ਕੋਰੋਨਾ ਦਾ ਟੀਕਾ ਕਦੋਂ ਬਣ ਸਕੇਗਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਕੋਰੋਨਾ (ਕੋਵਿਡ-19) ਨੇ ਸਾਰੀ ਦੁਨੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਛੋਟੇ ਜਾਂ ਗ਼ਰੀਬ ਦੇਸ਼ਾਂ ਨਾਲੋਂ ਜ਼ਿਆਦਾ, ਇਸ ਨੇ ਦੁਨੀਆਂ ਦੇ ਵੱਡੇ ਤੇ ਅਮੀਰ ਦੇਸ਼ਾਂ

File Photo

ਕੋਰੋਨਾ (ਕੋਵਿਡ-19) ਨੇ ਸਾਰੀ ਦੁਨੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਛੋਟੇ ਜਾਂ ਗ਼ਰੀਬ ਦੇਸ਼ਾਂ ਨਾਲੋਂ ਜ਼ਿਆਦਾ, ਇਸ ਨੇ ਦੁਨੀਆਂ ਦੇ ਵੱਡੇ ਤੇ ਅਮੀਰ ਦੇਸ਼ਾਂ ਦੇ ਹੋਸ਼ ਉਡਾਏ ਹੋਏ ਹਨ¸ਚੀਨ, ਅਮਰੀਕਾ, ਬਰਤਾਨੀਆ, ਸਪੇਨ, ਇਟਲੀ, ਸਿੰਗਾਪੁਰ ਸਮੇਤ ਲਗਭਗ ਹਰ ਦੇਸ਼। ਭਾਰਤ ਵਿਚ ਤਾਂ ਦੂਜੇ ਵੱਡੇ ਦੇਸ਼ਾਂ ਦੇ ਮੁਕਾਬਲੇ ਇਹ ਅਜੇ ਬੜੇ ਨਰਮ ਰੂਪ ਵਿਚ ਆਇਆ ਹੈ ਤੇ ਆਇਆ ਵੀ ਅਖ਼ੀਰ ਵਿਚ ਹੈ। ਜਿਨ੍ਹਾਂ ਦੇਸ਼ਾਂ ਵਿਚ ਇਹ ਪਹਿਲਾਂ ਆਇਆ ਸੀ, ਉਨ੍ਹਾਂ ਦੇਸ਼ਾਂ ਦੇ ਤਜਰਬੇ ਦਾ ਸਾਨੂੰ ਆਪੇ ਹੀ ਫ਼ਾਇਦਾ ਮਿਲ ਰਿਹਾ ਹੈ।

ਇਸ ਵੇਲੇ ਹਰ ਕੋਈ ਸਾਹ ਰੋਕ ਕੇ ਇੰਤਜ਼ਾਰ ਕਰ ਰਿਹਾ ਹੈ ਕਿ ਉਹ ‘ਟੀਕਾ’ (ਵੈਕਸੀਨ) ਕਦੋਂ ਨਿਕਲੇਗਾ ਜਿਸ ਨੂੰ ਲਗਾਂਦਿਆਂ ਹੀ ਕੋਰੋਨਾ ਦੀ ਅਪਣੀ ਜਾਨ ਨਿਕਲ ਜਾਏ ਤੇ ਇਹ ਕਿਸੇ ਮਨੁੱਖ ਦਾ ਕੋਈ ਨੁਕਸਾਨ ਕਰਨੋਂ ਰੁਕ ਜਾਏ? ਮੇਰਾ ਨਹੀਂ ਖ਼ਿਆਲ ਕਿ ਸਾਡੇ ’ਚੋਂ ਬਹੁਤੇ ਲੋਕਾਂ ਨੂੰ ਪਤਾ ਹੋਵੇਗਾ ਕਿ ‘ਵੈਕਸੀਨ’ ਹੁੰਦਾ ਕੀ ਹੈ? ਸਿਧੀ ਸਾਦੀ ਭਾਸ਼ਾ ਵਿਚ ਇਹ ਬੀਮਾਰੀ ਨੂੰ ਨਹੀਂ ਮਾਰਦਾ ਸਗੋਂ ਸਾਡੇ ਅੰਦਰ ਬੀਮਾਰੀ ਦੇ ਅਸਰਾਂ ਨਾਲ ਲੜਨ ਵਾਲੀ ਉਹ ਤਾਕਤ ਪੈਦਾ ਕਰ ਦੇਂਦਾ ਹੈ ਜੋ ਬੀਮਾਰੀ ਦੇ ਕੀਟਾਣੂਆਂ ਨੂੰ ਭਜਾ ਕੇ ਸ੍ਰੀਰ ਵਿਚੋਂ ਬਾਹਰ ਕੱਢ ਦੇਵੇ।

