚੋਂ ਸਾਰੀਆਂ ਚਿੱਠੀਆਂ ਪੰਜਾਬੀ ਵਿਚ ਭੇਜੀਆਂ ਜਾਂਦੀਆਂ ਹਨ ਪਰ ਪਾਠਕਾਂ ਜਾਂ ਉੱਚਾ ਦਰ ਲਈ ਪੈਸਾ ਉਧਾਰਾ ਦੇਣ ਵਾਲਿਆਂ ਦੀਆਂ 90 ਫ਼ੀਸਦੀ ਚਿੱਠੀਆਂ ਅੰਗਰੇਜ਼ੀ ਵਿਚ ਆਉਂਦੀਆਂ ਹਨ ਤੇ 5 ਕੁ ਫ਼ੀ ਸਦੀ ਹਿੰਦੀ ਤੇ 5 ਫ਼ੀ ਸਦੀ ਹੀ ਪੰਜਾਬੀ ਵਿਚ ਲਿਖੀਆਂ ਆਉਂਦੀਆਂ ਹਨ। ਕਾਰਨ ਇਹ ਕਿ ਉਹ ਪੰਜਾਬੀ ਪੜ੍ਹ ਤਾਂ ਲੈਂਦੇ ਹਨ ਪਰ ਪੰਜਾਬੀ ਲਿਖਣ ਦੀ ਉਨ੍ਹਾਂ ਨੂੰ ਜਾਚ ਹੀ ਭੁਲ ਗਈ ਹੈ।

 

ਪੰਜਾਬੀ ਬੋਲਣ ਵਾਲੇ ਵੀ ਗੁਰਮੁਖੀ ਲਿਪੀ ਤੋਂ ਦੂਰ ਕਿਉਂ ਹੋ ਗਏ ਹਨ? ਸਾਰੇ ਪਾਕਿਸਤਾਨ ਵਿਚ ਇਕ ਦਰਜਨ ਪੰਜਾਬੀ ਵੀ ਨਹੀਂ ਮਿਲਣਗੇ ਜੋ ਗੁਰਮੁਖੀ ਲਿਪੀ ਵਿਚ ਪੰਜਾਬੀ ਲਿਖ ਪੜ੍ਹ ਸਕਦੇ ਹੋਣ। ਹਿੰਦੁਸਤਾਨ ਤੇ ਹੋਰ ਦੇਸ਼ਾਂ ਵਿਚ ਰਹਿੰਦੇ ਪੰਜਾਬੀ ਹਿੰਦੂਆਂ ਦੀ ਬਹੁਗਿਣਤੀ ਵੀ ਗੁਰਮੁਖੀ ਤੋਂ ਬਿਲਕੁਲ ਅਣਜਾਣ ਲਗਦੀ ਹੈ। 
ਮੈਂ ਇਹ ਸਵਾਲ ਇਕ ਵਾਰ ਇਕ ਪਾਕਿਸਤਾਨੀ ਪੰਜਾਬੀ ਲੇਖਕ ਨੂੰ ਪੁਛ ਲਿਆ ਜੋ ਲਾਹੌਰੋਂ ਸਾਡੇ ਕੋਲ ਆਇਆ ਸੀ। ਮੈਂ ਕਿਹਾ, ‘‘ਬਾਬਾ ਫ਼ਰੀਦ ਤੋਂ ਲੈ ਕੇ ਵਾਰਸ ਸ਼ਾਹ, ਸ਼ਾਹ ਹੁਸੈਨ ਤੇ ਬੁਲ੍ਹੇਸ਼ਾਹ ਤਕ ਸਾਰੇ ਮੁਸਲਮਾਨ ਲੇਖਕ ਹੀ ਪੰਜਾਬੀ ਭਾਸ਼ਾ ਦਾ ਅਸਲ ਤੇ ਬੇਸ਼ਕੀਮਤੀ ਸਰਮਾਇਆ ਹਨ ਤੇ ਜੇ ਮੁਸਲਮਾਨ ਲੇਖਕਾਂ ਨੂੰ ਪੰਜਾਬੀ ਭਾਸ਼ਾ ਦੇ ਇਤਿਹਾਸ ’ਚੋਂ ਕੱਢ ਦਿਤਾ ਜਾਏ ਤਾਂ ਸਿੱਖ ਤੇ ਹਿੰਦੂ ਲੇਖਕ ਤਾਂ ਉਸ ਵੇਲੇ ਨਾ ਹੋਇਆਂ ਵਰਗੇ ਹੀ ਸਨ।

ਇਸ ਲਈ ਪੰਜਾਬੀ ਸਾਹਿਤ ਤਾਂ ਮੁਸਲਮਾਨ ਲੇਖਕਾਂ ਬਿਨਾਂ ਯਤੀਮ ਹੀ ਲੱਗੇਗਾ। ਫਿਰ ਪਾਕਿਸਤਾਨੀ ਪੰਜਾਬੀ ਕਿਉਂ ਪੰਜਾਬੀ ਤੋਂ ਮੂੰਹ ਫੇਰ ਗਏ ਨੇ? ਬੰਗਾਲ ਵਿਚ ਪਾਕਿਸਤਾਨ ਸਰਕਾਰ ਨੇ ਬੰਗਲਾ ਭਾਸ਼ਾ ਦੀ ਥਾਂ, ਉਰਦੂ ਠੋਸਣ ਦੀ ਕੋਸ਼ਿਸ਼ ਕੀਤੀ ਤਾਂ ਬੰਗਾਲੀ ਹਿੰਦੂਆਂ ਤੇ ਮੁਸਲਮਾਨਾਂ ਦਾ ਇਕਜੁਟ ਹੋ ਕੇ ਦਿਤਾ ਗਿਆ ਜਵਾਬ ਸੀ ਕਿ ‘‘ਅਸੀ ਪਾਕਿਸਤਾਨ ਤੋਂ ਵੱਖ ਹੋ ਜਾਵਾਂਗੇ ਪਰ ਬੰਗਾਲੀ ਦੀ ਥਾਂ ਉਰਦੂ ਜਾਂ ਕਿਸੇ ਹੋਰ ਭਾਸ਼ਾ ਨੂੰ ਇਥੇ ਲਾਗੂ ਨਹੀਂ ਕਰਨ ਦਿਆਂਗੇ।’’ ਤੁਸੀ ਫ਼ੌਜ ਭੇਜ ਕੇ ਉਨ੍ਹਾਂ ਉਤੇ ਉਰਦੂ ਨੂੰ ਪ੍ਰਵਾਨ ਕਰ ਲੈਣ ਲਈ ਜ਼ੋਰ ਪਾਇਆ ਤਾਂ ਬੰਗਾਲੀ ਹਿੰਦੂ-ਮੁਸਲਮਾਨ ਰਲ ਕੇ ਤੁਹਾਡੇ ਤੋਂ ਵੱਖ ਹੋ ਗਏ ਪਰ ਬੰਗਾਲੀ ਭਾਸ਼ਾ ਪ੍ਰਤੀ ਪਿਆਰ ਨਾ ਛਡਿਆ। ਪਰ ਪੰਜਾਬੀ ਬੋਲਣ ਵਾਲੇ ਮੁਸਲਮਾਨਾਂ ਦੀ ਤਾਂ ਪਾਕਿਸਤਾਨ ਵਿਚ ਭਾਰੀ ਬਹੁਗਿਣਤੀ ਹੈ। ਤੁਹਾਡੇ ਉਤੇ ਤਾਂ ਕੋਈ ਬਾਹਰੀ ਦਬਾਅ ਨਹੀਂ ਸੀ। ਫਿਰ ਤੁਸੀ ਅਪਣੇ ਆਪ ਹੀ ਪੰਜਾਬੀ ਨੂੰ ਛੱਡ ਕੇ ਉਰਦੂ ਦੀ ਗ਼ੁਲਾਮੀ ਕਿਉਂ ਮੰਨ ਲਈ?’’