ਮਿਸਾਲ ਦੇ ਤੌਰ ’ਤੇ ਹਰ ਨਵੇਂ ਜਨਮ ਲੈਣ ਵਾਲੇ ਬੱਚੇ ਨੂੰ ਡਾਕਟਰ ਇਕ ਟੀਕਾ ਹਸਪਤਾਲ ਵਿਚ ਹੀ ਲਗਾ ਦੇਂਦੇ ਹਨ ਤੇ ਮਾਤਾ-ਪਿਤਾ ਨੂੰ ਹਦਾਇਤ ਕਰ ਦੇਂਦੇ ਹਨ ਕਿ ਹੋਰ ਟੀਕੇ ਤਿੰਨ ਸਾਲ ਤਕ, ਨਿਸ਼ਚਿਤ ਵਕਫ਼ੇ ਅੰਦਰ ਜ਼ਰੂਰ ਲਵਾ ਲੈਣ। ਜਦ ਇਹ ਟੀਕੇ ਲੱਗ ਰਹੇ ਹੁੰਦੇ ਹਨ (ਡਿਪਥੀਰੀਆ, ਬੀ.ਸੀ.ਜੀ., ਪੋਲੀਉ ਆਦਿ ਦੇ) ਉਸ ਸਮੇਂ ਬੱਚੇ ਅੰਦਰ ਟੀਕੇ ਰਾਹੀਂ ਉਪ੍ਰੋਕਤ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਦਾਖ਼ਲ ਕਰ ਦਿਤੀ ਜਾਂਦੀ ਹੈ ਤਾਕਿ ਮਗਰੋਂ ਜਦ ਕਦੇ ਇਹ ਬੀਮਾਰੀਆਂ ਬੱਚੇ ਨੂੰ ਲੱਗਣ ਤਾਂ ਉਹ ਅਪਣੇ ਅੰਦਰ ਦੀ ਸਮਰੱਥਾ (9mmunity) ਨਾਲ ਇਨ੍ਹਾਂ ਬੀਮਾਰੀਆਂ ਦਾ ਟਾਕਰਾ, ਉਨ੍ਹਾਂ ਦੇ ਸਿਰ ਚੁੱਕਣ ਤੋਂ ਪਹਿਲਾਂ ਹੀ ਕਰ ਲਵੇ।

ਤੁਸੀ ਜਾਣਦੇ ਹੋ, ਪਹਿਲਾਂ ਕਿੰਨੇ ਹੀ ਬੱਚੇ ਛੋਟੀ ਉਮਰ ਵਿਚ ਪੋਲੀਉ ਦੇ ਸ਼ਿਕਾਰ ਹੋਏ ਨਜ਼ਰ ਆਉਂਦੇ ਸਨ, ਹੁਣ ਨਹੀਂ ਮਿਲਦੇ। ਕੇਵਲ ਇਸ ਲਈ ਕਿਉਂਕਿ ਇਨ੍ਹਾਂ ਦੇ ਮਾਪਿਆਂ ਨੇ ਬੱਚਿਆਂ ਨੂੰ ਤਿੰਨ ਚਾਰ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਵਾਲੇ ਟੀਕੇ ਉਨ੍ਹਾਂ ਦੇ ਪੈਦਾ ਹੁੰਦਿਆਂ ਹੀ ਲਵਾ ਦਿਤੇ ਸਨ।
ਪਰ ਵੱਡੀ ਉਮਰ ਦੀਆਂ ਬੀਮਾਰੀਆਂ ਨਾਲ ਲੜਨ ਵਾਲੇ ਟੀਕੇ, ਬੀਮਾਰੀਆਂ ਲੱਗਣ ਤੋਂ ਪਹਿਲਾਂ ਹੀ ਲਗਾ ਦੇਣ ਦਾ ਪ੍ਰਬੰਧ ਅਜੇ ਤਕ ਨਹੀਂ ਹੋ ਸਕਿਆ ਅਰਥਾਤ ਅਜਿਹਾ ਟੀਕਾ ਤਿਆਰ ਨਹੀਂ ਕੀਤਾ ਜਾ ਸਕਿਆ ਜੋ ਇਕ ਵਾਰ ਬਚਪਨ ਵਿਚ ਲੱਗ ਜਾਏ ਤਾਂ ਸਾਰੀ ਉਮਰ ਸ੍ਰੀਰ ਨੂੰ ਕੋਈ ਬੀਮਾਰੀ ਲੱਗ ਹੀ ਨਾ ਸਕੇ।