ਉਹਨੇ ਮੇਰੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਅਖ਼ੀਰ ਬੜੇ ਆਰਾਮ ਨਾਲ ਬੋਲਿਆ, ‘‘ਗ਼ਲਤੀ ਤੁਹਾਡੀ ਸੀ ਪਰ ਤੁਸੀ ਅਪਣੀ ਗ਼ਲਤੀ ਮੰਨਣੀ ਕੋਈ ਨਹੀਂ।’’
ਮੈਂ ਕਿਹਾ, ਨਹੀਂ ਦਲੀਲ ਨਾਲ ਸਮਝਾਉ, ਠੀਕ ਹੋਈ ਤਾਂ ਮੰਨ ਵੀ ਲਵਾਂਗਾ। ਪਾਕਿਸਤਾਨੀ ਲੇਖਕ ਦਾ ਜਵਾਬ ਸੀ, ‘‘ਮੁਸਲਮਾਨ ਭਾਵੇਂ ਅਫ਼ਗ਼ਾਨਿਸਤਾਨ ਵਿਚੋਂ ਆਏ ਤੇ ਭਾਵੇਂ ਸਥਾਨਕ ਵਾਸੀ ਸਨ, ਸੱਭ ਨੇ ਪੰਜਾਬੀ ਹੀ ਬੋਲ ਚਾਲ ਦੀ ਭਾਸ਼ਾ ਰੱਖੀ ਤੇ ਪੰਜਾਬੀ ਵਿਚ ਹੀ ਲਿਖਿਆ ਪਰ ਤੁਸਾਂ ਹਿੰਦੂਆਂ ਦੀ ਰੀਸ ਕਰਦਿਆਂ ਜਦ ਪੰਜਾਬੀ ਦੀ ਲਿਪੀ ਨੂੰ ‘ਗੁਰਮੁਖੀ’ ਨਾਂ ਦੇ ਦਿਤਾ (ਕਿਉਂਕਿ ਹਿੰਦੂ, ਹਿੰਦੀ ਦੀ ਲਿਪੀ ਨੂੰ ‘ਦੇਵਨਾਗਰੀ’ ਕਹਿੰਦੇ ਸਨ), ਤਾਂ ਮੁਸਲਮਾਨ ਵੀ ਪਿੱਛੇ ਹੱਟ ਗਏ ਤੇ ਹਿੰਦੂਆਂ ਨੂੰ ਤੁਹਾਡੀ ਲੋੜ ਖ਼ਤਮ ਹੋ ਗਈ ਤਾਂ ਹੌਲੀ ਹੌਲੀ ਉਹ ਵੀ ਪਿੱਛੇ ਹੱਟ ਗਏ।

ਇਸ (ਭਾਸ਼ਾ ਤੇ ਲਿਪੀ) ਨੂੰ ਅਪਣੀ ਬਣਾਉਣ ਦੇ ਜੋਸ਼ ਵਿਚ ਸਾਰੇ ਪੰਜਾਬੀਆਂ ਦੀ ਸਦੀਆਂ ਪੁਰਾਣੀ ਸਾਂਝੀ ਵਿਰਾਸਤ ਤੁਸੀ ਨਾ ਰਹਿਣ ਦਿਤੀ। ਬੰਗਾਲ ਵਿਚ ਬੰਗਾਲੀ ਭਾਸ਼ਾ ਜਾਂ ਲਿਪੀ ਹਿੰਦੂਆਂ ਤੇ ਮੁਸਲਮਾਨਾਂ ਦੀ ਸਾਂਝੀ ਹੀ ਰਹੀ ਤੇ ਕਿਸੇ ਇਕ ਧਰਮ ਨੇ ਇਸ ਭਾਸ਼ਾ ਜਾਂ ਇਸ ਦੀ ਲਿਪੀ ’ਤੇ ਅਪਣਾ ਠੱਪਾ ਲਾਉਣ ਦੀ ਨਾ ਸੋਚੀ, ਇਸ ਲਈ ਉਹ ਦੋਵੇਂ ਅੱਜ ਤਕ ਬੰਗਲਾ ਭਾਸ਼ਾ ਤੇ ਉਸ ਦੀ ਲਿਪੀ ਨੂੰ ਸਾਂਝੀ ਵਿਰਾਸਤ ਮੰਨਦੇ ਨੇ। ਤੁਸੀ ਪੰਜਾਬੀ ਦੀ ਕੁਦਰਤੀ ਲਿਪੀ ਨੂੰ ‘ਗੁਰਮੁਖੀ’ (ਗੁਰੂ ਦੇ ਮੁੱਖ ’ਚੋਂ ਨਿਕਲੀ) ਨਾ ਕਹਿੰਦੇ ਤਾਂ ਨਾ ਮੁਸਲਮਾਨ ਇਸ ਤੋਂ ਦੂਰ ਹੋਣੇ ਸਨ, ਨਾ ਹਿੰਦੂ।’’

 

ਮੈਂ ਉਦੋਂ ਤੋਂ ਹੁਣ ਤਕ ਇਸ ਬਾਰੇ ਬਹੁਤ ਸੋਚਿਆ ਹੈ ਤੇ ਉਸ ਦੀ ਗੱਲ ਮੈਨੂੰ ਠੀਕ ਹੀ ਲੱਗੀ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਗੁਰੂ ਅੰਗਦ ਦੇਵ ਜੀ ਦੇ ਜਨਮ ਪੁਰਬ ਤੇ ਹਰ ਸਾਲ ‘ਗੁਰਮੁਖੀ ਦਿਵਸ’ ਮਨਾਇਆ ਜਾਏਗਾ। ਕਿਉਂ? ਕਿਉਂਕਿ ਕਿਸੇ ਲਿਖਤ ਵਿਚ ਲਿਖਿਆ ਮਿਲਦਾ ਹੈ ਕਿ ਗੁਰਮੁਖੀ ਲਿਪੀ ਦੀ ਕਾਢ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ। ਕੀ ਇਸ ਬਾਰੇ ਸਾਰੇ ਪੰਜਾਬੀ ਵਿਦਵਾਨ ਸਹਿਮਤ ਹਨ? ਪੁਸਤਕ ‘ਚਾਰ-ਬਾਗ਼ਿ ਪੰਜਾਬ’ ਵਿਚ ਸਫ਼ਾ 105 ’ਤੇ ਗਣੇਸ਼ ਦਾਸ ਵਡੇਹਰਾ ਨੇ ਫ਼ਾਰਸੀ ਵਿਚ ਲਿਖਿਆ ਹੈ ਕਿ ‘ਗੁਰਮੁਖੀ ਲਿਪੀ ਦੀ ਈਜਾਦ ਬਾਬਾ ਨਾਨਕ ਨੇ ਕੀਤੀ ਸੀ’। (ਨਾਲ ਡੱਬੀ ਵਿਚ ਫ਼ੋਟੋ ਵੇਖੋ)।

ਮੇਰਾ ਦਿਲ ਇਸ ਨੂੰ ਵੀ ਸੱਚ ਮੰਨਣ ਲਈ ਤਿਆਰ ਨਹੀਂ ਕਿਉਂਕਿ ਫਿਰ ਤਾਂ ਮੰਨਣਾ ਪਵੇਗਾ ਕਿ ਬਾਬੇ ਨਾਨਕ ਤੋਂ ਪਹਿਲਾਂ ਪੰਜਾਬੀ ਦੀ ਲਿਪੀ ਹੈ ਈ ਕੋਈ ਨਹੀਂ ਸੀ। ਇਹ ਤਾਂ ਬਿਲਕੁਲ ਝੂਠ ਹੋਵੇਗਾ ਕਿਉਂਕਿ ਪੰਜਾਬੀ ਦੀ ਲਿਪੀ ਬਾਬੇ ਨਾਨਕ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਉਹੀ ਸੀ ਜੋ ਅੱਜ ਹੈ ਪਰ ਪੰਜਾਬ ਕਿਉਂਕਿ ਹਮੇਸ਼ਾ ਹੀ ਵਿਦੇਸ਼ੀ ਹਮਲਾਵਰਾਂ ਦੇ ਜ਼ੁਲਮ ਦਾ ਸ਼ਿਕਾਰ ਰਿਹਾ ਹੈ, ਇਸ ਕਰ ਕੇ ਇਥੋਂ ਦੇ ਵਪਾਰੀਆਂ (ਲਗਭਗ ਸਾਰੇ ਹੀ ਹਿੰਦੂ ਸਨ) ਨੇ ਹਾਕਮਾਂ ਵਲੋਂ ਹਮਲੇ ਸਮੇਂ ਵਹੀਆਂ ਫਰੋਲ ਕੇ ਉਨ੍ਹਾਂ ਦੀ ਦੌਲਤ ਬਾਰੇ ਸੱਭ ਕੁੱਝ ਜਾਣ ਲੈਣ ਦੀ ਜੋ ਕੋਸ਼ਿਸ਼ ਕੀਤੀ ਜਾਂਦੀ ਸੀ, ਉਸ ਤੋਂ ਬਚਣ ਲਈ ਪੰਜਾਬੀ ਲਿਪੀ ਨੂੰ ਅਜਿਹੇ ਰੂਪ ਵਿਚ ਲਿਖਣਾ ਸ਼ੁਰੂ ਕਰ ਦਿਤਾ ਜਿਸ ਨੂੰ ਉਹ ਆਪ ਤਾਂ ਪਹਿਲੀ ਨਜ਼ਰ ਪੈਂਦਿਆਂ ਹੀ ਸਮਝ ਸਕਦੇ ਸਨ ਪਰ ਹਮਲਾਵਰਾਂ ਨੂੰ ਕੁੱਝ ਨਹੀਂ ਸੀ ਪਤਾ ਲਗਦਾ।