ਬਾਕੀ ਦੀਆਂ ਸਾਰੀਆਂ ਬੀਮਾਰੀਆਂ ਲਈ ਟੀਕੇ ਉਦੋਂ ਹੀ ਲਗਵਾਉਣੇ ਪੈਂਦੇ ਹਨ ਜਦ ਉਹ ਬੀਮਾਰੀਆਂ ਲੱਗ ਜਾਂਦੀਆਂ ਹਨ। ਇਹੀ ਮਸਲਾ ਕੋਰੋਨਾ (ਕੋਵਿਡ-19) ਦਾ ਹੈ। ਇਸ ਬੀਮਾਰੀ ਦੇ ਲੱਛਣਾਂ (ਜ਼ੁਕਾਮ, ਖੰਘ, ਉਲਟੀਆਂ, ਪੇਚਿਸ਼, ਤੇਜ਼ ਬੁਖ਼ਾਰ ਆਦਿ ਆਦਿ) ਨੂੰ ਵੇਖ ਕੇ ਦਵਾਈ ਨਾਲ ਇਸ ਬੀਮਾਰੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਬਲਕਿ ਸੰਸਾਰ ਦੇ ਇਸ ਪਹਿਲੀ ਵਾਰ ਉਪਜੇ ਰੋਗ ਦਾ ਮੁਕਾਬਲਾ ਕਰਨ ਦੀ ਸਮਰੱਥਾ (9mmunity) ਪੈਦਾ ਕਰਨ ਵਾਲਾ ਨਵਾਂ ਟੀਕਾ ਲਭਿਆ ਜਾ ਰਿਹਾ ਹੈ। ਪਹਿਲੇ ਟੀਕੇ, ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਵਾਲੀ ਸਮਰੱਥਾ (9mmunity) ਸਾਡੇ ਸ੍ਰੀਰਾਂ ਵਿਚ ਪੈਦਾ ਨਹੀਂ ਕਰ ਸਕੇ।

ਸੋ ਕੁਲ ਮਿਲਾ ਕੇ ਗੱਲ ਇਥੇ ਪੁੱਜੀ ਕਿ ਬੀਮਾਰੀਆਂ ਹੋਣ ਜਾਂ ਦੁਸ਼ਮਣੀਆਂ, ਜਿਨ੍ਹਾਂ ਕੋਲ ‘ਦੁਸ਼ਮਣ’ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ, ਉਹ ਜਿੱਤ ਜਾਂਦੇ ਹਨ ਅਤੇ ਘੱਟ ਸਮਰੱਥਾ ਵਾਲੇ ਹਾਰ ਜਾਂਦੇ ਹਨ। ਸ੍ਰੀਰ ਦੀ ਲੜਨ ਦੀ ਸਮਰੱਥਾ ਵਧਾਉਣ ਲਈ ਤਾਜ਼ੇ ਫੱਲ, ਸਬਜ਼ੀਆਂ, ਦੁਧ, ਪਨੀਰ, ਮੀਟ, ਅੰਡਿਆਂ ਸਮੇਤ ਬਹੁਤ ਕੁੱਝ ਚੰਗਾ ਚੰਗਾ ਖਾਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਪਰ ਨਾਲ ਹੀ ਕਸਰਤ, ਸਖ਼ਤ ਮਿਹਨਤ ਨਾਲ ਰੋਗਾਂ ਦਾ ਮੁਕਾਬਲਾ ਕਰਨ  ਵਾਲੀ ਸਮਰੱਥਾ ਵੀ ਅਪਣੇ ਆਪ ਵੱਧ ਜਾਂਦੀ ਹੈ।

ਐਲੋਪੈਥੀ ਸੱਭ ਤੋਂ ਅੱਗੇ ਹੈ ਕਿਉਂਕਿ ਇਸ ਵਿਚ ਖੋਜ, ਪਰਖ, ਤਜਰਬੇ ਕਰਨ ਦੀ ਵੱਡੀ ਗੁੰਜਾਇਸ਼ ਹੈ ਜਦਕਿ ਹੋਮਿਉਪੈਥੀ ਤੇ ਆਯੁਰਵੇਦ ਵਿਚ ਜੋ ਕੁੱਝ ਇਕ ਵਾਰ ਗ੍ਰੰਥਾਂ/ਪੁਸਤਕਾਂ ਵਿਚ ਲਿਖਿਆ ਗਿਆ ਸੀ, ਉਸ ਤੋਂ ਅੱਗੇ ਕੋਈ ਸਮੱਸਿਆ ਆ ਜਾਏ ਤਾਂ ਉਹ ਕੁੱਝ ਨਹੀਂ ਕਰ ਸਕਦੇ। ਹੋਮਿਉਪੈਥੀ ਤਾਂ ਬੀਮਾਰੀ ਦੇ ਲੱਛਣਾਂ ਨੂੰ ਵੇਖ ਕੇ ਹੀ ਦਵਾਈ ਦੇਣ ਵਾਲੀ ਪ੍ਰਣਾਲੀ ਹੈ, ਜਦਕਿ ਆਯੁਰਵੇਦ ਵਿਚ ਹਜ਼ਾਰਾਂ ਸਾਲ ਪਹਿਲਾਂ ਜੋ ਕੁੱਝ ਲਿਖਿਆ ਗਿਆ ਸੀ, ਉਸ ਦੀ ਪਰਖ ਪੜਤਾਲ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ, ਨਾ ਕੋਈ ਨਵੀਆਂ ਬੀਮਾਰੀਆਂ ਦਾ ਇਲਾਜ ਹੀ ਉਨ੍ਹਾਂ ਕੋਲੋਂ ਮਿਲ ਸਕਦਾ ਹੈ।

ਹਜ਼ਾਰਾਂ ਸਾਲਾਂ ਵਿਚ ਬੀਮਾਰੀਆਂ ਨਵੀਆਂ ਵੀ ਬਹੁਤ ਸਾਰੀਆਂ ਪੈਦਾ ਹੋ ਗਈਆਂ ਹਨ ਤੇ ਪਹਿਲੀਆਂ ਦੀਆਂ ਵੀ ਕਈ ਕਿਸਮਾਂ ਪੈਦਾ ਹੋ ਗਈਆਂ ਹਨ। ਮਿਸਾਲ ਵਜੋਂ ਕੋਰੋਨਾ (ਕੋਵਿਡ-19) ਦੀ ਚੀਨ ਵਿਚ ਕਿਸਮ ਹੋਰ ਸੀ, ਅਮਰੀਕਾ ਵਿਚ ਹੋਰ ਸੀ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਦੀ ਕਿਸਮ ਵੀ ਵਖਰੀ ਵਖਰੀ ਹੈ। ਕੇਵਲ ਤੇ ਕੇਵਲ ਐਲੋਪੈਥੀ ਵਿਚ ਹੀ ਇਕ ਬੀਮਾਰੀ ਦੀਆਂ ਦਰਜਨ ਦਰਜਨ ਕਿਸਮਾਂ ਦਾ ਵੇਰਵਾ ਮਿਲਦਾ ਹੈ ਤੇ ਹਰ ਕਿਸਮ ਲਈ ਵਖਰੀ ਦਵਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸੇ ਲਈ ਇਸ ਪ੍ਰਣਾਲੀ ਦੀਆਂ ‘ਖੋਜਸ਼ਾਲਾਵਾਂ’ ਦਿਨ ਰਾਤ ਖੋਜ ਕਰਦੀਆਂ ਹੀ ਰਹਿੰਦੀਆਂ ਹਨ।

ਆਯੁਰਵੇਦ ਤੇ ਹੋਮਿਉਪੈਥੀ ਵਾਲੇ ਦਾਅਵੇ ਤਾਂ ਬੜੇ ਕਰਦੇ ਹਨ ਪਰ ਉਨ੍ਹਾਂ ਦੇ ਦਾਅਵੇ ਸੈਂਕੜੇ ਜਾਂ ਹਜ਼ਾਰਾਂ ਸਾਲ ਪਹਿਲਾਂ ਕਿਤਾਬਾਂ ਵਿਚ ਲਿਖੇ ਸ਼ਬਦਾਂ ਉਤੇ ਹੀ ਅਧਾਰਤ ਹੁੰਦੇ ਹਨ, ਨਵੀਂ ਖੋਜ ਜਾਂ ਨਵੀਆਂ ਕਿਸਮਾਂ ਬਾਰੇ ਉਹ ਕੁੱਝ ਨਹੀਂ ਦਸ ਸਕਦੇ। ਅੱਜ ਵੀ ਕੋਰੋਨਾ ਦਾ ‘ਵੈਕਸੀਨ’ ਲੱਭਣ ਲਈ ਦੁਨੀਆਂ ਐਲੋਪੈਥੀ (ਡਾਕਟਰੀ) ਵਲ ਹੀ ਵੇਖ ਰਹੀ ਹੈ, ਆਯੁਰਵੇਦ, ਹੋਮਿਉਪੈਥੀ ਜਾਂ ਕਿਸੇ ਹੋਰ ਇਲਾਜ ਪ੍ਰਣਾਲੀ ਵਲ ਨਹੀਂ ਵੇਖ ਰਹੀ। ਵੇਖੇ ਤਾਂ ਜੇ ਉਨ੍ਹਾਂ ਕੋਲ ਕੋਈ ਖੋਜਸ਼ਾਲਾ (ਲੈਬਾਰਟਰੀ) ਹੋਵੇ ਜਾਂ ਖੋਜ ਅਤੇ ਤਜਰਬਿਆਂ ਦਾ ਕੋਈ ਪ੍ਰਬੰਧ ਹੋਵੇ।