ਬਾਬਾ ਨਾਨਕ ਨੇ ਸਿਰਫ਼ ਇਹ ਕੀਤਾ ਕਿ ਪੰਜਾਬੀ ਦੀ ਲਿਪੀ ਉਤੋਂ ਵਪਾਰੀਆਂ ਵਲੋਂ ਪਾਇਆ ਗਿਆ ਪਰਦਾ ਹਟਾ ਕੇ, ਅਸਲ ਪੰਜਾਬੀ ਲਿਪੀ ਵਿਚ ਪਹਿਲੀ ਵਾਰ ਲਿਖਣਾ ਸ਼ੁਰੂ ਕੀਤਾ। ਲੋਕਾਂ ਨੂੰ ਇਸ ਲਿਪੀ ਦੀ ਪਹਿਲਾਂ ਵੀ ਸਮਝ ਸੀ ਤੇ ਇਸ ਉਪਰ ਪਾਏ ਪਰਦੇ ਦੀ ਵੀ (ਭਾਵੇਂ ਲਿਖਤੀ ਰੂਪ ਵਿਚ ਜਾਂ ਕਿਤਾਬੀ ਰੂਪ ਵਿਚ ਨਹੀਂ ਸੀ ਮਿਲਦੀ) ਤੇ ਵਹੀਆਂ ਵਿਚ ਪਰਦਾ ਪਾ ਕੇ ਲਿਖੀ ਹੋਈ ਹੀ ਮਿਲਦੀ ਸੀ ਜਿਸ ਨੂੰ ‘ਲੰਡੇ’ ਤੇ ਇਹੋ ਜਹੇ ਕੁੱਝ ਹੋਰ ਨਾਂ, ਕੇਵਲ ਹਮਲਾਵਰਾਂ ਨੂੰ ਭੁਲੇਖਾ ਪਾਉਣ ਲਈ ਰੱਖੇ ਗਏ ਸਨ, ਪਰ ਸੀ ਉਹ ਅੱਜ ਵਾਲੀ ਗੁਰਮੁਖੀ ਹੀ। ਬਾਬਾ ਨਾਨਕ ਨੇ ਆਮ ਲੋਕਾਂ ਦੀ ਭਾਸ਼ਾ ਵਿਚ ਤੇ ਲਿਪੀ ਵਿਚ ਬਾਣੀ ਰਚਣ ਦਾ ਫ਼ੈਸਲਾ ਕੀਤਾ ਤਾਂ ਇਹ ਪਲਾਂ ਵਿਚ ਘਰ ਘਰ ਵਿਚ ਗਾਈ ਤੇ ਪੜ੍ਹੀ ਜਾਣ ਲੱਗ ਪਈ। ਜੇ ਨਵੀਂ ਲਿਪੀ ਉਨ੍ਹਾਂ ਨੇ ਹੀ ਈਜਾਦ ਕੀਤੀ ਸੀ ਤਾਂ ਤੁਰਤ ਫੁਰਤ ਘਰਾਂ ਵਿਚ ਕਿਵੇਂ ਪੜ੍ਹੀ ਜਾਣ ਲੱਗ ਪਈ?