ਐਲੋਪੈਥੀ ਜਦ ਕੋਈ ਨਵੀਂ ਦਵਾਈ ਖੋਜ ਵੀ ਲੈਂਦੀ ਹੈ ਤਾਂ ਉਹ ਸਿਧੀ ਮਨੁੱਖਾਂ ਦੇ ਮੂੰਹ ਜਾਂ ਸ੍ਰੀਰ ਵਿਚ ਨਹੀਂ ਪਾ ਦਿਤੀ ਜਾਂਦੀ ਬਲਕਿ ਪਹਿਲਾਂ ਚੂਹਿਆਂ ਨੂੰ ਦਿਤੀ ਜਾਂਦੀ ਹੈ, ਡੱਡੂਆਂ ਨੂੰ ਦਿਤੀ ਜਾਂਦੀ ਹੈ ਤੇ 6 ਮਹੀਨੇ ਉਸ ਦੇ ਅਸਰਾਂ ਨੂੰ ਵੇਖਿਆ ਜਾਂਦਾ ਹੈ। ਜਦ ਡਾਕਟਰਾਂ/ਮਾਹਰਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਮਨੁੱਖਾਂ ਨੂੰ ਦੇਣੀ ਠੀਕ ਹੈ ਤੇ ਕੋਈ ਨੁਕਸਾਨ ਨਹੀਂ ਕਰੇਗੀ, ਫਿਰ ਹੀ ਮਨੁੱਖੀ ਸ੍ਰੀਰ ਅੰਦਰ ਦਾਖ਼ਲ ਕੀਤੀ ਜਾਂਦੀ ਹੈ।

ਉਧਰ ਬਾਬਾ ਰਾਮ ਦੇਵ ਨੂੰ ਪੁਛ ਲਉ, ਕੋਰੋਨਾ ਦਾ ਇਲਾਜ ਉਨ੍ਹਾਂ ਕੋਲ ਕੀ ਹੈ ਤਾਂ ਝੱਟ ਜਵਾਬ ਆਏਗਾ ਕਿ ‘ਸ਼ਰਤੀਆ ਇਲਾਜ ਹੈ¸ਅਲੋਮ, ਵਿਲੋਮ, ਕਪਾਲਭਾਤੀ ਤੇ ਰਾਮ ਦੇਵ ਦੀ ਫ਼ਾਰਮੇਸੀ ਦੀਆਂ ਦੋ ਚਾਰ ਸ਼ੀਸ਼ੀਆਂ ਦੀਆਂ ਗੋਲੀਆਂ। ਆਮ ਘਰਾਂ ਵਿਚ ਵੀ ਵੈਦਾਂ ਦੇ ਨੁਸਖੇ ਅਰਥਾਤ ਕੁੱਝ ਜੜ੍ਹੀ ਬੂਟੀਆਂ ਤੇ ਕਾਹੜੇ, ਕਾਲੀ ਮਿਰਚ, ਸ਼ਹਿਦ, ਮੁਲੱਠੀ ਆਦਿ ਨੂੰ ‘ਸ਼ਰਤੀਆ ਇਲਾਜ’ ਕਹਿ ਦਿਤਾ ਜਾਏਗਾ।

ਪਰ ਸਚਾਈ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਚੰਗੀਆਂ ਤਾਂ ਹਨ ਪਰ ਬੀਮਾਰੀ ਲੱਗਣ ਤੋਂ ਪਹਿਲਾ, ਸ੍ਰੀਰ ਦੀ ਰੋਗਾਂ ਨਾਲ ਲੜਨ ਦੀ ਆਮ ਜਹੀ ਸਮਰੱਥਾ (9mmunity) ਨੂੰ ਮਜ਼ਬੂਤ ਕਰ ਸਕਦੀਆਂ ਹਨ ਪਰ ਕਿਸੇ ਵਿਸ਼ੇਸ਼ ਬੀਮਾਰੀ ਨਾਲ ਲੜਨ ਲਈ ਚਾਹੀਦੀ ਹੁੰਦੀ ਸਮਰੱਥਾ ਇਹ ਨਹੀਂ ਪੈਦਾ ਕਰ ਸਕਦੀਆਂ। ਕੇਵਲ ਐਲੋਪੈਥੀ ਵਾਲੇ ਹੀ ਮੰਨਦੇ ਹਨ ਕਿ ਭਾਵੇਂ ਉਨ੍ਹਾਂ ਨੇ ਸੈਂਕੜੇ ਦਵਾਈਆਂ ਸ੍ਰੀਰ ਦੀ ਰੋਗਾਂ ਨਾਲ ਲੜਨ ਵਾਲੀ ਸਮਰੱਥਾ (9mmunity) ਵਧਾਉਣ ਲਈ ਈਜਾਦ ਕੀਤੀਆਂ ਹੋਈਆਂ ਹਨ ਪਰ ਕੋਰੋਨਾ ਨੂੰ ਹਰਾਉਣ ਵਾਲੀ ਸਮਰੱਥਾ ਪਿਛਲੀਆਂ ਸਾਰੀਆਂ ਦਵਾਈਆਂ ਰਲ ਕੇ ਵੀ ਨਹੀਂ ਕਰ ਸਕਣਗੀਆਂ ਤੇ ਨਵੀਂ ਬੀਮਾਰੀ ਦੇ ਮਾਰੂ ਅਸਰ ਦਾ ਮੁਕਾਬਲਾ ਕਰਨ ਵਾਲੀ ਨਵੀਂ ਖੋਜ ਕਰਨੀ ਹੀ ਪਵੇਗੀ।