ਇਤਿਹਾਸਕ ਹਵਾਲੇ ਮਿਲਦੇ ਹਨ ਕਿ ਉਨ੍ਹਾਂ ਦੀ ਬਾਣੀ ਦੇ ਉਤਾਰੇ ਪ੍ਰਾਪਤ ਕਰਨ ਦੀ ਮੰਗ ਬੜੀ ਤੇਜ਼ੀ ਨਾਲ ਆਉਂਦੀ ਰਹਿੰਦੀ ਸੀ ਤੇ ਕੁੱਝ ਲੋਕ ਇਸ ਸੇਵਾ ਤੇ ਹੀ ਲੱਗੇ ਰਹਿੰਦੇ ਸਨ। ਜੇ ਉਸ ਵੇਲੇ ਪੰਜਾਬੀ ਦੀ ਲਿਪੀ ਪਹਿਲਾਂ ਤੋਂ ਹੀ ਮਕਬੂਲ ਲਿਪੀ ਨਾ ਹੁੰਦੀ ਤਾਂ ਬਾਬਾ ਨਾਨਕ ਕਦੇ ਇਸ ਵਿਚ ਬਾਣੀ ਨਾ ਰਚਦੇ ਕਿਉਂਕਿ ਉਨ੍ਹਾਂ ਨੇ ਤਾਂ ਆਮ ਲੋਕਾਂ ਦੀ ਸਮਝ ਵਿਚ ਆ ਸਕਣ ਵਾਲੀ ਮਕਬੂਲ ਭਾਸ਼ਾ ਅਤੇ ਲਿਪੀ ਚੁਣਨੀ ਸੀ ਤੇ ਸੰਸਕ੍ਰਿਤ ਵਿਚ ਲਿਖਣਾ ਇਸੇ ਲਈ ਪ੍ਰਵਾਨ ਨਹੀਂ ਸੀ ਕੀਤਾ। ਨਵੀਂ ਲਿਪੀ ਜਾਂ ਭਾਸ਼ਾ ਇਕਦੰਮ ਮਕਬੂਲ ਨਹੀਂ ਹੋ ਜਾਂਦੀ, ਸੈਂਕੜੇ ਸਾਲ ਲੱਗ ਜਾਂਦੇ ਹਨ। ਕੁਲ ਮਿਲਾ ਕੇ, ਗੁਰਮੁਖੀ ਨੂੰ ‘ਈਜਾਦ’ ਕਰਨ ਬਾਰੇ ਭਾਵੇਂ ਬਾਬੇ ਨਾਨਕ ਦਾ ਨਾਂ ਲਿਆ ਜਾਵੇ, ਭਾਵੇਂ ਗੁਰੂ ਅੰਗਦ ਦਾ ਜਾਂ ਕਿਸੇ ਹੋਰ ਦਾ, ਇਹ ਦਾਅਵਾ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਨਹੀਂ ਕੀਤਾ ਗਿਆ ਤੇ ਸਾਰੇ ਪੰਜਾਬੀਆਂ ਦਾ ਸਾਂਝਾ ਫ਼ੈਸਲਾ ਹੋਣਾ ਚਾਹੀਦਾ ਹੈ ਨਹੀਂ ਤਾਂ ਪੰਜਾਬੀ ਤੇ ਇਸ ਦੀ ਲਿਪੀ ਦਾ ਇਤਿਹਾਸ ਸੰਸਕ੍ਰਿਤ ਨਾਲੋਂ ਪੁਰਾਣਾ ਹੋਣ ਦੇ ਪੰਜਾਬੀ ਦਾਅਵੇ ਨੂੰ ਆਪ ਹੀ ਰੱਦ ਕਰਨ ਵਾਲੀ ਗੱਲ ਹੋਵੇਗੀ।

ਜੇ ਸ਼੍ਰੋਮਣੀ ਕਮੇਟੀ ਪੰਜਾਬੀ ਅਤੇ ਗੁਰਮੁਖੀ ਦਾ ਪ੍ਰਚਾਰ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਬੰਗਾਲੀ ਦੀ ਤਰ੍ਹਾਂ ਸਾਰੇ ਪੰਜਾਬੀਆਂ ਦੀ ਸਦੀਆਂ ਤੋਂ ਚਲੀ ਆ ਰਹੀ ਸਾਂਝੀ ਭਾਸ਼ਾ ਤੇ ਲਿਪੀ ਬਣਾਉਣ ਵਲ ਧਿਆਨ ਦੇਣਾ ਚਾਹੀਦਾ ਹੈ। ਸਿੱਖਾਂ ਵਲੋਂ ਕੀਤੇ ਗਏ ਦਾਅਵਿਆਂ ਦੀ ਇਕ ਪ੍ਰਤੀਨਿਧ ਪੰਜਾਬੀ ਵਿਦਵਾਨ ਮੰਡਲ ਕੋਲੋਂ ਜਾਂਚ ਕਰਵਾ ਕੇ ਹੀ ਕੋਈ ਗੱਲ ਕਰਨੀ ਚਾਹੀਦੀ ਹੈ। ਇਸ ਤਰੀਕੇ ਨਾਲ ਹੀ ਅਸੀ ਪੰਜਾਬੀ ਨੂੰ ਸਾਰੇ ਪੰਜਾਬੀਆਂ (ਦੁਨੀਆਂ ਦੇ 13 ਫ਼ੀ ਸਦੀ ਲੋਕਾਂ) ਦੀ ਸਾਂਝੀ ਬੋਲੀ ਤੇ ਲਿਪੀ ਬਣਾ ਸਕਦੇ ਹਾਂ, ਗੁਰੂ ਦਾ ਨਾਂ ਵਰਤ ਕੇ, ਵਖਰੀ ਗੱਲ ਕਰਨ ਨਾਲ ਨਹੀਂ।