ਆਯੁਰਵੇਦ ਵਾਲੇ ਤੇ ਹੋਮਿਉਪੈਥੀ ਵਾਲੇ ਤੇ ‘ਨੁਸਖ਼ਿਆਂ ਵਾਲੇ, ਇਸ ਦੇ ਉਲਟ’ ਅੜੇ ਰਹਿਣਗੇ ਕਿ ਸੈਂਕੜੇ ਜਾਂ ਹਜ਼ਾਰਾਂ ਸਾਲ ਪਹਿਲਾਂ ਲਿਖੇ ਨੁਸਖ਼ੇ, ਟੋਟਕੇ ਤੇ ਆਸਣ ਹੀ ‘‘ਸੱਭ ਠੀਕ ਠਾਕ ਕਰ ਦੇਣਗੇ।’’ ਮੈਂ ਇਹ ਨਹੀਂ ਕਹਿੰਦਾ ਕਿ ਸੈਂਕੜੇ ਤੇ ਹਜ਼ਾਰਾਂ ਸਾਲ ਪਹਿਲਾਂ ਦੇ ਨੁਸਖ਼ਿਆਂ ਵਿਚ ਚੰਗਾ ਕੁੱਝ ਨਹੀਂ। ਬਹੁਤ ਕੁੱਝ ਚੰਗਾ ਤਾਂ ਹੈ ਪਰ ਉਸ ਬਾਰੇ ਖੋਜ ਵੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿ ਉਹ ਅੱਜ ਦੇ ਜ਼ਮਾਨੇ ਵਿਚ ਆਮ ਤੌਰ ਤੇ ਸ੍ਰੀਰ ਨੂੰ ਠੀਕ ਰੱਖਣ ਲਈ ਹੀ ਕੰਮ ਕਰ ਸਕਦੇ ਹਨ ਜਾਂ ਕੋਰੋਨਾ ਵਰਗੀਆਂ ਮਹਾਂਮਾਰੀਆਂ ਸਮੇਂ ਵੀ ਕੁੱਝ ਕਰ ਸਕਦੇ ਹਨ। ਜੇ ਨਹੀਂ ਕਰ ਸਕਦੇ ਤਾਂ ਝੂਠੇ ਦਾਅਵੇ ਕਰਨ ਵਾਲਿਆਂ ਉਤੇ ਪਾਬੰਦੀ ਲਗਾ ਦਿਤੀ ਜਾਣੀ ਚਾਹੀਦੀ ਹੈ।

ਮੈਂ ਖ਼ੁਦ ਇਕ ਅਜਿਹੇ ਪ੍ਰਵਾਰ ਵਿਚ ਪੈਦਾ ਹੋਇਆ ਸੀ ਜੋ ਪਾਕਿਸਤਾਨ ਵਾਲੇ ਪਾਸੇ, ਪਿਛਲੀਆਂ ਤਿੰਨ ਚਾਰ ਪੀੜ੍ਹੀਆਂ ਤੋਂ ‘ਸਿਆਣਿਆਂ ਦਾ ਘਰ’ ਵਜੋਂ ਚੰਗਾ ਮਸ਼ਹੂਰ ਪ੍ਰਵਾਰ ਸੀ। ‘ਸਿਆਣਾ’ ਉਥੇ ਜੜ੍ਹੀ ਬੂਟੀਆਂ ਰਾਹੀਂ ਰੋਗ ਨੂੰ ਤੁਰਤ ਠੀਕ ਕਰ ਦੇਣ ਵਾਲੇ ਵੈਦ ਹਕੀਮ ਨੂੰ ਕਹਿੰਦੇ ਸਨ। ਬਾਅਦ ਵਿਚ ਇਸੇ ਪ੍ਰਵਾਰ ਵਿਚ ਡਾਕਟਰ ਵੀ ਬਣ ਗਏ ਪਰ ਪੁਰਾਣੇ ਨੁਸਖ਼ੇ ਵੀ ਉਨ੍ਹਾਂ ਨੇ ਵਰਤਣੇ ਜਾਰੀ ਰੱਖੇ। 

ਮਿਸਾਲ ਵਜੋਂ ਮੈਨੂੰ ਯਾਦ ਹੈ, ਮੇਰੇ ਦਾਦਾ ਜੀ ਕੋਲ ਇਕ ਮਰੀਜ਼ ਦੇ ਘਰ ਵਾਲੇ ਰਾਤ ਸਮੇਂ ਆਏ ਤੇ ਕਹਿਣ ਲੱਗੇ ਕਿ, ‘‘ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿਤਾ ਹੈ ਪਰ ਕਿਸੇ ਨੇ ਦੱਸ ਪਾਈ ਹੈ ਕਿ ਜੇ ਤੁਸੀ ਹੱਥ ਲਾ ਦਿਉ ਤਾਂ ਅਜੇ ਵੀ ਉਹ ਬੱਚ ਸਕਦਾ ਹੈ।’’ ਮੇਰੇ ਦਾਦਾ ਜੀ ਉਨ੍ਹਾਂ ਨਾਲ ਉਨ੍ਹਾਂ ਦੇ ਘਰ ਚਲੇ ਗਏ, ਮਰੀਜ਼ ਨੂੰ ਵੇਖਿਆ ਤੇ ਹਸਪਤਾਲ ਦੇ ਕਾਗ਼ਜ਼ ਪੱਤਰ ਵੀ ਵੇਖੇ। ਮਰੀਜ਼ ਦੇ ਸਾਰੇ ਜਿਸਮ ਵਿਚ ਜ਼ਹਿਰ ਫੈਲ ਗਿਆ ਸੀ ਤੇ ਜ਼ਹਿਰ ਨੂੰ ਫੈਲਣੋਂ ਰੋਕਣ ਦੇ ਸਾਰੇ ਯਤਨ ਫ਼ੇਲ੍ਹ ਹੋ ਗਏ ਸਨ। ਸੋ ਦਾਦਾ ਜੀ ਕਹਿਣ ਲੱਗੇ ਕਿ, ‘‘ਹੁਣ ਕੁੱਝ ਨਹੀਂ ਹੋ ਸਕਦਾ ਕਿਉਂਕਿ ਜ਼ਹਿਰ ਦੇ ਅਸਰ ਤੋਂ ਸ੍ਰੀਰ ਦਾ ਕੋਈ ਭਾਗ ਵੀ ਨਹੀਂ ਬਚਿਆ ਰਹਿ ਗਿਆ। ਹੁਣ ਤਾਂ ਕੁੱਝ ਦਿਨਾਂ ਦੀ ਹੀ ਖੇਡ ਹੈ।’’

ਹਸਪਤਾਲ ਦੇ ਡਾਕਟਰਾਂ ਨੇ ਵੀ ਉਨ੍ਹਾਂ ਨੂੰ ਇਹੀ ਲਫ਼ਜ਼ ਕਹੇ ਸਨ। ਘਰ ਵਾਲੇ ਰੋਣ ਧੋਣ ਲੱਗ ਪਏ ਤੇ ਦਾਦਾ ਜੀ ਚੁਪਚਾਪ ਬਾਹਰ ਨਿਕਲ ਗਏ। ਰਾਤ ਦਾ ਸਮਾਂ ਸੀ। ਬਾਹਰ ਹਨੇਰਾ ਸੀ। ਉਨ੍ਹਾਂ ਦਾ ਪੈਰ ਇਕ ਬੂਟੇ ਨਾਲ ਠੋਕਰ ਖਾ ਗਿਆ ਤੇ ਉਹ ਬੈਠ ਗਏ। ਧਿਆਨ ਨਾਲ ਵੇਖਿਆ ਤਾਂ ਉਹ ਚਮੇਲੀ ਦਾ ਬੂਟਾ ਸੀ। ਦਾਦਾ ਜੀ ਸੋਚਣ ਲੱਗ ਪਏ। ਉਨ੍ਹਾਂ ਨੂੰ ਕੁੱਝ ਯਾਦ ਆ ਗਿਆ ਜੋ ਉਨ੍ਹਾਂ ਜਵਾਨੀ ਵੇਲੇ ਇਕ ਜੜ੍ਹੀ ਬੂਟੀਆਂ ਦੀ ਪੁਸਤਕ ਵਿਚ ਪੜਿ੍ਹਆ ਸੀ¸ਕਿ ਜਿਥੇ ਕੋਈ ਜ਼ਹਿਰ ਕਿਸੇ ਹੋਰ ਜੜ੍ਹੀ ਬੂਟੀ ਨਾਲ ਨਾ ਮਰੇ, ਉਥੇ ਚਮੇਲੀ ਦੇ ਬੂਟੇ ਦੀ ਜੜ੍ਹ ਦੇ ਰਸ ਨਾਲ ਮਰ ਸਕਦਾ ਹੈ।

ਦਾਦਾ ਜੀ ਨੇ ਘਰਦਿਆਂ ਨੂੰ ਆਵਾਜ਼ ਮਾਰੀ ਤੇ ਉਨ੍ਹਾਂ ਨੂੰ ਕਿਹਾ ਕਿ ‘‘ਚਮੇਲੀ ਦੇ ਬੂਟੇ ਦੀਆਂ ਜਿੰਨੀਆਂ ਜੜ੍ਹਾਂ ਲੱਭ ਸਕਦੇ ਹੋ, ਪੁਟ ਲਿਆਉ ਤੇ ਉਨ੍ਹਾਂ ਦਾ ਰੱਸ ਕੱਢ ਕੇ ਮਰੀਜ਼ ਨੂੰ ਚਿਮਚਾ ਚਿਮਚਾ ਪਿਆਉਂਦੇ ਜਾਉ। ਬਾਕੀ ਵਾਹਿਗੁਰੂ ਤੇ ਛੱਡ ਦਿਉ।’’ ਉਹ ਆਪ ਵੀ ਅੱਧੀ ਰਾਤ ਤਕ ਉਥੇ ਬੈਠ ਕੇ ਮਰੀਜ਼ ਦੀ ਹਾਲਤ ਵੇਖਦੇ ਰਹੇ। 
ਸੰਖੇਪ ਵਿਚ, ਮਰਨ ਕੰਢੇ ਪੁਜ ਚੁੱਕਾ ਮਰੀਜ਼, ਉਸ ਬੂਟੀ ਦੀ ਜੜ੍ਹ ਦਾ ਰਸ ਪੀ ਕੇ ਏਨਾ ਠੀਕ ਹੋ ਗਿਆ ਕਿ ਤੀਜੇ ਦਿਨ ਦਾਦਾ ਜੀ ਦੇ ਕਲੀਨਿਕ ਵਿਚ ਚਲ ਕੇ ਆ ਗਿਆ। ਦੋ ਕੁ ਮਹੀਨੇ ਮਗਰੋਂ ਉਹ ਬਿਲਕੁਲ ਠੀਕ ਹੋ ਗਿਆ ਤੇ ਉਸ ਨੂੰ ਇਸ ਹਾਲਤ ਵਿਚ ਵੇਖ ਕੇ ਹਸਪਤਾਲ ਦੇ ਡਾਕਟਰ ਵੀ ਹੈਰਾਨ ਹੋ ਕੇ ਰਹਿ ਗਏ।

ਸੋ ਪੁਰਾਣੇ ਗ੍ਰੰਥਾਂ ਵਿਚ ਵੀ ਬੜਾ ਕੁੱਝ ਚੰਗਾ ਛੁਪਿਆ ਹੋਇਆ ਹੈ ਜਿਸ ਦੀ ਖੋਜ ਪੜਤਾਲ ਕਰ ਕੇ ਵੇਖਣਾ ਚਾਹੀਦਾ ਹੈ ਕਿ ਅੱਜ ਦੇ ਹਾਲਾਤ ਵਿਚ ਉਸ ਨੂੰ ਕਿੰਨਾ ਕੁ ਉਪਯੋਗ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ‘ਨੁਸਖ਼ਿਆਂ’ ਨੂੰ ਹਰ ਮਸਾਲੇ ਪਿਪਲਾ ਮੂਲ ਵਾਂਗ ਨਹੀਂ ਬਣਨ ਦੇਣਾ ਚਾਹੀਦਾ। ਮਨੁੱਖੀ ਜਾਨਾਂ ਨੂੰ ਬਚਾਉਣ ਦਾ ਮਸਲਾ ਹੈ ਤੇ ਇਥੇ ਖੋਜ, ਟੈਸਟਾਂ, ਤਜਰਬਿਆਂ ਤੇ ਸੌ ਫ਼ੀ ਸਦੀ ਪੱਕੀ ਗੱਲ ਨੂੰ ਹੀ ‘ਡਾਕਟਰੀ’ ਕਹਿਣ ਦੀ ਆਗਿਆ ਦੇਣੀ ਚਾਹੀਦੀ ਹੈ। ਇਹ ਕੰਮ ਕੇਵਲ ਐਲੋਪੈਥੀ ਨੇ ਕੀਤਾ ਹੈ, ਇਸ ਲਈ ਚਕਿਤਸਾ ਵਿਗਿਆਨ ਦਾ ਤਾਜ ਉਸ ਦੇ ਸਿਰ ਤੇ ਹੀ ਬਝਿਆ ਹੋਇਆ ਹੈ ਤੇ ਬਝਿਆ ਹੀ ਰਹੇਗਾ¸ਦਾਅਵੇ ਭਾਵੇਂ ਕਈ ਲੋਕ ਕੁੱਝ ਵੀ ਕਰਦੇ ਰਹਿਣ।